ਹਾਈ ਕੋਰਟ ਦੇ ਫੈਸਲੇ ਪਿਛੋਂ ‘ਆਪ’ ਤੇ ਨਜੀਬ ਵਿਚਾਲੇ ਜੰਗ ਮੁੜ ਸ਼ੁਰੂ

ਨਵੀਂ ਦਿੱਲੀ: ਹਾਈ ਕੋਰਟ ਦੇ ਫੈਸਲੇ ਦੇ ਬਾਅਦ ਉਪ ਰਾਜਪਾਲ ਨਜੀਬ ਜੰਗ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਸ਼ਬਦੀ ਜੰਗ ਛਿੜ ਗਈ ਹੈ। ਨਜੀਬ ਜੰਗ ਨੇ ਕਿਹਾ ਕਿ ਅਦਾਲਤ ਨੇ ਆਪ ਸਰਕਾਰ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ‘ਆਪ’ ਨੂੰ ਸਲਾਹ ਦਿੱਤੀ ਕਿ ਸੁਪਰੀਮ ਕੋਰਟ ਵਿਚ ਜਾਣ ਉਤੇ ਵੀ ਇਸ ਮਾਮਲੇ ‘ਚ ਉਨ੍ਹਾਂ ਦੀ ਮਿਹਨਤ ਵਿਅਰਥ ਜਾਵੇਗੀ।

ਜੰਗ ਨੇ ਕਿਹਾ ਕਿ ਉਹ ਉਨ੍ਹਾਂ (ਕੇਜਰੀਵਾਲ) ਤੋਂ ਮੁਆਫੀ ਮੰਗਦੇ ਹਨ ਕਿਉਂਕਿ ਉਹ ਆਪਣੇ ਮਨ ਦਾ ਭਰਮ ਦਿਖਾ ਰਹੇ ਹਨ ਜੋ ਅਸਲ ਵਿਚ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਹੁਣ ਸਿਆਣਪ ਵਰਤਣੀ ਚਾਹੀਦੀ ਹੈ। ਉਹ ਕੁਝ ਮੁੱਦਿਆਂ ਨੂੰ ਬੱਚਿਆਂ ਵਾਂਗ ਲੈਂਦੇ ਹਨ। ਦੂਸਰੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਅਤੇ ਦੂਸਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਬਹੁਤ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਸ਼ਹਿਰ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਹਾਂ। ਇਸੇ ਦੌਰਾਨ ਭਾਜਪਾ ਅਤੇ ਕਾਂਗਰਸ ਨੇ ਵੀ ਆਪ ਸਰਕਾਰ ਨੂੰ ਕਿਹਾ ਕਿ ਉਸ ਨੂੰ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਯਾਦ ਰਹੇ ਕਿ ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਆਖ ਕੇ ਝਟਕਾ ਦਿੱਤਾ ਸੀ ਕਿ ਦਿੱਲੀ ਰਾਜ ਨਹੀਂ ਬਲਕਿ ਕੇਂਦਰ ਸ਼ਾਸਿਤ ਹੈ। ਇਸ ਕਰ ਕੇ ਉਪ ਰਾਜਪਾਲ ਹੀ ਦਿੱਲੀ ਦੇ ਮੁਖੀ ਹਨ। ਇਸ ਮਾਮਲੇ ਉਤੇ ਸੁਪਰੀਮ ਕੋਰਟ ਵਿਚ ਕੇਂਦਰ ਨੇ ਦਿੱਲੀ ਸਰਕਾਰ ਦੇ ਕੇਸ ਦਾ ਵਿਰੋਧ ਕਰਦੇ ਹੋਏ ਆਖਿਆ ਕਿ ਦਿੱਲੀ ਪੂਰਨ ਰਾਜ ਨਹੀਂ।
