ਜੰਗਲਨਾਮਾ-14
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।
ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਰਾਤ ਲੰਬੇ ਸਮੇਂ ਤਕ ਅੱਗ ਦੁਆਲੇ ਗੀਤਾਂ ਦੀ ਮਹਿਫ਼ਲ ਚੱਲਦੀ ਰਹੀ। ਰਸੀਲੀਆਂ, ਪਿਆਰੀਆਂ ਧੁਨਾਂ ਵਾਲੇ, ਮੱਧਮ ਲੈਅ ਵਿਚ ਗਾਏ ਜਾਂਦੇ ਗੌਂਡ ਗੀਤ, ਜੰਗਲ ਵਿਚ ਰੁਮਕਦੀ ਪੌਣ ਵਾਂਗ ਹੀ ਥਿਰਕਦੇ ਮਹਿਸੂਸ ਹੁੰਦੇ ਹਨ। ਕੋਈ ਸ਼ੋਰ-ਸ਼ਰਾਬਾ ਨਹੀਂ, ਕੰਨ ਪਾੜਵੀਆਂ ਚੀਕਾਂ ਨਹੀਂ, ਸਾਜ਼ਾਂ ਦਾ ਬੇ-ਸੁਰਾ ਚੀਕ-ਚਿਹਾੜਾ ਨਹੀਂ। ਮਿੱਠੀਆਂ-ਮਿੱਠੀਆਂ ਹੇਕਾਂ ਵਾਲੇ ਮਿੱਠੇ ਪਿਆਰੇ ਗੀਤ! ਤਕਰੀਬਨ ਹਰ ਗੀਤ ਵਿਚ ਹੀ ਨਾਨੋ (ਭੈਣ) ਅਤੇ ਦਾਦਾ (ਭਰਾ) ਦਾ ਜ਼ਿਕਰ ਹੈ; ਯਾਨਿ, ਦੋਵਾਂ ਦੇ ਸਵਾਲ ਜਵਾਬ ਜਿਹੜੇ ਉਨ੍ਹਾਂ ਦੀ ਜ਼ਿੰਦਗੀ ਦੇ ਸਿੱਧੇ-ਸਾਦੇ ਯਥਾਰਥ ਨੂੰ ਸਿੱਧੇ ਤੇ ਸਰਲ ਸ਼ਬਦਾਂ ਵਿਚ ਪੇਸ਼ ਕਰਦੇ ਹਨ; ਜਾਂ ਫਿਰ ਇਹ ਪੰਛੀਆਂ ਨੂੰ ਸੰਬੋਧਤ ਹਨ ਅਤੇ ਕਬਾਇਲੀ ਜ਼ਿੰਦਗੀ ਦੀ ਹਕੀਕਤ ਨੂੰ ਪੇਸ਼ ਕਰਦੇ ਹਨ।
ਸੌਣ ਵੇਲੇ ਪਿੰਡਾਂ ਤੋਂ ਆਏ ਮੁੰਡੇ ਕੁੜੀਆਂ ਤੇ ਮਰਦ ਔਰਤਾਂ ਆਪਣੇ ਆਪਣੇ ਪਰਨੇ ਉਪਰ ਲੈ ਕੇ ਅੱਗ ਦੁਆਲੇ ਸੌਂ ਗਏ। ਸਭਿਆਚਾਰਕ ਟੋਲੀ ਆਪਣੀਆਂ ਜਿੰਨੀਆਂ ਵੀ ਝਿੱਲੀਆਂ ਉਨ੍ਹਾਂ ਨੂੰ ਦੇ ਸਕਦੀ ਸੀ, ਦੇ ਦਿੱਤੀਆਂ; ਬਾਕੀ ਦੇ ਨੰਗੀ ਜ਼ਮੀਨ ਉਤੇ ਹੀ ਸੁੱਤੇ। ਫਿਰ ਵੀ ਇਹ ਕਹਿਣਾ ਪਵੇਗਾ ਕਿ ਪੂਰੀ ਤਰ੍ਹਾਂ ਕੋਈ ਵੀ ਨਹੀਂ ਸੁੱਤਾ। ਕਦੇ ਕਿਸੇ ਨੇ ਉਠ ਕੇ ਮੱਧਮ ਪੈਂਦੀ ਅੱਗ ਵਿਚ ਹੋਰ ਲੱਕੜਾਂ ਡਾਹ ਦਿੱਤੀਆਂ, ਕੋਈ ਟਾਰਚ ਲੈ ਕੇ ਲੱਕੜਾਂ ਇਕੱਠੀਆਂ ਕਰਨ ਚਲਾ ਗਿਆ, ਕਿਸੇ ਨੂੰ ਬੁਖ਼ਾਰ ਦੀ ਸ਼ਿਕਾਇਤ ਹੋ ਗਈ ਤੇ ਚੰਦਨ ਦਵਾਈਆਂ ਦਾ ਡੱਬਾ ਚੁੱਕੀ ਪਹੁੰਚ ਗਿਆ। ਕੋਈ ਉਂਜ ਹੀ ਉਠ ਕੇ ਬੈਠ ਗਿਆ ਤੇ ਅੰਗਾਰਿਆਂ ਨਾਲ ਖੇਡਣ ਲੱਗ ਪਿਆ। ਨਿਸ਼ਚੇ ਹੀ ਇਹ ਰਾਤ ਮੇਰੀਆਂ ਪਿਛਲੀਆਂ ਬੀਤੀਆਂ ਤਿੰਨ ਰਾਤਾਂ ਨਾਲੋਂ ਵੱਖਰੀ ਸੀ। ਉਨ੍ਹਾਂ ਵਿਚ ਚੁੱਪ-ਚਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਪਰ ਇਥੇ 9-10 ਥਾਂਵਾਂ ਉਪਰ ਅੱਗ ਬਲ ਰਹੀ ਸੀ ਅਤੇ ਲੋਕਾਂ ਦਾ ਝੁਰਮੁਟ ਸੀ।
ਸੁਬਹ, ਮੂੰਹ-ਹਨੇਰੇ, ਉਸੇ ਤਰ੍ਹਾਂ ਵਿਸਲ ਹੋਈ ਜਿਵੇਂ ਖ਼ੇਮੇ ਵਿਚ ਹੁੰਦੀ ਸੀ। ਅੱਧੇ ਘੰਟੇ ਬਾਅਦ ਹਰ ਕੋਈ ਤਿਆਰ-ਬਰ-ਤਿਆਰ, ਹਾਜ਼ਰੀ ਦੀ ਕਤਾਰ ਵਿਚ ਪਹੁੰਚ ਗਿਆ। ਕਸਰਤ ਦਾ ਸਮਾਂ ਸਭਿਆਚਾਰਕ ਟੋਲੀ ਨੇ ਵੀ ਕੱਢਿਆ। ਕਸਰਤ ਆਮ ਹਾਲਤਾਂ ਵਿਚ ਬਾਕਾਇਦਾ ਕਾਰਜ ਹੈ।
ਜਾਵੇ ਦਾ ਗਿਲਾਸ ਜਦ ਮੈਂ ਮੂੰਹ ਨੂੰ ਲਾਇਆ ਤਾਂ ਫਿੱਕਾ ਲੱਗਣ Ḕਤੇ ਨਮਕ ਲੈਣ ਮੁੜਿਆ।
“ਨਮਕ।” ਮੈਂ ਐਨਾ ਹੀ ਕਿਹਾ।
ਪਿੱਛ ਵਰਤਾਉਣ ਵਾਲੀ ਕੁੜੀ ਨੇ ਜਾਵੇ ਦਾ ਇਕ ਕੱਪ ਹੋਰ ਭਰਿਆ ਤੇ ਮੇਰੇ ਗਲਾਸ ਵਿਚ ਪਾਉਣ ਨੂੰ ਅਹੁਲੀ।
ਗਲਾਸ ਉਪਰ ਹੱਥ ਰੱਖ ਕੇ ਮੈਂ ਫਿਰ ਕਿਹਾ, “ਨਮਕ।”
ਉਸ ਨੇ ਚਾਹ ਵਰਤਾਉਣ ਵਾਲੇ ਲੜਕੇ ਵੱਲ ਦੇਖਿਆ ਤੇ ਪੁੱਛਿਆ ਕਿ ਮੈਂ ਕੀ ਮੰਗਦਾ ਹਾਂ। ਮੈਂ ਉਸ ਨੂੰ ਵੀ ਕਿਹਾ ਕਿ ਮੈਂ ਲੂਣ ਮੰਗ ਰਿਹਾ ਸਾਂ। ਉਹ ਵੀ ਮੇਰੇ ਵੱਲ ਡੌਰ-ਭੌਰ ਦੇਖਣ ਲੱਗਾ। ਤਦ ਮੈਂ ਚੰਦਨ ਵੱਲ ਮੁੜਿਆ।
“ਯਾਰ, ਗੌਂਡੀ ਵਿਚ ਨਮਕ ਨੂੰ ਕੀ ਕਹਿੰਦੇ?”
“ਅੱæææਰæææਰੇ, ਓਵੜ, ਓਵੜ, ਓਵੜ। ਈਸ਼ਵਰ ਭਾਈ ਨੂੰ ਓਵੜ ਦਿਓ!”
ਚੰਦਨ ਦੇ ਅੰਦਾਜ਼ ਅਤੇ ਨਮਕ ਤੇ ਓਵੜ ਦੇ ਰੇੜਕੇ ਉਤੇ ਸਾਰੇ ਹੱਸ ਪਏ। ਬਾਕੀ ਸਾਰੇ ਹੀ ਫਿੱਕੀ ਪਿੱਛ ਪੀ ਰਹੇ ਸਨ, ਕਿਸੇ ਹੋਰ ਨੂੰ ਨਮਕ ਦੀ ਜ਼ਰੂਰਤ ਨਹੀਂ ਸੀ। ਰਾਤ ਵੇਲੇ ਦਾ ਬਚਿਆ ਨਮਕ ਕਿਸੇ ਨੇ ਪੱਤਿਆਂ ਵਿਚ ਲਵ੍ਹੇਟ ਕੇ ਇਕ ਦਰੱਖ਼ਤ ਦੇ ਮੁੱਢ ਵਿਚ ਟਿਕਾਇਆ ਹੋਇਆ ਸੀ। ਉਹ ਉਸ ਪੁੜੀ ਨੂੰ ਉਠਾ ਲਿਆਇਆ ਤੇ ਮੇਰੇ ਸਾਹਮਣੇ ਕਰ ਦਿੱਤੀ।
“ਸੋ ਅੱਗੇ ਤੋਂ ਮੈਂ ਓਵੜ ਮੰਗਿਆ ਕਰਾਂ। ਲਿਆਓ ਬਈ, ਓਵੜ।” ਨਮਕ ਦੀ ਇਕ ਚੁਟਕੀ ਲੈ ਕੇ ਮੈਂ ਗਿਲਾਸ ਵਿਚ ਪਾਈ ਤੇ ਦਰੱਖ਼ਤ ਤੋਂ ਟਾਹਣੀ ਤੋੜ ਕੇ ਇਸ ਨੂੰ ਖੋਰਨ ਲੱਗਾ।
ਬਸਤਰ ਦੇ ਹਾਟ ਬਾਜ਼ਾਰਾਂ ਵਿਚ ਵਿਕਣ ਵਾਲਾ ਸਭ ਤੋਂ ਘਟੀਆ ਨਮਕ! ਚਾਲੀ ਸਾਲ ਪਹਿਲਾਂ ਅਜਿਹਾ ਨਮਕ ਸਾਡੇ ਸ਼ਹਿਰ ਵਿਚ ਮੇਰੇ ਸਕੂਲ ਜਾਂਦੀ ਸੜਕ ਉਤੇ ਬੋਰੀਆਂ ਵਿਛਾ ਕੇ ਸੁੱਕਣੇ ਪਾਇਆ ਹੁੰਦਾ ਸੀ। ਅਸੀਂ ਇਨ੍ਹਾਂ ਬੋਰੀਆਂ ਉਤੇ ਠੱਪ ਠੱਪ ਪੈਰ ਧਰਦੇ ਨਿਕਲ ਜਾਂਦੇ ਹੁੰਦੇ ਸਾਂ। ਉਦੋਂ ਇਹ ਸਮਝ ਨਹੀਂ ਸੀ ਆਉਂਦੀ ਕਿ ਇਸ ਗੰਦੇ ਨਮਕ ਦਾ ਦੁਕਾਨ ਵਾਲੇ ਕੀ ਕਰਦੇ ਹਨ। ਉਹੀ ਗੰਦਾ ਨਮਕ ਬਸਤਰ ਵਿਚ ਅੱਜ ਵੀ ਬਹੁਮੁੱਲੀ ਚੀਜ਼ ਹੈ ਜਿਸ ਦੀ ਇਕ ਮੁੱਠੀ ਹਾਸਲ ਕਰਨ ਲਈ ਮਹੂਏ ਦੇ ਢੇਰ ਸਾਰੇ ਸੁਕਾਏ ਹੋਏ ਫੁੱਲ ਕੀਮਤ ਦੇ ਰੂਪ ਵਿਚ ਚਾਹੀਦੇ ਹਨ।
ਉਨ੍ਹਾਂ ਨੂੰ ਪਿੱਛ ਵਿਚ ਮੇਰਾ ਨਮਕ ਪਾਉਣਾ ਅਜੀਬ ਜਿਹਾ ਲੱਗਾ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਪਿੱਛ ਦਾ ਨਾਸ਼ਤਾ ਹੀ ਮੇਰੇ ਵਾਸਤੇ ਅਜੀਬ ਚੀਜ਼ ਸੀ ਜੋ ਮੈਂ ਪਹਿਲੀ ਵਾਰ ਕਰ ਰਿਹਾ ਸਾਂ। ਜਾਣ ਜਾਂਦੇ ਤਾਂ ਯਕੀਨਨ, ਹੋਰ ਵੀ ਹੈਰਾਨ ਹੁੰਦੇ। ਇਸ ਨਾਸ਼ਤੇ ਦਾ ਉਨ੍ਹਾਂ ਨੇ ਪੂਰਾ ਮਜ਼ਾ ਲਿਆ। ਕਿਸੇ ਨੇ ਦੋ, ਕਿਸੇ ਨੇ ਤਿੰਨ ਗਿਲਾਸ ਪੀਤੇ।
“ਈਸ਼ਵਰ ਭਾਈ, ਮਜ਼ਾ ਹੀ ਮਜ਼ਾ ਹੈ! ਸਵੇਰੇ ਜਾਵਾ, ਦੁਪਹਿਰੇ ਨੂਕਾ, ਸ਼ਾਮ ਨੂੰ ਵੀ ਨੂਕਾ। ਜੇ ਧਰਤੀ ਉਤੇ ਚੌਲ ਨਾ ਪੈਦਾ ਹੋਇਆ ਹੁੰਦਾ ਤਾਂ ਅੱਜ ਇਹ ਕਬਾਇਲੀ ਲੋਕ ਇਥੇ ਮੌਜੂਦ ਨਾ ਹੁੰਦੇ। ਨਾ ਹੀ ਤੁਸੀਂ ਤੇ ਮੈਂ ਇਥੇ ਪਹੁੰਚਦੇ। ਇਹ ਚੌਲਾਂ ਦਾ ਹੀ ਕ੍ਰਿਸ਼ਮਾ ਹੈ ਕਿ ਜੰਗਲ ਵਿਚ ਮੰਗਲ ਲੱਗਾ ਹੋਇਆ ਹੈ।”
ਸਹੀ ਹੈ! ਚੌਲ, ਤਾੜੀ ਦਾ ਰਸ, ਤੇ ਮੱਛੀ। ਇਨ੍ਹਾਂ ਤਿੰਨਾਂ ਦਾ ਯੋਗ ਹੈ ਬਸਤਰ ਦਾ ਕਬਾਇਲੀ।
ਕੱਪੜੇ ਬਿਨਾ ਸਰ ਸਕਦਾ ਹੈ, ਛੱਤ ਬਿਨਾ ਚੱਲ ਸਕਦਾ ਹੈ, ਪਰ ਇਹ ਤਿੰਨੇ ਚੀਜ਼ਾਂ ਉਥੇ ਜ਼ਿੰਦਗੀ ਦੀ ਮੁੱਢਲੀ ਸ਼ਰਤ ਬਣ ਚੁੱਕੀਆਂ ਹਨ। ਤਾੜੀ ਅੱਜ ਦੀ ਸੱਜਰੀ ਉਤਰੀ ਹੈ ਤਾਂ ਇਹ ਮਿੱਠਾ ਰਸ ਹੈ। ਕੱਲ੍ਹ ਨੂੰ ਇਹ ਹਲਕੀ ਸ਼ਰਾਬ ਬਣ ਜਾਵੇਗੀ। ਪਰਸੋਂ ਬੇ-ਫ਼ਾਇਦਾ ਚੀਜ਼ ਵਿਚ ਵਟ ਜਾਵੇਗੀ ਅਤੇ ਸੁੱਟ ਦਿੱਤੀ ਜਾਵੇਗੀ।
ਨਾਸ਼ਤੇ ਮਗਰੋਂ ਕੂਚ ਦੀ ਤਿਆਰੀ ਹੋਈ। ਟੀਮ ਨੂੰ ਇਥੇ ਡੇਰਾ ਲਾਇਆਂ ਤਿੰਨ ਦਿਨ ਹੋ ਚੁੱਕੇ ਸਨ। ਜੇ ਬੀਤੀ ਸ਼ਾਮ ਅਸੀਂ ਇਥੇ ਨਾ ਪਹੁੰਚੇ ਹੁੰਦੇ ਤਾਂ ਫਿਰ ਕਿਸੇ ਹੋਰ ਪਿੰਡ ਵਿਚ ਇਨ੍ਹਾਂ ਨਾਲ ਮੇਲ ਹੋਇਆ ਹੁੰਦਾ। ਦੁਪਹਿਰ ਤਕ ਅਸੀਂ ਆਪਣੇ ਨਵੇਂ ਸਥਾਨ ਉਪਰ ਪਹੁੰਚ ਗਏ। ਇਕ ਘੰਟੇ ਦੇ ਆਰਾਮ ਪਿੱਛੋਂ ਹਰ ਕਿਸੇ ਨੇ ਕਿਤਾਬਾਂ, ਕਾਪੀਆਂ ਤੇ ਸਲੇਟਾਂ ਕੱਢ ਲਈਆਂ। ਕਲਚਰਲ ਟੀਮ ਪੜ੍ਹਾਈ ਉਪਰ ਵਾਹਵਾ ਤਵੱਜੋਂ ਦਿੰਦੀ ਹੈ। ਸਵੇਰ, ਸ਼ਾਮ, ਦੋ ਵਾਰ।
—
ਰਸੋਈ ਦਾ ਚਾਰਜ ਰਜਨੀ ਕੋਲ ਹੈ। ਰਜਨੀ, ਉੱਨੀ-ਵੀਹ ਸਾਲ ਦੀ ਕਬਾਇਲੀ ਕੁੜੀ। ਸੁਹਣਾ ਗਾਉਂਦੀ ਤੇ ਨੱਚਦੀ ਹੈ। ਜਦ ਮੈਂ ਉਸ ਕੋਲ ਪਹੁੰਚਿਆ ਤਾਂ ਉਹ ਹਲਵਾ-ਕੱਦੂ ਛਿੱਲ ਰਹੀ ਸੀ।
ਮੈਂ ਉਸ ਤੋਂ ਉਸ ਸਬਜ਼ੀ ਦਾ ਗੌਂਡੀ ਵਿਚ ਨਾਂ ਪੁੱਛਿਆ। ਉਹ ਮੇਰੀ ਗੱਲ ਨਹੀਂ ਸਮਝੀ ਤੇ ਖਿੜ ਖਿੜਾ ਕੇ ਹੱਸ ਪਈ। ਡਾਢੀ ਸਮੱਸਿਆ ਹੈ। ਦੁਭਾਸ਼ੀਆ ਕਮਾਂਡਰ ਹੈ, ਜੋ ਮਸਰੂਫ਼ ਵਿਅਕਤੀ ਹੈ। ਉਸ ਉਪਰ ਹੀ ਨਿਰਭਰ ਕਰਨ ਤੋਂ ਸਿਵਾਏ ਮੇਰੇ ਕੋਲ ਕੋਈ ਚਾਰਾ ਨਹੀਂ। ਫਿਰ ਵੀ ਮੈਂ ਹਲਵਾ-ਕੱਦੂ ਉਠਾਉਂਦਾ ਹਾਂ ਤੇ ਉਸ ਤੋਂ ਇਸ਼ਾਰੇ ਨਾਲ ਦੁਬਾਰਾ ਨਾਂ ਪੁੱਛਦਾ ਹਾਂ।
“ਗੁੱਮੜ੍ਹ।” ਉਹ ਜਵਾਬ ਦਿੰਦੀ ਹੈ।
ਗੁੱਮੜ੍ਹ ਦੇ ਛਿਲਕੇ ਦੀ ਸਬਜ਼ੀ ਦਾ ਉਨ੍ਹਾਂ ਕਦੇ ਸਵਾਦ ਨਹੀਂ ਚੱਖਿਆ। ਜਦ ਮੈਂ ਰਜਨੀ ਨੂੰ ਕਹਿੰਦਾ ਹਾਂ ਕਿ ਛਿਲਕੇ ਦੀ ਸਬਜ਼ੀ ਬਣ ਸਕਦੀ ਹੈ, ਉਹ ਇਸ ਨੂੰ ਜ਼ਾਇਆ ਨਾ ਕਰੇ ਤਾਂ ਉਹ ਫਿਰ ਹੱਸ ਉਠਦੀ ਹੈ। ਗੁੱਮੜ੍ਹ ਦਾ ਛਿਲਕਾ ਵੀ ਕੋਈ ਚੀਜ਼ ਹੈ ਕਿ ਇਸ ਦੀ ਸਬਜ਼ੀ ਬਣਾਈ ਜਾ ਸਕੇ! ਪਰ ਉਹ ਮੰਨ ਗਈ ਤੇ ਛਿਲਕੇ ਅਲੱਗ ਪੱਤਿਆਂ ਉਪਰ ਇਕੱਠੇ ਕਰਨ ਲੱਗੀ। ਜਦ ਛਿਲਕਿਆਂ ਦੀ ਸਬਜ਼ੀ ਤਿਆਰ ਹੋਈ ਤਾਂ ਉਸ ਨੇ ਚਟਖ਼ਾਰੇ ਮਾਰ ਮਾਰ ਖਾਧੀ।
ਰਜਨੀ ਦੋ ਸਾਲ ਤੋਂ ਇਸ ਟੀਮ ਦਾ ਹਿੱਸਾ ਹੈ। ਰਾਤ ਦੇ ਖਾਣੇ ਤੋਂ ਬਾਅਦ ਮੈਂ ਚੰਦਨ ਨੂੰ ਨਾਲ ਲੈਂਦਾ ਹਾਂ ਤੇ ਰਜਨੀ ਨਾਲ ਗੱਲਬਾਤ ਕਰਦਾ ਹਾਂ।
“ਰਜਨੀ, ਤੇਰੀ ਉਮਰ ਕਿੰਨੀ ਹੈ?” ਉਹ ਹੱਸ ਪੈਂਦੀ ਹੈ, ਇਹ ਕੀ ਸਵਾਲ ਹੋਇਆ!
“ਫਿਰ ਵੀ, ਮੈਂ ਜਾਨਣਾ ਚਾਹੁੰਦਾ ਹਾਂ।”
ਉਹ ਤਿੰਨ ਚਾਰ ਵਾਰ ਪੋਟਿਆਂ ਉਪਰ ਦੂਸਰੇ ਹੱਥ ਦੀਆਂ ਉਂਗਲਾਂ ਫੇਰ ਕੇ ਗਿਣਦੀ ਹੈ ਤੇ ਫਿਰ ਪੂਰੇ ਯਕੀਨ ਨਾਲ ਕਹਿੰਦੀ ਹੈ, “ਪੰਜ ਸਾਲ।”
ਉਸ ਨੂੰ ਪੱਕਾ ਯਕੀਨ ਹੈ ਕਿ ਉਸ ਨੇ ਸਾਲਾਂ ਨੂੰ ਗ਼ਲਤ ਨਹੀਂ ਗਿਣਿਆ। ਸਕੂਲ ਉਹ ਕਦੇ ਗਈ ਨਹੀਂ ਸੀ, ਸਹੇਲੀਆਂ ਉਸ ਦੀਆਂ ਦੇ ਵਿਆਹ ਹੋ ਚੁੱਕੇ ਸਨ, ਪਰ ਸਾਲਾਂ ਦੇ ਬੋਝ ਨੂੰ ਗਿਣਨਾ ਉਸ ਦੇ ਵੱਸ ਵਿਚ ਨਹੀਂ ਸੀ। ਜਦ ਉਸ ਨੂੰ ਦੱਸਿਆ ਗਿਆ ਕਿ ਪੰਜ ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਹੈ ਤਾਂ ਉਹ ਚਕਰਾਅ ਗਈ, ਪਰ ਵੀਹ ਕਿੰਨੇ ਕੁ ਹੁੰਦੇ ਹਨ, ਇਸ ਦਾ ਅੰਦਾਜ਼ਾ ਉਸ ਦੇ ਵੱਸ ਤੋਂ ਬਾਹਰ ਹੈ। ਸਵੇਰੇ ਹਾਜ਼ਰੀ ਸਮੇਂ ਸਤਵੇਂ ਤੋਂ ਬਾਅਦ ਅਠਵੇਂ ਨੇ ਕਿਹਾ ਸੀ ਕਿ ਉਹ ਨੌਵਾਂ ਸੀ; ਗਿਆਰ੍ਹਵੇਂ ਤੋਂ ਬਾਅਦ ਬਾਰ੍ਹਵੇਂ ਨੇ ਕਿਹਾ ਕਿ ਉਹ ਪੰਦਰ੍ਹਵਾਂ ਸੀ।
ਛੱਤੀਸਗੜ੍ਹ ਦੇ ਜੰਗਲ ਦੀ ਉਪਜ ਹਜ਼ਾਰਾਂ ਕਰੋੜਾਂ ਨੂੰ ਜਾ ਪਹੁੰਚਦੀ ਹੈ। ਗੌਂਡ ਕਬਾਇਲੀ ਵਾਸਤੇ ਇਸ ਸੰਖਿਆ ਨੂੰ ਜਾਣ ਪਾਉਣਾ ਅਜਿਹੀ ਚੀਜ਼ ਹੈ ਜਿਹੜੀ ਅੰਬਰ ਤੋਂ ਤਾਰੇ ਤੋੜਨ ਦੇ ਬਰਾਬਰ ਹੈ। ਪੰਜ, ਪੰਜ ਸੌ, ਪੰਜ ਹਜ਼ਾਰ ਅਤੇ ਪੰਜ ਹਜ਼ਾਰ ਕਰੋੜ! ਇਹ ਪੰਜ ਹਜ਼ਾਰ ਕਰੋੜ ਰੁਪੱਈਆ ਕਿੰਨਾ ਹੁੰਦਾ ਹੈ, ਇਸ ਨੂੰ ਅਜੀਤ ਯੋਗੀ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਦਿੱਲੀ ਦਾ ਨਿੱਕੇ ਤੋਂ ਨਿੱਕਾ ਵਪਾਰੀ ਵੀ, ਪਰ ਰਜਨੀ ਵਾਸਤੇ ਇਹ ਬੁਝਾਰਤ ਹੈ। ਕਬਾਇਲੀ ਇਹ ਨਹੀਂ ਜਾਣਦੇ ਕਿ ਛੱਤੀਸਗੜ੍ਹ ਦੇ ਜੰਗਲਾਂ ਦੀ ਉਪਜ ਹੀ ਹਰ ਸਾਲ ਪੰਜ ਹਜ਼ਾਰ ਕਰੋੜ ਰੁਪੱਈਆ ਪੈਦਾ ਕਰਦੀ ਹੈ। ਖਣਿਜ, ਹੀਰੇ, ਸੋਨਾ ਤੇ ਹੋਰ ਚੀਜ਼ਾਂ ਇਸ ਤੋਂ ਅਲੱਗ ਹਨ। ਵਣ-ਉਪਜ ਨੂੰ ਹੀ ਜੇ ਹੋਰ ਬਿਹਤਰ ਤਰੀਕੇ ਨਾਲ ਇਕੱਠਾ ਕੀਤਾ ਜਾਵੇ ਤਾਂ ਇਹ ਆਮਦਨ ਦਸ ਹਜ਼ਾਰ ਕਰੋੜ ਰੁਪਏ ਸਾਲਾਨਾ ਤਕ ਪਹੁੰਚ ਜਾਵੇ। ਰਜਨੀ ਨੂੰ ਸਿਰਫ਼ ਐਨਾ ਪਤਾ ਹੈ ਕਿ ਉਨ੍ਹਾਂ ਦੇ ਜੰਗਲ ਦੀ ਦੌਲਤ ਲੁੱਟੀ ਜਾ ਰਹੀ ਹੈ, ਕਿ ਜੰਗਲ ਉਪਰ ਉਨ੍ਹਾਂ ਦਾ ਹੱਕ ਨਹੀਂ ਹੈ। ਉਹ ਜੰਗਲ ਉਪਰ ਕਬਾਇਲੀਆਂ ਦਾ ਹੱਕ ਸਥਾਪਤ ਕਰਨ ਦੀ ਲੜਾਈ ਵਿਚ ਹਿੱਸਾ ਪਾਉਣਾ ਚਾਹੁੰਦੀ ਹੈ ਜਿਸ ਵਾਸਤੇ ਉਹ ਜਾਨ ਦੀ ਬਾਜ਼ੀ ਲਾਉਣ ਨੂੰ ਵੀ ਤਿਆਰ ਹੈ। ਉਸ ਦਾ ਕਹਿਣਾ ਹੈ ਕਿ ਉਹ ਵਿਆਹ ਨਹੀਂ ਕਰਵਾਏਗੀ ਤੇ ਝੰਜਟ ਵਿਚ ਨਹੀਂ ਫਸੇਗੀ। ਉਸ ਦੀ ਉਮਰ ਪੰਜ ਸਾਲ ਹੈ ਕਿ ਵੀਹ ਸਾਲ, ਇਸ ਨਾਲ ਉਸ ਦੇ ਤਹੱਈਏ ਵਿਚ ਕੋਈ ਫ਼ਰਕ ਨਹੀਂ ਪੈਂਦਾ। ਉਸ ਨੂੰ ਵਿਸ਼ਵਾਸ ਹੈ ਕਿ ਬਸਤਰ ਤੋਂ ਬਾਅਦ ਉਸ ਦਾ ਤੇ ਉਸ ਦੇ ਸਾਥੀਆਂ ਦਾ ਅਗਲਾ ਕਦਮ ਦਿੱਲੀ ਵਿਚ ਰੱਖਿਆ ਜਾਣਾ ਹੈ। ਦਿੱਲੀ ਉਪਰ ਕਦਮ ਦਾ ਮਤਲਬ ਹੈ- ਜਲ, ਜੰਗਲ ਤੇ ਜ਼ਮੀਨ ਉਪਰ ਕਬਾਇਲੀਆਂ ਦੇ ਹੱਕ ਦੀ ਪੱਕੀ ਸਥਾਪਤੀ।
ਜਦ ਰਜਨੀ ਸੰਖਿਆਵਾਂ ਦੇ ਚੱਕਰ ਵਿਚ ਉਲਝ ਗਈ ਤਾਂ ਚੰਦਨ ਨੇ ਦਖ਼ਲ ਦਿੱਤਾ ਸੀ, “ਅਰੇ ਈਸ਼ਵਰ ਭਾਈ, ਗਿਨਤੀ ਨਹੀਂ ਹੈ। ਨੋ ਗਿਨਤੀ। ਜਜ਼ਬਾ ਹੈ, ਜਜ਼ਬਾ! ਐਸੇ! ਐਸੇ!” ਤੇ ਚੰਦਨ ਉਸੇ ਤਰ੍ਹਾਂ ਕਰ ਕੇ ਦਿਖਾਉਂਦਾ ਹੈ ਜਿਵੇਂ ਰਜਨੀ ਸਟੇਜ ਉਪਰ ਗੀਤ ਗਾਉਂਦੀ ਨੱਚਦਿਆਂ ਕਰਦੀ ਹੈ।
