ਡਾæ ਗੁਰਨਾਮ ਕੌਰ ਕੈਨੇਡਾ
ਭਾਈ ਗੁਰਦਾਸ ਇਸ ਤੱਥ ਦਾ ਖੁਲਾਸਾ ਕਰਦੇ ਹਨ ਕਿ ਬਾਬਾ ਨਾਨਕ ਦੇ ਇਸ ਸੰਸਾਰ ‘ਤੇ ਆਉਣ ਨਾਲ ਇੱਕ ਨਵੇਂ ਚਾਨਣਮਈ ਯੁੱਗ ਦਾ ਅਰੰਭ ਹੁੰਦਾ ਹੈ ਜਿਸ ਨੂੰ ਉਨ੍ਹਾਂ ਨੇ Ḕਮਿਟੀ ਧੁੰਧੁ ਜਗਿ ਚਾਨਣੁ ਹੋਆḔ ਕਿਹਾ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਧੁੰਦ ਪਈ ਹੁੰਦੀ ਹੈ ਤਾਂ ਕੁਝ ਵੀ ਸਪੱਸ਼ਟ ਦਿਖਾਈ ਨਹੀਂ ਦਿੰਦਾ। ਹਰ ਚੀਜ਼ ਵਸਤ ਦਾ ਅਕਾਰ ਧੁੰਧਲਾ ਹੋ ਜਾਂਦਾ ਹੈ।
ਇਥੋਂ ਤੱਕ ਕਿ ਘਰ ਤੋਂ ਬਾਹਰ ਨਿਕਲੀਏ ਤਾਂ ਰਸਤਾ ਵੀ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਅਗਿਆਨ ਦੇ ਹਨੇਰੇ ਵਿਚ ਫਸੇ ਹੋਏ ਮਨੁੱਖ ਨੂੰ ਵੀ ਸੰਸਾਰਕ ਵਰਤਾਰੇ ਦੀ ਸਮਝ ਨਹੀਂ ਲੱਗਦੀ ਕਿ ਕੀ ਹੋ ਰਿਹਾ ਹੈ ਭਾਵ ਕੁਝ ਚੰਗਾ ਵਾਪਰ ਰਿਹਾ ਹੈ ਜਾਂ ਮੰਦਾ? ਇਸ ਅਗਿਆਨ ਕਾਰਨ ਹੀ ਸੰਸਾਰ ਵਿਚ ਧਰਮ ਦੇ ਨਾਂ ‘ਤੇ ਬਹੁਤ ਕੁਝ ਗਲਤ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਭਾਈ ਗੁਰਦਾਸ ਨੇ 20ਵੀਂ ਪਉੜੀ ਵਿਚ Ḕਪਾਪੇ ਦਾ ਵਰਤਿਆ ਵਰਤਾਰਾḔ ਕਿਹਾ ਹੈ।
ਹੁਣੇ ਜਿਹੇ ਗੁਜਰਾਤ ਵਿਚ ਸੱਜਰਾ ਕਾਂਡ ਵਾਪਰਿਆ ਹੈ। ਅੰਨ੍ਹੇ ਗਊ ਭਗਤਾਂ ਵਾਸਤੇ ਇੱਕ ਗਊ ਜੋ ਕਿ ਇੱਕ ਪਸ਼ੂ ਹੈ ਅਤੇ ਮਰੀ ਹੋਈ ਹੈ, ਮਨੁੱਖੀ ਜਾਨਾਂ ਨਾਲੋਂ ਵੱਧ ਕੀਮਤੀ ਹੈ। ਇਹ ਧਰਮ ਨਹੀਂ ਜਹਾਲਤ ਹੈ। ਜੋ ਲੋਕ ਧਰਮ ਦੀ ਅਸਲੀਅਤ ਤੋਂ ਅਣਜਾਣ ਹਨ (ਜਾਂ ਜਾਣ ਬੁੱਝ ਕੇ ਵੀ ਕਰਦੇ ਹਨ) ਉਹ ਹੀ ਧਰਮ ਦੇ ਮਰਮ ਨੂੰ ਨਾ ਸਮਝਦੇ ਹੋਏ ਇਸ ਕਿਸਮ ਦਾ ਮਾਨਵਤਾ ਤੋਂ ਗਿਰਿਆ ਹੋਇਆ ਨੀਚ ਕਾਰਾ ਕਰ ਸਕਦੇ ਹਨ। ਅਜਿਹੇ ਲੋਕਾਂ ਬਾਰੇ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, “ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥” ਇਥੇ ਭਾਵੇਂ ਇਹ ਉਦੋਂ ਦੇ ਮੁਸਲਮਾਨ ਹਾਕਮਾਂ ਦੇ ਸਬੰਧ ਵਿਚ ਕਿਹਾ ਹੈ ਕਿ ਜੇ ਕੱਪੜੇ ਨਾਲ ਲਹੂ ਲੱਗ ਜਾਵੇ ਤਾਂ ਕਹਿੰਦੇ ਹਨ ਕਿ ਕੱਪੜਾ ਪਲੀਤ ਹੋ ਗਿਆ ਹੈ, ਨਮਾਜ਼ ਪੜ੍ਹਨ ਦੇ ਕਾਬਲ ਨਹੀਂ ਰਿਹਾ; ਪਰ ਜਿਹੜੇ ਲੋਕਾਂ ਦਾ ਲਹੂ ਪੀਂਦੇ ਹਨ ਭਾਵ ਲੋਕਾਂ ‘ਤੇ ਜ਼ੁਲਮ ਕਰਦੇ ਹਨ, ਉਨ੍ਹਾਂ ਦਾ ਦਿਲ ਕਿਸ ਤਰ੍ਹਾਂ ਪਾਕਿ-ਸਾਫ ਰਹਿ ਸਕਦਾ ਹੈ। ਹੁਣ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਣ ਨਾਲ ਵੀ ਲੋਕਾਂ ਨਾਲ ਉਹੋ ਜਿਹਾ ਮੱਧ ਯੁਗ ਵਰਗਾ ਵਰਤਾਰਾ ਵਾਪਰ ਰਿਹਾ ਹੈ। ਕਦੀ ਗਊ ਦੇ ਮਾਸ ਪਿੱਛੇ ਕਿਸੇ ਮੁਸਲਮਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ, ਮੁਸਲਮਾਨ ਔਰਤਾਂ ਦੀ ਪਿਟਾਈ ਕੀਤੀ ਜਾਂਦੀ ਹੈ ਅਤੇ ਕਦੀ ਮਰੀ ਹੋਈ ਗਊ ਦਾ ਚਮੜਾ ਉਤਾਰ ਰਹੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਸਮੇਂ ਵੀ ਇਸੇ ਕਿਸਮ ਦਾ ਅਗਿਆਨ ਧਾਰਮਿਕ ਆਗੂਆਂ ਵੱਲੋਂ ਫੈਲਾਇਆ ਹੋਇਆ ਸੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਪਿਛਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਉਦਾਸੀਆਂ ਵੇਲੇ ਵੱਖ ਵੱਖ ਧਰਮਾਂ ਦੇ ਤੀਰਥਾਂ ਦਾ ਹਾਲ ਜਾਣਨ ਦੇ ਸਬੰਧ ਵਿਚ ਕੀਤਾ ਹੈ ਅਤੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ “ਅੰਧੀ ਅੰਧੇ ਖੂਹੇ ਠੇਲੇ” ਕਿਹਾ ਹੈ।
ਭਾਈ ਗੁਰਦਾਸ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਪਰਗਟ ਹੋਣ ਨਾਲ ਸੰਸਾਰ ਵਿਚੋਂ ਅਗਿਆਨ-ਰੂਪੀ ਧੁੰਧ ਮਿਟ ਗਈ ਅਤੇ ਗਿਆਨ ਦਾ ਚਾਨਣ ਫੈਲ ਗਿਆ, ਲੋਕਾਂ ਨੂੰ ਅਸਲੀਅਤ ਦੀ ਸਮਝ ਆਉਣ ਲੱਗ ਪਈ। ਉਨ੍ਹਾਂ ਨੇ ਇਸ ਦਾ ਅਰਥ ਕਈ ਤਰ੍ਹਾਂ ਦੇ ਦ੍ਰਿਸ਼ਟਾਂਤਾਂ ਰਾਹੀਂ ਸਮਝਾਇਆ ਹੈ। ਮਸਲਨ ਜਿਸ ਤਰ੍ਹਾਂ ਜਦੋਂ ਸਵੇਰ ਹੁੰਦੀ ਹੈ ਅਤੇ ਅਸਮਾਨ ‘ਤੇ ਸੂਰਜ ਚਮਕਦਾ ਹੈ ਤਾਂ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਨਸ਼ਟ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਜੰਗਲ ਵਿਚ ਸ਼ੇਰ ਗਰਜਦਾ ਹੈ ਤਾਂ ਉਸ ਦੀ ਗਰਜ ਸੁਣ ਕੇ ਹਰਨਾਂ ਦੀ ਡਾਰ ਡਰ ਕੇ ਭੱਜ ਉਠਦੀ ਹੈ ਅਤੇ ਭੈ ਵਿਚ ਉਨ੍ਹਾਂ ਦਾ ਧੀਰਜ ਵੀ ਸਾਥ ਛੱਡ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਜੋ ਕਿ ਗੁਰੂ ਨਾਨਕ ਸਾਹਿਬ ਦੇ ਦੁਨੀਆਂ ‘ਤੇ ਆਉਣ ਨਾਲ ਹੋਇਆ, ਤਾਂ ਅਗਿਆਨ-ਰੂਪੀ ਹਨੇਰਾ ਮਿਟ ਗਿਆ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ, ਉਨ੍ਹਾਂ ਨੇ ਆਪਣੇ ਮੁਬਾਰਕ ਕਦਮ ਰੱਖੇ, ਉਹ ਸਥਾਨ ਹੀ ਪੂਜਾ ਦਾ ਸਥਾਨ ਬਣ ਗਿਆ। ਇਹ ਕਿਸ ਤਰ੍ਹਾ ਹੋਇਆ? ਇਸ ਦਾ ਜ਼ਿਕਰ ਭਾਈ ਗੁਰਦਾਸ ਕਰਦੇ ਹਨ ਕਿ ਸਿੱਧਾਂ ਦੇ ਜਿੰਨੇ ਵੀ ਆਸਣ ਸਨ, ਉਹ ਗੁਰੂ ਨਾਨਕ ਦੇ ਨਾਮ ਨਾਲ ਜਾਣੇ ਜਾਣ ਲੱਗ ਪਏ। ਉਸ ਦਾ ਕਾਰਨ ਇਹ ਸੀ ਕਿ ਘਰ ਘਰ ਅੰਦਰ ਅਕਾਲ ਪੁਰਖ ਦਾ ਨਾਮ ਸਿਮਰਿਆ ਜਾਣ ਲੱਗਾ, ਰੱਬੀ ਬਾਣੀ ਦਾ ਕੀਰਤਨ ਹੋਣ ਲੱਗ ਪਿਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਚਾਰੇ ਦਿਸ਼ਾਵਾਂ ਵਿਚ ਲੋਕਾਂ ਨੂੰ ਗਿਆਨ ਦਾ ਮਾਰਗ ਦਿਖਾਇਆ ਅਤੇ ਮੁਕਤੀ ਦੇਣ ਵਾਲਾ ਅਕਾਲ ਪੁਰਖ ਦਾ ਨਾਮ ਜਪਣ ਲਾ ਦਿੱਤਾ। ਅਕਾਲ ਪੁਰਖ ਨੇ ਇਹ ਚੰਗਾ ਢੋਅ ਢੁਕਾ ਦਿੱਤਾ, ਲੋਕਾਂ ਨੂੰ ਨਾਮ ਦਾ ਆਸਰਾ ਮਿਲਿਆ, ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਵਾਲਾ ਆ ਗਿਆ। ਗੁਰਮੁਖਿ (ਗੁਰੂ ਨਾਨਕ ਸਾਹਿਬ) ਕਲਿਯੁਗ ਦੇ ਅਗਿਆਨਮਈ ਸਮੇਂ ਵਿਚ ਪਰਗਟ ਹੋਏ ਅਤੇ ਉਨ੍ਹਾਂ ਨੇ ਗਿਆਨ ਦਾ ਚਾਨਣ ਬਖੇਰਿਆ:
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ।
ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਸੋਆ।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥੨੭॥
ਗੁਰੂ ਨਾਨਕ ਦੇ ਦਿੱਤੇ ਫਲਸਫੇ ਵਿਚ ਗਿਆਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਹ ਚਾਨਣ ਹੈ ਜੋ ਅਗਿਆਨ ਦੇ ਅੰਧੇਰੇ ਨੂੰ ਕੱਟਦਾ ਹੈ। ਗਿਆਨਹੀਣ ਮਨੁੱਖ ਹੀ ਮਹਿਜ ਕਰਮਕਾਂਡ ਨੂੰ ਧਰਮ ਸਮਝ ਬੈਠਦਾ ਹੈ। ਗਿਆਨ ਨੂੰ ਅੰਜਨ ਕਿਹਾ ਹੈ; ਅੰਜਨ ਸੁਰਮੇ ਨੂੰ ਕਹਿੰਦੇ ਹਨ ਜਿਸ ਨੂੰ ਪਾ ਕੇ ਅੱਖਾਂ ਅਰੋਗ ਅਤੇ ਸਾਫ ਹੋ ਜਾਂਦੀਆਂ ਹਨ ਅਤੇ ਇਸ ਨਾਲ ਚੀਜ਼ਾਂ ਸਪੱਸ਼ਟ ਦਿਖਾਈ ਦਿੰਦੀਆਂ ਹਨ। ਗੁਰੂ ਨਾਨਕ ਰਾਗ ਗਉੜੀ ਵਿਚ ਫੁਰਮਾਉਂਦੇ ਹਨ ਕਿ ਗਿਆਨ ਦੇ ਸੁਰਮੇ ਦੀ ਪਛਾਣ ਗੁਰੂ ਦੇ ਸ਼ਬਦ ਦੁਆਰਾ ਹੋਈ ਹੈ। ਇਸ ਤਰੀਕੇ ਨਾਲ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਨਾਲ ਮਨ ਉਸ ਨਾਲ ਪਤੀਜ ਗਿਆ ਹੈ:
ਇਨ ਬਿਧਿ ਰਾਮ ਰਮਤ ਮਨੁ ਮਾਨਿਆ॥
ਗਿਆਨ ਅੰਜਨੁ ਗੁਰ ਸਬਦਿ ਪਛਾਨਿਆ॥੧॥ਰਹਾਉ॥ (ਪੰਨਾ ੨੨੧)
ਮਨੁੱਖ ਦਾ ਮਨ ਗਿਆਨ ਰਾਹੀਂ ਹੀ ਟਿਕਾਉ ਵਿਚ ਆਉਂਦਾ ਹੈ ਅਤੇ ਸਹਿਜ ਅਵਸਥਾ ਪ੍ਰਾਪਤ ਕਰਦਾ ਹੈ ਤੇ ਮਨ ਰਾਹੀਂ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਜਿਸ ਤਰ੍ਹਾਂ ਘੜੇ ਵਿਚ ਪਾਣੀ ਸਾਂਭਿਆ ਰਹਿੰਦਾ ਹੈ ਅਤੇ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਮਨੁੱਖੀ ਮਨ ਗਿਆਨ ਰਾਹੀਂ ਬੰਨਿਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ ਅਤੇ ਮਨ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ, ਮਨ ਰਾਹੀਂ ਹੀ ਗੁਰੂ ਤੋਂ ਗਿਆਨ ਪ੍ਰਾਪਤ ਹੁੰਦਾ ਹੈ:
ਕੁੰਭੇ ਬਧਾ ਜਲੁ ਰਹੈ ਜਲ ਬਿਨ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥੫॥ (ਪੰਨਾ ੪੬੯)
ਗਿਆਨ ਨੂੰ ਗੁਰੂ ਸਾਹਿਬ ਨੇ ਖੜਗ ਭਾਵ ਤਲਵਾਰ ਕਿਹਾ ਹੈ ਜਿਸ ਨਾਲ ਅਗਿਆਨ ਦਾ ਹਨੇਰਾ ਕੱਟਿਆ ਜਾਂਦਾ ਹੈ। ਅਗਿਆਨੀ ਮਨੁੱਖ, ਜਿਸ ਨੂੰ ਗੁਰਬਾਣੀ ਵਿਚ ਮਨਮੁਖ ਵੀ ਕਿਹਾ ਗਿਆ ਹੈ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਦੇ ਪਿੱਛੇ ਲੱਗ ਕੇ ਆਪਣੇ ਮਨ ਨੂੰ ਭਟਕਣ ਵਿਚ ਪਾ ਲੈਂਦਾ ਹੈ। ਪਰ ਗੁਰਮੁਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਗੁਰੂ ਦੇ ਓਟ-ਆਸਰੇ ਨਾਲ ਕਾਬੂ ਵਿਚ ਰੱਖਦਾ ਹੈ। ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ, ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਮਨ ਨਾਲ ਲੜਾਈ ਕਰਦਾ ਹੈ ਅਤੇ ਅਜਿਹੇ ਫੁਰਨਿਆਂ ਨੂੰ ਆਪਣੇ ਮਨ ਦੇ ਅੰਦਰ ਹੀ ਸਮੇਟ ਦਿੰਦਾ ਹੈ:
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥
ਤਸਕਰ ਪੰਚ ਸਬਦਿ ਸੰਘਾਰੇ॥
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥ (ਪੰਨਾ ੧੦੨੨)
ਗਿਆਨ ਦੇ ਇਨ੍ਹਾਂ ਅਰਥਾਂ ਵਿਚ ਹੀ ਭਾਈ ਗੁਰਦਾਸ ਨੇ ਗੁਰੂ ਨਾਨਕ ਦੇ ਇਸ ਦੁਨੀਆਂ ‘ਤੇ ਆਉਣ ਨੂੰ ਸੂਰਜ ਅਤੇ ਸ਼ੇਰ ਦੇ ਦ੍ਰਿਸ਼ਟਾਂਤ ਰਾਹੀਂ ਪਰਗਟ ਕੀਤਾ ਹੈ। ਅਗਲੀ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਨੌਂ ਖੰਡਾਂ ਵਿਚ, ਜਿੱਥੋਂ ਤੱਕ ਪ੍ਰਿਥਵੀ ਹੈ, ਉਸ ਦੇ ਚਲਣ ਨੂੰ ਅਨੁਭਵ ਕੀਤਾ (ਮੱਧ ਯੁਗ ਦੇ ਸਮੇਂ ਨੂੰ ਪੱਛਮੀ ਦੁਨੀਆਂ ਵਿਚ ਅਰਥਾਤ ਯੂਰਪ ਵਿਚ ਵੀ ਦਾਰਸ਼ਨਿਕ ਨਜ਼ਰੀਏ ਤੋਂ Ḕਡਾਰਕ ਪੀਰੀਅਡḔ ਭਾਵ ਹਨੇਰਾ ਯੁੱਗ ਕਿਹਾ ਹੈ)। ਇਸੇ ਨੂੰ ਭਾਈ ਗੁਰਦਾਸ ਨੇ ਪਿਛਲੀ ਪਉੜੀ ਵਿਚ “ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ” ਕਿਹਾ ਹੈ। ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਸਿੱਧਾਂ ਨੂੰ ਮਿਲਣ ਲਈ ਸੁਮੇਰ ਪਰਬਤ ‘ਤੇ ਜਾਂਦੇ ਹਨ। ਸਿੱਧ ਦੁਨੀਆਂਦਾਰੀ ਦਾ ਤਿਆਗ ਕਰਕੇ ਅਧਿਆਤਮਕ ਪ੍ਰਾਪਤੀਆਂ ਲਈ ਕਿਸੇ ਏਕਾਂਤ ਵਿਚ ਪਰਬਤਾਂ ਦੀਆਂ ਚੋਟੀਆਂ, ਗੁਫਾਵਾਂ, ਪਹਾੜਾਂ ਦੀਆਂ ਕੁੰਦਰਾਂ ਜਾਂ ਜੰਗਲ-ਬੀਆਬਾਨਾਂ ਨੂੰ ਆਪਣੇ ਤਪੱਸਿਆ ਸਥਾਨ ਬਣਾਉਂਦੇ ਹਨ ਅਤੇ ਕੰਦ-ਮੂਲ ਖਾ ਕੇ ਜਾਂ ਗ੍ਰਹਿਸਥੀਆਂ ਤੋਂ ਮੰਗ-ਪਿੰਨ ਕੇ ਗੁਜ਼ਾਰਾ ਕਰਦੇ ਹਨ। ਇਸ ਦੇ ਉਲਟ ਗੁਰੂ ਨਾਨਕ ਦਾ ਮਾਰਗ ਦੁਨੀਆਂ ਵਿਚ ਰਹਿੰਦਿਆਂ, ਘਰ-ਗ੍ਰਹਿਸਥੀ ਦੇ ਫਰਜ਼ ਅਦਾ ਕਰਦਿਆਂ, ਹੱਥੀਂ ਕਾਰ ਕਰਕੇ ਆਪਣੇ ਮਨ ਨੂੰ ਨਾਮ ਸਿਮਰਨ ਰਾਹੀਂ ਪਰਮਾਤਮ-ਸੁਰਤਿ ਵਿਚ ਜੋੜ ਕੇ, ਗੁਰੂ ਦੇ ਸ਼ਬਦ ਰਾਹੀਂ ਅਧਿਆਤਮਕ ਉਚਾਈਆਂ ਨੂੰ ਪ੍ਰਾਪਤ ਕਰਨ ਦਾ ਵੱਲ ਦੱਸਦਾ ਹੈ।
ਭਾਈ ਗੁਰਦਾਸ ਅਨੁਸਾਰ ਜਦੋਂ ਗੁਰੂ ਨਾਨਕ ਸੁਮੇਰ ਪਰਬਤ ‘ਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਨਜ਼ਰੀਂ ਸਿੱਧਾਂ ਦੀ ਟੋਲੀ ਪੈਂਦੀ ਹੈ। ਗੁਰੂ ਨਾਨਕ ਨੂੰ ਦੇਖ ਕੇ 84 ਸਿੱਧਾਂ ਅਤੇ ਗੋਰਖ ਨਾਥ ਆਦਿ ਦਾ ਮਨ ਬਹੁਤ ਹੈਰਾਨ ਹੋ ਗਿਆ ਅਤੇ ਸੋਚਣ ਲੱਗ ਪਏ। ਉਨ੍ਹਾਂ ਦੇ ਕਹਿਣ ਤੋਂ ਭਾਵ ਹੈ ਕਿ ਸਿੱਧ ਤਾਂ ਅਜਿਹੀਆਂ ਥਾਂਵਾਂ ‘ਤੇ ਆਪਣੇ ਤੋਂ ਬਿਨਾ ਕਿਸੇ ਹੋਰ ਪ੍ਰਾਣੀ ਦੇ ਪਹੁੰਚਣ ਦੀ ਕਲਪਨਾ ਵੀ ਨਹੀਂ ਕਰਦੇ ਸਨ। ਇਸੇ ਹੈਰਾਨੀ ਵਿਚੋਂ ਉਹ ਗੁਰੂ ਨਾਨਕ ਨੂੰ ਪੁੱਛਦੇ ਹਨ ਕਿ ਹੇ ਨੌਜੁਆਨ! ਤੈਨੂੰ ਕਿਹੜੀ ਸ਼ਕਤੀ ਇਥੇ ਲੈ ਕੇ ਆਈ ਹੈ ਜਾਂ ਤੂੰ ਇਥੇ ਕੀ ਕਰਨ ਆਇਆ ਹੈਂ? ਗੁਰੂ ਨਾਨਕ ਸਿੱਧਾਂ ਦੇ ਪ੍ਰਸ਼ਨ ਦਾ ਉਤਰ ਦਿੰਦੇ ਹਨ ਕਿ ਇਸ ਥਾਂ ‘ਤੇ ਆਉਣ ਲਈ ਮੈਂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਪ੍ਰੇਮ ਨਾਲ ਉਸ ਦਾ ਧਿਆਨ ਧਰਿਆ ਹੈ, ਉਸ ਦੀ ਭਗਤੀ ਕੀਤੀ ਹੈ। ਇਹ ਸੁਣ ਕੇ ਸਿੱਧ ਗੁਰੂ ਨਾਨਕ ਸਾਹਿਬ ਕੋਲੋਂ ਉਨ੍ਹਾਂ ਦਾ ਨਾਮ ਪੁੱਛਦੇ ਹਨ। ਗੁਰੂ ਨਾਨਕ ਬਹੁਤ ਸਤਿਕਾਰ ਨਾਲ ਉਤਰ ਦਿੰਦੇ ਹਨ ਕਿ ਮੈਂ ਇਹ ਅਵਸਥਾ ਉਸ ਪਰਵਰਦਗਾਰ ਦੇ ਨਾਮ ਦਾ ਸਿਮਰਨ ਕਰਕੇ ਪ੍ਰਾਪਤ ਕੀਤੀ ਹੈ। ਜਦੋਂ ਮਨੁੱਖ ਹਲੀਮੀ ਨਾਲ ਵਿਚਰਦਾ ਹੈ, ਮਨ ਵਿਚੋਂ ਹਉਮੈ ਦਾ ਤਿਆਗ ਕਰਕੇ ਉਸ ਦਾ ਸਿਮਰਨ ਕਰਦਾ ਹੈ ਤਾਂ ਹੀ ਉਹ ਉਸ ਉਚੇ ਦੇ ਦਰਵਾਜ਼ੇ ਤੱਕ ਪਹੁੰਚਦਾ ਹੈ। ਸਿੱਧ ਯੋਗੀਆਂ ਨੂੰ ਆਪਣੀਆਂ ਰਿੱਧੀਆਂ-ਸਿੱਧੀਆਂ ਦਾ ਬਹੁਤ ਅਹੰਕਾਰ ਵੀ ਹੋ ਜਾਂਦਾ ਸੀ। ਇਸੇ ਲਈ ਉਹ ਆਮ ਲੋਕਾਂ ਨੂੰ ਕਿਸੇ ਗਿਣਤੀ ਵਿਚ ਨਹੀਂ ਸੀ ਲਿਆਉਂਦੇ ਕਿਉਂਕਿ ਮਨ ਵਿਚ ਪ੍ਰਾਪਤੀਆਂ ਦਾ ਅਭਿਮਾਨ ਪੈਦਾ ਹੋ ਜਾਂਦਾ ਸੀ। ਗੁਰੂ ਨਾਨਕ ਸਾਹਿਬ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਉਸ ਪਰਵਰਦਗਾਰ ਨਾਲ ਨੇੜਤਾ ਪੈਦਾ ਕਰਨ ਲਈ ਹਲੀਮੀ ਦਾ ਗੁਣ ਧਾਰਨ ਕਰਨਾ ਅਤਿ ਜ਼ਰੂਰੀ ਹੈ:
ਬਾਬੇ ਡਿੱਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ।
ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਈ।
ਚਉਰਾਸੀਹ ਸਿਧਿ ਗੋਰਖਾਦਿ ਮਨ ਅੰਦਰਿ ਗਣਤੀ ਵਰਤਾਈ।
ਸਿਧਿ ਪੁਛਣਿ ਸੁਣਿ ਬਾਲਿਆ ਕਉਣੁ ਸਕਤਿ ਤੁਹਿ ਏਥੇ ਲਿਆਈ।
ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ।
ਆਖਨਿ ਸਿਧਿ ਸੁਣਿ ਬਾਲਿਆ! ਅਪਨਾ ਨਾਉ ਤੁਮ ਦੇਹੁ ਬਤਾਈ।
ਬਾਬਾ ਆਖੇ ਨਾਥ ਜੀ! ਨਾਨਕ ਨਾਮ ਜਪੇ ਗਤਿ ਪਾਈ।
ਨੀਚੁ ਕਹਾਇ ਊਚ ਘਰਿ ਆਈ॥੨੮॥
ਰਾਗ ਰਾਮਕਲੀ ਵਿਚ ਸਿਧ ਗੋਸਟਿ ਸਿਰਲੇਖ ਹੇਠ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਇਸੇ ਤੱਥ ਦਾ ਜ਼ਿਕਰ ਕੀਤਾ ਹੈ ਭਾਵ ਇਹ ਬਾਣੀ ਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰ-ਚਰਚਾ ਹੈ। ਗੋਸ਼ਟੀ ਦਾ ਅਰਥ ਹੀ ਵਿਚਾਰ-ਚਰਚਾ ਜਾਂ ਵਾਰਤਾਲਾਪ ਹੁੰਦਾ ਹੈ। ਸਿਧ ਗੋਸਟਿ ਵਿਚ ਵੀ ਸਿੱਧ ਗੁਰੂ ਨਾਨਕ ਸਾਹਿਬ ਨੂੰ ਇਹੀ ਪ੍ਰਸ਼ਨ ਕਰਦੇ ਹਨ ਕਿ ਤੁਸੀਂ ਕੌਣ ਹੋ ਅਤੇ ਤੁਹਾਡਾ ਨਾਮ ਕੀ ਹੈ? ਤੁਸੀਂ ਕਿਸ ਮਤ ਨੂੰ ਮੰਨਣ ਵਾਲੇ ਹੋ ਅਤੇ ਤੁਹਾਡੇ ਮਤ ਦਾ ਮਕਸਦ ਕੀ ਹੈ?
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ॥
ਅਤੇ ਗੁਰੂ ਨਾਨਕ ਸਾਹਿਬ ਇਸ ਦਾ ਉਤਰ ਦਿੰਦੇ ਹਨ ਕਿ ਉਹ ਉਸ ਅਕਾਲ ਪੁਰਖ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਬਿਨਾਸ਼ੀ ਹੈ, ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਉਹ ਅਕਾਲ ਪੁਰਖ ਅੱਗੇ ਸਦਾ ਹੀ ਅਰਦਾਸ ਕਰਦੇ ਹਨ ਤੇ ਸੰਤ ਜਨਾਂ ਤੋਂ ਅਰਥਾਤ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਤੋਂ ਹਮੇਸ਼ਾ ਸਦਕੇ ਜਾਂਦੇ ਹਨ:
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ॥ (ਪੰਨਾ ੯੩੬)
