ਕਰਨਾਟਕ ‘ਚ ਸਿਆਸੀ ਉਲਝਣਾਂ ਹੋਰ ਵਧੀਆਂ

ਬੰਗਲੌਰ: ਕਰਨਾਟਕ ਵਿਚਲੀ ਭਾਜਪਾ ਸਰਕਾਰ ਨੂੰ ਡੇਗਣ ‘ਤੇ ਉਤਾਰੂ ਸਾਬਕਾ ਮੁੱਖ ਮੰਤਰੀ ਬੀæਐਸ਼ ਯੇਡੀਯੁਰੱਪਾ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਵਿਧਾਨ ਸਪੀਕਰ ਨੇ 12 ਵਿਧਾਇਕਾਂ ਦੇ ਅਸਤੀਫ਼ਿਆਂ ‘ਤੇ ਫੈਸਲਾ ਰਾਖਵਾਂ ਰੱਖ ਲਿਆ ਤੇ ਕਰਨਾਟਕ ਜਨਤਾ ਪਾਰਟੀ ਦੇ ਸਾਬਕਾ ਮੁਖੀ ਪਦਮਾਨਾਭਨ ਪ੍ਰਸੰਨਾ ਨੇ ਸ੍ਰੀ ਯੇਡੀਯੁਰੱਪਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ। ਉਧਰ ਕੇਜੇਪੀ ਨੇ ਮੀਟਿੰਗ ਕਰਕੇ ਸ੍ਰੀ ਪਸੰਨਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਸਪੀਕਰ ਕੇæਜੀæ ਬੋਪਈਆ ਵੱਲੋਂ ਅਸਤੀਫ਼ਿਆਂ ਬਾਰੇ ਫੈਸਲਾ ਰਾਖਵਾਂ ਰੱਖਣ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ। ਉਧਰ, ਕੇਜੇਪੀ ਦੇ ਬਾਨੀ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਉਸ ਨੇ ਪਿਛਲੇ ਸਾਲ 20 ਦਸੰਬਰ ਨੂੰ ਆਪਣੀ ਕਾਰਜਕਾਰਨੀ ਦੀ ਬੈਠਕ ਕਰਕੇ ਯੇਡੀਯੁਰੱਪਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਰਨਾਟਕ ਵਿਚ ਸੱਤਾਧਾਰੀ ਭਾਜਪਾ ਦੇ 13 ਬਾਗ਼ੀ ਵਿਧਾਇਕਾਂ ਨੇ ਆਪਣੇ ਅਸਤੀਫੇ ਸਪੀਕਰ ਕੇæਜੀæ ਬੋਪਈਆ ਨੂੰ ਸੌਂਪ ਦਿੱਤੇ।
ਸਾਬਕਾ ਮੁੱਖ ਮੰਤਰੀ ਬੀæਐਸ਼ ਯੇਡੀਯੁਰੱਪਾ ਦੇ ਸਮਰਥਕ ਇਨ੍ਹਾਂ ਵਿਧਾਇਕਾਂ ਦੀ ਇਸ ਕਾਰਵਾਈ ਨਾਲ ਮੁੱਖ ਮੰਤਰੀ ਜਗਦੀਸ਼ ਸ਼ੈੱਟਰ ਦੀ ਸਰਕਾਰ ‘ਤੇ ਖਤਰੇ ਦੇ ਬੱਦਲ ਛਾ ਗਏ ਹਨ। ਇਨ੍ਹਾਂ ਵਿਧਾਇਕਾਂ ਨੇ ਸਦਨ ਤੋਂ ਅਸਤੀਫੇ ਇਕ-ਇਕ ਕਰਕੇ ਸਪੀਕਰ ਨੂੰ ਸੌਂਪੇ। ਇਸੇ ਦੌਰਾਨ ਸਪੀਕਰ ਦੇ ਸਕੱਤਰੇਤ ਨੇ ਇਕ ਬਿਆਨ ਵਿਚ ਦੱਸਿਆ ਕਿ ਚਲਾਕੇਰੇ (ਅਨੁਸੂਚਿਤ ਕਬਾਇਲੀ) ਹਲਕੇ ਤੋਂ ਵਿਧਾਇਕ ਥਿਪੇਸਵਾਮੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਜਦਕਿ ਬਾਕੀ 12 ਵਿਧਾਇਕਾਂ ਦੇ ਅਸਤੀਫਿਆਂ ਬਾਰੇ ਹਾਲੇ ਤਕ ਕੁਝ ਨਹੀਂ ਦੱਸਿਆ ਗਿਆ। ਭਾਜਪਾ ਨੇ ਦਲ ਬਦਲ ਕਾਨੂੰਨ ਤਹਿਤ 12 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਲਈ ਸਪੀਕਰ ਕੋਲ ਪਟੀਸ਼ਨ ਪਾਈ ਹੋਈ ਹੈ। ਪਾਰਟੀ ਨੇ ਇਕ ਹੋਰ ਪਟੀਸ਼ਨ ਪਾ ਕੇ ਕਰਨਾਟਕ ਜਨਤਾ ਪਾਰਟੀ ਦੇ ਮੁਖੀ ਯੇਡੀਯੁਰੱਪਾ ਦਾ ਸਮਰਥਨ ਕਰਨ ‘ਤੇ ਵਿਧਾਨ ਪ੍ਰੀਸ਼ਦ ਦੇ ਪੰਜ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ।

Be the first to comment

Leave a Reply

Your email address will not be published.