ਰਜਨੀ ਤੇ ਉਹਦੇ ਸਾਥੀ ਗੀਤ ਗਾਉਂਦੇ ਹਨ: “ਡਿੱਲੀ ਨੰਘਨਾ।” ਦਿੱਲੀ ਉਤੇ ਕਦਮ ਰੱਖਣਾ। “ਡਿੱਲੀ ਨੰਘਨਾ” ਗੀਤ ਕੁਝ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਜਗਮੋਹਨ ਜੋਸ਼ੀ ਦਾ “ਦਿੱਲੀ ਦੂਰ ਨਹੀਂ ਹੈ ਯਾਰੋ” ਹੈ। ਇਹ ਗੀਤ ਅਕੀਦਾ ਹੈ, ਸਿੱਕ ਹੈ, ਜਜ਼ਬਾ ਹੈ। ਦਿੱਲੀ ਨਾਂ ਦੇ ਭਿਆਨਕ ਦੈਂਤ ਦੇ ਜਿਸਮ ਉਤੇ ਲੋਕਾਂ ਦੀ ਜਿੱਤ ਦਾ ਝੰਡਾ ਲਹਿਰਾਉਣ ਲਈ ਕਮਰ ਕੱਸਣ ਦਾ ਹੋਕਾ ਹੈ। ਰਜਨੀ ਨੇ ਦਿੱਲੀ ਦੇਖੀ ਨਹੀਂ ਹੈ, ਨਾ ਹੀ ਉਹ ਬਸਤਰ ਤੋਂ ਇਸ ਦੀ ਦੁਰੀ ਦੇ ਪੰਧ ਨੂੰ ਅੰਕੜਿਆਂ ਵਿਚ ਨਾਪ ਸਕਦੀ ਹੈ, ਪਰ ਉਹ ਇਸ ਸਿੱਕ ਅਤੇ ਇਸ ਜਜ਼ਬੇ ਦਾ ਮੁਜੱਸਮਾ ਹੈ ਜਿਹੜਾ ਲੋਕਾਂ ਨੂੰ ਇਸ ਕਾਰਨਾਮੇ ਨੂੰ ਸਰ-ਅੰਜਾਮ ਦੇਣ ਲਈ ਉਭਾਰਦਾ ਹੈ। ਬਸਤਰ ਦੇ ਨਵੇਂ ਗੀਤਾਂ ਵਿਚ ਫੈਲੇ ਇਹ ਸਿੰਬਲ ਅੰਤਾਂ ਦੇ ਵਿਸ਼ਵਾਸ ਦਾ ਝਲਕਾਰਾ ਦਿੰਦੇ ਹਨ। ਹਿੰਦਸਿਆਂ ਦੇ ਚਕਰਾ ਦੇਣ ਵਾਲੇ ਗਿਆਨ ਤੋਂ ਕੋਰੀ ਉਸ ਕੁੜੀ ਨੂੰ ਵਿਸ਼ਵਾਸ ਹੈ ਕਿ ਉਹ ਤੇ ਉਸ ਦੇ ਸਾਥੀ ਦਿੱਲੀ ਨੂੰ ਸਰ ਕਰ ਕੇ ਹੀ ਦਮ ਲੈਣਗੇ। ਇਸ ਜਜ਼ਬੇ ਦੀ ਬਦੌਲਤ ਵੀਹ ਸਾਲ ਦੀ ਰਜਨੀ ਵੀਹ ਸੌ ਸਾਲ ਜਿੱਡੇ ਕਿਸੇ ਬੋਹੜ ਜਿਹੀ ਹੋ ਗਈ ਲੱਗਦੀ ਹੈ, ਇਕ ਕੁੜੀ ਜਿਸ ਨੇ ਹਜ਼ਾਰਾਂ ਨੂੰ ਵੀਹਾਂ ਵਿਚ ਸਮੇਟ ਲਿਆ ਹੈ।
—
ਰਾਤ ਨੂੰ ਪਿੰਡ ਦੇ ਸਾਰੇ ਮਰਦ, ਔਰਤਾਂ ਤੇ ਬੱਚਿਆਂ ਨੇ ਟੀਮ ਦੁਆਲੇ ਆ ਝੁਰਮੁਟ ਪਾਇਆ। ਇਕ ਪਾਸੇ ਰਣਦੇਵ ਨਾਂ ਦੇ ਕਲਾਕਾਰ ਨੇ ਗੌਂਡ ਗੀਤਾਂ ਦੀ ਛਹਿਬਰ ਲਾ ਰੱਖੀ ਹੈ। ਉਸ ਦੁਆਲੇ ਸਭ ਤੋਂ ਵੱਡਾ ਇਕੱਠ ਹੈ। ਇਕ ਹੋਰ ਥਾਵੇਂ, ਟੀਮ ਦੇ ਕੁਝ ਕਾਰਕੁਨ ਮਿੱਟੀ ਦੇ ਤੇਲ ਦੇ ਦੀਵੇ ਦੀ ਰੌਸ਼ਨੀ ਵਿਚ ਕਿਸੇ ਕਾਪੀ ਉਤੇ ਗੀਤ ਉਤਾਰ ਰਹੇ ਹਨ। ਉਹ ਵਾਰ ਵਾਰ ਦੇਵਨਾਗਰੀ ਲਿਪੀ ਵਿਚ ਉਲਝ ਜਾਂਦੇ ਹਨ ਤੇ ਬਹਿਸ ਕਰਨ ਲਗਦੇ ਹਨ ਕਿ ਕਿਹੜਾ ਸ਼ਬਦ ਕਿਵੇਂ ਲਿਖਿਆ ਜਾਵੇਗਾ। ਮਿੱਟੀ ਦੇ ਤੇਲ ਦੇ ਇੱਕੋ ਦੀਵੇ ਦੁਆਲੇ ਉਹ ਪੰਜ ਸੱਤ ਜਣੇ ਜੁੜੇ ਹੋਏ ਹਨ। ਨਜ਼ਦੀਕ ਦੇ ਕਿਸੇ ਘਰ ਦੇ ਵਿਹੜੇ ਵਿਚ ਗਾਵਾਂ ਵੱਛਿਆਂ ਦੀ ਭਰਮਾਰ ਹੈ। ਮੈਂ ਫਾਈਲ ਉਠਾ, ਆਦਿਵਾਸੀ ਕਿਸਾਨਾਂ ਕੋਲ ਪਹੁੰਚਦਾ ਹਾਂ ਤੇ ਉਨ੍ਹਾਂ ਤੋਂ ਉਨ੍ਹਾਂ ਦੇ ਡੰਗਰਾਂ, ਤਬੇਲਿਆਂ ਦਾ ਹਾਲ ਪੁੱਛਦਾ ਹਾਂ। ਕਮਾਂਡਰ ਹੋਰ ਝਮੇਲਿਆਂ ਵਿਚ ਉਲਝਿਆ ਹੋਇਆ ਹੈ; ਸੋ ਮੈਂ ਰਾਜੂ ਨਾਮ ਦੇ ਕਲਾਕਾਰ ਦੀ ਮਦਦ ਲੈਂਦਾ ਹਾਂ।
ਦੁੱਧ ਨੂੰ ਗੌਂਡ ਲੋਕ ਆਪਣੀ ਬੋਲੀ ਵਿਚ ਪਾਲ ਕਹਿੰਦੇ ਹਨ, ਪਰ ਉਹ ਕਦੇ ਵੀ ਗਾਵਾਂ ਦਾ ਦੁੱਧ ਨਹੀਂ ਪੀਂਦੇ। ਉਹ ਜਾਣਦੇ ਹਨ ਕਿ ਦੁੱਧ ਤੋਂ ਘਿਓ ਅਤੇ ਅਨੇਕਾਂ ਹੋਰ ਚੀਜ਼ਾਂ ਬਣਦੀਆਂ ਹਨ, ਪਰ ਕਿਹੜੀਆਂ ਕਿਹੜੀਆਂ? ਇਹ ਉਹ ਨਹੀਂ ਜਾਣਦੇ। ਦਰਅਸਲ ਉਹ ਦੁੱਧ ਚੋਂਦੇ ਹੀ ਨਹੀਂ, ਇਸ ਲਈ ਇਸ ਨੂੰ ਵਰਤਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕਾਰਨ ਉਨ੍ਹਾਂ ਨੇ ਇਹ ਦੱਸਿਆ ਕਿ ਦੁੱਧ ਤਾਂ ਗਾਂ ਦੇ ਬੱਚਿਆਂ ਵਾਸਤੇ ਹੁੰਦਾ ਹੈ; ਸੋ ਆਦਮੀ ਉਸ ਨੂੰ ਕਿਵੇਂ ਪੀ ਸਕਦਾ ਹੈ? ਸਿੱਧਾ-ਸਾਦਾ ਕੁਦਰਤੀ ਤਰਕ! ਉਨ੍ਹਾਂ ਨੂੰ ਇਹ ਗੱਲ ਹੀ ਅਜੀਬ ਲਗਦੀ ਹੈ ਕਿ ਆਦਮੀ ਮੱਝਾਂ ਗਾਵਾਂ ਦਾ ਦੁੱਧ ਪੀਵੇ! ਫਿਰ ਵੀ, ਕਿਤੇ ਕਿਤੇ ਕਿਸੇ ਪਿੰਡ ਵਿਚ ਕੋਈ ਇਕ ਅੱਧਾ ਘਰ ਦੁੱਧ ਦੀ ਵਰਤੋਂ ਕਰਦਾ ਹੈ, ਪਰ ਇਹ ਵਿਲੱਖਣਤਾ ਹੈ। ਮਲਾਈ ਨੂੰ ਉਹ “ਮਿਨਾੜੂ ਉਤਾ” ਕਹਿੰਦੇ ਹਨ। ਇਹ ਨਾਮ ਵੀ ਕਾਫ਼ੀ ਮੁਸ਼ਕਿਲ ਨਾਲ ਪਤਾ ਲੱਗਾ। ਫਿਰ ਮੈਂ ਉਨ੍ਹਾਂ ਨੂੰ ਦਹੀਂ ਦਾ ਗੌਂਡ ਨਾਮ ਪੁੱਛਿਆ। ਇਸ ਸਵਾਲ ਨਾਲ ਸਾਰੇ ਹੀ ਗੌਂਡ ਆਦਮੀ ਔਰਤਾਂ ਵੱਡੀ ਦਿਮਾਗੀ ਕਸਰਤ ਵਿਚ ਉਲਝ ਗਏ। ਬਹੁਤਿਆਂ ਨੂੰ ਤਾਂ ਅਜਿਹੇ ਸਵਾਲ ਜਵਾਬ ਹੀ ਹਾਸੋ-ਹੀਣੇ ਲੱਗੇ, ਕੁਝ ਨੂੰ ਦਿਲਚਸਪ ਅਤੇ ਕੁਝ ਵਾਸਤੇ ਇਹ ਖੇਡ ਹੀ ਬਣ ਗਏ। ਉਹ ਅੱਧਾ ਘੰਟਾ ਦਹੀਂ ਦੇ ਨਾਮ ਉਤੇ ਉਲਝੇ ਰਹੇ। ਕਈ ਨਾਮ ਲਏ ਗਏ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ। ਆਖ਼ਰ ਅਸੀਂ ਇਸ ਨਤੀਜੇ ਉਪਰ ਅੱਪੜੇ ਕਿ ਦਹੀਂ ਨੂੰ “ਹੱਲਾ” ਕਿਹਾ ਜਾਂਦਾ ਹੈ। ਮੱਖਣ ਤੇ ਪਨੀਰ ਵਾਸਤੇ ਗੌਂਡ ਬੋਲੀ ਵਿਚ ਕੋਈ ਸ਼ਬਦ ਹੀ ਨਹੀਂ ਹੈ। ਆਪਣੇ ਦੌਰੇ ਦੌਰਾਨ ਕਈ ਪਿੰਡਾਂ ਤੋਂ ਕੀਤੀ ਤਫ਼ਤੀਸ਼ ਤੋਂ ਮੈਂ ਇਸੇ ਨਤੀਜੇ ਉਪਰ ਅੱਪੜਿਆ।
ਕਿਸੇ ਬੋਲੀ ਵਿਚ ਕਿਸੇ ਚੀਜ਼ ਦਾ ਨਾਮ ਤਾਂ ਹੀ ਮੌਜੂਦ ਹੋਵੇਗਾ ਜੇ ਉਹ ਉਥੋਂ ਦੇ ਲੋਕਾਂ ਵਿਚ ਵਰਤੀ ਜਾਂਦੀ ਹੋਵੇ; ਨਹੀਂ ਤਾਂ ਸਥਾਨਕ ਨਾਮ ਪੈਦਾ ਨਹੀਂ ਹੋਵੇਗਾ। ਬਾਹਰੋਂ ਪਹੁੰਚੀ ਹਰ ਨਵੀਂ ਚੀਜ਼ ਆਪਣਾ ਨਾਮ ਵੀ ਨਾਲ ਲੈ ਕੇ ਜਾਂਦੀ ਹੈ- ਜਿਵੇਂ ਰਵਾ। ਗੌਂਡ ਲੋਕ ਸੂਜੀ ਬਾਰੇ ਜਾਣਦੇ ਹਨ ਅਤੇ ਇਸ ਨੂੰ ਰਵਾ ਕਹਿੰਦੇ ਹਨ। ਰਵਾ ਉਤਰੀ ਭਾਰਤ ਵਿਚ ਸੂਜੀ ਦਾ ਦੂਸਰਾ ਪ੍ਰਚੱਲਤ ਨਾਮ ਹੈ। ਰਵਾ ਉਥੇ ਬਾਹਰੋਂ ਪਹੁੰਚੀ ਹੋਈ ਚੀਜ਼ ਹੈ, ਕਿਉਂਕਿ ਕਣਕ ਉਥੇ ਹੁੰਦੀ ਹੀ ਨਹੀਂ, ਨਾ ਉਨ੍ਹਾਂ ਕਦੇ ਦੇਖੀ ਜਾਂ ਸੁਣੀ ਹੈ। ਹਰ ਪਿੰਡ ਵਿਚ ਗਾਵਾਂ ਦੇ ਵੱਗਾਂ ਦੇ ਵੱਗ ਹੋਣ ਦੇ ਬਾਵਜੂਦ ਦੁੱਧ ਦੀ ਵਰਤੋਂ ਨਾ ਕਰਨਾ ਹੈਰਾਨੀਜਨਕ ਲੱਗਦਾ ਹੈ। ਉਹ ਗਾਵਾਂ ਨੂੰ ਸਿਰਫ਼ ਉਨ੍ਹਾਂ ਦੇ ਮਾਸ ਖ਼ਾਤਰ ਪਾਲਦੇ ਹਨ ਜਾਂ ਵੇਚਣ ਖ਼ਾਤਰ। ਸਾਂਭ-ਸੰਭਾਲ ਵੀ ਬਹੁਤੀ ਨਹੀਂ ਕਰਦੇ। ਨਾ ਉਹ ਗਾਵਾਂ ਨੂੰ ਬੰਨ੍ਹਦੇ ਹਨ, ਨਾ ਹੀ ਉਨ੍ਹਾਂ ਵਾਸਤੇ ਢਾਰੇ ਬਣਾਉਂਦੇ ਹਨ। ਗੋਹਾ ਵੀ ਕਦੇ ਇਕੱਠਾ ਨਹੀਂ ਕਰਦੇ। ਝੁੱਗੀਆਂ ਤੇ ਵਿਹੜਿਆਂ ਦੇ ਫਰਸ਼ ਬੇਸ਼ੱਕ, ਕਦੇ ਕਦੇ ਗੋਹੇ ਨਾਲ ਪੋਚੇ ਜਾਂਦੇ ਹਨ, ਪਰ ਗੋਹੇ ਦੀ ਹੋਰ ਕੋਈ ਵਰਤੋਂ ਨਹੀਂ ਹੈ। ਪਸ਼ੂ ਸਾਰਾ ਦਿਨ ਜੰਗਲ ਵਿਚ ਚਰਦੇ ਰਹਿੰਦੇ ਹਨ ਤੇ ਸ਼ਾਮ ਨੂੰ ਹਿੱਕ ਕੇ ਘਰਾਂ ਅੰਦਰ ਵਾੜ ਲਏ ਜਾਂਦੇ ਹਨ। ਨਾ ਕਿੱਲਾ, ਨਾ ਖੁਰਲੀ, ਨਾ ਵਾੜਾ। ਗਾਂ ਦੇ ਪਾਲਤੂਕਰਨ ਨੇ ਵੀ ਦੁੱਧ, ਦਹੀਂ ਦੀ ਵਰਤੋਂ ਨੂੰ ਬਸਤਰ ਦੇ ਕਬਾਇਲੀਆਂ ਦੇ ਜੀਵਨ ਦਾ ਹਿੱਸਾ ਨਹੀਂ ਬਣਾਇਆ। ਹੋਰ ਖੇਤਰਾਂ ਵਾਂਗ ਇਥੇ ਵੀ ਵਿਕਾਸ ਠਹਿਰਾਅ ਵਿਚ ਹੈ। ਗਾਂ ਦਾ ਮਾਸ ਖਾਣ ਵਾਲੇ ਪੁਰਾਤਨ ਭਾਰਤੀ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਹੋਣਗੇ, ਉਨ੍ਹਾਂ ਦਾ ਅੰਦਾਜ਼ਾ ਅਜ ਦੇ ਇਨ੍ਹਾਂ ਕਬਾਇਲੀ ਲੋਕਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਮਥਰਾ ਦੇ ਪੁਰਾਤਨ ਗਊ ਪਾਲਕਾਂ ਤੇ ਅੱਜ ਦੇ ਬਸਤਰ ਦੇ ਗਊ-ਪਾਲਕਾਂ ਦਰਮਿਆਨ ਪੂਰੇ ਯੁੱਗ ਦਾ ਫ਼ਰਕ ਅਜੇ ਵੀ ਮੌਜੂਦ ਹੈ। ਬੋਲੀ ਦੀ ਅਮੀਰੀ ਅਤੇ ਸਭਿਆਚਾਰ ਦਾ ਵਿਕਾਸ ਉਨ੍ਹਾਂ ਹਾਲਤਾਂ ਦੇ ਪ੍ਰਸੰਗ ਵਿਚ ਹੀ ਹੋ ਸਕਦਾ ਹੈ ਜਿਨ੍ਹਾਂ ਵਿਚ ਲੋਕ ਜਿਉਂਦੇ ਹਨ।
ਮੈਂ ਚੰਦਨ ਨੂੰ ਕਹਿੰਦਾ ਹਾਂ ਕਿ ਜੇ ਕਬਾਇਲੀਆਂ ਨੂੰ ਦੁੱਧ ਦੀ ਵਰਤੋਂ ਕਰਨੀ ਸਿਖਾ ਦਿੱਤੀ ਜਾਵੇ ਤਾਂ ਅਨੇਕਾਂ ਤਰ੍ਹਾਂ ਦੇ ਕੰਮਾਂ ਵਾਸਤੇ ਰਾਹ ਖੁੱਲ੍ਹੇਗਾ ਜਿਨ੍ਹਾਂ ਨਾਲ ਵਿਕਾਸ ਅਗਾਂਹ ਤੁਰੇਗਾ, ਪਰ ਉਹ ਕਹਿੰਦਾ ਹੈ ਕਿ ਅਜਿਹਾ ਕਰਦਿਆਂ ਵੀਹ ਸਾਲ ਗੁਜ਼ਰ ਜਾਣਗੇ। ਗੌਂਡ ਲੋਕ ਬਹੁਤ ਹੌਲੀ ਹੌਲੀ ਨਵੀਆਂ ਚੀਜ਼ਾਂ ਬਾਰੇ ਸਿੱਖਦੇ ਤੇ ਉਨ੍ਹਾਂ ਨੂੰ ਅਪਨਾਉਂਦੇ ਹਨ। ਖ਼ੁਦ ਗੁਰੀਲੇ ਵੀ ਦਸ ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ ਹੀ ਆਪਣੀ ਪਛਾਣ ਬਣਾ ਸਕੇ ਸਨ। ਕਬਾਇਲੀ ਨਵੀਆਂ ਚੀਜ਼ਾਂ ਅਤੇ ਬਾਹਰਲੇ ਲੋਕਾਂ ਉਪਰ ਯਕੀਨ ਨਹੀਂ ਕਰਦੇ। ਚੰਦਨ ਕਹਿੰਦਾ ਹੈ ਕਿ ਉਹ ਕਈ ਸਾਲ ਤੋਂ ਉਨ੍ਹਾਂ ਨੂੰ ਗੋਹੇ ਦੀ ਖ਼ਾਦ ਬਣਾ ਕੇ ਖੇਤਾਂ ਵਿਚ ਪਾਉਣ ਬਾਰੇ ਕਹਿੰਦੇ ਆ ਰਹੇ ਹਨ, ਪਰ ਉਹ ਟੋਆ ਪੁੱਟ ਕੇ ਦੋ ਦਿਨ ਗੋਹਾ ਸੁੱਟਦੇ ਹਨ ਤੇ ਬਾਅਦ ਵਿਚ ਹਟ ਜਾਂਦੇ ਹਨ। ਜਦ ਉਨ੍ਹਾਂ ਨੂੰ ਫਿਰ ਕਿਹਾ ਜਾਂਦਾ ਹੈ ਤਾਂ ਉਹ ਹੱਸ ਪੈਂਦੇ ਹਨ। ਦੁੱਧ ਦੀ ਪੈਦਾਵਾਰ ਅਤੇ ਵਰਤੋਂ ਤਾਂ ਕਿਤੇ ਵੱਧ ਗੁੰਝਲਦਾਰ ਕੰਮ ਹੈ। ਚਾਰਾ, ਸਿੰਜਾਈ, ਰੋਜ਼ ਕੱਟਣ-ਲਿਆਉਣ ਦਾ ਕੰਮ, ਗੋਹੇ ਕੂੜੇ ਦੀ ਸਫ਼ਾਈ, ਡੰਗਰਾਂ ਦੀ ਰੱਖ-ਰਖਾਈ, ਦੁੱਧ ਲਈ ਬਰਤਨ, ਇਸ ਦੀ ਸਾਂਭ-ਸੰਭਾਲ ਅਤੇ ਸਭ ਤੋਂ ਵੱਡੀ ਗੱਲ ਕਿ ਦੁੱਧ ਸਬੰਧੀ ਉਨ੍ਹਾਂ ਦਾ ਸੰਕਲਪ ਹੀ ਇਸ ਅਮਲ ਵਿਚ ਰੁਕਾਵਟ ਪਾਉਂਦਾ ਹੈ। ਇਹ ਸੰਕਲਪ ਉਨਾ ਹੀ ਕੁਦਰਤੀ ਹੈ ਜਿੰਨੀ ਇਹ ਗੱਲ ਕੁਦਰਤੀ ਹੈ ਕਿ ਦੁੱਧ ਗਾਵਾਂ ਦੇ ਬੱਚਿਆਂ ਦੀ ਖ਼ੁਰਾਕ ਹੈ। ਇਸੇ ਲਈ ਉਹ ਮੁਰਗ਼ੀਆਂ ਦੇ ਆਂਡੇ ਵੀ ਨਹੀਂ ਖਾਂਦੇ। ਉਹ ਕਹਿੰਦੇ ਹਨ ਕਿ ਆਂਡੇ ਬੱਚੇ ਪੈਦਾ ਕਰਨ ਵਾਸਤੇ ਹੁੰਦੇ ਹਨ, ਜੇ ਖਾ ਲਏ ਤਾਂ ਚੂਜ਼ੇ ਕਿਥੋਂ ਆਉਣਗੇ। ਬਸਤਰ ਵਿਚ ਮਾਵਾਂ ਵੀ ਬੱਚਿਆਂ ਨੂੰ ਕਈ ਕਈ ਸਾਲ ਆਪਣੇ ਦੁੱਧ ਉਪਰ ਹੀ ਪਾਲਦੀਆਂ ਹਨ। ਹਰ ਚੀਜ਼ ਕੁਦਰਤੀ ਹੈ, ਕੁਦਰਤ ਉਪਰ ਹੀ ਨਿਰਭਰ ਹੈ। ਕਬਾਇਲੀ ਬੱਕਰੀਆਂ ਪਾਲਣ ਦੇ ਵੀ ਸ਼ੌਕੀਨ ਹਨ, ਪਰ ਬੱਕਰੀਆਂ ਦੇ ਹਵਾਨਿਆਂ ਤੋਂ ਪਤਾ ਲੱਗਦਾ ਹੈ ਕਿ ਕਬਾਇਲੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਬੱਕਰੀ ਦਾ ਦੁੱਧ ਵੀ ਦੁਨੀਆਂ ਵਿਚ ਕਿਤੇ ਪੀਤਾ ਜਾਂਦਾ ਹੋਵੇਗਾ। ਕਬਾਇਲੀ ਆਪਣੇ ਦੁਆਲੇ ਦੀ ਕੁਦਰਤ ਨੂੰ ਉਸੇ ਤਰ੍ਹਾਂ ਹੀ ਬਣਿਆਂ ਰਹਿਣ ਦੇਣਾ ਚਾਹੁੰਦੇ ਹਨ ਜਿਵੇਂ ਦੀ ਇਹ ਹੈ।
ਚੰਦਨ ਨੇ ਕਿਹਾ ਕਿ ਉਹ ਉਨ੍ਹਾਂ ਦੇ ਸਭਿਆਚਾਰ ਨੂੰ ਸਮਝਣ ਵੀ ਆਇਆ ਹੈ ਅਤੇ ਇਨਕਲਾਬ ਵੱਲ ਮੋੜਾ ਦੇਣ ਵੀ; ਕਿ ਇਥੇ ਹਰ ਚੀਜ਼ ਨੂੰ ਡਾਢੀ ਤਬਦੀਲੀ ਦੀ ਲੋੜ ਹੈ। ਉਸ ਨੇ ਕਿਹਾ, “ਦੇਖਾਂਗੇ ਕਿ ਅਸੀਂ ਕਿਵੇਂ ਕਾਮਯਾਬ ਹੁੰਦੇ ਹਾਂ! ਜਲ, ਜੰਗਲ ਅਤੇ ਜ਼ਮੀਨ ਉਤੇ ਆਦਿਵਾਸੀ ਹੱਕ ਸਥਾਪਤ ਕਰਨਾ ਸਾਡੀ ਪਹਿਲੀ ਜ਼ਰੂਰਤ ਹੈ। ਇਸ ਨਾਲ ਅਨੇਕਾਂ ਰਸਤੇ ਖੁੱਲ੍ਹਣਗੇ ਤੇ ਚੌ-ਮੁਖੀ ਵਿਕਾਸ ਦੀ ਹਾਲਤ ਪੈਦਾ ਹੋਵੇਗੀ। ਇਹ ਕੰਮ ਵਿਕਾਸ ਸੰਘਮ ਦੇਖੇਗਾ ਕਿ ਉਸ ਨੇ ਵਿਕਾਸ ਕਿਵੇਂ ਕਰਨਾ ਹੈ। ਸਾਡਾ ਮੁੱਖ ਕੰਮ ਵਿਆਪਕ ਵਿਰਸੇ ਨੂੰ ਵੱਡੀ ਤਬਦੀਲੀ ਦੇ ਸੰਦ ਵਜੋਂ ਜ਼ਰਬ ਦੇਣਾ ਹੈ। ਇਨ੍ਹਾਂ ਦੇ ਗੀਤ ਦੇਖੋ ਈਸ਼ਵਰ ਭਾਈ! ਇਹ ਕਿਵੇਂ ਲੋਕਾਂ ਨੂੰ ਇਕ ਦੂਸਰੇ ਨਾਲ ਗੂੜ੍ਹੇ ਰਿਸ਼ਤੇ ਵਿਚ ਬੰਨ੍ਹਦੇ ਹਨ। ਸਾਰੇ ਦਾ ਸਾਰਾ ਪਿੰਡ ਇਕੱਠਿਆਂ ਨੱਚਦਾ ਹੈ ਅਤੇ ਇਕੱਠਿਆਂ ਹੀ ਗਾਉਂਦਾ ਹੈ। ਇਨ੍ਹਾਂ ਨੂੰ ਕੋਈ ਡਾਇਰੈਕਟਰ ਸੇਧ ਨਹੀਂ ਦਿੰਦਾ। ਇਕ ਦੀ ਲੈਅ ਟੁੱਟਦੀ ਹੈ ਤਾਂ ਦੂਜਾ ਖ਼ੁਦ-ਬ-ਖ਼ੁਦ ਬੋਚ ਲੈਂਦਾ ਹੈ। ਕੋਈ ਕਿਸੇ ਥਾਂ ਖੜ੍ਹਾ ਸੁਰ ਚੁੱਕ ਦਿੰਦਾ ਹੈ, ਕੋਈ ਕਿਸੇ ਥਾਂ ਤੋਂ। ਇਨ੍ਹਾਂ ਦੇ ਪੈਰਾਂ ਵੱਲ ਦੇਖੋ! ਕਿਵੇਂ ਇਕ ਦੂਸਰੇ ਨਾਲ ਤਾਲ ਬਿਠਾ ਲੈਂਦੇ ਹਨ। ਰਿਦਮ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ। ਕੋਈ ਸਕੂਲ ਨਹੀਂ, ਕੋਈ ਟਰੇਨਿੰਗ ਨਹੀਂ। ਇਨ੍ਹਾਂ ਦੀ ਜ਼ਿੰਦਗੀ ਵਿਸ਼ਾਲ ਸਕੂਲ ਵਾਂਗ ਹੈ ਜਿਥੇ ਹਰ ਕੋਈ ਵਿਦਿਆਰਥੀ ਹੈ ਅਤੇ ਹਰ ਕੋਈ ਅਧਿਆਪਕ। ਲੋਕ ਗੀਤ, ਲੋਕ ਨਾਚ ਇਸੇ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਜਿਉਂਦੇ ਆ ਰਹੇ ਹਨ। ਲਗਾਤਾਰਤਾ ਵਿਚ ਕਦੇ ਉਖੇੜਾ ਨਹੀਂ ਆਉਂਦਾ। ਬਿਮਾਰ ਪਿਆ ਆਦਮੀ ਵੀ ਉਠ ਕੇ ਨਾਚ-ਗੀਤ ਵਿਚ ਸ਼ਾਮਲ ਹੋ ਜਾਵੇਗਾ। ਅਜਿਹਾ ਖ਼ੁਦ-ਬ-ਖ਼ੁਦ ਵਾਪਰਦਾ ਹੈ। ਸਾਂਝੇ ਸਭਿਆਚਾਰ ਦੀ ਧੂਹ ਹੀ ਅਜਿਹੀ ਹੈ।”
ਆਲੇ ਦੁਆਲੇ ਦੇ ਲੋਕਾਂ ਵਾਸਤੇ ਸਾਡੀ ਗੱਲਬਾਤ ਕਿਸੇ ਤਰ੍ਹਾਂ ਦੀ ਦਿਲਚਸਪੀ ਪੈਦਾ ਕਰਨ ਵਾਲੀ ਨਹੀਂ ਸੀ। ਉਨ੍ਹਾਂ ਵਾਸਤੇ ਅਸੀਂ ਕਿਸੇ ਹੋਰ ਹੀ ਦੁਨੀਆਂ ਤੋਂ ਆਏ ਹੋਏ ਮਨੁੱਖ ਸਾਂ ਜਿਨ੍ਹਾਂ ਦੀ ਬੋਲੀ, ਪਹਿਰਾਵਾ, ਚਾਲ-ਢਾਲ, ਸੱਭੇ ਚੀਜ਼ਾਂ ਹੀ ਅਲੱਗ ਤਰ੍ਹਾਂ ਦੀਆਂ ਸਨ। ਉਹ ਜਾਂ ਤਾਂ ਖਾਲੀ ਖਾਲੀ ਅੱਖਾਂ ਨਾਲ ਸਾਨੂੰ ਦੇਖ ਰਹੇ ਸਨ ਜਾਂ ਕਿਸੇ ਗੱਲ ਉਤੇ ਬਿਨਾਂ ਸਮਝੇ ਹੀ ਮੁਸਕਰਾ ਦਿੰਦੇ ਸਨ। ਸਾਨੂੰ ਜਦ ਅਹਿਸਾਸ ਹੋਇਆ ਕਿ ਅਸੀਂ ਉਨ੍ਹਾਂ ਤੋਂ ਦੂਰ ਚਲੇ ਗਏ ਹਾਂ ਤਾਂ ਅਸੀਂ ਵਾਪਸ ਪਰਤੇ। ਅਸੀਂ ਦੁੱਧ ਦੀ ਵਰਤੋਂ ਸ਼ੁਰੂ ਕਰਨ ਬਾਰੇ ਉਨ੍ਹਾਂ ਨੂੰ ਜਦ ਕਿਹਾ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦਿੱਤਾ ਕਿ ਉਹ ਨਹੀਂ ਜਾਣਦੇ ਕਿ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦ ਜੰਗਲ ਵਿਚ ਘਾਹ ਨਹੀਂ ਰਹਿੰਦਾ ਤਾਂ ਗਾਵਾਂ ਤੇਜ਼ੀ ਨਾਲ ਮਰਨ ਲਗਦੀਆਂ ਹਨ। ਕੁਝ ਖਾਣ ਨੂੰ ਮਿਲੇਗਾ, ਤਾਂ ਹੀ ਦੁੱਧ ਪੈਦਾ ਹੋਵੇਗਾ। ਪਿੰਜਰਾਂ ਵਿਚੋਂ ਦੁੱਧ ਕਿਵੇਂ ਨਿਕਲੇਗਾ। ਜੰਗਲ ਵਿਚ ਵਾਕਈ ਘਾਹ ਸੁੱਕਣਾ ਸ਼ੁਰੂ ਹੋ ਚੁੱਕਾ ਸੀ। ਗਾਵਾਂ ਦੇ ਪਿੰਜਰ ਨਿਕਲਣੇ ਸ਼ੁਰੂ ਹੋ ਗਏ ਸਨ। ਦੁੱਧ ਸਿਰਫ਼ ਸਵਾਲ ਮਾਤਰ ਹੀ ਰਹਿ ਗਿਆ।
ਤਦੇ ਇਕ ਔਰਤ ਬੱਚੇ ਨੂੰ ਕੁੱਛੜ ਚੁੱਕੀ ਆਈ ਤੇ ਕੋਲ ਖੜ੍ਹੀ ਹੋ ਗਈ। ਉਹ ਕੁਝ ਕਹਿਣਾ ਚਾਹੁੰਦੀ ਸੀ। ਚੰਦਨ ਉਸ ਵੱਲ ਹੋਇਆ, “ਨਾਨੋ! ਬਾਤੇ?” (ਦੀਦੀ! ਕੀ ਗੱਲ ਹੈ?)
ਉਹ ਦੱਸਦੀ ਹੈ ਕਿ ਬੱਚੇ ਨੂੰ ਬੁਖ਼ਾਰ ਹੈ। ਚੰਦਨ ਉਸ ਤੋਂ ਬੱਚੇ ਨੂੰ ਲੈ ਕੇ ਮੇਰੇ ਹਵਾਲੇ ਕਰਦਾ ਹੈ। ਮੈਂ ਚੰਦਨ ਨੂੰ ਦੱਸਦਾ ਹਾਂ ਕਿ ਮੈਂ ਡਾਕਟਰ ਨਹੀਂ ਹਾਂ, ਪਰ ਉਹ ਕਹਿੰਦਾ ਹੈ ਕਿ ਆਪਣੀ ਮੈਡੀਕਲ ਕਿੱਟ ਵਿਚੋਂ ਜਿਹੜੀ ਵੀ ਦਵਾ ਬੁਖ਼ਾਰ ਵਾਸਤੇ ਦਿੱਤੀ ਜਾ ਸਕਦੀ ਹੈ, ਦੇ ਦੇਵਾਂ। ਮੈਂ ਭੁੱਲ ਗਿਆ ਕਿ ਉਹ ਔਰਤ ਮੇਰੀ ਬੋਲੀ ਨਹੀਂ ਸਮਝੇਗੀ ਅਤੇ ਆਪ-ਮੁਹਾਰੇ ਉਸ ਨੂੰ ਪੁੱਛਦਾ ਹਾਂ, “ਇਸ ਨੂੰ ਬੁਖ਼ਾਰ ਕਦ ਤੋਂ ਹੈ?”
ਪਹਿਲਾਂ ਉਹ ਮੇਰੇ ਮੂੰਹ ਵੱਲ ਦੇਖਦੀ ਹੈ ਅਤੇ ਫਿਰ ਚੰਦਨ ਦੇ। ਚੰਦਨ ਮੇਰੀ ਗੱਲ ਦੁਹਰਾ ਦਿੰਦਾ ਹੈ, “ਵੇਨੂੰ ਇੜਕੂ ਬਿਸਕੇ ਤਿੰਨ ਚੌ ਮਿੰਦੇ?”
