ਸੁਣੋ, ਸੁਖਬੀਰ ਦੇ ਸਰਪਲਸ ਬਿਜਲੀ ਦੇ ਦਾਅਵਿਆਂ ਦੀ ਅਸਲ ਕਹਾਣੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਖੇਤਰ ਵਿਚ ਕੀਤੇ ਜਾ ਰਹੇ ਘੁਟਾਲਿਆਂ ਦਾ ਪਰਦਾਫ਼ਾਸ਼ ਕਰਦਿਆਂ ‘ਪੰਜਾਬ ਵਿਚ ਬਿਜਲੀ ਦੀ ਹਾਲਤ ਬਾਰੇ ਵਾਈਟ ਪੇਪਰ’ ਜਾਰੀ ਕੀਤਾ। ‘ਆਪ’ ਨੇ ਦਾਅਵਾ ਕੀਤਾ ਕਿ ਵਾਈਟ ਪੇਪਰ ਪੰਜਾਬ ਨੂੰ ‘ਵਾਧੂ ਬਿਜਲੀ ਵਾਲਾ ਸੂਬਾ’ ਬਣਾਉਣ ਬਾਰੇ ਵਧ-ਚੜ੍ਹ ਕੇ ਕੀਤੇ ਜਾਂਦੇ ਦਾਅਵਿਆਂ ਦੀ ਅਸਲ ਕਹਾਣੀ ਨੂੰ ਬਿਆਨ ਕਰਦਾ ਹੈ।

ਇਸ ਵਿਚ ਦੱਸਿਆ ਗਿਆ ਹੈ ਕਿ ਇਸ ਸਰਕਾਰ ਦੇ ਪਿਛਲੇ ਨੌਂ ਵਰ੍ਹਿਆਂ ਦੌਰਾਨ ਹੋਈਆਂ ਬੇਨਿਯਮੀਆਂ ਕਾਰਨ ਕਿਵੇਂ ਬਿਜਲੀ ਦਰਾਂ ਦੁੱਗਣੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੇ ਤਰਜਮਾਨ ਚੰਦਰ ਸੁਤਾ ਡੋਗਰਾ ਤੇ ਲੀਗਲ ਵਿੰਗ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਵੱਲੋਂ ਜਾਰੀ ਕੀਤੇ ਗਏ ‘ਵਾਈਟ ਪੇਪਰ’ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਨੂੰ ਕਿਵੇਂ ਹਰ ਸਾਲ 3,745 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਨਿੱਜੀ ਬਿਜਲੀ ਪਲਾਂਟਾਂ ਲਈ ਜਾਣਬੁੱਝ ਕੇ ਵਿਸ਼ੇਸ਼ ਬਿਜਲੀ ਉਤਪਾਦਨ ਨੀਤੀ ਤਿਆਰ ਕੀਤੇ ਗਏ ਹਨ।
ਉਨ੍ਹਾਂ ਪਲਾਂਟਾਂ ਉਤੇ ਨਿੱਜੀ ਕੰਪਨੀਆਂ ਨਾਲ ਨੁਕਸਦਾਰ ‘ਬਿਜਲੀ ਖਰੀਦ ਸਮਝੌਤੇ’ (ਪੀæਪੀæਏæ) ਕੀਤੇ ਗਏ ਹਨ, ਜਿਨ੍ਹਾਂ ਕਰ ਕੇ ਮੋਟੀਆਂ ਰਕਮਾਂ ਤਲਵੰਡੀ ਸਾਬੋ, ਰਾਜਪੁਰਾ ਤੇ ਗੋਇੰਦਵਾਲ ਸਾਹਿਬ ਸਥਿਤ ਨਿੱਜੀ ਥਰਮਲ ਬਿਜਲੀ ਪਲਾਂਟਾਂ ਨੂੰ ‘ਨਿਸ਼ਚਤ ਸਮਰੱਥਾ ਚਾਰਜਸ’ ਦੇ ਨਾਂ ਹੇਠ ਜਾ ਰਹੀਆਂ ਹਨ।
ਇਨ੍ਹਾਂ ਪਲਾਂਟਾਂ ਨੂੰ ਇਹ ਰਕਮਾਂ ਘੱਟ ਮੰਗ ਵਾਲੇ ਸਮਿਆਂ ਦੌਰਾਨ ਆਪਣੇ ਪਲਾਂਟ ਬੰਦ ਰੱਖਣ ਲਈ ਮਿਲ ਰਹੇ ਹਨ, ਪਰ ਹੋਰ ਸਮਿਆਂ ਵਿਚ ਉਨ੍ਹਾਂ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ। ਜਿਹੜੇ ਸਰਕਾਰੀ ਤਾਪ (ਥਰਮਲ) ਬਿਜਲੀ ਪਲਾਂਟ ਸਸਤੀ ਬਿਜਲੀ ਪੈਦਾ ਕਰਦੇ ਹਨ, ਉਨ੍ਹਾਂ ਨੂੰ ਜਾਣਬੁੱਝ ਕੇ ਅੱਧੀ ਤੋਂ ਵੀ ਘੱਟ ਸਮਰੱਥਾ ਉਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੀ ਸਮਰੱਥਾ 1,70,000 ਲੱਖ ਯੂਨਿਟਾਂ ਸਾਲਾਨਾ ਬਿਜਲੀ ਉਤਪਾਦਨ ਦੀ ਹੈ, ਪਰ ਉਹ ਸਾਲ 2016-17 ਦੌਰਾਨ ਸਿਰਫ 73,080 ਲੱਖ ਯੂਨਿਟਾਂ ਬਿਜਲੀ ਦਾ ਉਤਪਾਦਨ ਕਰਨਗੇ, ਤਾਂ ਜੋ ਸੂਬਾ ਮਹਿੰਗੇ ਨਿੱਜੀ ਉਤਪਾਦਕਾਂ ਤੋਂ ਹੋਰ ਬਿਜਲੀ ਖਰੀਦ ਸਕੇ।
ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਬਿਜਲੀ ਦੀ ਕਿੱਲਤ ਦਾ ਬਹੁਤ ਵਧ-ਚੜ੍ਹ ਕੇ ਰੌਲਾ ਪਾਇਆ ਤੇ ਫਿਰ ਉਸ ਦੇ ਆਧਾਰ ‘ਤੇ ਹੀ ਪਿਛਲੇ ਕੁਝ ਸਾਲਾਂ ਦੌਰਾਨ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀਆਂ ਗਈਆਂ। ਨਿੱਜੀ ਖੇਤਰ ਵਿਚ 1,80,000 ਲੱਖ ਯੂਨਿਟਾਂ ਦੀ ਵਾਧੂ ਬਿਜਲੀ ਸਮਰੱਥਾ ਦਰਅਸਲ 2,500 ਕਰੋੜ ਰੁਪਏ ਦਾ ਬੋਝ ਹੈ ਜੋ ਪੰਜਾਬ ਦੇ ਮਜਬੂਰ ਖਪਤਕਾਰ ਝੱਲ ਰਹੇ ਹਨ।
_____________________________________
ਪੰਜਾਬ ਦੇ ਪਾਣੀਆਂ ਉਤੇ ਸਿਆਸੀ ਧਿਰਾਂ ਦੀ ਖੁੱਲ੍ਹੇਗੀ ਪੋਲ
ਅੰਮ੍ਰਿਤਸਰ: ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਤੇ ਵਿਰੋਧੀ ਧਿਰ ਕਾਂਗਰਸ ਭਾਵੇਂ ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਨੂੰ ਸੂਬੇ ਤੋਂ ਬਾਹਰ ਨਾ ਭੇਜਣ ਦੀ ਵਕਾਲਤ ਕਰ ਰਹੇ ਹਨ, ਪਰ ਅਸਲ ਵਿਚ ਸੱਚਾਈ ਕੁਝ ਹੋਰ ਹੀ ਹੈ। ਇਸੇ ਸੱਚਾਈ ਨੂੰ ਉਜਾਗਰ ਕਰਨ ਤੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਲੀਡਰਾਂ ਦੇ ਝੂਠੇ ਦਾਅਵਿਆਂ ਤੋਂ ਸੁਚੇਤ ਕਰਨ ਲਈ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਅਨੋਖੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ, ਦੂਜੇ ਪਾਸੇ ਗਵਾਂਢੀ ਸੂਬੇ ਰਾਜਸਥਾਨ ਨੂੰ ਹਰ ਰੋਜ਼ ਨਿਰੰਤਰ ਪਾਣੀ ਦੀ ਸਪਲਾਈ ਰਾਜਸਥਾਨ ਫੀਡਰ ਨਹਿਰ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਭਾਵੇਂ ਸੂਬੇ ਵਿਚ ਕਾਂਗਰਸ ਸਰਕਾਰ ਸਮੇਂ ਕੀਤੀ ਗਈ ਸੀ, ਪਰ ਅਕਾਲੀ ਦਲ ਨੂੰ ਹਰਿਆਣੇ ਨੂੰ ਪਾਣੀ ਦੇਣ ਤੋਂ ਨਾਂਹ ਕਰਨ ਤੋਂ ਪਹਿਲਾਂ ਇਸ ਨੂੰ ਵੀ ਬੰਦ ਕਰਨਾ ਚਾਹੀਦਾ ਸੀ। ਮੋਹਕਮ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਧਰਤੀ ਪਾਣੀ ਦੀ ਕਮੀ ਕਰ ਕੇ ਬੰਜਰ ਹੋ ਰਹੀ ਹੈ ਤੇ ਦੂਜੇ ਪਾਸੇ ਰਾਜਸਥਾਨ ਨੂੰ ਪਾਣੀ ਭੇਜ ਕੇ ਉਥੋਂ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।