ਚੋਣ ਸਰਵੇਖਣਾਂ ਵਿਚ ਹਿਲੇਰੀ ਦੀ ਚੜ੍ਹਤ ਨੇ ਭਖਾਇਆ ਸਿਆਸੀ ਪਿੜ

ਵਾਸ਼ਿੰਗਟਨ: ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੜ੍ਹਤ ਬਰਕਰਾਰ ਹੈ। ਤਾਜ਼ਾ ਚੋਣ ਸਰਵੇਖਣ ਮੁਤਾਬਕ ਪਿਛਲੇ ਕੁਝ ਹਫਤਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਡੋਨਲਡ ਟਰੰਪ ਦਾ ਦਬਦਬਾ ਘੱਟ ਰਿਹਾ ਹੈ।

ਫੌਕਸ ਨਿਊਜ਼ ਨੇ ਪਹਿਲੇ ਚੋਣ ਸਰਵੇਖਣ ਦੇ ਨਤੀਜੇ ਜਾਰੀ ਕਰਦਿਆਂ ਦੱਸਿਆ ਕਿ ਹਿਲੇਰੀ ਨੂੰ ਵ੍ਹਾਈਟ ਹਾਊਸ ਦੀ ਦੌੜ ਵਿਚ 10 ਅੰਕਾਂ (49-39 ਫੀਸਦੀ) ਦੀ ਬੜ੍ਹਤ ਮਿਲ ਗਈ ਹੈ। ਦੂਹਰੇ ਅੰਕੜੇ ਦੀ ਇਹ ਲੀਡ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿ ਇਸ ਵਿਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਮਹੀਨਾ ਪਹਿਲਾਂ ਹਿਲੇਰੀ ਕਲਿੰਟਨ ਨੂੰ ਛੇ ਅੰਕਾਂ (44-38 ਫੀਸਦੀ) ਦੀ ਚੜ੍ਹਤ ਮਿਲੀ ਹੋਈ ਸੀ। ਸਰਵੇਖਣ ਮੁਤਾਬਕ 61 ਫੀਸਦੀ ਲੋਕ ਮੰਨਦੇ ਹਨ ਕਿ ਕਲਿੰਟਨ ਬੇਈਮਾਨ ਹੈ। ਹਿਲੇਰੀ ਨੂੰ 23 ਫੀਸਦੀ ਮਹਿਲਾਵਾਂ, 83 ਫੀਸਦੀ ਅਸ਼ਵੇਤਾਂ, 30 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿਚ 18 ਫੀਸਦੀ ਅਤੇ ਲਾਤਿਨ ਅਮਰੀਕੀ ਮੂਲ ਦੇ ਵੋਟਰਾਂ ‘ਚ 48 ਫੀਸਦੀ ਦੀ ਹਮਾਇਤ ਹਾਸਲ ਹੈ।
ਇਸ ਦੌਰਾਨ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਅਯੋਗ ਹਨ ਅਤੇ ਅਰਬਪਤੀ ਹੋਣ ਦੇ ਬਾਵਜੂਦ ਉਨ੍ਹਾਂ ਛੋਟੇ ਕਾਰੋਬਾਰੀਆਂ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮੁਲਕ ਦੀ ਫੌਜ, ਜੰਗੀ ਕੈਦੀਆਂ ਅਤੇ ਸ਼ਹੀਦ ਫੌਜੀਆਂ ਦੀਆਂ ਸੇਵਾਵਾਂ ਦਾ ਸਤਿਕਾਰ ਨਹੀਂ ਕਰਦਾ, ਉਸ ਨੂੰ ਅਮਰੀਕਾ ਦਾ ਕਮਾਂਡਰ ਨਹੀਂ ਬਣਾਇਆ ਜਾ ਸਕਦਾ।