ਉਹ ਦੱਸਦੀ ਹੈ ਕਿ ਕਈ ਦਿਨ ਤੋਂ ਹੈ। “ਪੋਇਤਕੁਨ ਵਿੜਸੋ?” (ਕੀ ਲਗਾਤਾਰ ਰਹਿੰਦਾ ਹੈ?) ਚੰਦਨ ਪੁੱਛਦਾ ਹੈ।
ਬੁਖ਼ਾਰ ਕਈ ਦਿਨ ਤੋਂ ਅਤੇ ਲਗਾਤਾਰ ਸੀ। ਅਸੀਂ ਸਿੱਟਾ ਕੱਢਦੇ ਹਾਂ ਕਿ ਇਹ ਮਲੇਰੀਆ ਨਹੀਂ ਹੈ। ਅਸੀਂ ਦੋਵੇਂ ਇਕੋ ਜਿਹੇ ਡਾਕਟਰ ਹਾਂ, ਪਰ ਡਾਕਟਰ ਦੀ ਗ਼ੈਰ-ਮੌਜੂਦਗੀ ਵਿਚ ਅਜਿਹੇ ਹਕੀਮ ਵੀ ਕਈ ਜਾਨਾਂ ਬਚਾ ਦਿੰਦੇ ਹਨ। ਬਸਤਰ ਦੇ ਆਦਿਵਾਸੀਆਂ ਵਾਸਤੇ ਦਸਤੇ ਦਾ ਹਰ ਮੈਂਬਰ ਹੀ ਡਾਕਟਰ ਹੈ, ਕਿਉਂਕਿ ਉਸ ਕੋਲ ਹਰ ਵਕਤ ਦਵਾਈਆਂ ਮੌਜੂਦ ਰਹਿੰਦੀਆਂ ਹਨ।
ਮੈਂ ਉਸ ਔਰਤ ਤੋਂ ਪੁੱਛਦਾ ਹਾਂ ਕਿ ਘਰ ਵਿਚ ਸ਼ੱਕਰ, ਗੁੜ, ਖੰਡ ਵਗ਼ੈਰਾ ਕੋਈ ਚੀਜ਼ ਮੌਜੂਦ ਹੈ ਕਿ ਨਹੀਂ। ਉਸ ਦਾ ਇੱਕੋ ਜਵਾਬ ਹੈ: “ਇੱਲਾ।” ਯਾਨਿ, ਨਹੀਂ। ਸਾਡੇ ਕੋਲ ਬੁਖ਼ਾਰ ਦੀ ਕੋਈ ਪੀਣ ਵਾਲੀ ਦਵਾ ਨਹੀਂ ਹੈ ਜਿਹੜੀ ਅਸੀਂ ਬੱਚੇ ਨੂੰ ਦੇ ਸਕੀਏ। ਲੋਕਾਂ ਕੋਲ ਮਿੱਠਾ ਨਹੀਂ ਹੈ ਜਿਸ ਵਿਚ ਗੋਲੀ ਘੋਲ ਕੇ ਦਿੱਤੀ ਜਾ ਸਕੇ। ਸੋ ਜਿਵੇਂ ਕਿਵੇਂ ਵੀ ਅਸੀਂ ਦਵਾ ਪੀਸ ਕੇ ਪਾਣੀ ਨਾਲ ਬੱਚੇ ਨੂੰ ਦੇ ਦਿੰਦੇ ਹਾਂ ਤੇ ਬਾਕੀ ਗੋਲੀਆਂ ਬੱਚੇ ਦੀ ਮਾਂ ਹਵਾਲੇ ਕਰ ਦਿੰਦੇ ਹਾਂ। ਚੌਲਾਂ ਤੋਂ ਬਿਨਾਂ ਉਥੇ ਕੁਝ ਵੀ ਨਹੀਂ ਹੈ; ਸੋ ਅਸੀਂ ਇਹ ਕਹਿਣ ਦੀ ਮੂਰਖ਼ਤਾ ਨਹੀਂ ਕਰਦੇ ਕਿ ਉਹ ਬੱਚੇ ਨੂੰ ਚੰਗੀ ਖ਼ੁਰਾਕ ਦੇਣ ਦਾ ਯਤਨ ਕਰੇ।
ਉਸ ਤੋਂ ਬਾਅਦ ਇਕ ਇਕ ਕਰ ਕੇ ਮਰੀਜ਼ ਸਾਡੇ ਕੋਲ ਆਉਂਦੇ ਗਏ। ਉਨ੍ਹਾਂ ਵਿਚੋਂ ਬਹੁਤੇ ਤਾਂ ਮਲੇਰੀਏ ਦੇ ਭੰਨੇ ਹੋਏ ਸਨ। ਮਲੇਰੀਏ ਦੀ ਦਵਾ ਗੁਰੀਲਿਆਂ ਕੋਲ ਬਹੁਤ ਰਹਿੰਦੀ ਹੈ, ਪਰ ਛੋਟੇ ਬੱਚਿਆਂ ਵਾਸਤੇ ਟੁੱਟੀ ਹੋਈ ਜਾਂ ਪੀਸੀ ਹੋਈ ਗੋਲੀ ਹਲਕ Ḕਚੋਂ ਉਤਾਰਨੀ ਮੁਸ਼ਕਿਲ ਹੁੰਦੀ ਹੈ। ਬੱਚਿਆਂ ਵਾਸਤੇ ਸਿਰਪ ਨਹੀਂ ਹੈ। ਉਹ ਦਵਾ ਖਾਂਦਿਆਂ ਬਹੁਤ ਪ੍ਰੇਸ਼ਾਨ ਹੁੰਦੇ ਹਨ। ਮੈਂ ਤੇ ਚੰਦਨ ਸਲਾਹ ਕਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਤਾੜੀ ਦਾ ਤਾਜ਼ਾ ਰਸ ਲਿਆਉਣ ਵਾਸਤੇ ਕਹਿੰਦੇ ਹਾਂ। ਲੋਕ ਖ਼ੁਸਰ-ਫ਼ੁਸਰ ਕਰਨ ਲਗਦੇ ਹਨ। ਦਸਤੇ ਤਾਂ ਕਦੇ ਤਾੜੀ ਦੀ ਮੰਗ ਨਹੀਂ ਕਰਦੇ, ਪਰ ਅੱਜ ਕਿਉਂ? ਉਨ੍ਹਾਂ ਵਿਚੋਂ ਕੁਝ ਆਦਮੀ ਤਾਂ ਹੈਰਾਨ ਹੁੰਦੇ ਹਨ ਤੇ ਕੁਝ ਖ਼ੁਸ਼ ਹੋ ਜਾਂਦੇ ਹਨ। ਦਸਤੇ ਵਾਲੇ ਖ਼ੁਦ ਪੀਣਗੇ ਤਾਂ ਉਨ੍ਹਾਂ ਨੂੰ ਵੀ ਨਹੀਂ ਰੋਕਣਗੇ। ਔਰਤਾਂ ਤਾੜੀ ਮੰਗਵਾਏ ਜਾਣ ਤੋਂ ਕਤੱਈ ਖ਼ੁਸ਼ ਨਹੀਂ ਹਨ। ਉਹ ਹੈਰਾਨ ਹੋਈਆਂ ਚੁੱਪ ਹੀ ਰਹਿੰਦੀਆਂ ਹਨ।
ਸਵੇਰੇ ਜਦ ਤਾੜੀ ਨੂੰ ਪਤੀਲੇ ਵਿਚ ਇਕੱਠਾ ਕਰ ਕੇ ਅੱਗ ਉਤੇ ਰੱਖ ਦਿੱਤਾ ਗਿਆ ਤਾਂ ਹਰ ਕੋਈ ਹੈਰਾਨ ਹੋ ਗਿਆ: ਲੋਕ ਵੀ ਅਤੇ ਸਭਿਆਚਾਰਕ ਟੋਲੀ ਦੇ ਦੂਸਰੇ ਮੈਂਬਰ ਵੀ। ਉਤਸੁਕਤਾ ਨੇ ਹਰ ਕਿਸੇ ਨੂੰ ਘੇਰ ਲਿਆ। ਦੋ ਘੰਟੇ ਦੀ ਮਿਹਨਤ ਬਾਅਦ ਜਦ ਗੁੜ ਦਾ ਸੀਰਾ ਤਿਆਰ ਹੋ ਗਿਆ ਤਾਂ ਅਸੀਂ ਸਭ ਨੂੰ ਇਸ ਦਾ ਸਵਾਦ ਚਖ਼ਾਇਆ।
“ਅਸੀਂ ਵੀ ਬਣਾਵਾਂਗੇ।” ਉਨ੍ਹਾਂ ਖ਼ੁਸ਼ ਹੋ ਕੇ ਕਿਹਾ।
“ਤਾੜੀ ਘੱਟ ਪੀਓ, ਇਸ ਦਾ ਗੁੜ ਬਣਾਓ!” (ਤਾੜ ਕਲ ਤਿਨ ਚੌ ਗੁੜਾ ਬਨਾ ਕੀਨਾ!) ਸਭਿਆਚਾਰਕ ਮੰਡਲੀ ਨੇ ਇਹ ਨਾਅਰਾ ਅਪਣਾ ਲਿਆ।
ਗੁੜ ਉਤੇ ਸਾਰੇ ਹੀ ਹੈਰਾਨ ਹੋਏ ਸਨ। ਯਕੀਨਨ, ਔਰਤਾਂ ਇਸ ਉਤੇ ਜ਼ਿਆਦਾ ਖ਼ੁਸ਼ ਸਨ। ਉਹ ਵੀ ਬੇਸ਼ੱਕ, ਤਾੜੀ ਪੀਂਦੀਆਂ ਹਨ, ਪਰ ਆਦਮੀ ਹਮੇਸ਼ਾ ਹੀ ਉਨ੍ਹਾਂ ਤੋਂ ਕਿਤੇ ਜ਼ਿਆਦਾ ਡਕਾਰ ਜਾਂਦੇ ਹਨ। ਘਰ ਵਿਚ ਗੁੜ ਹੋਵੇਗਾ ਤਾਂ ਬੱਚਿਆਂ ਦੇ ਕੰਮ ਆਵੇਗਾ। ਬਸਤਰ ਵਿਚ ਮਲੇਰੀਆ ਸਮੁੰਦਰ ਵਾਂਗ ਠਾਠਾਂ ਮਾਰਦਾ ਹੈ। ਕੋਈ ਡਾਕਟਰ ਜੇ ਉਥੇ ਜਾ ਬੈਠੇ ਤਾਂ ਸਿਰਫ਼ ਮਲੇਰੀਏ ਤੋਂ ਹੀ ਮਹੱਲ ਖੜ੍ਹਾ ਕਰ ਲਵੇ! ਸ਼ਰਤ ਇਹ ਹੈ ਕਿ ਉਸ ਨੂੰ ਦਸਤੇ ਦੀ ਇਜਾਜ਼ਤ ਲੈਣੀ ਪਵੇਗੀ; ਤੇ ਜ਼ਾਹਰ ਹੈ ਕਿ ਅਜਿਹੀ ਇਜਾਜ਼ਤ ਮਿਲੇਗੀ ਨਹੀਂ। ਉਥੇ ਉਹੀ ਡਾਕਟਰ ਜਾ ਸਕਦਾ ਹੈ ਜਿਹੜਾ ਹਿਪੋਕਰੀਟਸ ਦੀ ਸਹੁੰ ਉਪਰ ਅਮਲ ਕਰਨ ਦਾ ਪਾਬੰਦ ਰਹਿਣਾ ਚਾਹੁੰਦਾ ਹੈ। ਅਜਿਹੇ ਡਾਕਟਰਾਂ ਦਾ ਕਿਉਂਕਿ ਕਾਲ ਹੈ, ਸੋ ਬਿਮਾਰੀਆਂ ਨਾਲ ਨਜਿੱਠਣ ਦਾ ਜ਼ਿੰਮਾ ਇਨਕਲਾਬੀ ਲਹਿਰ ਨੇ ਖ਼ੁਦ ਹੀ ਸਾਂਭਿਆ ਹੋਇਆ ਹੈ। ਲਹਿਰ ਨੇ ਪਿੰਡਾਂ ਵਿਚ ਦਵਾ ਸੰਘ ਖੜ੍ਹੇ ਕਰ ਲਏ ਹਨ। ਪਵਨ ਇਨ੍ਹਾਂ ਦਵਾ ਸੰਘਾਂ ਨੂੰ ਟਰੇਂਡ ਕਰਨ ਵਾਸਤੇ ਹੀ ਕਈ ਕਈ ਮਹੀਨੇ ਜੰਗਲ ਵਿਚ ਰਹਿੰਦਾ ਹੈ। ਉਥੇ ਇਕ ਪਵਨ ਦਾ ਮਤਲਬ ਹੈ: ਸੈਂਕੜੇ ਮਰੀਜ਼ਾਂ ਦਾ ਇੱਕੋ ਸਮੇਂ ਇਲਾਜ।
(ਚਲਦਾ)