ਗੁਰਬਚਨ ਸਿੰਘ ਭੁੱਲਰ
ਫੋਨ: 0091-1142502364
ਕੁਝ ਦਹਾਕੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿਚ ਹਰ ਕਿਸਾਨ ਘਰ ਵਿਚ ਗਊਆਂ, ਬਲ੍ਹਦਾਂ ਤੇ ਮੱਝਾਂ ਦਾ ਹੋਣਾ ਆਮ ਗੱਲ ਸੀ। ਮੱਝ ਦੀ ਕੱਟੀ ਤਾਂ ਭਵਿੱਖ ਦੀ ਮੱਝ ਹੁੰਦੀ ਸੀ, ਪਰ ਬਿਚਾਰਾ ਕੱਟਾ ਮੱਝ ਦੇ ਦੁੱਧੋਂ ਭੱਜਣ ਮਗਰੋ ਬਿਲਕੁਲ ਫ਼ਾਲਤੂ ਹੋ ਜਾਂਦਾ ਸੀ। ਇਸੇ ਕਰਕੇ ਮਹੀਨੇ, ਦੋ ਮਹੀਨੀਂ ਪਿੰਡ ਦੀਆਂ ਵੀਹੀਆਂ ਵਿਚੋਂ ਕਸਾਈਆਂ ਦੀ “ਕੱਟੇ ਵੇਚ ਲਉ, ਕੱਟੇ” ਦੀ ਆਵਾਜ਼ ਸੁਣਦੀ ਰਹਿੰਦੀ ਸੀ। ਇਸ ਦੇ ਉਲਟ ਜਿਥੇ ਗਊ ਦੀ ਵੱਛੀ ਭਵਿੱਖੀ ਗਊ ਹੁੰਦੀ ਸੀ, ਵੱਛਾ ਵੀ ਭਵਿੱਖੀ ਬਲ੍ਹਦ ਹੁੰਦਾ ਸੀ ਜਿਸ ਤੋਂ ਬਿਨਾਂ ਮਸ਼ੀਨਰੀ ਤੋਂ ਪਹਿਲਾਂ ਦੇ ਉਸ ਸਮੇਂ ਵਿਚ ਖੇਤੀ ਅਸੰਭਵ ਸੀ।
ਇਸ ਹਾਲਤ ਵਿਚ ਕਿਸਾਨ ਘਰਾਂ ਵਿਚ ਗਊ ਦਾ ਆਦਰ-ਉਕਰ ਮੱਝ ਤੋਂ ਵੱਧ ਹੋਣਾ ਕੁਦਰਤੀ ਸੀ।
ਇਤਿਹਾਸ ਦੇ ਮੁੱਢਲੇ ਲੰਮੇ ਦੌਰ ਵਿਚ ਦੁਨੀਆ ਦੇ ਮਨੁੱਖੀ ਵਸੋਂ ਵਾਲ਼ੇ ਹੋਰ ਹਰ ਇਲਾਕੇ ਵਾਂਗ ਭਾਰਤ ਦੇ ਮਨੁੱਖੀ ਇੱਜੜ ਪੇਟ ਭਰਨ ਲਈ ਪਸੂ-ਜਾਨਵਰ ਜਾਂ ਬਨਸਪਤੀ ਤੋਂ ਮਿਲਦੀਆਂ ਚੀਜ਼ਾਂ ਖਾਂਦੇ ਸਨ। ਬਹੁਤ ਮਗਰੋਂ, ਵੇਦਕਾਲ ਵਿਚ ਜਦੋਂ ਉਤਰ-ਪੱਛਮੀ ਭਾਰਤੀ ਮਨੁੱਖ ਨੂੰ ਸ਼ਬਦ ਤੇ ਸਭਿਆਚਾਰ ਦੀ ਸੋਝੀ ਆ ਚੁੱਕੀ ਸੀ, ਲਿਖਤਾਂ ਵਿਚ ਭੋਜਨ ਦੀ ਇਸੇ ਰੀਤ ਦਾ, ਸਗੋਂ ਪ੍ਰਾਹੁਣਚਾਰੀ ਲਈ ਅਤੇ ਉਤਸਵਾਂ ਤੇ ਖ਼ੁਸ਼ੀ ਦੇ ਮੌਕਿਆਂ ਸਮੇਂ ਭੋਜਨ ਵਿਚ ਗਊ ਨੂੰ ਉਚੇਚ ਦਿੱਤੇ ਜਾਣ ਦਾ ਜ਼ਿਕਰ ਆਮ ਮਿਲਦਾ ਹੈ। ਇਕ ਪੜਾਅ ਉਤੇ ਮਨੁੱਖ ਨੂੰ ਲੱਖਾਂ ਸਾਲਾਂ ਤੋਂ ਆਪੇ ਉਪਜਦੀ-ਬਿਨਸਦੀ ਬਨਸਪਤੀ ਦੇ ਬਿਰਛ-ਬੂਟੇ ਦੇ ਬੀਆਂ ਤੋਂ ਅਨੇਕ ਬਿਰਛ-ਬੂਟੇ ਪੈਦਾ ਹੋਣ ਦੇ ਵਰਤਾਰੇ ਦੀ ਸਮਝ ਆਈ ਤਾਂ ਉਹਨੇ ਹੱਥਾਂ ਨਾਲ ਬੀ ਖਿਲਾਰਨ ਅਤੇ ਇਕ ਬੀ ਤੋਂ ਅਨੇਕ ਬੀ, ਇਕ ਦਾਣੇ ਤੋਂ ਅਨੇਕ ਦਾਣੇ ਪੈਦਾ ਕਰਨ ਦਾ ਭੇਤ ਪਾ ਲਿਆ। ਇਹ ਇਤਿਹਾਸ ਦਾ ਵੱਡਾ ਇਨਕਲਾਬ ਸੀ। ਇਤਿਹਾਸ ਦੀ ਇਕ ਹੋਰ ਵੱਡੀ ਘਟਨਾ ਮਨੁੱਖ ਨੂੰ ਕੁਝ ਜੰਗਲੀ ਪਸੂ ਸਿਧਾ-ਸਿਖਾ ਕੇ ਪਾਲਤੂ ਬਣਾਉਣ ਦੀ ਜਾਚ ਦਾ ਆਉਣਾ ਸੀ। ਇਥੋਂ ਹੀ ਖੇਤੀ ਬਾਕਾਇਦਾ ਧੰਦਾ ਬਣਨ ਲੱਗੀ ਅਤੇ ਗਊ, ਉਹਦੇ ਦੁੱਧ ਤੇ ਉਹਦੇ ਜਾਏ ਬਲ੍ਹਦ ਨੂੰ ਮਾਨਤਾ ਮਿਲਣ ਲੱਗੀ। ਇਨ੍ਹਾਂ ਸਿਫ਼ਤਾਂ ਸਦਕਾ ਗੋਕੀ ਨਸਲ ਨੂੰ ਖਾਣ ਦੀ ਥਾਂ ਸੰਭਾਲਣ ਦਾ ਵਿਚਾਰ ਅਤੇ ਦੌਰ ਸ਼ੁਰੂ ਹੋਇਆ। ਗਊ ਪਰਿਵਾਰ ਦੀ ਇਹ ਲਾਭਦਾਇਕਤਾ ਸਹਿਜੇ ਸਹਿਜੇ ਉਸ ਦੀ ਸਾਂਭ-ਸੰਭਾਲ ਤੋਂ ਅੱਗੇ ਵਧ ਕੇ ਉਸ ਨਾਲ ਪਵਿੱਤਰਤਾ ਜੋੜੇ ਜਾਣ ਤੱਕ ਪੁੱਜ ਗਈ।
ਆਮ ਕਿਸਾਨ ਘਰ ਵਿਚ ਜਨਮਿਆ ਹੋਣ ਸਦਕਾ ਗਊ ਨੂੰ ਦੂਜੇ ਪਸੂਆਂ ਦੇ ਮੁਕਾਬਲੇ ਪਵਿੱਤਰ ਸਮਝੇ ਜਾਣ ਅਤੇ ਅਗੇਤ ਦਿੱਤੇ ਜਾਣ ਦਾ ਵਰਤਾਰਾ ਮੈਂ ਅੱਖੀਂ ਦੇਖਿਆ ਹੋਇਆ ਹੈ, ਪਰ ਇਹਦਾ ਰੂਪ ਸਹਿਜ ਹੁੰਦਾ ਸੀ, ਹਿੰਸਕ ਤੇ ਹੁੱਲੜਬਾਜ਼ ਨਹੀਂ। ਮਾਂਵਾਂ ਆਟੇ ਦਾ ਪੇੜਾ ਜਾਂ ਬਚੀ ਹੋਈ ਰੋਟੀ ਫੜਾ ਕੇ ਆਖਦੀਆਂ, “ਜਾ ਪੁੱਤ, ਅਹਿ ਗਊ ਨੂੰ ਦੇ ਆ।” ਗਊ ਲਈ ਕਿਸਾਨੀ ਆਦਰ ਦੇ ਦੋ ਹੋਰ ਰੂਪ ਵੀ ਧਿਆਨਜੋਗ ਹਨ। ਦਰਜੀ ਕਿਸੇ ਜੀਅ ਦਾ ਨਵਾਂ ਝੱਗਾ-ਜਾਮਾ ਦੇ ਕੇ ਜਾਂਦਾ ਤਾਂ ਉਹ ਪਹਿਨਣ ਤੋਂ ਪਹਿਲਾਂ ਧੀ-ਧਿਆਣੀ ਜਾਂ ਗਊ ਦੇ ਪੈਰਾਂ ਨੂੰ ਜ਼ਰੂਰ ਛੁਹਾਇਆ ਜਾਂਦਾ ਸੀ। ਦੂਜੀ ਗੱਲ, ਬੈਠਾ ਹੋਇਆ ਹੋਰ ਪਸੂ ਜੇ ਇਸ਼ਾਰੇ-ਹੁੰਕਾਰੇ ਨਾਲ ਖੜ੍ਹਾ ਨਾ ਹੁੰਦਾ, ਉਹਨੂੰ ਝੱਟ ਪੈਰ ਦਾ ਠੇਡਾ ਮਾਰ ਦਿੱਤਾ ਜਾਂਦਾ ਸੀ, ਪਰ ਗੋਕੇ ਪਸੂ ਨੂੰ ਪੈਰ ਲਾਉਣਾ ਪਾਪ ਮੰਨਿਆ ਜਾਂਦਾ ਸੀ ਤੇ ਉਹਨੂੰ ਖੜ੍ਹਾ ਕਰਨ ਲਈ ਠੇਡੇ ਦੀ ਥਾਂ ਹੱਥ ਦੇ ਨਰਮ ਨਰਮ ਥਪੋਕੇ ਹੀ ਮਾਰੇ ਜਾਂਦੇ ਸਨ।
ਇਹ ਫ਼ਰਕ ਉਸ ਸਮੇਂ ਹੋਰ ਵੀ ਬਹੁਤਾ ਉਘੜ ਕੇ ਸਾਹਮਣੇ ਆਉਂਦਾ, ਜਦੋਂ ਘਰ ਦਾ ਕੋਈ ਪਸੂ ਲਾਭਦਾਇਕਤਾ ਦਾ ਪੜਾਅ ਪਾਰ ਕਰ ਜਾਂਦਾ। ਮੱਝ ਕਿਸੇ ਝਿਜਕ ਤੋਂ ਬਿਨਾਂ ਕੱਟਿਆਂ ਵਾਲ਼ੇ ਰਾਹ ਤੋਰ ਦਿੱਤੀ ਜਾਂਦੀ, ਭਾਵ ਕਸਾਈਆਂ ਨੂੰ ਵੇਚ ਦਿੱਤੀ ਜਾਂਦੀ। ਗਊਆਂ ਤੇ ਬਲ੍ਹਦਾਂ ਦੇ ਸੰਬੰਧ ਵਿਚ ਤਿੰਨ ਰਾਹ ਫੜੇ ਜਾਂਦੇ। ਜਿਨ੍ਹਾਂ ਘਰਾਂ ਵਿਚ ਪੱਠੇ-ਦੱਥੇ ਦੀ ਕੋਈ ਘਾਟ ਨਹੀਂ ਸੀ ਹੁੰਦੀ ਤੇ ਵਾਧੂ ਗਊ-ਬਲ੍ਹਦ ਬੋਝ ਨਹੀਂ ਸਨ ਲਗਦੇ, ਉਹ ਉਨ੍ਹਾਂ ਨੂੰ ਖੁਰਲੀ ਉਤੇ ਬੰਨ੍ਹੀਂ ਰੱਖਦੇ। ਦੂਜੇ ਸਿਰੇ ਉਤੇ ਅਜਿਹੇ ਘਰ ਹੁੰਦੇ ਜੋ ਬੇਕਾਰ ਹੋਏ ਗੋਕੇ ਨੂੰ ਵੀ ਕੱਟੇ ਤੇ ਮੱਝ ਵਾਲ਼ੇ ਰਾਹ ਹੀ ਤੋਰ ਦਿੰਦੇ। ਤੀਜੇ ਉਹ ਕਿਸਾਨ ਘਰ ਹੁੰਦੇ ਜਿਨ੍ਹਾਂ ਨੂੰ ਆਪਣੇ ਹੱਥੀਂ ਪਾਲ਼ੇ ਹੋਏ, ਪਰ ਹੁਣ ਬੇਕਾਰ ਹੋ ਚੁੱਕੇ ਗੋਕੇ ਦੀ ਸਾਂਭ-ਸੰਭਾਲ ਔਖੀ ਤਾਂ ਲਗਦੀ, ਪਰ ਉਹਨੂੰ ਕਸਾਈਆਂ ਹੱਥ ਫੜਾਉਣਾ ਵੀ ਚੰਗਾ ਨਾ ਲਗਦਾ। ਉਹ ਆਥਣ ਡੂੰਘੀ ਹੋਈ ਤੋਂ ਵਾਧੂ ਗਊ-ਬਲ੍ਹਦ ਦੀਆਂ ਅੱਖਾਂ ਉਤੇ ਪੱਟੀ ਬੰਨ੍ਹਦੇ ਤੇ ਰਾਹ ਵਿਚ ਪੈਂਦੇ ਪਿੰਡਾਂ ਤੋਂ ਬਚਦੇ-ਬਚਾਉਂਦੇ ਦਸ-ਵੀਹ ਕੋਹ ਦੂਰ ਉਹਦੀ ਪੱਟੀ ਖੋਲ੍ਹ ਆਉਂਦੇ। ਉਹ ਬਿਗਾਨੇ ਪਿੰਡਾਂ ਦੇ ਖੇਤਾਂ ਵਿਚ ਮੂੰਹ ਮਾਰਦੇ ਤੇ ਡਾਂਗਾਂ ਖਾਂਦੇ ਰਹਿੰਦੇ ਅਤੇ ਹੌਲ਼ੀ ਹੌਲ਼ੀ ਕਸਾਈਆਂ ਦੇ ਖਰੀਦੇ ਪਸੂਆਂ ਦੇ ਨਾਲ ਹੀ ਬਿਨ-ਟਿਕਟੀ ਮੁਫ਼ਤ ਯਾਤਰਾ ਉਤੇ ਤੁਰਦੇ ਜਾਂਦੇ। ਇਕ ਅਹਿਮ ਨੁਕਤਾ ਇਹ ਹੈ ਕਿ ਪਸੂ ਦੇ ਮਰਨ ਪਿਛੋਂ ਗੋਕੇ ਤੇ ਮਾਝੇ ਦਾ ਕੋਈ ਫ਼ਰਕ ਦਲਿਤਾਂ ਵਾਸਤੇ ਤਾਂ ਕੀ, ਕਿਸਾਨ ਵਾਸਤੇ ਵੀ ਨਹੀਂ ਸੀ ਰਹਿੰਦਾ। ਕਿਸਾਨ ਆਪਣੇ ਪੁਸ਼ਤੈਨੀ ਵਗ਼ਾਰੀ ਦਲਿਤਾਂ ਨੂੰ ਸੁਨੇਹਾ ਭੇਜਦੇ ਤੇ ਉਹ ਮਰੇ ਹੋਏ ਪਸੂ ਨੂੰ ਚੁੱਕ ਕੇ ਹੱਡਾਂਰੋੜੀ ਜਾ ਪਹੁੰਚਦੇ। ਉਹ ਇਹ ਵੀ ਪੁੱਛਦੇ ਜਾਂਦੇ ਕਿ ਪਸੂ ਮਰਿਆ ਕਿਵੇਂ ਹੈ, ਸਾਧਾਰਨ ਮੌਤ ਜਾਂ ਕਿਸੇ ਬੀਮਾਰੀ ਨਾਲ। ਉਨ੍ਹਾਂ ਦਾ ਸੇਵਾਫਲ ਮਰੇ ਪਸੂ ਦੀ ਖੱਲ, ਸਾਧਾਰਨ ਮੌਤ ਮਰੇ ਪਸੂ ਦਾ ਖਾਣ ਲਈ ਲਿਆ ਮਾਸ ਤੇ ਛਿਮਾਹੀ ਫ਼ਸਲ ਵੇਲ਼ੇ ਮਿਲਿਆ ਵਗ਼ਾਰ ਦਾ ਕੁਝ ਅਨਾਜ ਹੁੰਦਾ ਸੀ।
ਨੇੜਲੇ ਬੀਤੇ ਦੀਆਂ ਮਸ਼ੀਨੀ ਕਾਢਾਂ ਸਦਕਾ ਕਿਸਾਨੀ ਜੀਵਨ ਵਿਚ ਆਈਆਂ ਤਬਦੀਲੀਆਂ ਅਤੇ 2014 ਵਿਚ ਮੋਦੀ ਜੀ ਦੀ ਭਗਵੀਂ ਸਰਕਾਰ ਬਣਨ ਮਗਰੋਂ ਧਰਮ ਤੇ ਸਭਿਆਚਾਰ ਦੇ ਨਾਂ ਹੇਠ ਬਾਕਾਇਦਾ ਸ਼ੁਰੂ ਹੋਈਆਂ ਹਿੰਸਕ-ਗ਼ੈਰਕਾਨੂੰਨੀ ਕਾਰਵਾਈਆਂ ਦੀ ਗੱਲ ਕਰਦਿਆਂ ਗਊ, ਕਿਸਾਨ ਤੇ ਦਲਿਤ ਦੇ ਆਪਸੀ ਰਿਸ਼ਤੇ ਦਾ ਇਹ ਪਿਛੋਕੜ ਚੇਤੇ ਰੱਖਣਾ ਲਾਹੇਵੰਦ ਰਹੇਗਾ।
