ਰੀਓ ਓਲੰਪਿਕ: ਭਾਰਤ ਪਹਿਲੇ ਹੱਲੇ ਹੀ ਹੋਇਆ ਚਾਰੇ-ਖਾਨੇ ਚਿੱਤ

ਰੀਓ: ਦੱਖਣ ਅਮਰੀਕੀ ਦੇਸ਼ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਵਿਚ 31ਵੀਆਂ ਉਲੰਪਿਕ ਖੇਡਾਂ ਸ਼ੁਰੂ ਹੋ ਚੁੱਕੀਆਂ ਹਨ। ਇਨ੍ਹਾਂ ਖੇਡਾਂ ਵਿਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਚੋਟੀ ਦੇ ਖਿਡਾਰੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਿਚ ਜੁਟੇ ਹੋਏ ਹਨ। ਇਸ ਵਾਰ ਦੁਨੀਆਂ ਭਰ ਤੋਂ 11 ਹਜ਼ਾਰ ਤੋਂ ਵਧੇਰੇ ਖਿਡਾਰੀ 17 ਦਿਨ ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿਚ ਹਿੱਸਾ ਲੈਣਗੇ। ਭਾਰਤ ਵੱਲੋਂ ਇਸ ਵਾਰ 119 ਮੈਂਬਰਾਂ ਵਾਲਾ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਦਲ ਰੀਓ ਭੇਜਿਆ ਗਿਆ, ਪਰ ਸ਼ੁਰੂਆਤੀ ਦੌਰ ਵਿਚ ਹੀ ਭਾਰਤੀ ਦੇ ਜ਼ਿਆਦਾਤਰ ਖਿਡਾਰੀ ਮੁਕਾਬਲੇ ਵਿਚੋਂ ਬਾਹਰ ਹੋ ਗਏ।

ਹਾਲਾਂਕਿ ਭਾਰਤੀ ਹਾਕੀ ਟੀਮ ਲਈ ਰੀਓ ਓਲੰਪਿਕਸ ਦੀ ਸ਼ੁਰੂਆਤ ਇਤਿਹਾਸਕ ਸਾਬਤ ਹੋਈ। ਪਹਿਲੇ ਦਿਨ ਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ 3-2 ਨਾਲ ਮਾਤ ਦਿੱਤੀ। ਇਸ ਜੇਤੂ ਸ਼ੁਰੂਆਤ ਨੂੰ ਜਾਰੀ ਨਾ ਰੱਖ ਸਕੀ। ਜਰਮਨੀ ਖਿਲਾਫ ਰੋਮਾਂਚਕ ਮੈਚ ‘ਚ ਭਾਰਤ ਦੇ ਹੱਥ ਹਾਰ ਲੱਗੀ। ਸ਼ੂਟਿੰਗ ‘ਚ ਅਭਿਨਵ ਬਿੰਦਰਾ ਮੈਡਲ ਦੇ ਬੇਹਦ ਨੇੜੇ ਪਹੁੰਚ ਕੇ ਗਲਤੀ ਕਰ ਬੈਠੇ ਅਤੇ ਗਗਨ ਨਾਰੰਗ ਵੀ ਉਮੀਦਾਂ ‘ਤੇ ਖਰੇ ਉਤਰਨ ਵਿਚ ਨਾਕਾਮ ਰਹੇ।
ਮਾਨਵਜੀਤ ਸੰਧੂ ਅਤੇ ਕੇਨਨ ਚੇਨਾਈ ਨੇ ਇਕ ਵਾਰ ਫਿਰ ਤੋਂ ਟਰੈਪ ਈਵੈਂਟ ਵਿਚ ਨਿਰਾਸ਼ ਕੀਤਾ। ਓਲੰਪਿਕ ਵਿਚ 36 ਸਾਲ ਬਾਅਦ ਵਾਪਸੀ ਕਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਪਹਿਲੇ ਮੈਚ ਵਿਚ ਜਾਪਾਨ ਖਿਲਾਫ ਡਰਾਅ ਖੇਡਣ ਤੋਂ ਬਾਅਦ ਦੂਜੇ ਮੈਚ ‘ਚ ਹਾਰ ਦਾ ਸਾਹਮਣਾ ਕੀਤਾ। ਗ੍ਰੇਟ ਬ੍ਰਿਟੇਨ ਖਿਲਾਫ ਹੋਇਆ ਮੈਚ ਭਾਰਤ ਨੇ 0-3 ਨਾਲ ਗਵਾ ਦਿੱਤਾ। ਇਸ ਮੈਚ ‘ਚ ਟੀਮ ਇੰਡੀਆ ਲਗਾਤਾਰ ਪਿਛੜਦੀ ਰਹੀ ਅਤੇ ਭਾਰਤੀ ਮਹਿਲਾ ਟੀਮ ਕੋਲ ਗ੍ਰੇਟ ਬ੍ਰਿਟੇਨ ਦੇ ਮਜਬੂਤ ਡਿਫੈਂਸ ਅਤੇ ਦਮਦਾਰ ਅਟੈਕ ਦਾ ਕੋਈ ਜਵਾਬ ਨਹੀਂ ਸੀ।
ਟਰੈਪ ਈਵੈਂਟ ‘ਚ ਮਾਨਵਜੀਤ ਸੰਧੂ ਅਤੇ ਕੇਨਨ ਚੇਨਾਈ ਵੀ ਕੋਈ ਕਮਾਲ ਨਹੀਂ ਕਰ ਸਕੇ। ਦੋਵੇਂ ਸ਼ੂਟਰਸ ਫਾਈਨਲ ‘ਚ ਵੀ ਜਗ੍ਹਾ ਨਹੀਂ ਬਣਾ ਸਕੇ। ਮਾਨਵਜੀਤ 115 ਅੰਕਾਂ ਨਾਲ 16ਵੇਂ ਅਤੇ ਕੇਨਨ 114 ਅੰਕਾਂ ਨਾਲ 19ਵੇਂ ਸਥਾਨ ਉਤੇ ਰਹੇ। ਬਟਰਫਲਾਈ ਈਵੈਂਟ ‘ਚ ਸਜਨ ਪ੍ਰਕਾਸ਼ ਨੇ ਵੀ ਨਿਰਾਸ਼ ਕੀਤਾ। ਇਸੇ ਤਰ੍ਹਾਂ ਟੈਨਿਸ ਖਿਡਾਰੀ ਲੀਏਂਡਰ ਪੇਸ ਖੇਡਾਂ ਦੇ ਪਹਿਲੇ ਦਿਨ ਆਪਣੇ ‘ਤੇ ਲੱਗੀਆਂ ਵੱਡੀਆਂ ਆਸਾਂ ਉਤੇ ਪੂਰਾ ਨਹੀਂ ਉਤਰ ਸਕਿਆ। ਬੈਡਮਿੰਟਨ ਵਿਚ ਸਾਇਨਾ ਨੇਹਵਾਲ, ਪੀæਵੀæ ਸਿੰਧੂ, ਜਿਮਨਾਸਟਿਕਸ ‘ਚ ਦੀਪਿਕਾ ਕਰਮਾਕਰ, ਨਿਸ਼ਾਨੇਬਾਜ਼ੀ ਵਿਚ ਦੀਪਿਕਾ, ਲਕਸ਼ਮੀ ਮਾਂਝੀ, ਬੰਬਾਲਿਆ ਦੇਵੀ ਅਤੇ ਕੁਸ਼ਤੀ ‘ਚ ਯੋਗੇਸ਼ਵਰ ਦੱਤ, ਸੰਦੀਪ ਤੋਮਰ ਤੇ ਨਰ ਸਿੰਘ ਯਾਦਵ ਤੋਂ ਵੱਡੀਆ ਆਸਾਂ ਸਨ।
_________________________________________
ਤੈਰਾਕੀ ਵਿਚ ਆਸਟਰੇਲੀਆ ਦੀ ਬੱਲੇ-ਬੱਲੇ
ਰੀਓ ਡੀ ਜਨੇਰੋ: ਆਸਟਰੇਲੀਆ ਨੇ ਰੀਓ ਓਲੰਪਿਕ ਵਿਚ ਤੈਰਾਕੀ ਮੁਕਾਬਲਿਆਂ ਵਿਚ ਆਪਣਾ ਦਬਦਬਾ ਬਣਾਉਂਦਿਆਂ ਦਾਅ ‘ਤੇ ਲੱਗੇ ਚਾਰ ਵਿਚੋਂ ਦੋ ਸੋਨ ਤਗਮੇ ਆਪਣੀ ਝੋਲੀ ਪਾ ਲਏ ਜਦਕਿ ਉਸ ਦੇ ਰਵਾਇਤੀ ਵਿਰੋਧੀ ਅਮਰੀਕਾ ਨੂੰ ਚਾਂਦੀ ਦੇ ਤਿੰਨ ਤਗ਼ਮਿਆਂ ਨਾਲ ਹੀ ਸਬਰ ਕਰਨਾ ਪਿਆ। ਉਂਜ ਪਹਿਲੇ ਦਿਨ ਹੰਗਰੀ ਤੇ ਜਪਾਨ ਦੇ ਖਾਤੇ ਵੀ ਇਕ ਇਕ ਸੋਨ ਤਗਮਾ ਪਿਆ।
___________________________________________
ਚੰਗਾ ਨਹੀਂ ਭਾਰਤ ਦਾ ਉਲੰਪਿਕਸ ਇਤਿਹਾਸ
