ਕਸ਼ਮੀਰ ਮਸਲੇ ਦੀਆਂ ਤੈਹਾਂ ਫਰੋਲਦਿਆਂ

ਇਕ ਮਹੀਨੇ ਤੋਂ ਕਸ਼ਮੀਰ ਵਾਦੀ ਉਬਲ ਰਹੀ ਹੈ। ਲੋਕ ਕਰਫਿਊ ਦੀ ਪ੍ਰਵਾਹ ਕੀਤੇ ਬਗੈਰ ਸੜਕਾਂ ਉਤੇ ਆ ਕੇ ਆਪਣਾ ਰੋਸ ਅਤੇ ਰੋਹ ਜ਼ਾਹਿਰ ਕਰ ਰਹੇ ਹਨ। ਪਹਿਲਾਂ ਵਾਂਗ ਇਸ ਵਾਰ ਵੀ ਸੁਰੱਖਿਆ ਬਲਾਂ ਅਤੇ ਸਰਕਾਰ ਨੇ ਇਨ੍ਹਾਂ ਨੂੰ ਭੰਨ ਸੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਸਾਡੇ ਕਾਲਮਨਵੀਸ ਮਝੈਲ ਸਿੰਘ ਸਰਾਂ ਨੇ ਇਸ ਲੇਖ ਵਿਚ ਕਸ਼ਮੀਰ ਦੇ ਅੱਜ ਦੇ ਹਾਲਤ ਬਾਰੇ ਤਬਸਰਾ ਕਰਦਿਆਂ, ਇਸ ਦਾ ਪਿਛੋਕੜ ਵੀ ਬਾਰੀਕੀ ਨਾਲ ਫਰੋਲਿਆ ਹੈ।

ਮੌਜੂਦਾ ਸੰਕਟ ਦੀ ਨਿਸ਼ਾਨਦੇਹੀ ਕਰਦਿਆਂ ਉਸ ਨੇ ਡੋਗਰੇ ਰਾਜਿਆਂ ਦੀ ਸੌੜੀ ਸਿਆਸਤ ਬਾਰੇ ਤੱਥ ਪੇਸ਼ ਕਰ ਕੇ ਮੌਜੂਦਾ ਹਾਕਮਾਂ ਦੀਆਂ ਚਾਲਾਂ ਵੀ ਨਸ਼ਰ ਕੀਤੀਆਂ ਹਨ। -ਸੰਪਾਦਕ

ਮਝੈਲ ਸਿੰਘ ਸਰਾਂ
ਫੋਨ: 408-254-7716
1947 ਵਿਚ ਭਾਰਤ ਆਜ਼ਾਦ ਹੁੰਦਿਆਂ ਸਾਰ ਕਈ ਮਸਲਿਆਂ ਨਾਲ ਘਿਰ ਗਿਆ ਜਿਹੜੇ ਸੁਲਝਣ ਦੀ ਬਜਾਏ ਉਲਝਦੇ ਹੀ ਗਏ। ਇਹ ਵੀ ਕਹਿ ਸਕਦੇ ਹਾਂ ਕਿ ਹਾਕਮਾਂ ਨੇ ਹੀ ਉਲਝਾਉਣ ਵਿਚ ਮੁੱਖ ਰੋਲ ਅਦਾ ਕੀਤਾ। ਫਿਰ ਇਨ੍ਹਾਂ ਮਸਲਿਆਂ ਵਿਚੋਂ ਹੋਰ ਮਸਲੇ ਨਿਕਲਦੇ ਰਹੇ ਤੇ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਲੋਕਾਂ ਨੂੰ। ਕਸ਼ਮੀਰ ਦਾ ਮਸਲਾ ਇਨ੍ਹਾਂ ਵਿਚੋਂ ਅਹਿਮ ਹੈ। ਜਿਸ ਦਿਨ ਦਾ ਕਸ਼ਮੀਰ ਭਾਰਤ ਵਿਚ ਰਲਿਆ, ਉਸ ਦਿਨ ਤੋਂ ਉਥੋਂ ਦੇ ਬਸ਼ਿੰਦਿਆਂ ਨੇ ਕੋਈ ਵੀ ਦਿਨ ਚੈਨ ਨਾਲ ਨਹੀਂ ਕੱਟਿਆ। ਸਭ ਤੋਂ ਪਹਿਲਾਂ ਤਾਂ ਨਵੇਂ ਬਣੇ ਮੁਲਕ ਪਾਕਿਸਤਾਨ ਨੇ ਹੀ ਧਾਵਾ ਬੋਲ ਦਿੱਤਾ। ਫਿਰ ਵੰਡ ਨੇ ਕਸ਼ਮੀਰ ਦੇ ਦੋ ਟੋਟੇ ਕਰ ਦਿੱਤੇ ਅਤੇ ਆਪਣੇ ਹੀ ਸਕੇ-ਸੋਧਰਿਆਂ ਨੂੰ ਮਿਲਣ ਗਿਲਣ ਤੋਂ ਸਦਾ ਲਈ ਵਾਂਝੇ ਕਰ ਦਿੱਤਾ। ਕਸ਼ਮੀਰੀ ਇਕੱਠੇ ਰਹਿਣਾ ਚਾਹੁੰਦੇ ਸਨ, ਅੱਜ ਵੀ ਇਹੀ ਚਾਹੁੰਦੇ ਹਨ, ਪਰ ਦੋਹਾਂ ਮੁਲਕਾਂ ਦੇ ਹਾਕਮ ਅਜਿਹਾ ਨਹੀਂ ਹੋਣ ਦਿੰਦੇ। ਪਿਛਲੇ 70 ਸਾਲਾਂ ਤੋਂ ਇਹ ਹਾਕਮ ਡੂੰਘੀਆਂ ਚਾਲਾਂ ਚੱਲੀ ਜਾਂਦੇ ਹਨ।