ਹਿਲੇਰੀ ਨੇ ਰੈਲੀ ਦੌਰਾਨ 100 ਦਿਨਾ ਰੁਜ਼ਗਾਰ ਯੋਜਨਾ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਅਮਰੀਕਾ ਦੇ ਆਰਥਿਕ ਵਿਕਾਸ ਅਤੇ ਪੂਰੇ ਮੁਲਕ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਦਾ ਭਾਸ਼ਨ ਟਰੰਪ ਦੇ ਕਾਰੋਬਾਰ ਅਤੇ ਉਸ ਦੀਆਂ ਆਰਥਿਕ ਨੀਤੀਆਂ ‘ਤੇ ਕੇਂਦਰਤ ਰਿਹਾ। ਕਲਿੰਟਨ ਨੇ ਕਿਹਾ ਕਿ ਡੋਨਲਡ ਟਰੰਪ ਤੋਂ ਜਦੋਂ ਪੁੱਛਿਆ ਗਿਆ ਕਿ ਉਸ ਦਾ ਸਾਮਾਨ ਕਿਥੇ ਬਣਦਾ ਹੈ ਤਾਂ ਪਤਾ ਲੱਗਿਆ ਕਿ ਉਹ ਬੰਗਲਾਦੇਸ਼, ਤੁਰਕੀ, ਸਲੋਵਾਨੀਆ, ਮੈਕਸੀਕੋ ਆਦਿ ਤੋਂ ਸੂਟ, ਟਾਈ, ਕਮੀਜ਼ਾਂ, ਫਰਨੀਚਰ ਅਤੇ ਹੋਰ ਵਸਤਾਂ ਖਰੀਦਦਾ ਹੈ। ਪ੍ਰਚਾਰ ਦੌਰਾਨ ਦੱਸਿਆ ਗਿਆ ਕਿ ਟਰੰਪ ਦੇ ਭਾਰਤ ਸਮੇਤ ਦਰਜਨ ਮੁਲਕਾਂ ‘ਚ ਉਤਪਾਦ ਤਿਆਰ ਹੁੰਦੇ ਹਨ।
_________________________________________
ਹਿਲੇਰੀ ਇਸਲਾਮਿਕ ਸਟੇਟ ਦੀ ‘ਬਾਨੀ’: ਟਰੰਪ
ਵਾਸ਼ਿੰਗਟਨ: ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਉਤੇ ਹਮਲੇ ਤੇਜ਼ ਕਰਦਿਆਂ ਕਿਹਾ ਕਿ ਉਹ ਇਸਲਾਮਿਕ ਸਟੇਟ ਦੀ ਬਾਨੀ ਹੈ। ਫਲੋਰਿਡਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿਲੇਰੀ ਕਲਿੰਟਨ ਨੂੰ ਪੁਰਸਕਾਰ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ।
_____________________________________

ਜਦੋਂ ਟਰੰਪ ਨੂੰ ‘ਘਰਵਾਲਾ’ ਦੱਸ ਬੈਠੀ ਹਿਲੇਰੀ
ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਰਿਪਬਲੀਕਨ ਦੇ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਦੀ ਉਮੀਦਵਾਰ ਹਿਲੇਰੀ ਕਲਿੰਟਨ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।