ਕੁਝ ਸਾਲ ਪਹਿਲਾਂ ਪਿੰਡਾਂ ਵਿਚ ਬਲ੍ਹਦਾਂ ਵਾਲ਼ੇ ਕਿਸਾਨ ਘਰਾਂ ਦੀ ਫ਼ੀਸਦੀ “ਸਿਫ਼ਰ ਬਰਾਬਰ” ਜਾਣ ਕੇ ਮੇਰਾ ਹੈਰਾਨ ਹੋਣਾ ਕੁਦਰਤੀ ਸੀ। ਸਰਦੇ-ਪੁੱਜਦੇ ਘਰਾਂ ਨੇ ਕੰਬਾਈਨਾਂ-ਟਰੈਕਟਰ ਖ਼ਰੀਦੇ ਹੋਏ ਹਨ ਤੇ ਉਨ੍ਹਾਂ ਵਿਚੋਂ ਹੀ ਕੁਝ ਲੋਕ ਭਾੜਾ ਲੈ ਕੇ ਬਾਕੀਆਂ ਦੀ ਵਾਹੀ-ਖੇਤੀ ਦੇ ਕੰਮ ਵੀ ਕਰ ਦਿੰਦੇ ਹਨ, ਪਰ ਮੈਨੂੰ ਅਸਲ ਹੈਰਾਨੀ ਉਸ ਸਮੇਂ ਹੋਈ ਜਦੋਂ ਕੁਝ ਦਿਨ ਪਹਿਲਾਂ ਮੈਂ ਬਠਿੰਡੇ ਤੋਂ ਦਿੱਲੀ ਬਰਾਸਤਾ ਸਿਰਸਾ-ਹਿਸਾਰ ਸਫ਼ਰ ਕੀਤਾ। ਰਾਹ ਦੇ ਹਰ ਪਿੰਡ-ਸ਼ਹਿਰ ਦੇ ਅੱਗੇ-ਪਿੱਛੇ ਤੇ ਅੰਦਰ ਸੜਕ ਦੇ ਦੋਵੇਂ ਪਾਸੀਂ, ਕਿਤੇ ਕਿਤੇ ਤਾਂ ਵਿਚਕਾਰ ਵੀ ਵੱਛਿਆਂ, ਬਲ੍ਹਦਾਂ, ਢੱਟਿਆਂ ਤੇ ਫੰਡਰ ਗਊਆਂ ਦੇ ਟੋਲਿਆਂ ਦੇ ਟੋਲੇ ਬੈਠੇ-ਖਲੋਤੇ ਸਨ। ਇਹ ਪੰਜਾਬ ਤੇ ਹਰਿਆਣਾ ਦੀਆਂ ਹਿੰਦੂਵਾਦੀ ਭਗਵੀਆਂ ਸਰਕਾਰਾਂ ਦੀ ਗਊ-ਭਗਤੀ ਦਾ ਨਤੀਜਾ ਸੀ। ਨਾਲ ਹੀ ਅਖ਼ਬਾਰ ਅਜਿਹੀਆਂ ਖ਼ਬਰਾਂ ਨਾਲ ਭਰੇ ਜਾਣ ਲੱਗੇ ਕਿ ਕਿਸਾਨਾਂ ਲਈ ਇਨ੍ਹਾਂ ਆਵਾਰਾ ਗੋਕਿਆਂ ਤੋਂ ਫ਼ਸਲਾਂ ਦੀ ਰਾਖੀ ਵੱਡੀ ਸਮੱਸਿਆ ਬਣ ਗਈ ਹੈ ਅਤੇ ਮੋਟੀਆਂ ਰਕਮਾਂ ਲੈ ਕੇ ਫ਼ਸਲਾਂ ਦੀ ਰਾਖੀ ਕਰਨ ਵਾਲ਼ੇ ਠੇਕੇਦਾਰ ਵੀ ਪੈਦਾ ਹੋ ਗਏ ਹਨ।
ਵਪਾਰੀਆਂ ਤੋਂ ਗਊ-ਭਗਤਾਂ ਦੇ ਬਚਾਏ ਇਨ੍ਹਾਂ ਗੋਕਿਆਂ ਦਾ ਫ਼ਸਲਾਂ ਵਿਚ ਤਾਂ ਚੋਰੀ-ਛਿਪੇ ਦਾ ਦਾਅ ਕਦੀ-ਕਦਾਈਂ ਹੀ ਲਗਦਾ ਹੈ, ਆਮ ਕਰ ਕੇ ਉਹ ਹੋਰ ਗੰਦ-ਪਿੱਲ ਤੋਂ ਇਲਾਵਾ ਖਾਣ ਦੀਆਂ ਚੀਜ਼ਾਂ ਦੀ ਰਹਿੰਦ-ਖੂੰਹਦ ਵਾਲ਼ੇ ਪਲਾਸਟਿਕ ਦੇ ਲਫ਼ਾਫ਼ੇ ਨਿਗਲਦੇ, ਬੀਮਾਰ ਹੁੰਦੇ, ਆਫ਼ਰਦੇ ਤੇ ਮਰਦੇ ਰਹਿੰਦੇ ਹਨ। ਡਾਕਟਰ ਦੱਸਦੇ ਹਨ ਕਿ ਇਸ ਸਭ ਕੁਝ ਦੇ ਨਾਲ ਹੀ ਧਾਤਾਂ ਦੇ ਟੁਕੜੇ ਤੇ ਕਾਤਰਾਂ-ਕਿੱਲ ਵੀ ਉਨ੍ਹਾਂ ਦੇ ਅੰਦਰ ਪਹੁੰਚ ਜਾਂਦੇ ਹਨ ਜੋ ਆਂਦਰਾਂ ਨੂੰ ਛਿਲਦੇ-ਚੀਰਦੇ ਰਹਿੰਦੇ ਹਨ। ਆਫਰ ਕੇ ਬੇਹਾਲ ਤੜਫ਼ ਰਹੀ ਗਊ ਦਾ ਪੇਟਚਾਕ ਕੀਤਾ ਗਿਆ ਤਾਂ ਸੱਤਰ ਕਿਲੋ ਪਲਾਸਟਿਕੀ ਗੰਦ-ਪਿੱਲ ਨਿਕਲਿਆ! ਉਹਦਾ ਕਹਿਣਾ ਸੀ ਕਿ ਗਊਮਾਤਾ ਦੇ ਪੇਟ ਵਿਚੋਂ ਦਸ-ਵੀਹ-ਤੀਹ ਕਿਲੋ ਕੂੜਾ-ਕਬਾੜ ਨਿਕਲਣਾ ਤਾਂ ਆਮ ਗੱਲ ਹੈ। ਇਹਤੋਂ ਇਲਾਵਾ, ਸੜਕਾਂ ਉਤੇ ਵਾਸਾ ਹੋਣ ਕਾਰਨ ਉਹ ਅਕਸਰ ਆਪ ਵੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਹਨ ਤੇ ਅਨੇਕ ਬੰਦਿਆਂ ਨੂੰ ਵੀ ਦੁਰਘਟਨਾਵਾਂ ਦਾ ਸ਼ਿਕਾਰ ਬਣਾਉਂਦੀਆਂ ਹਨ। ਪੰਜਾਬ ਤੇ ਹਰਿਆਣਾ ਵਿਚ ਪੂਰੀ ਤਰ੍ਹਾਂ ਬੇਖ਼ੌਫ਼ ਹੋ ਕੇ ਸੜਕਾਂ ਉਤੇ ਡਾਂਗਾਂ-ਛੁਰੇ ਚੁੱਕੀ ਫਿਰਦੇ ‘ਗਊ-ਰਖਸ਼ਕਾਂ’ ਦਾ ਗਊ ਪਰਿਵਾਰ ਦੀ ਇਸ ਦੁਰਦਸ਼ਾ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਦੀ ਇਸ ਤਰਸਜੋਗ ਹਾਲਤ ਨੂੰ ਦੇਖ ਕੇ ਗਊ-ਭਗਤਾਂ ਦੀਆਂ ‘ਧਾਰਮਿਕ ਭਾਵਨਾਵਾਂ’ ਵੀ ‘ਆਹਤ’ ਨਹੀਂ ਹੁੰਦੀਆਂ।
ਗਊਆਂ ਦੀ ਇਸ ਦੁਰਦਸ਼ਾ ਦਾ ਕਾਰਨ ਇਹ ਹੈ ਕਿ ਗਊ-ਭਗਤਾਂ ਦਾ ਅਸਲ ਉਦੇਸ਼ ਉਨ੍ਹਾਂ ਦੀ ਰਾਖੀ ਤੇ ਪੂਜਾ ਨਹੀਂ। ਇਹ ਉਨ੍ਹਾਂ ਲਈ ਇਸ ਵਿਗਿਆਨਕ ਜੁੱਗ ਵਿਚ ਪਸੂ-ਜੀਵਨ ਵਿਚੋਂ ਨਿਕਲ ਕੇ ਮਨੁੱਖੀ ਮੁੱਖਧਾਰਾ ਵਿਚ ਸ਼ਾਮਲ ਹੋਣ ਦੇ ਦਲਿਤਾਂ ਦੇ ਜਤਨਾਂ ਬਦਲੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਅਤੇ ਪਿਛੇ ਵੱਲ ਘੜੀਸ ਕੇ “ਤਾੜਨ ਕੇ ਅਧਿਕਾਰੀ” ਮਨੂਵਾਦੀ ਸ਼ੂਦਰ ਬਣਾਈ ਰੱਖਣ ਦਾ ਬਹਾਨਾ ਹੈ! ਇਸ ਵਰਤਾਰੇ ਵਿਚ ਦਲਿਤਾਂ ਵਿਰੁੱਧ ਹਿੰਸਾ ਵਰਗਾ ਹੀ ਤਿੱਖਾ ਇਕ ਹੋਰ ਪੱਖ ਵੀ ਸ਼ਾਮਲ ਹੈ। ਉਹ ਹੈ “ਬਾਬਰ ਦੀ ਔਲਾਦ” ਨੂੰ ਸਬਕ ਸਿਖਾਉਣ ਦਾ ਅਤੇ ਜਮਹੂਰੀ ਢੰਗ ਨਾਲ ਹੱਥ ਆਈ ਰਾਜਸੱਤਾ ਦੀ ਗ਼ੈਰ-ਜਮਹੂਰੀ ਦੁਰਵਰਤੋਂ ਕਰਦਿਆਂ ਆਪਣੀ ਲੰਮੀਆਂ ਸਦੀਆਂ ਦੀ ਬੁਜ਼ਦਿਲਾਨਾ ਗ਼ੁਲਾਮੀ ਦਾ ਬਦਲਾ ਵਰਤਮਾਨ ਨਿਤਾਣੇ-ਨਿਮਾਣੇ ਮੁਸਲਮਾਨਾਂ ਤੋਂ ਲੈਣ ਦਾ ਇਨਸਾਨ-ਵਿਰੋਧੀ ਤੇ ਇਤਿਹਾਸ-ਵਿਰੋਧੀ ਪੱਖ।
ਖ਼ੈਰ, ਹੁਣ ਸਵਾਲ ਹੈ ਕਿ ਦੋ ਕੁ ਸਾਲਾਂ ਤੋਂ ਪੈਦਾ ਹੋਏ ਭਗਵੇਂ ਮਾਹੌਲ ਵਿਚ ਪੰਜਾਬ ਦੇ ਕਿਸਾਨ ਤੇ ਦਲਿਤ, ਗਊ ਦਾ ਕੀ ਕਰਨ? ਕਿਸਾਨਾਂ ਨੂੰ ਗਊਆਂ ਲਈ ਆਪਣਾ ਰਵਾਇਤੀ ਆਦਰ ਚੇਤੇ ਰੱਖਦਿਆਂ ਫ਼ਸਲਾਂ ਨੂੰ ਉਨ੍ਹਾਂ ਤੋਂ ਅਤੇ ਉਨ੍ਹਾਂ ਨੂੰ ਨਰਕੀ ਪਲਾਸਟਿਕੀ ਤੇ ਸੜਕੀ ਜੀਵਨ ਤੋਂ ਬਚਾਉਣ ਦਾ ਬੀੜਾ ਚੁੱਕਣਾ ਹੀ ਚਾਹੀਦਾ ਹੈ। ਇਕੋ-ਇਕ ਸੁਚੱਜਾ ਰਾਹ ਇਹ ਹੈ ਕਿ ਹਰ ਇਲਾਕੇ ਦੇ ਕਿਸਾਨ ਸਭ ਆਵਾਰਾ ਗੋਕੇ ਪਸੂ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਤੇ ‘ਪੰਜਾਬ ਗਊ ਸੇਵਾ ਕਮਿਸ਼ਨ’ ਦੇ ਪ੍ਰਧਾਨ ਕੀਮਤੀ ਭਗਤ ਜਿਹੇ ਮੁੱਖ ਗਊ-ਭਗਤਾਂ ਤੋਂ ਲੈ ਕੇ ਹੇਠਾਂ ਆਪਣੇ ਪਿੰਡ-ਨਗਰ ਦੇ ਗਊ ਭਗਤਾਂ ਤੱਕ ਦੇ ਘਰਾਂ ਤੇ ਖੇਤਾਂ ਵਿਚ, ਉਨ੍ਹਾਂ ਦੀ ਸਮਾਜਿਕ-ਆਰਥਿਕ ਹੈਸੀਅਤ ਅਨੁਸਾਰ ਗਿਣਤੀ ਵਿਚ, ਪੁੱਜਦੇ ਕਰ ਦੇਣ। ਦਲਿਤ ਇਨ੍ਹਾਂ ਸਭ ਗਊ-ਭਗਤਾਂ ਨੂੰ ਸੋਝੀ ਕਰਾਉਣ ਕਿ ਆਪਣੀ ਜਨਮਦਾਤੀ ਮਾਤਾ ਦੀ ਅੰਤਿਮ ਯਾਤਰਾ ਜੇ ਤੁਸੀਂ ਬੜੇ ਸਤਿਕਾਰ ਨਾਲ ਆਪਣੇ ਮੋਢਿਆਂ ਉਤੇ ਚੁੱਕ ਕੇ ਪੂਰੀ ਕਰਾਉਂਦੇ ਹੋ ਤਾਂ ਉਸ ਨਾਲੋਂ ਵੀ ਵੱਧ ਪੂਜਣਜੋਗ ਗਊਮਾਤਾ ਦੀ ਅੰਤਿਮ ਯਾਤਰਾ ਵਾਸਤੇ ਸਾਡੇ ਭਿੱਟ-ਭਰੇ ਅਛੂਤ-ਸ਼ੂਦਰ ਮੋਢੇ ਕਿਉਂ ਵਰਤਦੇ ਹੋ? ਮਾਲਕ ਦੀ ਚੁਕਾਈ ਮਰੀ ਹੋਈ ਗਊ ਨਾਲ ਫੜੇ ਗਏ ਦਲਿਤਾਂ ਨੂੰ ਨੰਗੇ ਕਰ ਕੇ ਗਊ-ਭਗਤਾਂ ਵਲੋਂ ਚਾੜ੍ਹੇ ਕੁਟਾਪੇ ਮਗਰੋਂ ਗੁਜਰਾਤ ਦੇ ਦਲਿਤਾਂ ਨੇ ਅਹਿਮਦਾਬਾਦ ਵਿਚ ਮਹਾਂਸੰਮੇਲਨ ਕਰ ਕੇ ਸਹੁੰ ਖਾਧੀ ਹੈ ਕਿ ਹੁਣ ਉਹ ਕਾਲ਼ੇ ਅਤੀਤ ਵਿਚ ਵਡੇਰਿਆਂ ਦਾ ਮਨੂਵਾਦੀ ਮਜਬੂਰੀ ਵਿਚ ਅਪਣਾਇਆ, ਮਰੇ ਹੋਰੇ ਪਸੂ ਚੁੱਕਣ ਦਾ ਧੰਦਾ ਕਿਸੇ ਵੀ ਹਾਲਤ ਵਿਚ ਨਹੀਂ ਕਰਨਗੇ! ਇਉਂ ਉਨ੍ਹਾਂ ਪੰਜਾਬ ਸਮੇਤ ਬਾਕੀ ਦੇਸ ਦੇ ਦਲਿਤਾਂ ਨੂੰ ਸਹੀ ਰਾਹ ਦਿਖਾ ਦਿੱਤਾ ਹੈ ਜੋ ਹੁਣ ਉਨ੍ਹਾਂ ਸਾਹਮਣੇ ਇਕੋ-ਇਕ ਰਾਹ ਰਹਿ ਗਿਆ ਹੈ।
ਕਿਸਾਨਾਂ ਤੇ ਦਲਿਤਾਂ ਦੇ ਇਸ ਇਕ ਇਕ ਸੁਚੱਜੇ ਕਦਮ ਸਦਕਾ ਆਵਾਰਾ ਗੋਕਿਆਂ ਨੂੰ ਗੰਦ-ਖਾਣੇ ਨਰਕੀ ਜੀਵਨ ਤੋਂ ਮੁਕਤੀ ਮਿਲੇਗੀ, ਕਿਸਾਨਾਂ ਦੀਆਂ ਫ਼ਸਲਾਂ ਉਜਾੜੇ ਤੋਂ ਬਚ ਰਹਿਣਗੀਆਂ, ਦਲਿਤ ਅਰਧ-ਮਾਨਵੀ ਨਰਕੀ ਹੋਂਦ ਵਿਚੋਂ ਨਿਕਲ ਕੇ ਮਨੁੱਖੀ ਜਾਮੇ ਵਿਚ ਪ੍ਰਵੇਸ਼ ਕਰ ਸਕਣਗੇ, ਗਊ-ਭਗਤਾਂ ਨੂੰ ਆਪਣੀ ਗਊਮਾਤਾ ਦੀ ਸੇਵਾ ਕਰਨ ਦਾ ਤੇ ਅੰਤ ਸਮੇਂ ਉਹਦੀਆਂ ਆਖ਼ਰੀ ਰਸਮਾਂ ਆਪਣੇ ਹੱਥੀਂ ਆਪ ਨਿਭਾਉਣ ਦਾ ਅਵਸਰ ਪ੍ਰਾਪਤ ਹੋ ਜਾਵੇਗਾ ਅਤੇ, ਸਭ ਤੋਂ ਵੱਡੀ ਤੇ ਅਹਿਮ ਗੱਲ, ਪੰਜਾਬ ਵਿਚੋਂ ਧਾਰਮਿਕ, ਜਾਤਪਾਤੀ ਤੇ ਭਾਈਚਾਰਕ ਤਣਾਉ ਤੇ ਵੈਰਭਾਵ ਖ਼ਤਮ ਹੋ ਕੇ ਆਪਸੀ ਸਦਭਾਵਨਾ, ਸੁਹਿਰਦਤਾ ਤੇ ਸਨੇਹ ਦਾ ਮਾਹੌਲ ਪੈਦਾ ਹੋ ਜਾਵੇਗਾ! -0-