ਪਾਕਿਸਤਾਨ ਵਾਲੇ ਕਸ਼ਮੀਰ ਬਾਰੇ ਤਾਂ ਕੁਝ ਖਾਸ ਪਤਾ ਨਹੀਂ, ਪਰ ਆਪਣੇ ਵੱਲ ਦੇ ਕਸ਼ਮੀਰ ਦਾ ਜੋ ਹਾਲ ਹੈ, ਉਹ ਸਾਰੇ ਦੇਖ-ਸੁਣ ਹੀ ਰਹੇ ਹਾਂ। ਸੰਨ 1947 ਤੋਂ ਬਾਅਦ ਭਾਵੇਂ ਕਸ਼ਮੀਰੀ ਮੁਸਲਮਾਨਾਂ ਤੇ ਪੰਡਿਤਾਂ ਵਿਚ ਖਿੱਚੋਤਾਣ ਤਾਂ ਬਣੀ ਹੋਈ ਸੀ, ਪਰ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਦੇ ਵੀ ਨਹੀਂ ਸਨ। ਦੋਵੇਂ ਖੁਦ ਨੂੰ ਕਸ਼ਮੀਰੀ ਅਖਵਾ ਕੇ ਫਖਰ ਮਹਿਸੂਸ ਕਰਦੇ ਸਨ। ਇੱਕੋ ਬੋਲੀ, ਲਿਬਾਸ ਵੀ ਇੱਕੋ ਤੇ ਖਾਣ-ਪੀਣ ਵੀ ਤਕਰੀਬਨ ਇੱਕੋ ਜਿਹਾ। 1985 ਤੋਂ ਬਾਅਦ ਕਸ਼ਮੀਰ ਦੇ ਸਿਆਸੀ ਹਾਲਾਤ ਮੁਲਕ ਦੇ ਹਾਕਮਾਂ ਨੇ ਇਹੋ ਜਿਹੇ ਬਣਾ ਦਿੱਤੇ ਕਿ ਮੁਸਲਿਮ ਸਮਾਜ ਵਿਚ ਡਰ ਪੈਦਾ ਹੋਣ ਲੱਗ ਪਿਆ ਹਿੰਦੁਸਤਾਨ ਪ੍ਰਤੀ, ਕਿ ਉਹ ਹੁਣ ਇਥੇ ਮਹਿਫੂਜ਼ ਨਹੀਂ। ਅਸਲ ਵਿਚ, 1984 ਵਿਚ ਦਰਬਾਰ ਸਾਹਿਬ Ḕਤੇ ਫੌਜੀ ਹਮਲੇ ਨੇ ਇਸ ਮੁਲਕ ਦਾ ਕੱਟੜ ਹਿੰਦੂਵਾਦੀ ਚਿਹਰਾ ਨੰਗਾ ਕਰ ਦਿੱਤਾ। ਫਿਰ ਉਸੇ ਸਾਲ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਨੇ ਇਸ ਦਾ ਘੱਟ ਗਿਣਤੀਆਂ ਪ੍ਰਤੀ ਕਰੂਰ ਤੇ ਅਸਹਿਣਸ਼ੀਲਤਾ ਵਾਲਾ ਮੁਹਾਂਦਰਾ ਵੀ ਸਾਹਮਣੇ ਲਿਆਂਦਾ। ਇਨ੍ਹਾਂ ਵੱਡੀਆਂ ਘਟਨਾਵਾਂ ਨੇ ਕਸ਼ਮੀਰੀ ਮੁਸਲਮਾਨ ਨੌਜਵਾਨਾਂ ਨੂੰ ਹਥਿਆਰਾਂ ਵੱਲ ਪ੍ਰੇਰਿਆ ਤੇ ਇਹਦਾ ਫਾਇਦਾ ਉਠਾਇਆ ਪਾਕਿਸਤਾਨ ਨੇ। ਉਹਨੇ ਸਬਜ਼ਬਾਗ ਦਿਖਾਏ ਅਤੇ ਮੁੰਡੇ ਤੁਰ ਪਏ ਬਾਰਡਰ ਪਾਰ ਅਤੇ ਸਿੱਖ ਆਏ ਏæਕੇæ-47 ਚਲਾਉਣੀਆਂ। ਕਤਲੋ-ਗਾਰਤ ਨਾਲ ਕਸ਼ਮੀਰੀ ਪੰਡਿਤ ਆਪਣੇ ਘਰ, ਕਸ਼ਮੀਰ ਵਿਚ ਹੀ ਅਸੁਰੱਖਿਅਤ ਹੋ ਗਿਆ। ਦਿੱਲੀ ਦਾ ਹਾਕਮ ਬੜੀ ਚਤੁਰਾਈ ਨਾਲ ਇਹ ਸਭ ਦੇਖੀ ਗਿਆ ਅਤੇ 19 ਜਨਵਰੀ 1990 ਨੂੰ ਆਰæਐਸ਼ਐਸ਼ ਦੇ ਕੱਟੜ ਹਮਾਇਤੀ ਜਗਮੋਹਨ ਨੂੰ ਦੂਜੀ ਵਾਰੀ ਸੂਬੇ ਦਾ ਗਵਰਨਰ ਲਾ ਦਿੱਤਾ। ਉਸੇ ਰਾਤ ਸਾਰੇ ਕਸ਼ਮੀਰੀ ਪੰਡਿਤ ਆਪਣੇ ਭਰੇ-ਭਰਾਏ ਘਰ ਛੱਡ, ਸਿਰਫ ਜਾਨਾਂ ਬਚਾ ਕੇ ਜੰਮੂ ਪਲਾਇਨ ਕਰ ਗਏ ਅਤੇ ਆਪਣੇ ਹੀ ਆਜ਼ਾਦ ਮੁਲਕ ਵਿਚ ਸ਼ਰਨਾਰਥੀ ਬਣ ਗਏ। ਦਰਅਸਲ, ਜਗਮੋਹਨ ਗੁਪਤ ਨੀਤੀ ਤਿਆਰ ਕਰ ਕੇ ਹੀ ਦਿੱਲੀ ਤੋਂ ਚੱਲਿਆ ਸੀ। ਨੀਤੀ ਸੀ- ਸਾਰੇ ਕਸ਼ਮੀਰੀ ਪੰਡਿਤ ਵਾਦੀ ਵਿਚੋਂ ਕੱਢ ਕੇ ਉਥੇ ਇੱਕ ਵਾਢਿਓਂ ਫੌਜੀ ਐਕਸ਼ਨ ਕਰ ਕੇ ਸਾਰੇ ਜੁਆਨ ਮੁਸਲਮਾਨ ਮੁੰਡਿਆਂ ਦਾ ਸਫਾਇਆ ਕਰਨਾ। ਸ਼ੁਰੂਆਤ ਵੀ ਕਰ ਦਿੱਤੀ, ਪਰ ਕਾਮਯਾਬੀ ਨਹੀਂ ਮਿਲੀ। ਦੂਜੇ, ਪ੍ਰਧਾਨ ਮੰਤਰੀ ਵੀæਪੀæ ਸਿੰਘ ਅਜਿਹਾ ਕਰਨ ਦੇ ਹੱਕ ਵਿਚ ਨਹੀਂ ਸੀ। ਕਸ਼ਮੀਰੀ ਹਿੰਦੂਆਂ ਨੂੰ ਮੁਲਕ ਦੇ ਹਾਕਮਾਂ ਨੇ ਇਸ ਬਦਨੀਅਤੀ ਤਹਿਤ ਕਸ਼ਮੀਰ ਵਿਚੋਂ ਜੜ੍ਹੋਂ ਉਖਾੜ ਕੇ ਐਸਾ ਦਰ-ਬਦਰ ਕੀਤਾ ਕਿ ਉਹ ਮੁੜ ਆਪਣੇ ਘਰ ਦੇਖਣ ਨੂੰ ਤਰਸ ਗਏ। ਜਿਨ੍ਹਾਂ ਹਾਲਾਤ ਵਿਚ ਉਨ੍ਹਾਂ ਨੇ ਜੰਮੂ ਵਿਚ ਕੈਂਪਾਂ ਵਿਚ ਮੁਟਿਆਰ ਧੀਆਂ ਨਾਲ ਟੈਂਟਾਂ ਵਿਚ ਦਿਨ-ਕਟੀ ਕੀਤੀ, ਉਹ ਵੀ ਸਾਲਾਂਬੱਧੀ, ਬਸ ਉਹ ਹੀ ਜਾਣਦੇ ਹਨ। ਟੈਂਟਾਂ ਅੱਗੇ ਗੱਤਿਆਂ Ḕਤੇ ਲਿਖ ਕੇ ਲਾਇਆ ਹੁੰਦਾ ਸੀ- ਸਾਡੀ ਕੁੜੀ ਵਿਆਹੁਣ ਵਾਲੀ ਹੈ, ਮੁੰਡਾ ਤੇ ਉਹਦੇ ਮਾਪੇ ਕੁੜੀ ਪਸੰਦ ਕਰ ਲੈਣ। ਇਹ ਕੋਈ ਮਨਘੜਤ ਕਹਾਣੀ ਨਹੀਂ। ਮੈਂ ਜੰਮੂ ਕਸ਼ਮੀਰ ਵਿਚ ਭਾਰਤ ਸਰਕਾਰ ਦੇ ਇਕ ਸਿਵਲ ਮਹਿਕਮੇ ਵਿਚ ਸਾਢੇ ਚਾਰ ਸਾਲ ਨੌਕਰੀ ਕੀਤੀ ਹੈ।
ਕਸ਼ਮੀਰੀ ਪੰਡਿਤਾਂ ਨੂੰ ਮੁਲਕ ਦੇ ਤਕਰੀਬਨ ਸਾਰੇ ਹਿੰਦੂਆਂ ਨੇ ਨਫਰਤ ਹੀ ਕੀਤੀ, ਕਿਸੇ ਨੇ ਉਨ੍ਹਾਂ ਨਾਲ ਹਮਦਰਦੀ ਵੀ ਨਾ ਦਿਖਾਈ, ਨਾ ਉਨ੍ਹਾਂ ਦਾ ਦਰਦ ਪਛਾਣਿਆ। ਸਿਰਫ ਇਹ ਪ੍ਰਚਾਰ ਕੀਤਾ ਕਿ ਇਹ ਸ਼ਰਨਾਰਥੀ ਬਣ ਕੇ ਮੁਲਕ ਦਾ ਖਜ਼ਾਨਾ ਖਾ ਰਹੇ ਹਨ। ਇਨ੍ਹਾਂ ਨੂੰ ਆਪਣੇ ਹੀ ਆਜ਼ਾਦ ਮੁਲਕ ਵਿਚ ਸ਼ਰਨਾਰਥੀ ਬਣਾ ਕੇ ਤਰਸ ਦੇ ਪਾਤਰ ਬਣਾ ਦਿੱਤਾ ਅਤੇ ਫਿਰ ਮੁੜ-ਵਸੇਬੇ ਤਹਿਤ ਇੱਕੋ ਪਰਿਵਾਰ ਨੂੰ ਵੰਡ ਕੇ ਰੱਖ ਦਿੱਤਾ। ਕੋਈ ਦਿੱਲੀ, ਕੋਈ ਜੰਮੂ, ਕੋਈ ਚੰਡੀਗੜ੍ਹ, ਕੋਈ ਜੈਪੁਰ ਤੇ ਕੋਈ ਕਿਸੇ ਹੋਰ ਦੂਰ-ਦੁਰਾਡੇ ਸ਼ਹਿਰ ਬਿਠਾ ਦਿੱਤੇ।
ਕਸ਼ਮੀਰੀ ਮੁਸਲਮਾਨਾਂ ਨਾਲ ਜੋ ਵਿਹਾਰ 1989 ਤੋਂ ਬਾਅਦ ਭਾਰਤੀ ਸਟੇਟ ਨੇ ਕੀਤਾ ਤੇ ਅੱਜ ਤੱਕ ਕਰ ਰਹੀ ਹੈ, ਉਸ ਬਾਰੇ ਸਾਰੇ ਪੜ੍ਹ-ਸੁਣ ਹੀ ਰਹੇ ਹਾਂ। ਇੱਕ ਰਿਪੋਰਟ ਮੁਤਾਬਿਕ, 1989 ਤੋਂ 2015 ਤੱਕ ਇੱਕ ਲੱਖ ਤੋਂ ਵੱਧ ਕਸ਼ਮੀਰੀ ਮੁਸਲਮਾਨ ਨੌਜਵਾਨ ਫੌਜ ਨੇ ਮਾਰ-ਮੁਕਾਏ ਹਨ ਅਤੇ 15000 ਤੋਂ ਉੱਪਰ ਲਾਪਤਾ ਹਨ। ਫੌਜੀ ਵਰਦੀ ਵਾਲਿਆਂ ਨੇ ਕਿੰਨੀਆਂ ਕਸ਼ਮੀਰੀ ਮੁਸਲਮਾਨ ਮੁਟਿਆਰਾਂ ਨਾਲ ਸਮੂਹਿਕ ਜਬਰ ਜਨਾਹ ਕੀਤੇ, ਕੋਈ ਹਿਸਾਬ ਨਹੀਂ। ਕਸ਼ਮੀਰ ਵਿਚ ਸਮੂਹਿਕ ਕਬਰਾਂ ਦਾ ਮਿਲਣਾ ਜ਼ਾਹਿਰ ਕਰਦਾ ਹੈ ਕਿ ਲਾਪਤਾ ਬੰਦੇ ਵੀ ਮਾਰੇ ਜਾ ਚੁੱਕੇ ਹਨ। ਫੌਜ ਤੇ ਹੋਰ ਸੁਰੱਖਿਆ ਦਸਤੇ ਕਸ਼ਮੀਰੀ ਮੁਸਲਮਾਨਾਂ ਨਾਲ ਐਨਾ ਮੁਤੱਸਬੀ ਹੋ ਕੇ ਪੇਸ਼ ਆਉਂਦੇ ਆ, ਜਿਵੇਂ ਉਹ ਭਾਰਤੀ ਨਾਗਰਿਕ ਨਾ ਹੋ ਕੇ ਕਿਸੇ ਦੁਸ਼ਮਣ ਮੁਲਕ ਦੇ ਲੜਾਕੇ ਹੋਣ। ਰੋਸ ਮੁਜ਼ਾਹਰੇ Ḕਤੇ ਗੋਲੀਆਂ ਮਾਰ ਕੇ ਭੁੰਨ ਸੁੱਟਣਾ ਆਮ ਗੱਲ ਹੈ। ਤਾਜ਼ਾ ਘਟਨਾਵਾਂ ਜਿਹੜੀਆਂ ਬੁਰਹਾਨ ਵਾਨੀ ਦੇ ਕਤਲ ਮਗਰੋਂ ਸਾਹਮਣੇ ਆਈਆਂ, ਨੇ ਫੌਜ ਦੇ ਕਿਰਦਾਰ ਨੂੰ ਹੋਰ ਸ਼ੱਕੀ ਬਣਾ ਦਿੱਤਾ ਹੈ। ਪੈਲੇਟ ਗੋਲੀਆਂ ਨਾਲ ਚਾਰ ਸਾਲ ਦੇ ਨਿਆਣੇ ਤੋਂ ਲੈ ਕੇ ਸਕੂਲ ਜਾਂਦੇ ਸੈਂਕੜੇ ਬੱਚਿਆਂ ਨੂੰ ਅੰਨ੍ਹੇ ਕਰ ਦਿੱਤਾ। ਜ਼ਖਮੀਆਂ ਨੂੰ ਹਸਪਤਾਲ ਲਿਜਾਂਦਿਆਂ, ਜ਼ਨਾਨੀਆਂ ਤੱਕ ਨੂੰ ਗੋਲੀਆਂ ਨਾਲ ਜ਼ਖਮੀ ਕੀਤਾ। ਅੰਦਾਜ਼ੇ ਮੁਤਾਬਿਕ, ਜਿੰਨੀ ਕੁ ਫੌਜ ਸਰਹੱਦਾਂ Ḕਤੇ ਲਾਈ ਹੋਈ ਆ, ਉਨੀ ਕੁ ਹੀ ਗਿਣਤੀ ਇਕੱਲੇ ਕਸ਼ਮੀਰ ਵਿਚ ਅੰਦਰੂਨੀ ਸੁਰੱਖਿਆ ਲਈ ਲਾਈ ਹੋਈ ਆ। ਕੀ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਇੱਦਾਂ ਹੀ ਜ਼ੋਰ-ਜਬਰ ਨਾਲ ਰੱਖਿਆ ਜਾਣਾ ਹੈ? ਦਰਅਸਲ, ਭਾਰਤੀ ਹਾਕਮਾਂ ਨੂੰ ਫਿਕਰ ਸਿਰਫ ਕਸ਼ਮੀਰ ਦਾ ਹੈ, ਕਸ਼ਮੀਰੀਆਂ ਦਾ ਨਹੀਂ। ਜੇ ਹੁੰਦਾ ਤਾਂ 26 ਸਾਲ ਹੋ ਗਏ ਕਸ਼ਮੀਰੀ ਪੰਡਿਤਾਂ ਨੂੰ ਉਥੋਂ ਉਜੜਿਆਂ, ਅੱਜ ਤੱਕ ਮੋੜ ਕੇ ਨਹੀਂ ਲਿਜਾ ਸਕੇ।
ਇਕੱਲੇ ਭਾਰਤੀ ਹਾਕਮ ਹੀ ਨਹੀਂ, “ਭਾਰਤ ਦੀ ਸਮੂਹਿਕ ਚੇਤਨਾ” ਨੂੰ ਵੀ ਇਹੋ ਫਿਕਰ ਹੈ। ਫੁੱਟੀ ਅੱਖ ਨਹੀਂ ਭਾਉਂਦੇ ਕਸ਼ਮੀਰੀ ਇਸ ਸਮੂਹਿਕ ਚੇਤਨਾ ਨੂੰ। ਫੌਜ ਵਲੋਂ ਉਨ੍ਹਾਂ ਦੇ ਕੀਤੇ ਜਾਂਦੇ ਕਤਲ ਤੇ ਜਬਰ ਜਨਾਹ ਨੂੰ ਤਾਂ ਇਹ “ਸਮੂਹਿਕ ਚੇਤਨਾ” ਦੇਸ਼ ਭਗਤੀ ਸਮਝ ਕੇ ਹੋਰ ਹੱਲਾਸ਼ੇਰੀ ਦੇਈ ਜਾਂਦੀ ਹੈ। ਇਸ ਸਮੂਹਿਕ ਚੇਤਨਾ ਦੇ ਮੁਖੀ ਮੋਦੀ ਨੂੰ ਫਿਕਰ ਸੀ ਸਿਰਫ ਅਮਰ ਨਾਥ ਦੀ ਯਾਤਰਾ Ḕਤੇ ਗਏ ਸ਼ਿਵ ਭਗਤਾਂ ਦੀ ਸੁਰੱਖਿਆ ਦਾ। ਬੇਗੁਨਾਹ ਕਸ਼ਮੀਰੀ ਮੁਸਲਮਾਨਾਂ ਨੂੰ ਗੋਲੀਆਂ ਨਾਲ ਭੁੰਨਣ ਦਾ ਕੋਈ ਸੋਗ ਨਹੀਂ ਸੀ।
