ਰੂਹ ਦਾ ਰਿਸ਼ਤਾ

ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੀ ਕਹਾਣੀ
ਸ਼ ਹਰਨੇਕ ਸਿੰਘ ਘੜੂੰਆਂ ਹੈ ਤਾਂ ਭਾਵੇਂ ਸਿਆਸੀ ਆਗੂ, ਪਰ ਵੱਖ-ਵੱਖ ਸਮਿਆਂ ਤੇ ਸਰਕਾਰਾਂ ਦੌਰਾਨ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਕਈ ਗੇੜਿਆਂ ਤੋਂ ਬਾਅਦ ਹਰਫ ਅਤੇ ਹਾਲਾਤ ਨੂੰ ਜੋੜ-ਜੋੜ ਕੇ ਉਨ੍ਹਾਂ ਅਨੂਠਾ ਸਫਰਨਾਮਾ ਜੋੜ ਲਿਆ- ਉਠ ਗਏ ਗੁਆਂਢੋਂ ਯਾਰ। ਇਹ ਅਸਲ ਵਿਚ ਸਫਰਨਾਮਾ ਨਹੀਂ, ਦੋਹਾਂ ਪੰਜਾਬਾਂ ਦੇ ਲੋਕਾਂ ਦੀ ਇਕ-ਦੂਜੇ ਨੂੰ ਮਿਲਣ ਦੀ ਤੜਫਾਹਟ ਹੈ।

‘ਰੂਹ ਦਾ ਰਿਸ਼ਤਾ’ ਨਾਂ ਦੇ ਇਸ ਲੇਖ ਵਿਚ ਲਿਖਾਰੀ ਨੇ ਇਸ ਤੜਫਾਹਟ ਦਾ ਬਿਆਨ ਕੀਤਾ ਹੈ। ਇਸ ਬਿਆਨ ਵਿਚ ਅਪਣੱਤ ਦੀਆਂ ਛੱਲਾਂ ਠਾਠਾਂ ਮਾਰਦੀਆਂ ਹਨ ਜੋ ਪੜ੍ਹਨ-ਸੁਣਨ ਵਾਲੇ ਹਰ ਜੀਅ ਨੂੰ ਠਾਰਦੀਆਂ ਹਨ। -ਸੰਪਾਦਕ

ਹਰਨੇਕ ਸਿੰਘ ਘੜੂੰਆਂ

ਮੈਂ ਭਾਵੇਂ ਪਾਕਿਸਤਾਨ ਦੇ ਦਸ ਬਾਰਾਂ ਚੱਕਰ ਲਾ ਆਇਆ ਸਾਂ, ਪਰ ਨੀਲੀ ਬਾਰ ਦੇ ਇਲਾਕੇ ਵਿਚ ਪਹਿਲੀ ਵਾਰ ਗਿਆ ਸੀ। ਰਾਤੀਂ ਦੇਰ ਨਾਲ ਅਸੀਂ ਮਾਨਾਮੋਰ ਘੁੰਮਣਾਂ ਦੇ ਡੇਰੇ ‘ਤੇ ਪਹੁੰਚੇ। ਇਹ ਡੇਰਾ ਮੰਡੀ ਬੂਰੇ ਵਾਲੇ ਤੋਂ ਦੋ ਕੁ ਮੀਲ ‘ਤੇ ਹੈ। ਸਾਰੀ ਰਾਤ ਸਿਬੜ-ਸਿਬੜ ਹੁੰਦੀ ਰਹੀ, ਦਿਨ ਚੜ੍ਹਨ ਵੇਲੇ ਬਾਰਸ਼ ਰੁਕ ਚੁੱਕੀ ਸੀ, ਪਰ ਅਸਮਾਨ ਨੇ ਅਜੇ ਵੀ ਬੱਦਲਾਂ ਦੀ ਬੁੱਕਲ ਮਾਰੀ ਹੋਈ ਸੀ। ਮੈਂ ਬਾਹਰ ਨਿਕਲ ਕੇ ਕਣਕ ਦੇ ਖੇਤਾਂ ਵੱਲ ਨਿਗ੍ਹਾ ਮਾਰੀ। ਕਿਸੇ ਅੱਲ੍ਹੜ ਮੁਟਿਆਰ ਦੀ ਤੋਤੇ ਰੰਗੀ ਚੁੰਨੀ ‘ਤੇ ਚਿਪਕੇ ਹੋਏ ਮੋਤੀਆਂ ਵਾਂਗ ਕਣਕ ਦੇ ਹਰੇ ਕਚੂਰ ਪੱਤਿਆਂ ਨਾਲ ਉਸ ਦੇ ਤੁਪਕੇ ਲਟਕ ਰਹੇ ਸਨ। ਕਿਸਾਨ ਪਰਿਵਾਰ ਵਿਚ ਪੈਦਾ ਹੋਣ ਕਾਰਨ ਫਸਲਾਂ ਨੂੰ ਵੇਖ ਕੇ ਰੂਹ ਦਾ ਖਿੜ ਜਾਣਾ ਕੁਦਰਤੀ ਸੀ। ਸਾਡੇ ਪਿੰਡ ਦੇ ਤਿੰਨ ਪਰਿਵਾਰ ਇਸ ਇਲਾਕੇ ਤੋਂ 1947 ਦੇ ਉਜਾੜੇ ਵੇਲੇ ਉਠ ਕੇ ਗਏ ਸਨ। ਕੁਝ ਬਜ਼ੁਰਗ ਤਾਂ ਇਸ ਧਰਤੀ ਦੇ ਵਿਛੋੜੇ ਦੀ ਸੀਨੇ ਵਿਚ ਟਸ-ਟਸ ਕਰਦੀ ਪੀੜਾ ਨਾਲ ਲੈ ਕੇ ਦਫਨ ਹੋ ਗਏ, ਬਚਦੇ ਅੱਜ ਵੀ ਬਾਰਾਂ ਦਾ ਜ਼ਿਕਰ ਤੁਰਨ ਉਤੇ ਸਰਦ ਹਉਕਾ ਭਰਦੇ ਹਨ। ਮੈਂ ਸੋਚ ਰਿਹਾ ਸਾਂ, ਬਾਰਸ਼ ਨਾਲ ਕਣਕ ਦੀ ਫਸਲ ‘ਤੇ ਜਿਹੜਾ ਜੋਬਨ ਆਇਆ ਏ, ਉਸ ਤੋਂ ਘੁੰਮਣ ਪਰਿਵਾਰ ਬੜਾ ਖੁਸ਼ ਹੋਏਗਾ, ਪਰ ਸਨਾਉਲਾ ਘੁੰਮਣ ਮੂੰਹ ਲਟਕਾਈ ਬੈਠਾ ਸੀ। ਉਸ ਦੇ ਮੂੰਹੋਂ ਨਿਕਲਿਆ, “ਸਰਦਾਰ ਸਾਹਿਬ! ਬਾਰਸ਼ ਨੇ ਸਾਰਾ ਕੰਮ ਗੜਬੜ ਕਰ ਦਿੱਤਾ ਏ।”
“ਕਿਉਂ?” ਮੈਂ ਹੈਰਾਨ ਹੋ ਕੇ ਪੁੱਛਿਆ।
“ਗੱਲ ਇਸ ਤਰ੍ਹਾਂ ਏ, ਤੁਹਾਡੀ ਆਮਦ ‘ਤੇ ਅਸੀਂ ਚਾਰ ਪੰਜ ਸੌ ਬੰਦੇ ਸੱਦੇ ਸਨ ਤੇ ਨਾਲੇ ਆਤਿਸ਼ਬਾਜ਼ੀ ਤੇ ਪਟਾਕਿਆਂ ਦਾ ਇੰਤਜ਼ਾਮ ਵੀ ਕੀਤਾ ਸੀ, ਪਰ ਬਾਰਸ਼ ਕਾਰਨ ਸਾਰਾ ਕੁਝ ਰੱਦ ਕਰਨਾ ਪਿਆ।” ਜਿਥੇ ਇਨ੍ਹਾਂ ਦੀ ਮਹਿਮਾਨ ਨਿਵਾਜ਼ੀ ‘ਤੇ ਮੈਂ ਵਾਰੀ-ਵਾਰੀ ਜਾ ਰਿਹਾ ਸਾਂ, ਉਥੇ ਉਦਾਸ ਹੋਣੋਂ ਨਾ ਰਹਿ ਸਕਿਆ। ਅਸੀਂ ਸੀਮਤ ਸਾਧਨਾਂ ਦੇ ਮਾਲਕ ਕਿਵੇਂ ਪੂਰੇ ਉਤਰਾਂਗੇ ਇਨ੍ਹਾਂ ਲੋਕਾਂ ਨਾਲ? ਅਖੀਰ ਫੈਸਲਾ ਹੋਇਆ ਕਿ ਬਾਕੀ ਲੋਕਾਂ ਨੂੰ ਇਥੇ ਬੁਲਾਉਣ ਦੀ ਬਜਾਏ ਸਮੇਂ ਅਨੁਸਾਰ ਕੁਝ ਦੇ ਡੇਰਿਆਂ ‘ਤੇ ਜਾਇਆ ਜਾਵੇ। ਖੁਆ-ਪਿਲਾ ਕੇ ਇਨ੍ਹਾਂ ਲੋਕਾਂ ਨੇ ਸਾਡਾ ਇੰਨਾ ਬੁਰਾ ਹਾਲ ਕਰ ਦਿਤਾ ਕਿ ਮੈਨੂੰ ਨਾਨਕ ਸਿੰਘ ਦੀ ਕਹਾਣੀ ḔਭੂਆḔ ਚੇਤੇ ਆ ਗਈ।
ਇਸ ਤੋਂ ਬਾਅਦ ਅਸੀਂ ਮੰਡੀ ਬੂਰੇ ਵਾਲਾ ਤਹਿਸੀਲ ਨਾਜ਼ਮ ਉਸਮਾਨ ਵੜੈਚ ਦੇ ਦਫਤਰ ਗਏ। ਉਥੇ ਅਖਬਾਰਾਂ ਵਾਲਿਆਂ ਦੀ ਭੀੜ ਨੇ ਕਾਫੀ ਦੇਰ ਸਾਨੂੰ ਘੇਰੀ ਰੱਖਿਆ। ਅਸੀਂ ਅਖਬਾਰਾਂ ਵਾਲਿਆਂ ਨੂੰ ਬੇਨਤੀ ਕੀਤੀ, “ਰੁਖ ਜ਼ਰਾ ਹਾਂ-ਪੱਖੀ ਰੱਖਣਾ, ਕਈ ਵਾਰ ਪਾਕਿਸਤਾਨੀ ਅਖਬਾਰ ਤੁਹਾਡੀ ਗੱਲ ਤਰੋੜ-ਮਰੋੜ ਕੇ ਲਿਖ ਦਿੰਦੇ ਹਨ।” ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਤੇ ਨਾਲ ਹੀ ਕਿਹਾ, “ਸਾਡੀਆਂ ਖਬਰਾਂ ਕੱਲ੍ਹ ਪੜ੍ਹ ਲੈਣਾ, ਪਰ ਤੁਸੀਂ ਵੀ ਸਾਡੇ ਨਾਲ ਵਾਅਦਾ ਕਰੋ ਕਿ ਤੁਸੀਂ ਸਾਨੂੰ ਇੰਡੀਆ ਬੁਲਾਓਗੇ।”
ਕਦੇ ਇਸ ਸ਼ਹਿਰ ਵਿਚ ਸਰਦਾਰਾਂ ਦਾ ਬੜਾ ਬੋਲ ਬਾਲਾ ਸੀ। ਸਰਦਾਰ ਅਜੀਤ ਸਿੰਘ ਇਥੋਂ ਦੇ ਨਾਮਵਰ ਸਿੱਖਾਂ ਵਿਚੋਂ ਸਨ, ਪਰ 1947 ਤੋਂ ਬਾਅਦ ਕੋਈ ਟਾਵਾਂ ਟੱਲਾ ਸਿੱਖ ਇਸ ਪਾਸੇ ਆਇਆ ਸੀ। ਬਹੁਤੇ ਸਿੱਖ ਲਾਹੌਰ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਹੋ ਕੇ ਵਾਪਸ ਆ ਜਾਂਦੇ ਸਨ। ਇਹੀ ਕਾਰਨ ਸੀ ਕਿ ਸਾਡੀਆਂ ਪਗੜੀਆਂ ਉਨ੍ਹਾਂ ਲੋਕਾਂ ਦੀ ਦਿਲਚਸਪੀ ਦਾ ਸਬੱਬ ਬਣੀਆਂ ਹੋਈਆਂ ਸਨ। ਸ਼ਹਿਰ ਬੜਾ ਰੌਣਕ ਵਾਲਾ ਪ੍ਰਤੀਤ ਹੋ ਰਿਹਾ ਸੀ। ਆਲੇ-ਦੁਆਲੇ ਦਾ ਇਲਾਕਾ ਉਪਜਾਊ ਹੋਣ ਕਾਰਨ ਦੁਕਾਨਦਾਰ ਕਾਫੀ ਖੁਸ਼ਹਾਲ ਹਨ। ਵਸੋਂ ਪੱਖੋਂ ਇਹ ਸ਼ਹਿਰ ਵਿਹਾੜੀ ਨਾਲੋਂ ਵੱਡਾ ਹੈ, ਤੇ ਹੈ ਵੀ ਤਰਤੀਬ ਵਿਚ ਵੱਸਿਆ ਹੋਇਆ, ਪਰ ਕੁਝ ਸਿਆਸੀ ਕਾਰਨਾਂ ਕਰ ਕੇ ਵਿਹਾੜੀ ਜ਼ਿਲ੍ਹਾ ਬਣ ਗਿਆ। ਫਿਲਮ ਸਟਾਰ ਰਾਜੇਸ਼ ਖੰਨਾ ਦੇ ਪਿਤਾ ਇਥੇ ਹੀ ਸਕੂਲ ਮਾਸਟਰ ਹੁੰਦੇ ਸਨ ਅਤੇ ਉਨ੍ਹਾਂ ਦਾ ਘਰ ਅਜੇ ਵੀ ਮਹਿਫੂਜ਼ ਹੈ। ਪੰਜਾਬ ਪੁਲਿਸ ਦੇ ਮੁਖੀ ਰਹੇ ਕੇæਪੀæ ਐਸ਼ ਗਿੱਲ ਦੀ ਮੁੱਢਲੀ ਪੜ੍ਹਾਈ ਵੀ ਇਸੇ ਸ਼ਹਿਰ ਵਿਚ ਹੋਈ।
ਮੰਡੀ ਬੂਰੇ ਵਾਲਾ ਤੋਂ ਬਾਅਦ ਅਸੀਂ ਚੱਕ ਨੰਬਰ 317 ਈæਬੀæ ਲਈ ਚਾਲੇ ਪਾ ਦਿਤੇ। ਇਹ ਸਥਾਨ ਉਥੋਂ 14-15 ਕਿਲੋਮੀਟਰ ਹੈ। ਚੰਦ ਮਿੰਟਾਂ ਵਿਚ ਅਸੀਂ ਉਸ ਜਗ੍ਹਾ ਪਹੁੰਚ ਗਏ। ਇਸ ਚੱਕ ਦਾ ਨਾਂ ਚੱਕ ਹਾਜੀ ਸ਼ਾਹ ਸ਼ੇਰ ਜਾਂ ਤਪ ਸਥਾਨ ਵੀ ਲਿਆ ਜਾਂਦਾ ਹੈ। ਇਥੇ ਮੁਸਲਮਾਨ ਫਕੀਰ ਹਾਜੀ ਪੀਰ ਦੀ ਮਜ਼ਾਰ ਹੈ। ਪੀਰ ਦਾ ਦੇਹਾਂਤ 730 ਈਸਵੀ ਵਿਚ ਹੋਇਆ। ਇਹ ਚੁੰਨੀਆਂ ਦੇ ਮਹਾਰਾਜੇ ਮਹੀਂਵਾਲ ਦੇ ਬੇਟੇ ਸਨ, ਪਰ ਆਪਣੇ ਰਾਜ ਭਾਗ ਨੂੰ ਲੱਤ ਮਾਰ ਕੇ ਸਾਰੀ ਉਮਰ ਫਕੀਰੀ ਕਮਾਈ। ਪੀਰ ਨੂੰ ਮਹਾਂਸਾਵਰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਦੀ ਭੈਣ ਦਾ ਨਾਂ ਕੰਗਣ ਬੁਰਜ ਸੀ ਜਿਸ ਦੀ ਕਬਰ ਪੀਰ ਦੇ ਨਾਲ ਬਣੀ ਹੈ। ਜ਼ਿਲ੍ਹਾ ਕਸੂਰ ਦਾ ਸ਼ਹਿਰ ਕੰਗਣਪੁਰ ਇਨ੍ਹਾਂ ਦੇ ਨਾਂ ‘ਤੇ ਵੱਸਿਆ ਹੈ।
ਇਲਾਕੇ ਦੇ ਸ਼ੁਦਾਈਆਂ ਨੂੰ ਲੋਕ ਇਥੇ ਛੱਡ ਜਾਂਦੇ ਹਨ ਜਿਨ੍ਹਾਂ ਨੂੰ ਸੰਗਲ ਪਾ ਕੇ ਰੱਖਿਆ ਜਾਂਦਾ ਹੈ। ਸਿੱਧੇ-ਸਾਧੇ ਲੋਕਾਂ ਵਿਚ ਇਹ ਧਾਰਨਾ ਬਣੀ ਹੋਈ ਹੈ ਕਿ ਜਦੋਂ ਸ਼ੁਦਾਈ ਠੀਕ ਹੋ ਜਾਂਦਾ ਹੈ, ਤਦ ਉਸ ਦਾ ਸੰਗਲ ਆਪਣੇ ਆਪ ਟੁੱਟ ਜਾਂਦਾ ਹੈ। ਅਸੀਂ ਸ਼ੁਦਾਈਆਂ ਵਾਲੇ ਪਾਸੇ ਜਾਣਾ ਚਾਹੁੰਦੇ ਸਾਂ, ਪਰ ਸਨਾਉਲਾ ਘੁੰਮਣ ਰੋਕ ਰਿਹਾ ਸੀ, “ਛੱਡੋ ਜੀ ਪਰੇ, ਇਨ੍ਹਾਂ ਦਾ ਇਤਬਾਰ ਨਹੀਂ। ਪਤਾ ਨਹੀਂ ਮੂੰਹੋਂ ਕਿਹੜੀ ਗੱਲ ਕੱਢ ਦੇਣ! ਪਿਛੇ ਜਿਹੇ ਸ਼ੂਗਰ ਮਿੱਲ ਬੂਰੇ ਵਾਲੇ ਦਾ ਜਨਰਲ ਮੈਨੇਜਰ ਇਧਰ ਆ ਗਿਆ। ਉਸ ਨੂੰ ਵੇਖ ਕੇ ਇਕ ਸ਼ੁਦਾਈ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਉਸ ਵਿਚਾਰੇ ਨੇ ਗੱਲ ਟਾਲਦਿਆਂ ਕਿਹਾ, ਚਲੋ ਉਹ ਕਿਸੇ ਹੋਰ ਨੂੰ ਗਾਲ੍ਹ ਕੱਢ ਰਿਹਾ ਹੋਵੇਗਾ, ਪਰ ਸ਼ੁਦਾਈ ਨੇ ਝੱਟ, ਫਿਰ ਗਾਲ੍ਹ ਕੱਢਦਿਆਂ ਕਿਹਾ, “ਉਹ ਕੋਟ ਪੈਂਟ ਵਾਲਿਆ, ਮੈਂ ਕਿਸੇ ਹੋਰ ਨੂੰ ਨਹੀਂ, ਤੈਨੂੰ ਗਾਲ੍ਹਾਂ ਕੱਢ ਰਿਹਾਂ।”
ਮੈਨੂੰ ਬਚਪਨ ਤੋਂ ਹੀ ਸ਼ੁਦਾਈਆਂ ਦੀਆਂ ਗੱਲਾਂ ਬੜੀਆਂ ਦਿਲਚਸਪ ਲੱਗਦੀਆਂ ਹਨ। ਮੈਂ ਸੋਚ ਕੇ ਉਸ ਪਾਸੇ ਤੁਰ ਪਿਆ, ਚਲੋ ਜੇ ਕਿਸੇ ਨੇ ਕੁਝ ਕਹਿ ਵੀ ਦਿੱਤਾ ਤਾਂ ਸ਼ੁਦਾਈਆਂ ਦਾ ਕੀ ਗੁੱਸਾ? ਇਕ ਸ਼ੁਦਾਈ ਮੇਰੇ ਵੱਲ ਵਧਿਆ ਤਾਂ ਸਨਾਉਲਾ ਨੂੰ ਬੜੀ ਘਬਰਾਹਟ ਹੋ ਗਈ ਕਿ ਕਿਧਰੇ ਉਹੋ ਗੱਲ ਨਾ ਹੋ ਜਾਏ, ਪਰ ਉਸ ਨੇ ਕੋਲ ਆ ਕੇ ਫੌਜੀਆਂ ਵਾਂਗ ਸਲੂਟ ਮਾਰਿਆ ਤੇ ਕਹਿਣ ਲੱਗਾ, “ਮੈਂ ਸੁਲਤਾਨ ਰਾਹੀ ਵਾਂ।” (ਮਰਹੂਮ ਪੰਜਾਬੀ ਫਿਲਮ ਸਟਾਰ)। ਮੈਂ ਥੋੜ੍ਹੇ ਸ਼ਰਾਰਤੀ ਲਹਿਜ਼ੇ ਵਿਚ ਕਿਹਾ, “ਥੋੜ੍ਹੀ ਹੋਰ ਮਿਹਨਤ ਕਰਿਆ ਕਰ ਫਿਲਮਾਂ ਵਿਚ।”
“ਜੀ ਬਿਹਤਰ, ਅੱਗਿਉਂ ਕੋਈ ਉਲਾਂਭਾ ਨਹੀਂ ਆਏਗਾ।” ਦੁਬਾਰਾ ਸਲੂਟ ਮਾਰ ਕੇ ਉਹ ਵਾਪਸ ਚਲਾ ਗਿਆ।
ਮਜ਼ਾਰ ਤੋਂ ਥੋੜ੍ਹੀ ਦੂਰ ਉਤਰ ਦੱਖਣ ਵੱਲ ਗੁਰਦੁਆਰੇ ਦੀ ਛੋਟੀ ਜਿਹੀ ਇਮਾਰਤ ਹੈ। ਪਹੁੰਚਣ ‘ਤੇ ਪਤਾ ਲੱਗਾ ਕਿ ਇਸ ਸਥਾਨ ‘ਤੇ ਗੁਰੂ ਨਾਨਕ ਨੇ ਲੰਬਾ ਸਮਾਂ ਇਬਾਦਤ ਕੀਤੀ ਸੀ, ਪਰ ਅਫਸੋਸ ਇਹ ਗੁਰਦੁਆਰਾ ਅੱਜ ਕੱਲ੍ਹ ਕਿਸੇ ਸਾਧਾਰਨ ਜਿਹੇ ਬੰਦੇ ਦੀ ਰਿਹਾਇਸ਼ਗਾਹ ਬØਣਿਆ ਹੋਇਆ ਸੀ। ਗੁਰਦੁਆਰੇ ‘ਤੇ ਸੰਗਮਰਮਰ ਦੀਆਂ ਕੁਝ ਟੁਕੜੀਆਂ ਲੱਗੀਆਂ ਸਨ ਤੇ ਉਨ੍ਹਾਂ ‘ਤੇ ਦਾਨੀਆਂ ਦੇ ਨਾਂ-ਪਤੇ ਲਿਖੇ ਹੋਏ ਸਨ। ਉਸ ਜਗ੍ਹਾ ਦੇ ਵਸਨੀਕਾਂ ਨੇ ਸਾਥੋਂ ਪੱਥਰਾਂ ਦੀ ਇਬਾਰਤ ਪੜ੍ਹਵਾ ਕੇ ਆਪਣੀ ਕਾਪੀ ਵਿਚ ਨੋਟ ਕਰ ਲਈ। ਇਸ ਗੁਰਦੁਆਰੇ ਦੇ ਸਾਹਮਣੇ ਖੂਹੀ ਹੈ ਜਿਸ ਵਿਚੋਂ ਅੱਜ ਵੀ ਸਾਫ ਸੁਥਰਾ ਪਾਣੀ ਨਿਕਲਦਾ ਹੈ। ਇਸ ਖੂਹੀ ਬਾਰੇ ਦੱਸਿਆ ਜਾਂਦਾ ਹੈ ਕਿ ਕਦੇ ਇਥੇ ਬਾਬਾ ਫਰੀਦ ਨੇ ਉਲਟੇ ਹੋ ਕੇ ਤਪੱਸਿਆ ਕੀਤੀ ਸੀ। ਇਸ ਚੱਕ ਤੋਂ ਕਿਲੋ-ਡੇਢ-ਕਿਲੋਮੀਟਰ ‘ਤੇ ਦਰਿਆ ਸਤਲੁਜ ਵਗਦਾ ਹੈ। ਇਸ ਚੱਕ ਦੇ ਵਾਸੀ ਜਾਂਗਲੀ ਹਨ। ਇਥੇ ਕਦੇ ਸਰਦਾਰ ਉਮਰਾਓ ਸਿੰਘ (ਸਾਬਕਾ ਮੰਤਰੀ) ਦੇ ਟੱਬਰ ਦੀਆਂ ਪੈਲੀਆਂ ਹੁੰਦੀਆਂ ਸਨ। ਇਥੋਂ ਅਸੀਂ ਵਾਪਸ ਅਸੀਂ ਘੁੰਮਣਾਂ ਦੇ ਡੇਰੇ ਉਤੇ ਆ ਗਏ। ਕਈ ਹੋਰ ਡੇਰਿਆਂ ‘ਤੇ ਅਜੇ ਸਾਨੂੰ ਦਾਅਵਤਾਂ ਬਾਕੀ ਸਨ। ਸਾਰਿਆਂ ਦੇ ਡੇਰਿਆਂ ‘ਤੇ ਜਾਣਾ ਤਾਂ ਮੁਸ਼ਕਿਲ ਸੀ, ਸਮੇਂ ਦੀ ਬੜੀ ਘਾਟ ਸੀ ਤੇ ਵਾਪਸ ਲਾਹੌਰ ਜਾਣਾ ਸੀ, ਅਸੀਂ ਜਿੰਨੇ ਕੁ ਡੇਰਿਆਂ ‘ਤੇ ਹੋ ਸਕਿਆ, ਜਾ ਕੇ ਵਾਪਸ ਲਾਹੌਰ ਪਹੁੰਚ ਗਏ।
ਮੈਂ ਜਦੋਂ ਦਾ ਹਿੰਦੁਸਤਾਨ ਵਾਪਸ ਆਇਆ ਸੀ, ਉਦੋਂ ਤੋਂ ਹੀ ਸਨਾਉਲਾ ਘੁੰਮਣ ਇਧਰ ਆਉਣ ਦੀ ਖਾਹਸ਼ ਜ਼ਾਹਿਰ ਕਰ ਰਿਹਾ ਸੀ। ਮੈਂ ਸਨਾਉਲਾ ਨੂੰ ਸਾਹਿਬਜ਼ਾਦਿਆਂ ਦੇ ਤਿੰਨ ਸੌ ਸਾਲਾ ਸ਼ਹੀਦੀ ਦਿਵਸ ‘ਤੇ ਬੁਲਾਉਣਾ ਚਾਹੁੰਦਾ ਸਾਂ, ਪਰ ਵੀਜ਼ੇ ਵਿਚ ਦੇਰੀ ਹੋਣ ਨਾਲ ਜਦੋਂ ਉਹ ਇਧਰ ਆਇਆ, ਉਨ੍ਹਾਂ ਦਿਨਾਂ ਵਿਚ ਲੋਹੜੀ ਦਾ ਤਿਉਹਾਰ ਸੀ। ਅਸੀਂ ਸਨਅਤਕਾਰ ਗੁਰਕਿਰਪਾਲ ਸਿੰਘ ਦੇ ਘਰ ਪੋਤੇ ਦੀ ਲੋਹੜੀ ‘ਤੇ ਜਾਣਾ ਸੀ। ਮੈਂ ਗੁਰਕਿਰਪਾਲ ਸਿੰਘ ਨਾਲ ਵਾਕਫੀਅਤ ਕਰਾਉਂਦਿਆਂ ਕਿਹਾ, “ਇਹ ਸਾਡੇ ਦੋਸਤ ਸਨਾਉਲਾ ਘੁੰਮਣ ਪਾਕਿਸਤਾਨ ਤੋਂ ਆਏ ਹਨ।” ਉਨ੍ਹਾਂ ਝੱਟ ਕਿਹਾ, “ਅਸੀਂ ਵੀ ਪਾਕਿਸਤਾਨ ਤੋਂ ਹੀ ਇਧਰ ਆਏ ਹਾਂ।” ਸਨਾਉਲਾ ਨੇ ਪੁੱਛਿਆ, “ਕਿਹੜੇ ਸ਼ਹਿਰੋਂ?” “ਮੰਡੀ ਬੂਰੇ ਵਾਲੇ ਤੋਂ।” ਸਨਾਉਲਾ ਇਕਦਮ ਉਛਲ ਪਿਆ, “ਸਰਦਾਰ ਸਾਹਿਬ, ਮੈਂ ਵੀ ਬੂਰੇ ਵਾਲੇ ਤੋਂ ਹੀ ਹਾਂ।” ਬੱਸ ਦੋਵੇਂ ਇਕਦਮ ਜੱਫੀ ਵਿਚ ਘੁੱਟੇ ਗਏ। ਇਸ ਤੋਂ ਬਾਅਦ ਗੁਰਕਿਰਪਾਲ ਸਿੰਘ ਨੇ ਮੈਨੂੰ ਜੱਫੀ ਵਿਚ ਘੁੱਟਦਿਆਂ ਕਿਹਾ, “ਘੜੂੰਆਂ ਸਾਹਿਬ, ਤੁਸੀਂ ਸਾਡੀ ਲੋਹੜੀ ਹੋਰ ਵੀ ਰੰਗੀਨ ਕਰ ਦਿਤੀ।” ਗੁਰਕਿਰਪਾਲ ਸਿੰਘ, ਸਰਦਾਰ ਅਜੀਤ ਸਿੰਘ ਦੇ ਲੜਕੇ ਹਨ ਜਿਨ੍ਹਾਂ ਦਾ ਅਸੀਂ ਮੰਡੀ ਬੂਰੇ ਵਾਲੇ ਬੜਾ ਜ਼ਿਕਰ ਸੁਣਿਆ ਸੀ। ਗੁਰਕਿਰਪਾਲ ਸਿੰਘ ਮੇਰੇ ਬੜੇ ਅੱਛੇ ਦੋਸਤ ਹਨ, ਪਰ ਮੇਰੇ ਜ਼ਿਹਨ ਵਿਚੋਂ ਇਹ ਗੱਲ ਪਤਾ ਨਹੀਂ ਕਿਵੇਂ ਖੁੰਝ ਗਈ, ਅਜੀਤ ਸਿੰਘ ਇਨ੍ਹਾਂ ਦੇ ਪਿਤਾ ਸਨ। ਅਜੀਤ ਸਿੰਘ ਹੁਸ਼ਿਆਰਪੁਰ ਨੇੜੇ ਪਿੰਡ ਬੈਂਸ ਆਪਣੇ ਨਾਨਕੇ ਘਰ ਜੰਮੇ, ਪਲੇ ਅਤੇ ਪੜ੍ਹੇ ਸਨ। ਪਹਿਲੀ ਆਲਮੀ ਜੰਗ ਵੇਲੇ ਇਨ੍ਹਾਂ ਦੇ ਪਿਤਾ ਸੂਬੇਦਾਰ ਮੇਜਰ ਹਰਨਾਮ ਸਿੰਘ ਦੀ ਜੰਗ ਵਿਚ ਮੌਤ ਹੋ ਗਈ ਸੀ। ਇਸ ਦੇ ਬਦਲੇ ਪਰਿਵਾਰ ਨੂੰ ਮੰਡੀ ਬੂਰੇ ਵਾਲਾ ਵਿਚ ਦੋ ਮੁਰੱਬੇ ਜ਼ਮੀਨ ਅਲਾਟ ਹੋ ਗਈ। ਅਜੀਤ ਸਿੰਘ ਚੜ੍ਹਦੀ ਉਮਰੇ ਨਾਨਕਾ ਪਿੰਡ ਛੱਡ ਕੇ ਜ਼ਮੀਨ ਆਬਾਦ ਕਰਨ ਲਈ ਮੰਡੀ ਬੂਰੇ ਵਾਲਾ ਪਹੁੰਚ ਗਏ। ਇਕ ਪਾਸੇ ਓਪਰਾ ਇਲਾਕਾ, ਦੂਜੇ ਪਾਸੇ ਬੰਜਰ ਜ਼ਮੀਨ, ਤੇ ਤੀਜੇ ਆਲੇ-ਦੁਆਲੇ ਦੇ ਬਾਸ਼ਿੰਦੇ ਜਾਂਗਲੀ, ਜੋ ਮੁੱਢ ਕਦੀਮ ਤੋਂ ਡੰਗਰ ਵੱਛੇ ਦੇ ਮੰਨੇ ਹੋਏ ਚੋਰ ਸਨ।
ਅਜੀਤ ਸਿੰਘ ਦੇ ਸਿਰੜੀ ਸੁਭਾਅ ਤੇ ਮਿਹਨਤ ਕਰਨ ਦੀ ਆਦਤ ਨੇ ਅਖੀਰ ਰੰਗ ਲਿਆਂਦੇ। ਜਿਥੇ ਜ਼ਮੀਨ ਵਿਚ ਮਣਾਂਮੂੰਹੀਂ ਫਸਲ ਪੈਦਾ ਹੋਣ ਲੱਗੀ, ਉਥੇ ਅਜੀਤ ਸਿੰਘ ਨੇ ਦੂਸਰੇ ਕੰਮ-ਧੰਦਿਆਂ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ। ਪਹਿਲਾਂ ਇਨ੍ਹਾਂ ਨੇ ਨੀਲੀ ਬਾਰ ਬੱਸ ਸਰਵਿਸ ਚਾਲੂ ਕੀਤੀ ਜੋ ਮੰਡੀ ਬੂਰੇ ਵਾਲਾ ਤੋਂ ਲਾਹੌਰ ਜਾਂਦੀ ਸੀ। ਫਿਰ ਕੱਪੜਾ ਮਿੱਲ ਲਾਈ। ਇਸ ਤੋਂ ਬਾਅਦ ਬਰਫ ਅਤੇ ਬਿਜਲੀ ਸਪਲਾਈ ਦੇ ਕਾਰਖਾਨੇ ਲਾਏ। ਫਿਰ ਸ਼ਹਿਰ ਵਿਚ ਆਲੀਸ਼ਾਨ ਮਕਾਨ ਬਣਾਇਆ ਜਿਸ ਦਾ ਵਾਗਲਾ 15 ਏਕੜ ਵਿਚ ਸੀ।
ਪੈਸੇ-ਟੁੱਕਰ ਵੱਲੋਂ ਹੱਥ ਖੁੱਲ੍ਹਾ ਹੋਣ ਤੋਂ ਬਾਅਦ ਉਨ੍ਹਾਂ ਥੋੜ੍ਹਾ-ਬਹੁਤ ਰਾਜਨੀਤੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ। ਅਚਾਨਕ 1936 ਵਿਚ ਪਹਿਲੀ ਵਾਰ ਪੰਜਾਬ ਅਸੈਂਬਲੀ ਦੀ ਚੋਣ ਦਾ ਐਲਾਨ ਹੋ ਗਿਆ। ਪੰਜਾਬ ਦੀਆਂ ਮੁੱਢਲੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ। ਉਸ ਵੇਲੇ ਦੀ ਪਾਰਟੀ ਜ਼ਿਮੀਂਦਾਰਾ ਲੀਗ ਦੇ ਆਗੂ ਸਰਦਾਰ ਸਿਕੰਦਰ ਹਯਾਤ ਖਾਂ ਟਿਵਾਣਾ, ਸਰ ਛੋਟੂ ਰਾਮ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਸਨ। ਦੂਸਰੀਆਂ ਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਸਨ ਜਿਨ੍ਹਾਂ ਨੇ ਸਾਂਝੇ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਦੋਹਾਂ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੀਆਂ ਇਛਾਵਾਂ ਤੋਂ ਕੋਹਾਂ ਦੂਰ ਸਨ। ਨੀਲੀ ਬਾਰ ਤੇ ਗੰਜੀ ਬਾਰ ਦੇ ਲੋਕਾਂ ਨੇ ਇਕੱਠ ਕਰ ਕੇ ਅਜੀਤ ਸਿੰਘ ਨੂੰ ਆਜ਼ਾਦ ਉਮੀਦਵਾਰ ਵਜੋਂ ਜਿਤਾ ਲਿਆ। ਬਾਅਦ ਵਿਚ ਜ਼ਿਮੀਂਦਾਰਾਂ ਵਾਲੀ ਲੀਗ ਪਾਰਟੀ ਦੀ ਸਰਕਾਰ ਬਣ ਗਈ। ਉਨ੍ਹਾਂ ਨੇ ਅਜੀਤ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਬੜਾ ਜ਼ੋਰ ਲਾਇਆ, ਪਰ ਉਨ੍ਹਾਂ ਨੇ ਕਾਂਗਰਸ-ਅਕਾਲੀ ਗਠਜੋੜ ਵਿਚ ਸ਼ਾਮਲ ਹੋਣਾ ਠੀਕ ਸਮਝਿਆ। ਦੂਸਰੀ ਵੱਡੀ ਜੰਗ ਹੋ ਜਾਣ ਕਾਰਨ ਇਸ ਅਸੈਂਬਲੀ ਦੀ ਮਿਆਦ 1946 ਤੱਕ ਵਧਾ ਦਿਤੀ ਗਈ। ਜਦੋਂ 1946 ਵਿਚ ਦੁਬਾਰਾ ਚੋਣ ਹੋਈ, ਉਦੋਂ ਅਕਾਲੀ ਤੇ ਕਾਂਗਰਸੀ ਅਲੱਗ-ਅਲੱਗ ਚੋਣ ਲੜੇ। ਅਜੀਤ ਸਿੰਘ ਅਕਾਲੀ ਟਿਕਟ ‘ਤੇ ਚੋਣ ਲੜੇ ਤੇ ਕਾਂਗਰਸੀ ਉਮੀਦਵਾਰ ਪਰਸ਼ੋਤਮ ਸਿੰਘ ਦੀ ਜ਼ਮਾਨਤ ਜ਼ਬਤ ਕਰਾ ਦਿਤੀ। ਉਨ੍ਹਾਂ ਦਿਨਾਂ ਵਿਚ ਨਵੀਂ ਆਬਾਦ ਹੋਈ ਨੀਲੀ ਬਾਰ ਵਿਚ ਜ਼ਬਰਦਸਤ ਕਿਸਾਨ ਅੰਦੋਲਨ ਹੋਇਆ ਜਿਸ ਦੀ ਅਗਵਾਈ ਅਜੀਤ ਸਿੰਘ ਨੇ ਕੀਤੀ।
ਜਦੋਂ ਪਰਿਵਾਰ ਪੈਸੇ-ਟੁੱਕਰ, ਜ਼ਮੀਨ-ਜਾਇਦਾਦ ਤੇ ਸ਼ੋਹਰਤ ਪੱਖੋਂ ਮਾਲਾ-ਮਾਲ ਹੋ ਕੇ ਤੀਆਂ ਵਾਂਗ ਦਿਨ ਬਿਤਾ ਰਿਹਾ ਸੀ ਤਾਂ ਇਕ ਮਨਹੂਸ ਖਬਰ ਨੇ ਨੀਂਦਰਾਂ ਉਡਾ ਦਿੱਤੀਆਂ। ਖਬਰ ਸੀ, ਦੇਸ਼ ਦੀ ਵੰਡ। ਅਜੀਤ ਸਿੰਘ ਦੇ ਦੋਸਤ ਅੱਲਾਰੱਖਾ ਖਾਨ ਤੇ ਦੂਸਰੇ ਮੁਸਲਮਾਨ ਦਰਦੀਆਂ ਨੇ ਉਨ੍ਹਾਂ ਨੂੰ ਮੰਡੀ ਬੂਰੇ ਵਾਲਾ ਨਾ ਛੱਡਣ ਦੀ ਜ਼ਿਦ ਕੀਤੀ, ਪਰ ਜਦੋਂ ਤੱਤੀਆਂ ਹਵਾਵਾਂ ਵਗਣੀਆਂ ਸ਼ੁਰੂ ਹੋ ਗਈਆਂ, ਸਾਰੇ ਬੇਵਸ ਹੋ ਗਏ। ਅਜੀਤ ਸਿੰਘ ਨੇ ਨੀਲੀ ਬਾਰ ਤੇ ਗੰਜੀ ਬਾਰ ਦੇ ਵੱਧ ਤੋਂ ਵੱਧ ਹਿੰਦੂ-ਸਿੱਖਾਂ ਨੂੰ ਇਕੱਠਿਆਂ ਕੀਤਾ ਤੇ ਜਾਨੋਂ ਵੱਧ ਪਿਆਰੀ ਮੰਡੀ ਬੂਰੇ ਵਾਲਾ ਨੂੰ ਆਖਰੀ ਸਲਾਮ ਕਹਿ ਕੇ ਸਦਾ ਲਈ ਛੱਡ ਕੇ ਤੁਰ ਆਏ। ਜਦੋਂ ਨੀਲੀ ਬਾਰ ਉਜੜੀ ਪੁੱਜੜੀ ਸੀ, ਉਦੋਂ ਅਜੀਤ ਸਿੰਘ ਦਾ ਬਾਹਾਂ ਅੱਡ ਕੇ ਸਵਾਗਤ ਕੀਤਾ, ਪਰ ਜਦੋਂ ਆਬਾਦ ਹੋ ਕੇ ਪੂਰੇ ਜੋਬਨ ‘ਤੇ ਆ ਗਈ, ਉਦੋਂ ਓਪਰੀ-ਓਪਰੀ ਤੇ ਮੂਲੋਂ ਨਿਰਮੋਹੀ ਹੋ ਗਈ। ਉਨ੍ਹਾਂ ਕਾਫਲੇ ਦੀ ਅਗਵਾਈ ਕੀਤੀ ਤੇ ਇਸ ਦਾ ਨੁਕਸਾਨ ਵੀ ਬਾਕੀ ਕਾਫਲਿਆਂ ਨਾਲੋਂ ਘੱਟ ਹੋਇਆ। ਜਦੋਂ ਸੁਲੇਮਾਨ ਕੀ ਹੈਡ ਤੋਂ ਕਾਫਲਾ ਭਾਰਤ ਦਾਖਲ ਹੋਣ ਲੱਗਿਆ, ਪਾਕਿਸਤਾਨ ਦੇ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਕਾਰਾਂ ਰੋਕ ਲਈਆਂ। ਹੁਣ ਇਹ ਪਾਕਿਸਤਾਨ ਦੀ ਮਲਕੀਅਤ ਬਣ ਚੁੱਕੀਆਂ ਸਨ। ਐਮæਐਲ਼ਏæ ਹੋਣ ਦੇ ਨਾਤੇ ਸਿਰਫ ਦੋ ਕਾਰਾਂ ਲਿਆਉਣ ਦੀ ਇਜਾਜ਼ਤ ਦਿਤੀ ਗਈ।
ਜਦੋਂ ਸਨਾਉਲਾ ਘੁੰਮਣ ਅਟਾਰੀ ਰੇਲਵੇ ਸਟੇਸ਼ਨ ਉਤੇ ਰੇਲ ਵਿਚੋਂ ਉਤਰਿਆ ਤਾਂ ਪਹਿਲਾਂ ਧਰਤੀ ‘ਤੇ ਦੋਵੇਂ ਗੋਡੇ ਨਿਵਾਏ, ਫਿਰ ਜ਼ਮੀਨ ਉਤੇ ਮੱਥਾ ਰਗੜਿਆ, “ਅੱਜ ਮੈਨੂੰ ਵਡੇਰਿਆਂ ਦੀ ਧਰਤੀ ਦੀ ਮਿੱਟੀ ਨਸੀਬ ਹੋਈ ਹੈ।” ਉਹ ਜਿੰਨੇ ਦਿਨ ਸਾਡੇ ਕੋਲ ਰਿਹਾ, ਖੁਸ਼ੀ ਨਾਲ ਕਬੂਤਰ ਵਾਂਗ ਗੁਟਕਦਾ ਰਿਹਾ। ਕਦੇ ਉਹ ਵਿਆਹਾਂ ਵਿਚ ਪੈਂਦੇ ਭੰਗੜਿਆਂ ਦਾ ਅਨੰਦ ਮਾਣਦਾ ਤੇ ਕਦੇ ਖੜਕਦੀਆਂ ਗਲਾਸੀਆਂ ਵੇਖ ਕੇ ਕਹਿ ਉਠਦਾ, “ਨਹੀਂ ਰੀਸਾਂ ਓ ਸਰਦਾਰੋ ਤੁਹਾਡੀਆਂ!” ਫਿਰ ਭਾਵੁਕ ਹੋ ਕੇ ਹੂਕ ਵਰਗੀ ਆਵਾਜ਼ ਕੱਢਦਾ, “ਸਾਡੇ ਬਜ਼ੁਰਗਾਂ ਨੇ ਕਦੇ ਵੀ ਇਸ ਧਰਤੀ ਨੂੰ ਛੱਡਣਾ ਨਹੀਂ ਸੀ ਕਬੂਲਿਆ, ਬੱਸ ਹੋਣੀ ਨੇ ਪਰਾਈ ਧਰਤੀ ਤੇ ਪਰਾਏ ਲੋਕਾਂ ਵਿਚ ਪਟਕਾ ਮਾਰਿਆ। ਮੇਰੀ ਮਾਂ ਅੱਜ ਵੀ ਬੜੇ ਮਾਣ ਨਾਲ ਕਹਿੰਦੀ ਹੈ, Ḕਦੇਸ਼ ਵਿਚ ਇਹ ਹੁੰਦਾ ਸੀ, ਦੇਸ਼ ਵਿਚ ਉਹ ਹੁੰਦਾ ਸੀ।Ḕ ਮੇਰੇ ਬਾਬਿਓ, ਮੇਰੇ ਤਾਇਓ, ਮੇਰੇ ਚਾਚਿਓ! ਤੁਹਾਡੇ ਵਿਚਕਾਰ ਬੈਠ ਕੇ ਮੇਰੀ ਛਾਤੀ ਚੌੜੀ ਹੋ ਗਈ, ਮੇਰਾ ਸੇਰ ਖੂਨ ਵਧ ਗਿਆ। ਸਨਾਉਲਾ ਨੇ ਕਈ ਸ਼ਾਦੀਆਂ ਵਿਚ ਸ਼ਮੂਲੀਅਤ ਕੀਤੀ, ਫਿਲਮਾਂ ਵੇਖੀਆਂ, ਟੈਗੋਰ ਥੀਏਟਰ ਵਿਚ ਸੰਤੋਖ ਸਿੰਘ ਧੀਰ ਦੀ ਬਟਵਾਰੇ ਬਾਰੇ ਲਿਖੀ ਕਹਾਣੀ Ḕਮੇਰਾ ਉਜੜਿਆ ਗੁਆਂਢੀ’ ਉਤੇ ਆਧਾਰਤ ਨਾਟਕ ਵੇਖਿਆ ਤੇ ਲੋਹੜੀ ਦਾ ਤਿਉਹਾਰ ਮਾਣਿਆ। ਦਸ ਦਿਨ ਬਸ ਅੱਖ ਦੀ ਫੋਰ ਵਿਚ ਨਿਕਲ ਗਏ।
ਹੁਣ ਸਨਾਉਲਾ ਦੀ ਵਾਪਸੀ ਦਾ ਦਿਨ ਸੀ, ਉਸ ਦਾ ਚਿਹਰਾ ਉਤਰਿਆ ਹੋਇਆ ਸੀ ਤੇ ਦਿਲ ਵਿਚ ਡੋਬੂ ਪੈ ਰਹੇ ਸਨ। ਪਿੰਡ ਵਿਚ ਇਕ-ਦੋ ਸ਼ਾਦੀਆਂ ਸਨ ਤੇ ਮੈਨੂੰ ਉਥੇ ਜਾਣਾ ਪੈਣਾ ਸੀ, ਦੂਸਰੇ ਦੋਸਤ ਉਸ ਨੂੰ ਛੱਡਣ ਜਾ ਰਹੇ ਸਨ। ਪਿੰਡ ਜਾਂਦਿਆਂ ਮੈਂ ਖਰੜ ਤੀਕ ਸਨਾਉਲਾ ਘੁੰਮਣ ਦਾ ਸਾਥ ਕੀਤਾ। ਜਦੋਂ ਅਸੀਂ ਗੱਡੀਆਂ ਬਦਲਣ ਲੱਗੇ, ਸਨਾਉਲਾ ਗਲੇ ਲੱਗ ਕੇ ਮਿਲਿਆ। ਉਹ ਫੁਸ-ਫੁਸਾਉਂਦਾ ਦੂਸਰੀ ਗੱਡੀ ਵਿਚ ਬੈਠ ਗਿਆ। ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਕੁਝ ਨਹੀਂ ਬੋਲ ਸਕਿਆ, ਸ਼ਾਮੀਂ ਮੇਰੇ ਮੋਬਾਈਲ ‘ਤੇ ਫਿਰ ਸਨਾਉਲਾ ਦੀ ਆਵਾਜ਼ ਸੁਣਾਈ ਦਿਤੀ, “ਸਰਦਾਰ ਸਾਹਿਬ, ਮੈਂ ਅਟਾਰੀ ਪਹੁੰਚ ਗਿਆ ਹਾਂ। ਮੇਰਾ ਅੱਲ੍ਹਾ ਹੀ ਜਾਣਦਾ ਹੈ, ਮੈਂ ਕਿਸ ਤਰ੍ਹਾਂ ਤੁਹਾਨੂੰ ਛੱਡ ਕੇ ਤੁਰਿਆਂ।” ਉਹ ਅੱਗੇ ਹੋਰ ਕੁਝ ਬੋਲਣਾ ਚਾਹੁੰਦਾ ਸੀ, ਪਰ ਲੱਗ ਰਿਹਾ ਸੀ ਕਿ ਉਸ ਦਾ ਗੱਚ ਭਰ ਆਇਆ ਹੈ, ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਮੈਂ ਅੰਦਾਜ਼ਾ ਲਾਇਆ, ਸ਼ਾਇਦ ਉਹ ਉਸ ਵਾਕ ਨੂੰ ਦੁਹਰਾਉਣਾ ਚਾਹੁੰਦਾ ਸੀ ਜਿਹੜਾ ਉਸ ਨੇ ਪਿਛਲੇ ਦਿਨੀਂ ਕਈ ਵਾਰ ਕਿਹਾ ਸੀ, “ਸਰਦਾਰ ਜੀ, ਮੇਰਾ ਤੁਹਾਡੇ ਨਾਲ ਰੂਹ ਦਾ ਰਿਸ਼ਤਾ ਹੈ।”