ਇਸ ਲਈ ਕੇਜਰੀਵਾਲ ਸਰਕਾਰ ਕੇਂਦਰ ਖਿਲਾਫ਼ ਕੇਸ ਨਹੀਂ ਕਰ ਸਕਦੀ। ਪ੍ਰਮੁੱਖ ਕੇਸ ਉਤੇ ਸਵਾਲ ਵੀ ਚੁੱਕੇ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਕਿ ਹਾਈ ਕੋਰਟ ਦੇ ਫੈਸਲੇ ਤੇ ਕੇਂਦਰ ਖਿਲਾਫ਼ ਪਟੀਸ਼ਨ ਨੂੰ ਇਕੋ ਸਮੇਂ ਚੁਣੌਤੀ ਕਿਵੇਂ ਦਿੱਤੀ ਜਾ ਸਕਦੀ ਹੈ। ਅਟਾਰਨੀ ਜਨਰਲ ਨੇ ਆਖਿਆ ਕਿ ਦਿੱਲੀ ਸਰਕਾਰ ਇਕ ਸਮੇਂ ਵਿਚ ਦੋ ਪਟੀਸ਼ਨਾਂ ਨਹੀਂ ਪਾ ਸਕਦੀ। ਦੋਵਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ 29 ਅਗਸਤ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ।
______________________________________
ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ
ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਤੇ ਉਪ ਰਾਜਪਾਲ ਵਿਚਾਲੇ ਅਧਿਕਾਰਾਂ ਦੀ ਲੜਾਈ ਬਾਰੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿੱਤੀ ਹੈ। ਦਿੱਲੀ ਦਾ ਪੂਰਨ ਮੁਖੀ ਕੌਣ ਹੋਵੇਗਾ, ਇਹ ਹੁਣ ਸੁਪਰੀਮ ਕੋਰਟ ਤੈਅ ਕਰੇਗਾ। ਦਿੱਲੀ ਦੀ ਹਕੂਮਤ ਉਤੇ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਕਾਰਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਖਿਲਾਫ਼ ਕੇਜਰੀਵਾਲ ਸਰਕਾਰ ਦੇ ਕੇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।
__________________________________
ਉਪ ਰਾਜਪਾਲ ਨੂੰ ਕਰਤਾ-ਧਰਤਾ ਦੱਸਣ ‘ਤੇ ਆਪ ਦਾ ਸਵਾਲ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੋਣ ਵਿਵਸਥਾ ਉਤੇ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਨੇਤਾ ਆਸ਼ੂਤੋਸ਼ ਨੇ ਹਾਈ ਕੋਰਟ ਦੇ ਫੈਸਲੇ ਉਤੇ ਸਵਾਲ ਕਰਦਿਆਂ ਕਿਹਾ ਹੈ ਕਿ ਉਹ ਹਾਈ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਨ, ਪਰ ਅਦਾਲਤ ਦੇ ਫੈਸਲੇ ਤੋਂ ਬਾਅਦ ਸਾਫ ਹੋ ਜਾਂਦਾ ਹੈ ਕਿ ਦਿੱਲੀ ਵਿਚ ਕੌਂਸਲ ਆਫ ਮਨਿਸਟਰਸ ਅਤੇ ਵਿਧਾਨ ਸਭਾ ਨੀਤੀਆਂ ਨੂੰ ਮੰਨਣ ਲਈ ਉਪ-ਰਾਜਪਾਲ ਮਜਬੂਰ ਨਹੀਂ ਹਨ। ਉਨ੍ਹਾਂ ਨੇ ਕਿਹਾ ਇਸ ਦਾ ਮਤਲਬ ਹੈ ਕਿ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨੂੰ ਲੈ ਕੇ ਹੁਣ ਦਿੱਲੀ ਵਾਸੀਆਂ ਨੂੰ ਮੁੱਖ ਮੰਤਰੀ ਕੋਲ ਨਹੀਂ ਬਲਕਿ ਉਪ-ਰਾਜਪਾਲ ਕੋਲ ਜਾਣਾ ਚਾਹੀਦਾ ਹੈ।