ਇਸ “ਸਮੂਹਿਕ ਚੇਤਨਾ” ਦਾ ਪਿਛੋਕੜ ਥੋੜ੍ਹਾ ਜਿਹਾ ਜ਼ਰੂਰ ਸਾਂਝਾ ਕਰੀਏ। ਕਸ਼ਮੀਰੀ ਨੌਜਵਾਨ ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਕਤ ਸੁਪਰੀਮ ਕੋਰਟ ਨੇ ਫੈਸਲਾ ਕੁਝ ਇਸ ਤਰ੍ਹਾਂ ਲਿਖਿਆ- Ḕਅਫ਼ਜ਼ਲ ਗੁਰੂ ਖਿਲਾਫ ਭਾਵੇਂ ਕੋਈ ਸਪਸ਼ਟ ਸਬੂਤ ਨਹੀਂ ਮਿਲਿਆ ਕਿ ਭਾਰਤ ਦੀ ਪਾਰਲੀਮੈਂਟ Ḕਤੇ ਹੋਏ ਹਮਲੇ ਵਿਚ ਉਹਦਾ ਕੋਈ ਹੱਥ ਹੈ, ਪਰ ਭਾਰਤ ਦੇ ਲੋਕਾਂ ਦੀ ਸਮੂਹਿਕ ਚੇਤਨਾ ਦੇ ਮੱਦੇਨਜ਼ਰ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ।Ḕ ਜੇ ਇਸ ਸਮੂਹਿਕ ਚੇਤਨਾ ਦੇ ਕਸ਼ਮੀਰ ਬਾਰੇ ਦਰਸ਼ਨ ਕਰਨੇ ਹੋਣ ਤਾਂ ਸ਼ੋਸ਼ਲ ਮੀਡੀਆ ਉਤੇ ਕੋਈ ਮਾੜੀ ਜਿਹੀ ਪੋਸਟ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਪਾ ਕੇ ਦੇਖ ਲਓæææ ਕਿਸ ਤਰ੍ਹਾਂ ਵੱਢ ਖਾਣ ਨੂੰ ਪੈਂਦੇ ਆ!
ਕਸ਼ਮੀਰ ਦੇ ਇੰਨੇ ਮਾੜੇ ਹਾਲਾਤ ਕਿਸ ਨੇ ਤੇ ਕਦੋਂ ਬਣਾਏ, ਇਹ ਜਾਣਨਾ ਵੀ ਜ਼ਰੂਰੀ ਹੈ। ਜਦੋਂ ਕੋਈ ਗੱਲ ਬੇਮੇਲ ਕੀਤੀ ਜਾਂਦੀ ਹੈ ਤਾਂ ਉਸ ਦੇ ਨਤੀਜੇ ਭੈੜੇ ਹੀ ਨਿਕਲਦੇ ਹਨ। ਇਹ 1947 ਵਿਚ ਹੀ ਨਹੀਂ ਬਣੇ, ਸਗੋਂ ਇਸ ਤੋਂ 100 ਸਾਲ ਪਹਿਲਾਂ 1846 ਵਿਚ ਬਣਾ ਦਿੱਤੇ ਸਨ। ਕਿਸ ਨੇ ਬਣਾਏ? ਉਨ੍ਹਾਂ ਹੀ ਡੋਗਰਿਆਂ ਨੇ ਜਿਨ੍ਹਾਂ ਨੇ ਸਿੱਖ ਰਾਜ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਸਨ। ਇਥੇ ਰਤਾ ਕੁ ਇਤਿਹਾਸਿਕ ਜਾਣਕਾਰੀ ਸਾਂਝੀ ਕਰ ਲਈਏ। ਜੰਮੂ ਦੇ ਤਿੰਨ ਡੋਗਰੇ ਭਰਾ ਧਿਆਨ ਸਿੰਘ, ਗੁਲਾਬ ਸਿੰਘ ਤੇ ਸੁਚੇਤ ਸਿੰਘ 1818 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਮਾਮੂਲੀ ਨੌਕਰੀਆਂ Ḕਤੇ ਸਨ, ਪਰ ਵਕਤ ਦੀ ਨਬਜ਼ ਅਤੇ ਆਪਣੇ ਸ਼ਾਤਰ ਦਿਮਾਗ ਦੀਆਂ ਚਾਲਾਂ ਐਸੀਆਂ ਚੱਲੀਆਂ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਗਾਹਾਂ ਵਿਚ ਮਕਬੂਲ ਹੋ ਗਏ ਅਤੇ ਲਾਹੌਰ ਦਰਬਾਰ ਵਿਚ ਵੱਡੇ-ਵੱਡੇ ਸਰਦਾਰਾਂ ਨੂੰ ਠਿੱਬੀ ਲਾ ਕੇ ਪ੍ਰਧਾਨ ਮੰਤਰੀ ਦੇ ਅਹੁਦਿਆਂ ਤੱਕ ਪਹੁੰਚ ਗਏ। ਨਾਲ ਹੀ ਅੰਦਰੋਗਤੀ ਖਾਲਸਾ ਰਾਜ Ḕਤੇ ਗੁੱਝੀ ਦਾਤੀ ਫੇਰਨੀ ਸ਼ੁਰੂ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਾਂ ਇਨ੍ਹਾਂ ਨੇ ਲਾਹੌਰ ਦਰਬਾਰ Ḕਤੇ ਪੂਰਾ ਕਬਜ਼ਾ ਕਰ ਲਿਆ ਤੇ ਐਸੀ ਭਰਾ ਮਾਰੂ ਜੰਗ ਸ਼ੁਰੂ ਕਰਵਾਈ ਕਿ ਕੁਝ ਸਾਲਾਂ ਵਿਚ ਹੀ ਲਾਹੌਰ ਦਰਬਾਰ ਖਾਲੀ ਕਰਵਾ ਦਿੱਤਾ। ਕੰਵਰ ਨੌਨਿਹਾਲ ਸਿੰਘ ਵਰਗਾ ਹੀਰਾ ਕਤਲ ਕਰ ਦਿੱਤਾ, ਈਸਟ ਇੰਡੀਆ ਕੰਪਨੀ ਨਾਲ ਗੰਢ-ਤੁਪ ਕਰ ਲਈ, ਗੁਲਾਬ ਸਿੰਘ ਲਾਹੌਰ ਦਰਬਾਰ ਦੇ ਖਜ਼ਾਨੇ ਦਾ ਵੱਡਾ ਹਿੱਸਾ ਲੈ ਕੇ ਜੰਮੂ ਰਿਆਸਤ ਵਿਚ ਚਲਾ ਗਿਆ ਕਿਉਂਕਿ ਉਥੇ ਦਾ ਰਾਜਾ ਸੀ। ਪਹਿਲੀ ਐਂਗਲੋ-ਸਿੱਖ ਜੰਗ 1846 ਵਿਚ ਹੋਈ ਅਤੇ ਇਨ੍ਹਾਂ ਡੋਗਰਿਆਂ ਨੇ ਖਾਲਸਾ ਰਾਜ ਵਿਚ ਹੁੰਦਿਆਂ, ਗੱਦਾਰੀ ਕਰ ਕੇ ਸਾਥ ਅੰਗਰੇਜ਼ਾਂ ਦਾ ਦਿੱਤਾ। ਫਿਰ ਅੰਮ੍ਰਿਤਸਰ ਦੀ ਸੰਧੀ ਕਰ ਕੇ ਗੁਲਾਬ ਸਿੰਘ ਨੇ ਈਸਟ ਇੰਡੀਆ ਕੰਪਨੀ ਤੋਂ 7500000 ਰੁਪਏ ਵਿਚ ਕਸ਼ਮੀਰ ਜੋ ਸਿੱਖ ਰਾਜ ਦਾ ਹਿੱਸਾ ਸੀ, ਉਸੇ ਪੈਸੇ ਨਾਲ ਖਰੀਦ ਲਿਆ ਜੋ ਉਹ ਲਾਹੌਰ ਦਰਬਾਰ ਤੋਂ ਲਿਆਇਆ ਸੀ ਅਤੇ ਖੁਦ ਮਹਾਰਾਜਾ ਜੰਮੂ ਕਸ਼ਮੀਰ ਬਣ ਗਿਆ।
ਬੱਸ ਇਥੇ ਹੀ ਕਸ਼ਮੀਰ ਦੇ ਮਾੜੇ ਲੇਖ ਲਿਖੇ ਗਏ। ਸੇਹ ਦਾ ਤੱਕਲਾ ਕਸ਼ਮੀਰ ਵਿਚ ਕਿਸੇ ਹੋਰ ਨੇ ਨਹੀਂ, ਗੁਲਾਬ ਸਿੰਘ ਦਾ ਗੱਡਿਆ ਹੋਇਆ ਹੈ ਜਿਹਦਾ ਖਮਿਆਜ਼ਾ ਅੱਜ ਕਸ਼ਮੀਰੀ ਭੁਗਤ ਰਹੇ ਹਨ। ਕਸ਼ਮੀਰ ਵਾਦੀ ਦਾ ਆਪਣਾ ਵੱਖਰਾ ਸਭਿਆਚਾਰ ਹੈ ਜਿਹਦਾ ਜੰਮੂ ਵਾਦੀ ਨਾਲ ਕੋਈ ਮੇਲ ਹੀ ਨਹੀਂ ਅਤੇ ਗੁਲਾਬ ਸਿੰਘ, ਕਸ਼ਮੀਰ ਨੂੰ ਜੰਮੂ ਨਾਲ ਜਿਸ ਕਾਰਸ਼ਤਾਨੀ ਨਾਲ ਜੋੜ ਕੇ ਉਥੇ ਦਾ ਮਹਾਰਾਜਾ ਬਣਿਆ, ਉਹ ਪੂਰੀ ਤਰ੍ਹਾਂ ਬੇਮੇਲ ਸੀ। ਕਸ਼ਮੀਰੀਆਂ ਨੇ ਇਸ ਦੀ ਮੁਖਾਲਫਤ ਉਸੇ ਦਿਨ ਸ਼ੁਰੂ ਕਰ ਦਿੱਤੀ ਸੀ। ਇਸ ਵਿਚ ਕਸ਼ਮੀਰੀ ਪੰਡਿਤ ਵੀ ਸ਼ਾਮਿਲ ਸਨ।
ਕਸ਼ਮੀਰੀਆਂ ਨੇ ਗੁਲਾਬ ਸਿੰਘ ਨੂੰ ਪਹਿਲੇ ਦਿਨ ਤੋਂ ਹੀ ਆਪਣਾ ਮਹਾਰਾਜਾ ਨਹੀਂ ਮੰਨਿਆ, ਕਿਉਂਕਿ ਉਹ ਉਸ ਨੂੰ ਚਲਾਕ ਵਪਾਰੀ ਤੋਂ ਵੱਧ ਕੁਝ ਸਮਝਦੇ ਹੀ ਨਹੀਂ ਸਨ। ਉਸ ਨੇ ਚਾਲਬਾਜ਼ੀ ਨਾਲ ਕਸ਼ਮੀਰ ਤਾਂ ਖਰੀਦ ਲਿਆ, ਪਰ ਲੋਕਾਂ ਦੇ ਦਿਲ ਨਾ ਖਰੀਦ ਸਕਿਆ। ਇਹ ਦੇਖ ਕੇ ਉਹਨੇ ਆਪਣਾ ਪੁੱਤਰ ਰਣਬੀਰ ਸਿੰਘ ਮਹਾਰਾਜਾ ਬਣਾ ਦਿੱਤਾ, ਪਰ ਕਸ਼ਮੀਰੀਆਂ ਪ੍ਰਤੀ ਇਨ੍ਹਾਂ ਦੀ ਨੀਤੀ ਸਦਾ ਹੀ ਦੁਹਾਂਡ ਵਾਲੀ ਰਹੀ। ਲੋਕ ਸ਼ੁਰੂ ਤੋਂ ਹੀ ਕਸ਼ਮੀਰ ਨੂੰ ਡੋਗਰੇ ਰਾਜਿਆਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ। 