ਹਿਲੇਰੀ ਕਲਿੰਟਨ ਨੇ ਚੋਣ ਪ੍ਰਚਾਰ ਦੌਰਾਨ ਦਿੱਤੇ ਭਾਸ਼ਣ ਵਿਚ ਅਚਾਨਕ ਟਰੰਪ ਨੂੰ ਆਪਣਾ ਘਰ ਵਾਲਾ ਦੱਸ ਦਿੱਤਾ ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋ ਗਏ; ਹਾਲਾਂਕਿ ਹਿਲੇਰੀ ਨੂੰ ਛੇਤੀ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਨ੍ਹਾਂ ਤੁਰੰਤ ਮੌਕਾ ਸੰਭਾਲ ਲਿਆ। ਭਾਸ਼ਣ ਦੌਰਾਨ ਹਿਲੇਰੀ ਨੇ ਆਖਿਆ ਕਿ ਮੈਨੂੰ ਉਮੀਦ ਹੈ, ਤੁਸੀਂ ਮੇਰੀ ਤੁਲਨਾ ਮੇਰੇ ਹਸਬੈਂæææ ਨਾਲ ਕਰੋਗੇ। ਹਿਲੇਰੀ ਕਲੰਿਟਨ ਹਸਬੈਂਡ ਸ਼ਬਦ ਪੂਰਾ ਨਹੀਂ ਬੋਲ ਸਕੀ ਅਤੇ ਮੌਕਾ ਸੰਭਾਲਦੇ ਹੀ ਉਨ੍ਹਾਂ ਵਿਰੋਧੀ ਉਮੀਦਵਾਰ ਦਾ ਜ਼ਿਕਰ ਕਰਨਾ ਸ਼ੁਰੂ ਕਰਨਾ ਦਿੱਤਾ।
__________________________________________
ਟਰੰਪ ਦੀਆਂ ਟਿੱਪਣੀਆਂ ਤੋਂ ਸਿੱਖ ਫੌਜੀ ਪਰਿਵਾਰ ਖਫਾ
ਲਾਸ ਏਂਜਲਸ: ਡੋਨਲਡ ਟਰੰਪ ਦੇ ਹਮਲੇ ਦੀ ਜ਼ਦ ਵਿਚ ਆਏ ਜੰਗੀ ਸ਼ਹੀਦ ਪਾਕਿ ਮੂਲ ਦੇ ਅਮਰੀਕੀ ਸੈਨਿਕ ਦੇ ਮਾਪਿਆਂ ਦੀ ਹਮਾਇਤ ਵਿਚ ਇਕ ਹੋਰ ਸ਼ਹੀਦ ਸਿੱਖ ਮਰੀਨ ਕੋਰਪੋਰਲ ਦਾ ਪਰਿਵਾਰ ਆ ਗਿਆ ਹੈ। ਪੰਜ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਮਰੀਨ ਕੋਰਪੋਰਲ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਕਿਹਾ ਕਿ ਟਰੰਪ ਦੀਆਂ ਟਿੱਪਣੀਆਂ ਨਾਲ ਦੁੱਖ ਪਹੁੰਚਿਆ।
ਜਾਪਦਾ ਹੈ ਕਿ ਉਹ ਸਿਆਸੀ ਖੇਡਾਂ ਖੇਡ ਰਹੇ ਹਨ। ਪਰਿਵਾਰ ਨੇ ਗੁਰਪ੍ਰੀਤ ਦਾ ਕਮਰਾ ਹਾਲੇ ਵੀ ਲਾਲ, ਸਫੈਦ ਅਤੇ ਨੀਲੇ ਰੰਗ ਨਾਲ ਸਜਾਇਆ ਹੋਇਆ ਹੈ, ਜਿਸ ਵਿਚ ਉਸ ਦੀ ਤਗਮਿਆਂ ਨਾਲ ਸਜੀ ਵਰਦੀ ਲਟਕ ਰਹੀ ਹੈ।
ਨਿਰਮਲ ਸਿੰਘ ਨੇ ਐਂਟੇਲੋਪ (ਕੈਲੇਫੋਰਨੀਆ) ਵਿਚ ਆਪਣੇ ਘਰ ਦੀ ਕੰਧ ਉਤੇ ਉਸ ਦਾ ਪੋਸਟਰ ਲਾਇਆ ਹੋਇਆ ਹੈ, ਜਿਸ ਉਤੇ ਆਪਣੇ ਪੁੱਤ ਨੂੰ ਅਮਰੀਕੀ ਨਾਇਕ ਲਿਖਿਆ ਹੈ। ਨਿਰਮਲ ਸਿੰਘ ਨੇ ‘ਸੈਂਕਰਾਮੈਂਟੋ ਬੀ’ ਨੂੰ ਦੱਸਿਆ ਕਿ ਰਿਪਬਲੀਕਨ ਆਗੂ ਟਰੰਪ ਗੋਲਡ ਸਟਾਰ ਪਰਿਵਾਰ ਨਾਲ ਸਿਆਸੀ ਖੇਡਾਂ ਖੇਡ ਰਹੇ ਹਨ।