ਆਵਾਸੀ ਕਾਨੂੰਨ ਸੁਧਾਰਾਂ ਲਈ ਚੋਟ ਨਗਾਰੇ

ਰਾਸ਼ਟਰਪਤੀ ਓਬਾਮਾ ਨੇ ਕੀਤੀ ਨਿੱਗਰ ਪਹਿਲਕਦਮੀ
1æ10 ਕਰੋੜ ਗੈਰ-ਕਾਨੂੰਨੀ ਆਵਾਸੀਆਂ ਨੂੰ ਪੱਕੀ ਨਾਗਰਿਕਤਾ ਮਿਲਣ ਲਈ ਰਾਹ ਪੱਧਰਾ
ਸੁਧਾਰਾਂ ਲਈ ਦੇਸ਼ ਭਰ ਵਿਚ ਬਣਨ ਲੱਗੀ ਆਮ ਸਹਿਮਤੀ, ਆਰਥਿਕਤਾ ਨੂੰ ਵੀ ਮਿਲੇਗਾ ਹੁਲਾਰਾ
ਲਾਸ ਵੇਗਸ: ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦੇ ਆਵਾਸੀ ਕਾਨੂੰਨਾਂ ਵਿਚ ਸੁਧਾਰ ਲਈ ਰਾਹ ਮੋਕਲਾ ਕਰਦਿਆਂ ਕਿਹਾ ਹੈ ਕਿ ਵੇਲਾ ਵਿਹਾ ਚੁੱਕੇ ਪੁਰਾਣੇ ਆਵਾਸ ਢਾਂਚੇ ਦੀ ਥਾਂ ਹੁਣ ਬਿਲਕੁਲ ਨਵੇਂ ਢਾਂਚੇ ਦੀ ਜ਼ਰੂਰਤ ਹੈ। ਇਸ ਨਾਲ ਅਮਰੀਕੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਰਾਸ਼ਟਰਪਤੀ ਦੀ ਇਸ ਨਿੱਗਰ ਪਹਿਲਕਦਮੀ ਨਾਲ ਦੇਸ਼ ਵਿਚ ਵਸਦੇ 1æ10 ਕਰੋੜ ਗੈਰ-ਕਾਨੂੰਨੀ ਆਵਾਸੀਆਂ ਨੂੰ ਪੱਕੀ ਨਾਗਰਿਕਤਾ ਮਿਲਣ ਲਈ ਰਾਹ ਪੱਧਰਾ ਹੋ ਗਿਆ ਜਾਪਦਾ ਹੈ। ਯਾਦ ਰਹੇ ਕਿ ਹਾਲ ਹੀ ਵਿਚ ਦੋਹਾਂ ਪਾਰਟੀਆਂ (ਡੈਮੋਕ੍ਰੇਟਿਕ ਪਾਰਟੀ ਤੇ ਰਿਪਬਲਿਕਨ ਪਾਰਟੀ) ਦੇ 8 ਸੈਨੇਟਰਾਂ ਨੇ ਪਾਰਟੀ ਵਲਗਣਾਂ ਤੋਂ ਉਪਰ ਉਠ ਕੇ ਆਵਾਸ (ਇਮੀਗਰੇਸ਼ਨ) ਢਾਂਚੇ ਵਿਚ ਸੁਧਾਰ ਲਈ ਕਾਂਗਰਸ ਵਿਚ ਬਾਕਾਇਦਾ ਬਿੱਲ ਪੇਸ਼ ਕੀਤਾ।
ਲਾਸ ਵੇਗਸ ਦੇ ਇਕ ਸਕੂਲ ਵਿਚ ਇਕ ਉਚੇਚੇ ਸਮਾਗਮ ਦੌਰਾਨ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਆਵਾਸ ਕਾਨੂੰਨ ਬਦਲਣ ਬਾਰੇ ਦੇਸ਼ ਭਰ ਵਿਚ ਵੱਡੇ ਪੱਧਰ ‘ਤੇ ਆਮ ਸਹਿਮਤੀ ਬਣ ਰਹੀ ਹੈ। ਕਾਂਗਰਸ ਵਿਚ ਵੀ ਇਸ ਸਬੰਧੀ ਚਾਰਾਜੋਈ ਜਾਰੀ ਹੈ। ਇਸ ਤੋਂ ਇਲਾਵਾ ਹੋਰ ਵੱਖ ਵੱਖ ਮੰਚਾਂ ਉਤੇ ਵੀ ਇਸ ਬਾਰੇ ਭਰਪੂਰ ਚਰਚਾ ਚੱਲ ਰਹੀ ਹੈ। ਹੁਣ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਕਾਨੂੰਨਾਂ ਵਿਚ ਵਾਜਬ ਤਬਦੀਲੀਆਂ ਕੀਤੀਆਂ ਜਾਣ। ਇਸ ਨਾਲ ਆਵਾਸੀਆਂ ਨੂੰ ਤਾਂ ਫਾਇਦਾ ਹੋਵੇਗਾ ਹੀ, ਦੇਸ਼ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਸਾਰਿਆਂ ਨੂੰ ਕੰਮ ਕਰਨ ਦੇ ਬਰਾਬਰ ਮੌਕੇ ਵੀ ਮੁਹੱਈਆ ਹੋ ਸਕਣਗੇ।
ਰਾਸ਼ਟਰਪਤੀ ਓਬਾਮਾ ਨੇ ਆਪਣੀ ਤਕਰੀਰ ਵਿਚ ਆਵਾਸ ਕਾਨੂੰਨ ਵਿਚ ਸੁਧਾਰਾਂ ਬਾਰੇ ਤਿੰਨ ਅਹਿਮ ਨੁਕਤੇ ਉਭਾਰੇ। ਇਨ੍ਹਾਂ ਵਿਚ ਆਵਾਸ ਕਾਨੂੰਨਾਂ ਨੂੰ ਮੁਕੰਮਲ ਰੂਪ ਵਿਚ ਲਾਗੂ ਕਰਨਾ, ਵਾਜਬ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਆਵਾਸੀਆਂ ਨੂੰ ਪੱਕੀ ਨਾਗਰਿਕਤਾ ਦੇਣ ਦਾ ਰਾਹ ਖੋਲ੍ਹਣਾ ਅਤੇ ਆਵਾਸ ਢਾਂਚੇ ਵਿਚ ਮੁੱਢੋਂ-ਸੁੱਢੋਂ ਤਬਦੀਲੀ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੱਕੀ ਨਾਗਰਿਕਤਾ ਹਾਸਲ ਕਰਨ ਲਈ ਵਾਜਬ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਆਵਾਸੀਆਂ ਨੂੰ ਸਖ਼ਤ ਸ਼ਰਤਾਂ ਪਾਰ ਕਰਨੀਆਂ ਪੈਣਗੀਆਂ, ਪਰ ਨਾਗਰਿਕਤਾ ਹਾਸਲ ਕਰਨ ਲਈ ਇਹ ਅਤਿ ਜ਼ਰੂਰੀ ਹੈ। ਇਸ ਤੋਂ ਬਿਨਾਂ ਹੁਣ ਸਰ ਨਹੀਂ ਸਕਦਾ।
ਯਾਦ ਰਹੇ ਕਿ ਰਾਸ਼ਟਰਪਤੀ ਓਬਾਮਾ ਨੇ ਆਪਣੀ 2008 ਵਾਲੀ ਚੋਣ ਮੁਹਿੰਮ ਦੌਰਾਨ ਆਵਾਸ ਨੀਤੀ ਵਿਚ ਤਬਦੀਲੀ ਦਾ ਵਾਅਦਾ ਕੀਤਾ ਸੀ ਅਤੇ ਇਸ ਦਾ ਸਭ ਤੋਂ ਵੱਧ ਫਾਇਦਾ ਲਾਤੀਨੀ ਦੇਸ਼ਾਂ ਦੇ ਆਵਾਸੀਆਂ ਨੂੰ ਹੋਣਾ ਸੀ ਕਿਉਂਕਿ ਉਨ੍ਹਾਂ ਦੀ ਗਿਣਤੀ ਆਵਾਸੀਆਂ ਵਿਚੋਂ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ਚੀਨ, ਭਾਰਤ, ਫਿਲਪੀਨਜ਼ ਤੇ ਡੁਮੀਨੀਕਨ ਰਿਪਬਲਿਕ ਤੋਂ ਆਏ ਆਵਾਸੀਆਂ ਦੀ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਸ੍ਰੀ ਓਬਾਮਾ ਇਹ ਵਾਅਦਾ ਨਿਭਾ ਨਾ ਸਕੇ ਅਤੇ ਐਤਕੀਂ ਵਾਲੀ ਚੋਣ ਮੁਹਿੰਮ ਦੌਰਾਨ ਲਾਤੀਨੀ ਦੇਸ਼ ਦੇ ਆਵਾਸੀਆਂ ਨੇ ਆਪਣਾ ਗਿਲਾ ਵੀ ਜ਼ਾਹਿਰ ਕੀਤਾ। ਬਾਅਦ ਵਿਚ ਆਈਆਂ ਰਿਪੋਰਟਾਂ ਇਹੀ ਸਨ ਕਿ ਓਬਾਮਾ ਦੀ ਜਿੱਤ ਵਿਚ ਇਨ੍ਹਾਂ ਲਾਤੀਨੀ ਆਵਸੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਲਾਸ ਵੇਗਸ ਵਿਚ ਉਨ੍ਹਾਂ ਜਿਸ ਡੇਲ ਸੋਲ ਹਾਈ ਸਕੂਲ ਵਿਚ ਸਮਾਗਮ ਨੂੰ ਸੰਬੋਧਨ ਕੀਤਾ, ਉਹ ਵੀ ਲਾਤੀਨੀ ਵਾਸੀਆਂ ਦੇ ਯੋਗਦਾਨ ਨਾਲ ਹੀ ਚੱਲ ਰਿਹਾ ਹੈ। ਚੇਤੇ ਰਹੇ ਕਿ ਰਿਪਬਲਿਕਨ ਪਾਰਟੀ ਚੋਣਾਂ ਦੌਰਾਨ ਨਾਰਾਜ਼ ਲਾਤੀਨੀਆਂ ਤੋਂ ਵਧੇਰੇ ਵੋਟਾਂ ਦੀ ਆਸ ਲਗਾਈ ਬੈਠੀ ਸੀ ਪਰ ਲਾਤੀਨੀ ਆਵਾਸੀ ਠੋਕ-ਵਜਾ ਕੇ ਸ੍ਰੀ ਓਬਾਮਾ ਦੇ ਹੱਕ ਵਿਚ ਭੁਗਤੇ। ਚਰਚਾ ਇਹ ਵੀ ਹੈ ਕਿ ਰਿਪਬਲਿਕਨ ਪਾਰਟੀ ਵੱਲੋਂ ਆਵਾਸ ਕਾਨੂੰਨਾਂ ਵਿਚ ਤਬਦੀਲੀ ਬਾਰੇ ਜਿਹੜੀ ਤਿੱਖੀ ਸਰਗਰਮੀ ਕੀਤੀ ਜਾ ਰਹੀ ਹੈ, ਉਸ ਦਾ ਮੁੱਖ ਮਕਸਦ ਡੈਮੋਕ੍ਰੇਟਾਂ ਦੇ ਵੋਟ ਬੈਂਕ ਨੂੰ ਖੋਰਾ ਲਾਉਣਾ ਹੀ ਹੈ।
ਆਵਾਸ ਨੀਤੀ ਵਿਚ ਹੋਣ ਵਾਲੀਆਂ ਨਵੀਂਆਂ ਤਬਦੀਲੀਆਂ ਨਾਲ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਆਵਾਸੀਆਂ ਨੂੰ ਰਹਿਣ ਲਈ ਤੁਰੰਤ ਆਰਜ਼ੀ ਆਗਿਆ ਮਿਲ ਜਾਵੇਗੀ ਅਤੇ ਉਹ ਅਮਰੀਕਾ ਵਿਚ ਬਾਕਾਇਦਾ ਕੰਮ ਵੀ ਕਰ ਸਕਣਗੇ। ਯਾਦ ਰਹੇ ਕਿ ਅਮਰੀਕਾ ਵਿਚ 3 ਕਰੋੜ ਤੋਂ ਵੀ ਵੱਧ ਆਵਾਸੀ ਵਸਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਗਿਣਤੀ ਮੈਕਸੀਕੋ ਤੋਂ ਆਏ ਲੋਕਾਂ ਦੀ ਹੈ। ਭਾਰਤੀ ਵਾਸੀਆਂ ਦੀ ਗਿਣਤੀ 10 ਲੱਖ ਤੋਂ ਵੱਧ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਅੱਠ ਸੈਨੇਟਰਾਂ ਨੇ ਪਾਰਟੀ ਵਲਗਣਾਂ ਤੋਂ ਉਪਰ ਉਠ ਕੇ ਕਾਂਗਰਸ ਵਿਚ ਇਕ ਯੋਜਨਾ ਪੇਸ਼ ਕੀਤੀ ਤਾਂ ਕਿ ਦੇਸ਼ ਵਿਚ ਡਰ ਦੇ ਸਾਏ ਹੇਠ ਰਹਿ ਰਹੇ 1æ10 ਕਰੋੜ ਤੋਂ ਵੱਧ ਗੈਰ-ਕਾਨੂੰਨੀ ਪਰਵਾਸੀ ਮੁਲਕ ਦੀ ਨਾਗਰਿਕਤਾ ਹਾਸਲ ਕਰ ਸਕਣ। ਇਨ੍ਹਾਂ ਸੈਨੇਟਰਾਂ ਨੇ ਇਸ ਤਜਵੀਜ਼ ਬਿੱਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦਾ ਇਮੀਗਰੇਸ਼ਨ ਢਾਂਚਾ ਠੱਪ ਹੋ ਕੇ ਰਹਿ ਗਿਆ ਹੈ। ਇਸ ਨਾਲ ਵੱਖ ਵੱਖ ਵਿਭਾਗਾਂ ਦੀਆਂ ਔਕੜਾਂ ਵੀ ਵਧੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਢਾਂਚੇ ਵਿਚ ਵਾਜਬ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਪਰਵਾਸੀਆਂ ਲਈ ਪੇਸ਼ ਕੀਤਾ ਤਰੀਕਾ ਔਖਾ ਤਾਂ ਹੈ ਪਰ ਇਸ ਨਾਲ ਉਨ੍ਹਾਂ ਨੂੰ ਫਾਇਦੇ ਦੇ ਨਾਲ ਨਾਲ ਅਮਰੀਕੀ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ। ਇਮੀਗਰੇਸ਼ਨ ਢਾਂਚੇ ਵਿਚ ਸੁਧਾਰ ਹੋਣ ਸਦਕਾ ਰੁਜ਼ਗਾਰ ਜਾਂਚ ਪ੍ਰਬੰਧ ਕਾਇਮ ਹੋ ਸਕੇਗਾ ਤੇ ਭਵਿੱਖ ਵਿਚ ਕਾਮਿਆਂ ਨੂੰ ਇਜਾਜ਼ਤ ਦੇਣ ਲਈ ਪ੍ਰਕਿਰਿਆ ਹੋਰ ਦਰੁਸਤ ਹੋ ਸਕੇਗੀ।
ਇਹ ਬਿੱਲ ਪੇਸ਼ ਕਰਨ ਵਾਲੇ ਸੈਨੇਟ ਮੈਂਬਰਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਰੌਬਰਟ ਮੈਨਡੀਜ਼, ਚਾਰਲਸ ਐਲਿਸ ਸ਼ੂਮਰ, ਡਿਕ ਡਰਬਿਨ ਤੇ ਮਾਈਕਲ ਬੋਨੇਟ ਅਤੇ ਰਿਪਬਲਿਕਨ ਪਾਰਟੀ ਦੇ ਜੌਹਨ ਮੈਕੇਨ, ਮਾਰਕੋ ਰੂਬੀਓ, ਲਿੰਡਸੇ ਗ੍ਰਾਹਮ ਤੇ ਜੈਫ ਫਲੇਕ ਸ਼ਾਮਲ ਹਨ। ਇਸ ਤਜਵੀਜ਼ ਬਿੱਲ ਵਿਚ ਸਰਹੱਦਾਂ ਤੇ ਬੰਦਰਗਾਹਾਂ ਉਤੇ ਚੌਕਸੀ ਵਧਾਉਣ ਉਤੇ ਵੀ ਜ਼ੋਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿਚ 40 ਫੀਸਦੀ ਪਰਵਾਸੀ ਕਾਨੂੰਨੀ ਤੌਰ ‘ਤੇ ਪੁੱਜਦੇ ਹਨ ਪਰ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਉਹ ਪਾਸਪੋਰਟ ਨੂੰ ਪਾੜ ਕੇ ਸੁੱਟ ਦਿੰਦੇ ਹਨ ਤੇ ਬੇਪਛਾਣ ਬਣ ਜਾਂਦੇ ਹਨ।
ਉਂਜ ਆਵਾਸ ਕਾਨੂੰਨਾਂ ਵਿਚ ਤਬਦੀਲੀ ਕੋਈ ਏਡੀ ਸਹਿਲ ਵੀ ਨਹੀਂ ਹੋਣ ਲੱਗੀ ਕਿਉਂਕਿ ਰਿਪਬਲਿਕਨਾਂ ਵਲੋਂ ਆਮ ਤੌਰ ‘ਤੇ ਖੁੱਲ੍ਹੀ ਆਵਾਸ ਨੀਤੀ ਦਾ ਡਟਵਾਂ ਵਿਰੋਧ ਕੀਤੇ ਜਾਣ ਦਾ ਅੰਦੇਸ਼ਾ ਹੈ। ਇਸ ਤੋਂ ਇਲਾਵਾ ਲੇਬਰ ਯੂਨੀਅਨਾਂ ਵਲੋਂ ਵੀ ਇਸ ਨੀਤੀ ਪ੍ਰਤੀ ਕੀ ਰੁਖ ਅਪਨਾਇਆ ਜਾਂਦਾ ਹੈ, ਅਜੇ ਸਪਸ਼ਟ ਨਹੀਂ ਹੈ। ਆਵਾਸ ਕਾਨੂੰਨਾਂ ਵਿਚ ਤਬਦੀਲੀ ਰਾਸ਼ਟਰਪਤੀ ਓਬਾਮਾ ਲਈ ਉਨ੍ਹਾਂ ਦੇ ਅਹੁਦੇ ਦੀ ਦੂਜੀ ਮਿਆਦ ਦੌਰਾਨ ਇਕ ਇਤਿਹਾਸਕ ਵਿਧਾਨਕ ਪ੍ਰਾਪਤੀ ਹੋ ਸਕਦੀ ਹੈ ਪਰ ਵਾਈਟ ਹਾਊਸ ਨੂੰ ਇਹ ਵੀ ਪਤਾ ਹੈ ਕਿ ਇਹ ਮਾਮਲਾ ਬਹੁਤ ਜਜ਼ਬਾਤੀ ਹੈ ਅਤੇ ਇਸ ਲਈ ਕੱਸੀ ਹੋਈ ਰੱਸੀ ਉਤੇ ਤੁਰਨ ਵਾਲੀ ਗੱਲ ਹੋਵੇਗੀ। ਆਵਾਸ ਕਾਨੂੰਨਾਂ ਵਿਚ ਪਿਛਲੀ ਵਾਰ ਯਤਨ ਸੰਨ 2007 ਵਿਚ ਰਿਪਬਲਿਕਨ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵਲੋਂ ਕੀਤੇ ਗਏ ਸਨ ਪਰ ਇਹ ਯਤਨ ਕਾਂਗਰਸ ਵਿਚ ਜਾ ਕੇ ਚੌਫਾਲ ਡਿੱਗ ਪਏ ਸਨ। ਰਾਸ਼ਟਰਪਤੀ ਓਬਾਮਾ ਨੇ ਆਪਣੀ ਪਹਿਲੀ ਮਿਆਦ ਦੌਰਾਨ ਇਸ ਪਾਸੇ ਕੋਈ ਪਹਿਲਕਦਮੀ ਸ਼ਾਇਦ ਇਸੇ ਕਰਕੇ ਨਹੀਂ ਸੀ ਕੀਤੀ ਕਿ ਉਹ ਨਹੀਂ ਸੀ ਚਾਹੁੰਦੇ ਕਿ ਰਾਸ਼ਟਰਪਤੀ ਬੁਸ਼ ਦੇ ਯਤਨ ਵਾਲਾ ਹਾਲ ਹੋਵੇ।

Be the first to comment

Leave a Reply

Your email address will not be published.