ਨਵੀਂ ਦਿੱਲੀ: ਉਲੰਪਿਕਸ ਵਿਚ ਭਾਰਤ ਦਾ ਪ੍ਰਦਰਸ਼ਨ ਕਦੇ ਬਹੁਤਾ ਪ੍ਰਭਾਵਸ਼ਾਲੀ ਨਹੀਂ ਰਿਹਾ ਅਤੇ ਭਾਰਤ ਨੇ ਹੁਣ ਤੱਕ ਇਨ੍ਹਾਂ ਖੇਡਾਂ ਵਿਚ ਕੁੱਲ ਮਿਲਾ ਕੇ 26 ਤਗਮੇ ਹੀ ਜਿੱਤੇ ਹਨ। 2008 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਤਿੰਨ ਤਗਮੇ ਮਿਲੇ ਸਨ ਅਤੇ 2012 ਦੀਆਂ ਖੇਡਾਂ ਵਿਚ ਭਾਰਤ ਨੇ 6 ਤਗਮੇ ਜਿੱਤੇ ਸਨ। ਭਾਰਤ ਦੀ ਮੁੱਖ ਆਸ ਇਸ ਵਾਰ ਕੁਸ਼ਤੀ, ਨਿਸ਼ਾਨੇਬਾਜ਼ੀ, ਤੀਰ-ਅੰਦਾਜ਼ੀ ਅਤੇ ਬੈਡਮਿੰਟਨ ਤੋਂ ਸੀ।
ਦੀਪਾ ਕਰਮਾਕਰ ਨੇ ਰੱਖੀ ਭਾਰਤ ਦੀ ਲਾਜ
ਨਵੀਂ ਦਿੱਲੀ: ਆਪਣਾ ਪਲੇਠਾ ਓਲੰਪਿਕ ਖੇਡ ਰਹੀ ਜਿਮਨਾਸਟ ਦੀਪਾ ਕਰਮਾਕਰ ਨੇ ਵਿਅਕਤੀਗਤ ਵਾਲਟ (ਛਾਲ) ਫਾਈਨਲ ਵਿਚ ਥਾਂ ਬਣਾ ਕੇ ਭਾਰਤੀ ਖੇਡਾਂ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਅੱਠਵੇਂ ਸਥਾਨ ‘ਤੇ ਰਹਿ ਕੇ ਫਾਈਨਲ ਵਿਚ ਥਾਂ ਪੱਕੀ ਕਰਨ ਵਾਲੀ ਦੀਪਾ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਅਥਲੀਟ ਬਣ ਗਈ ਹੈ। ਫਾਈਨਲ ਮੁਕਾਬਲਾ ਹੁਣ 14 ਅਗਸਤ ਨੂੰ ਹੋਵੇਗਾ ਜਿਸ ਵਿਚ ਸਿਖਰਲੇ ਅੱਠ ਜਿਮਨਾਸਟ ਤਗਮੇ ਲਈ ਦਾਅਵੇਦਾਰੀ ਪੇਸ਼ ਕਰਨਗੇ। ਤ੍ਰਿਪੁਰਾ ਨਾਲ ਸਬੰਧਤ ਦੀਪਾ ਨੇ ‘ਪ੍ਰੋਡੁਨੋਵਾ’ ਵਾਲਟ ਵਿਚ ਉਮਦਾ ਪ੍ਰਦਰਸ਼ਨ ਕਰਦਿਆਂ ਦੋ ਕੋਸ਼ਿਸ਼ਾਂ ਤੋਂ ਬਾਅਦ 14æ850 ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਭਾਰਤੀ ਖਿਡਾਰਨ ਨੂੰ ਉਡੀਕ ਕਰਨੀ ਪਈ ਤੇ ਪੰਜ ਸਬ ਡਿਵੀਜ਼ਨ ਵਿਚੋਂ ਤੀਜੇ ਵਿਚੋਂ ਛੇਵੇਂ ਸਥਾਨ ਉਤੇ ਰਹੀ ਤੇ ਆਖਰ ਨੂੰ ਓਵਰਆਲ ਸਕੋਰ ਵਿਚ ਅੱਠਵੇਂ ਸਥਾਨ ਉਤੇ ਖਿਸਕ ਗਈ। ਮੁਕਾਬਲੇ ਉਪਰੰਤ ਦੀਪਾ ਨੇ ਕਿਹਾ ਕਿ ਉਹ ਖ਼ੁਸ਼ ਹੈ, ਪਰ ਥੋੜ੍ਹਾ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ।