ਇਸਲਾਮਾਬਾਦ: ਪਾਕਿਸਤਾਨ ਵਿਚ ਸੱਤਵੇਂ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਵਿਚ ਸ਼ਾਮਲ ਹੋਣ ਗਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖਤ ਲਹਿਜ਼ੇ ਵਿਚ ਕਿਹਾ ਕਿ ਉਹ ਅਤਿਵਾਦੀ ਸਮੂਹਾਂ ਨੂੰ ਸ਼ਹਿ ਦੇਣੀ ਬੰਦ ਕਰ ਦੇਵੇ। ਉਨ੍ਹਾਂ ਅਤਿਵਾਦ ਦਾ ਸਮਰਥਨ ਕਰਨ ਵਾਲੇ ਮੁਲਕਾਂ ਖਿਲਾਫ਼ ਸਖਤ ਕਾਰਵਾਈ ਕਰਨ ਦਾ ਸੱਦਾ ਵੀ ਦਿੱਤਾ।
ਉਨ੍ਹਾਂ ਕਿਹਾ ਕਿ ਚੰਗਾ ਜਾਂ ਮਾੜਾ ਅਤਿਵਾਦ ਨਹੀਂ ਹੁੰਦਾ ਅਤਿਵਾਦੀ ਸਿਰਫ ਅਤਿਵਾਦ ਹੈ।
ਭਾਰਤ ਤੇ ਪਾਕਿਸਤਾਨ ਸਬੰਧਾਂ ਵਿਚ ਮੌਜੂਦਾ ਤਣਾਅ ਸਾਫ ਤੌਰ ‘ਤੇ ਨਜ਼ਰ ਆਇਆ ਜਦੋਂ ਸ੍ਰੀ ਰਾਜਨਾਥ ਸਿੰਘ ਦਾ ਆਪਣੇ ਹਮਰੁਤਬਾ ਚੌਧਰੀ ਖਾਨ ਨਾਲ ਪਹਿਲੀ ਵਾਰ ਸਾਹਮਣਾ ਹੋਇਆ ਤਾਂ ਦੋਵਾਂ ਨੇਤਾਵਾਂ ਨੇ ਬੜੇ ਔਖੇ ਹੋ ਕੇ ਇਕ ਦੂਜੇ ਦੇ ਹੱਥਾਂ ਨੂੰ ਛੂਹਿਆ, ਪਰ ਰਸਮੀ ਤੌਰ ਉਤੇ ਹੱਥ ਨਹੀਂ ਮਿਲਾਏ। ਇਹ ਸਭ ਸੰਮੇਲਨ ਵਾਲੇ ਸੇਰੇਨਾ ਹੋਟਲ ਵਿਚ ਉਦੋਂ ਹੋਇਆ ਜਦੋਂ ਸ੍ਰੀ ਚੌਧਰੀ ਭਾਰਤੀ ਮੰਤਰੀ ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਨਵੀਂ ਦਿੱਲੀ ਤੋਂ ਸੰਮੇਲਨ ਦੀ ਖਬਰ ਦੇਣ ਲਈ ਪੁੱਜੇ ਭਾਰਤੀ ਪੱਤਰਕਾਰਾਂ ਨੂੰ ਉਸ ਪਲ ਨੂੰ ਕੈਦ ਕਰਨ ਜਾਂ ਸੰਮੇਲਨ ਦੀ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੂਰ ਹੀ ਰੱਖਿਆ। ਇਸ ਕਾਰਨ ਭਾਰਤ ਦੇ ਇਕ ਸੀਨੀਅਰ ਅਧਿਕਾਰੀ ਤੇ ਪਾਕਿਸਤਾਨੀ ਅਧਿਕਾਰੀ ਵਿਚਾਲੇ ਤੂੰ-ਤੂੰ, ਮੈਂ-ਮੈਂ ਵੀ ਹੋਈ। ਬੈਠਕ ਤੋਂ ਬਾਅਦ ਸ੍ਰੀ ਚੌਧਰੀ ਵੱਲੋਂ ਦਿੱਤੀ ਜਾ ਰਹੀ ਦਾਅਵਤ ਵਿਚ ਸ੍ਰੀ ਰਾਜਨਾਥ ਸਿੰਘ ਨੇ ਹਿੱਸਾ ਨਹੀਂ ਲਿਆ, ਕਿਉਂਕਿ ਮੇਜ਼ਬਾਨ ਮੌਕੇ ਉਤੇ ਨਹੀਂ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਆਪਣੇ ਹੋਟਲ ਵਿਚ ਭਾਰਤੀ ਵਫਦ ਨਾਲ ਰੋਟੀ ਖਾਧੀ। ਇਸ ਤੋਂ ਬਾਅਦ ਉਹ ਭਾਰਤ ਲਈ ਰਵਾਨਾ ਹੋ ਗਏ। ਇਸ ਬਾਰੇ ਪਾਕਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਵਫਦ ਨੇ ਸਵੇਰੇ ਹੀ ਦੱਸ ਦਿੱਤਾ ਸੀ ਕਿ ਮੰਤਰੀ ਸੰਮੇਲਨ ਦੇ ਪਹਿਲੇ ਸੈਸ਼ਨ ਤੋਂ ਬਾਅਦ ਡੇਢ ਵਜੇ ਦੇਸ਼ ਪਰਤ ਜਾਣਗੇ। ਸੰਮੇਲਨ ਵਿਚ ਸ੍ਰੀ ਰਾਜਨਾਥ ਸਿੰਘ ਨੇ ਹਿੰਦੀ ਵਿਚ ਭਾਸ਼ਨ ਦਿੱਤਾ ਤੇ ਕਿਹਾ ਕਿ ਅਤਿਵਾਦੀਆਂ ਜਾਂ ਸੰਗਠਨਾਂ ਖਿਲਾਫ਼ ਸਿਰਫ ਸਖਤ ਕਾਰਵਾਈ ਹੀ ਨਹੀਂ ਹੋਣੀ ਚਾਹੀਦੀ ਸਗੋਂ ਅਜਿਹੇ ਲੋਕਾਂ, ਸੰਗਠਨਾਂ ਅਤੇ ਦੇਸ਼ਾਂ ਵਿਰੁਧ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
_________________________________
ਭਾਰਤੀ ਪੱਤਰਕਾਰਾਂ ਨਾਲ ਪੱਖਪਾਤੀ ਰਵੱਈਆ
ਨਵੀਂ ਦਿੱਲੀ: ਇਸਲਾਮਾਬਾਦ ਵਿਚ ਹਾਲ ਹੀ ਵਿਚ ਖਤਮ ਹੋਏ ਗ੍ਰਹਿ ਮੰਤਰੀਆਂ ਦੇ ਸਾਰਕ ਸੰਮੇਲਨ ਨੂੰ ਕਵਰੇਜ਼ ਕਰਨ ਲਈ ਗਏ ਭਾਰਤੀ ਪੱਤਰਕਾਰਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਨਾ ਸਿਰਫ ਉਦਘਾਟਨ ਸਮਾਰੋਹ ਵਿਚ ਜਾਣ ਤੋਂ ਰੋਕਿਆ ਬਲਕਿ ਬੈਠਕ ਵਾਲੇ ਸਥਾਨ ਦੇ ਉਸ ਦਾਖਲਾ ਗੇਟ ‘ਤੇ ਖੜ੍ਹੇ ਵੀ ਨਹੀਂ ਹੋਣ ਦਿੱਤਾ ਜਿਥੇ ਉਨ੍ਹਾਂ ਦੇ ਗ੍ਰਹਿ ਮੰਤਰੀ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ। ਪਾਕਿਸਤਾਨ ਅਧਿਕਾਰੀਆਂ ਦੇ ਇਸ ਰਵੱਈਏ ਕਾਰਨ ਤਣਾਅ ਪੈਦਾ ਹੋ ਗਿਆ ਸੀ। ਇਸ ਬੈਠਕ ਨੂੰ ਕਵਰ ਕਰਨ ਲਈ ਛੇ ਭਾਰਤੀ ਪੱਤਰਕਾਰਾਂ ਨੂੰ ਵੀਜ਼ਾ ਦਿੱਤਾ ਗਿਆ ਸੀ।
________________________
ਅਮਰੀਕਾ ਦੀ ਪਾਕਿਸਤਾਨ ਨੂੰ ਸਲਾਹ
ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਲਈ ਜਿਨ੍ਹਾਂ ਅਤਿਵਾਦੀ ਸਮੂਹਾਂ ਨੂੰ ਖਤਰਾ ਮੰਨਦਾ ਹੈ, ਉਨ੍ਹਾਂ ਸਮੇਤ ਦੇਸ਼ ਦੇ ਸਾਰੇ ਅਤਿਵਾਦੀ ਸਮੂਹਾਂ ਖਿਲਾਫ਼ ਕਾਰਵਾਈ ਕਰੇ। ਖਾਸ ਕਰ ਕੇ ਉਨ੍ਹਾਂ ਖਿਲਾਫ਼ ਜੋ ਉਸ ਦੇ ਗੁਆਂਢੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਦੌਰਾਨ ਭਾਰਤ ਦੇ ਰੁਖ ਦਾ ਵਿਸ਼ੇਸ਼ ਤੌਰ ਉਤੇ ਸਮਰਥਨ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਉਪ-ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਉਚ-ਪੱਧਰੀ ਅਧਿਕਾਰੀਆਂ ਨੂੰ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਗੁਆਂਢੀ ਮੁਲਕਾਂ ‘ਤੇ ਹਮਲਾ ਕਰਨ ਵਾਲੇ ਅਤਿਵਾਦੀ ਸਮੂਹਾਂ ਸਮੇਤ ਸਾਰੇ ਸਮੂਹਾਂ ਦੇ ਖਿਲਾਫ਼ ਕਾਰਵਾਈ ਕਰਨੀ ਹੋਵੇਗੀ।