1947 ਵਿਚ ਜੰਮੂ ਕਸ਼ਮੀਰ ਦਾ ਮਹਾਰਾਜਾ ਹਰੀ ਸਿੰਘ ਸੀ ਜਿਹੜਾ ਗੁਲਾਬ ਸਿੰਘ ਦਾ ਪੋਤਰਾ ਸੀ। ਜਦੋਂ ਸਾਰੇ ਮੁਲਕ ਵਿਚ ਅੰਗਰੇਜ਼ਾਂ ਖਿਲਾਫ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ, ਉਸ ਵਕਤ ਕਸ਼ਮੀਰ ਵਿਚ ਰਾਜੇ ਵਿਰੁੱਧ ਕਸ਼ਮੀਰ ਦੀ ਆਜ਼ਾਦੀ ਦੀ ਜੰਗ ਚੱਲ ਰਹੀ ਸੀ। ਕਸ਼ਮੀਰ ਦੇ ਲੋਕਾਂ ਨੂੰ ਅੰਗਰੇਜ਼ਾਂ ਨਾਲ ਨਹੀਂ, ਰਾਜੇ ਨਾਲ ਨਫਰਤ ਸੀ। ਭਾਰਤ ਵਿਚ ਜਦੋਂ ਮਹਾਤਮਾ ਗਾਂਧੀ ਵੱਲੋਂ ਅੰਗਰੇਜ਼ਾਂ ਖਿਲਾਫ Ḕਭਾਰਤ ਛੋੜੋ ਅੰਦੋਲਨḔ ਚਲਾਇਆ ਜਾ ਰਿਹਾ ਸੀ ਤਾਂ ਸ਼ੇਖ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਪਾਰਟੀ ਸਮੂਹ ਕਸ਼ਮੀਰੀਆਂ ਨੂੰ ਨਾਲ ਲੈ ਕੇ ਮਹਾਰਾਜੇ ਹਰੀ ਸਿੰਘ ਖਿਲਾਫ Ḕਕਸ਼ਮੀਰ ਛੋੜੋ ਅੰਦੋਲਨḔ ਚਲਾ ਰਹੀ ਸੀ। ਭਾਰਤ ਦੇ ਲੋਕ ਜਦੋਂ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ, ਕਸ਼ਮੀਰ ਦੇ ਲੋਕ ਰਾਜੇ ਤੋਂ ਕਸ਼ਮੀਰ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ; ਭਾਵ ਕਸ਼ਮੀਰ ਦੀ ਆਜ਼ਾਦੀ ਭਾਰਤ ਦੀ ਆਜ਼ਾਦੀ ਨਾਲੋਂ ਵੱਖਰੀ ਸੀ।
ਭਾਰਤ 1947 ਵਿਚ ਆਜ਼ਾਦ ਹੋ ਗਿਆ, ਪਰ ਕਸ਼ਮੀਰੀਆਂ ਨਾਲ ਧੱਕਾ ਹੋ ਗਿਆ। 1947 ਦੇ ਐਕਟ ਮੁਤਾਬਿਕ, ਭਾਰਤ ਨੂੰ ਦੋ ਆਜ਼ਾਦ ਮੁਲਕਾਂ- ਭਾਰਤ ਤੇ ਪਾਕਿਸਤਾਨ, ਵਿਚ ਹਿੰਦੂ ਤੇ ਮੁਸਲਿਮ ਅਬਾਦੀ ਅਨੁਸਾਰ ਵੰਡਿਆ ਗਿਆ। ਇਸੇ ਦੇ ਮੱਦੇਨਜ਼ਰ ਪੰਜਾਬ ਅਤੇ ਬੰਗਾਲ ਦੀ ਦੋਹਾਂ ਮੁਲਕਾਂ ਵਿਚਕਾਰ ਵੰਡ ਹੋ ਗਈ। 1941 ਦੀ ਜਨਗਣਨਾ ਮੁਤਾਬਿਕ, ਕਸ਼ਮੀਰ ਵਿਚ 80% ਦੇ ਨੇੜੇ-ਤੇੜੇ ਮੁਸਲਮਾਨ ਅਬਾਦੀ ਸੀ, ਐਕਟ ਦੀਆਂ ਧਾਰਾਵਾਂ ਅਨੁਸਾਰ ਜਾਂ ਤਾਂ ਸਾਰਾ ਕਸ਼ਮੀਰ ਪਾਕਿਸਤਾਨ ਵਿਚ ਜਾਣਾ ਸੀ, ਜਾਂ ਇਸ ਨੇ ਆਜ਼ਾਦ ਮੁਲਕ ਬਣ ਕੇ ਰਹਿਣਾ ਸੀ। ਆਜ਼ਾਦੀ ਕਿਸ ਤੋਂ ਮਿਲਣੀ ਸੀ? ਜਿਸ ਵਿਰੁੱਧ ਕਸ਼ਮੀਰੀਆਂ ਨੇ 100 ਸਾਲ ਲੜਾਈ ਵਿੱਢੀ ਰੱਖੀ, ਮਤਲਬ ਡੋਗਰੇ ਰਾਜਿਆਂ ਤੋਂ। ਇਥੇ ਧੋਖਾ ਕੀਤਾ ਰਾਜੇ ਹਰੀ ਸਿੰਘ ਨੇ। ਉਹਨੇ 1947 ਵਿਚ ਇਹ ਐਲਾਨ ਕਰ ਦਿੱਤਾ ਕਿ ਜੰਮੂ ਕਸ਼ਮੀਰ ਆਜ਼ਾਦ ਮੁਲਕ ਬਣੇਗਾ, ਇਹ ਨਾ ਭਾਰਤ ਨਾਲ ਤੇ ਨਾ ਹੀ ਪਾਕਿਸਤਾਨ ਵਿਚ ਰਲੇਗਾ। ਇਸ ਬਾਰੇ ਉਸ ਨੇ ਪਾਕਿਸਤਾਨ ਨਾਲ ਸਮਝੌਤੇ Ḕਤੇ ਦਸਤਖਤ ਵੀ ਕਰ ਲਏ, ਪਰ ਭਾਰਤ ਵੱਲ ਵੀ ਪੱਤੇ ਖੁੱਲ੍ਹੇ ਰੱਖੇ। ਖੁਦ ਮਹਾਰਾਜਾ ਬਣਿਆ ਰਿਹਾ ਤੇ ਕਸ਼ਮੀਰੀ ਲੀਡਰ ਜਿਹੜੇ ਆਜ਼ਾਦੀ ਦੀ ਲੜਾਈ ਕਰਦੇ ਰਹੇ (ਜਿਨ੍ਹਾਂ ਵਿਚ ਸ਼ੇਖ ਅਬਦੁੱਲਾ ਵੀ ਸੀ), ਸਾਰੇ ਜੇਲ੍ਹ ਵਿਚ ਸੁੱਟ ਦਿੱਤੇ। ਜਦੋਂ ਅਕਤੂਬਰ 1947 ਵਿਚ ਸਾਬਕਾ ਮੁਸਲਮਾਨ ਫੌਜੀਆਂ ਨੇ ਰਾਜੇ ਦੀਆਂ ਮਾਰੂ ਨੀਤੀਆਂ ਖਿਲਾਫ ਪੁਣਛ Ḕਤੇ ਹਮਲਾ ਕਰ ਕੇ ਹਿੰਦੂ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਮਹਾਰਾਜਾ ਹਰੀ ਸਿੰਘ ਨੇ ਦਿੱਲੀ ਨਹਿਰੂ-ਪਟੇਲ ਨੂੰ ਮਦਦ ਦੀ ਅਪੀਲ ਕੀਤੀ। ਇਸ Ḕਤੇ ਪਾਕਿਸਤਾਨ ਦਾ ਨਾਰਾਜ਼ ਹੋਣਾ ਲਾਜ਼ਮੀ ਸੀ ਅਤੇ ਉਸ ਨੇ ਕਬਾਇਲੀ ਫੌਜੀਆਂ ਦੀ ਮਦਦ ਸ਼ੁਰੂ ਕਰ ਦਿੱਤੀ ਜਿਹੜੇ ਕਸ਼ਮੀਰ ਦਾ ਵੱਡਾ ਹਿੱਸਾ ਬਿਨਾਂ ਮੁਕਾਬਲਾ ਜਿੱਤਦੇ ਸ੍ਰੀਨਗਰ ਨੇੜੇ ਪੁੱਜ ਗਏ ਸਨ। ਉਸ ਵਕਤ ਰਾਜਾ ਹਰੀ ਸਿੰਘ ਰਾਜਧਾਨੀ ਛੱਡ ਕੇ ਦਿੱਲੀ ਚਲਾ ਗਿਆ। ਨਹਿਰੂ-ਪਟੇਲ ਨੇ ਉਸ ਦੀ ਮਦਦ ਲਈ ਕਸ਼ਮੀਰ ਦੇ ਰਲੇਵੇਂ ਦੀ ਸ਼ਰਤ ਰੱਖੀ ਅਤੇ ਉਹਨੇ ਕਸ਼ਮੀਰੀ ਲੋਕਾਂ ਨੂੰ ਬਿਨਾਂ ਪੁਛਿਆਂ-ਦੱਸਿਆਂ, ਕਸ਼ਮੀਰ ਨੂੰ ਭਾਰਤ ਨਾਲ ਰਲੇਵੇਂ Ḕਤੇ 1948 ਵਿਚ ਦਸਤਖਤ ਕਰ ਦਿੱਤੇ। 1947 ਦੇ ਪਾਰਟੀਸ਼ਨ ਐਕਟ ਮੁਤਾਬਿਕ, ਉਹਨੂੰ ਇਕੱਲੇ ਨੂੰ ਕੋਈ ਅਖਿਤਿਆਰ ਹੀ ਨਹੀਂ ਸੀ ਅਜਿਹਾ ਕਰਨ ਦਾ।
ਅੱਜ ਜੇ ਸਿੱਖਾਂ ਅਤੇ ਕਸ਼ਮੀਰੀਆਂ ਨਾਲ ਮਾੜਾ ਸਲੂਕ ਹੋ ਰਿਹਾ ਹੈ, ਇਹ ਰਾਜਾ ਗੁਲਾਬ ਸਿੰਘ ਦੇ ਖਾਨਦਾਨ ਕਰ ਕੇ ਹੈ। ਆਉਣ ਵਾਲੇ ਸਮੇਂ ਵਿਚ ਇਸ ਦਾ ਕੋਈ ਹੱਲ ਵੀ ਨਹੀਂ ਦਿਸਦਾ, ਕਿਉਂਕਿ ਮੌਜੂਦਾ ਹਾਕਮਾਂ ਦਾ ਰੁਝਾਨ ਤਾਂ ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹੈ ਅਤੇ ਗੈਰ-ਹਿੰਦੂਆਂ ਪ੍ਰਤੀ ਨਜ਼ਰੀਆ ਅਸਹਿਣਸ਼ੀਲਤਾ ਵਾਲਾ ਹੈ। ਇਹੀ ਨਹੀਂ, ਬਹੁ ਗਿਣਤੀ ਦਾ ਵੀ ਬਰੇਨਵਾਸ਼ ਕਰ ਕੇ ਹਕੂਮਤ ਨੇ ਆਪਣੇ ਨਾਲ ਰਲਾ ਲਿਆ ਹੋਇਆ ਹੈ, ਉਹ ਵੀ ਹਾਕਮਾਂ ਵਾਲੀ ਬੋਲੀ ਬੋਲ ਰਹੀ ਹੈ। ਕਸ਼ਮੀਰ ਦਾ ਮਸਲਾ ਦਰਅਸਲ ਦੋਹਾਂ ਪਾਸਿਆਂ ਦੇ ਹਾਕਮਾਂ ਲਈ ਕੁਰਸੀ Ḕਤੇ ਪਹੁੰਚਣ ਵਿਚ ਵਰਦਾਨ ਸਾਬਿਤ ਹੁੰਦਾ ਹੈ ਤੇ ਇਹ ਇਸ ਨੂੰ ਨਹੀਂ ਸੁਲਝਣ ਦੇਣਗੇ। ਭਾਰਤੀ ਸਿਆਸਤਦਾਨਾਂ ਦੇ ਮਨ ਕਸ਼ਮੀਰੀਆਂ ਲਈ ਖੋਟ ਨਾਲ ਭਰੇ ਪਏ ਹਨ। -0-