ਅੱਗੇ 29ਵੀਂ ਪਉੜੀ ਵਿਚ ਸਿੱਧਾਂ ਨਾਲ ਵਾਰਤਾਲਾਪ ਜਾਰੀ ਰਹਿੰਦਾ ਹੈ ਅਤੇ ਸਿੱਧ ਗੁਰੂ ਨਾਨਕ ਨੂੰ ਪੁੱਛਦੇ ਹਨ ਕਿ ਹੇਠਾਂ ਮਾਤ-ਭੂਮੀ ਵਿਚ ਕਿਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੈ? ਕਿਉਂਕਿ ਉਦੋਂ ਤੱਕ ਸਿੱਧਾਂ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਗੁਰੂ ਨਾਨਕ ਇਸ ਕਲਿਯੁੱਗ ਦੇ ਸਮੇਂ ਵਿਚ ਦੁਨੀਆਂ ਨੂੰ ਮੁਕਤੀ ਦਾ ਰਸਤਾ ਦਿਖਾਉਣ ਆਏ ਹਨ, ਸੰਸਾਰ ਨੂੰ ਭਵਸਾਗਰ ਤੋਂ ਪਾਰ ਲੰਘਾਉਣ ਲਈ ਆਏ ਹਨ। ਬਾਬੇ ਨਾਨਕ ਨੇ ਸਤਿਕਾਰ ਨਾਲ ਸਿੱਧਾਂ ਨੂੰ ਜਵਾਬ ਦਿੱਤਾ ਕਿ ਸੱਚ ਰੂਪੀ ਚੰਦ੍ਰਮਾ ਫਿੱਕਾ ਪੈ ਗਿਆ ਹੈ ਅਤੇ ਝੂਠ ਦਾ ਹਨੇਰਾ ਚਾਰੇ ਪਾਸੇ ਫੈਲ ਗਿਆ ਹੈ। ਝੂਠ ਕਾਰਨ ਅਗਿਆਨ ਦਾ ਹਨੇਰਾ ਮੱਸਿਆ ਦੀ ਰਾਤ ਦੀ ਤਰ੍ਹਾਂ ਫੈਲਿਆ ਹੋਇਆ ਹੈ ਅਤੇ ਮੈਂ ਦੁਨੀਆਂ ਦੀ ਖੋਜ ਲਈ ਇਸ ਯਾਤਰਾ ‘ਤੇ ਆਇਆ ਹਾਂ। ਸਾਰੀ ਧਰਤੀ ਪਾਪਾਂ ਦੀ ਗ੍ਰਿਫਤ ਵਿਚ ਆ ਗਈ ਹੋਈ ਹੈ; ਇਸ ਲਈ ਧਰਮ ਰੂਪੀ ਬਲਦ ਜੋ ਕਿ ਦੁਨੀਆਂ ਦਾ ਆਸਰਾ ਹੈ, ਧਰਤੀ ਹੇਠ ਖੜ੍ਹਾ ਮਦਦ ਲਈ ਪੁਕਾਰ ਰਿਹਾ ਹੈ। ਗੁਰੂ ਨਾਨਕ ਅੱਗੇ ਕਹਿੰਦੇ ਹਨ ਕਿ ਅਜਿਹੀ ਹਾਲਤ ਵਿਚ ਸਿੱਧ, ਜਿਨ੍ਹਾਂ ਨੇ ਆਪਣੇ ਗਿਆਨ ਨਾਲ ਲੋਕਾਂ ਦੀ ਅਗਵਾਈ ਕਰਨੀ ਸੀ, ਰਾਹ ਦਿਖਾਉਣਾ ਸੀ, ਪਰਬਤਾਂ ‘ਤੇ ਇਕੱਲਵਾਂਝੇ ਛੁਪ ਕੇ ਬੈਠ ਗਏ। ਸੰਸਾਰ ਨੂੰ ਰਸਤਾ ਕੌਣ ਦਿਖਾਵੇ? ਦੂਸਰੇ ਪਾਸੇ ਯੋਗੀ ਕੋਈ ਗਿਆਨ ਦੀ ਗੱਲ ਕਰਨ ਦੀ ਥਾਂ ਅਗਿਆਨ ਵਿਚ ਗ੍ਰੱਸੇ ਰਾਤ-ਦਿਨ ਪਿੰਡਿਆਂ ‘ਤੇ ਸੁਆਹ ਮਲੀ ਫਿਰਦੇ ਹਨ। ਇੱਕ ਗੁਰੂ ਦੀ ਅਗਵਾਈ ਨਾ ਹੋਣ ਕਰਕੇ ਦੁਨੀਆਂ ਅਗਿਆਨ ਕਾਰਨ ਡੁੱਬ ਰਹੀ ਹੈ:
ਫਿਰਿ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ।
ਸਭ ਸਿਧੀ ਇਹ ਬੁਝਿਆ ਕਲਿ ਤਾਰਨ ਨਾਨਕ ਅਵਤਾਰਾ।
ਬਾਬੇ ਆਖਿਆ, ਨਾਥ ਜੀ! ਸਚੁ ਚੰਦ੍ਰਮਾ ਕੂੜੁ ਅੰਧਾਰਾ।
ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ।
ਪਾਪਿ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠ ਪੁਕਾਰਾ।
ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ।
ਜੋਗੀ ਗਿਆਨ ਵਿਹੂਣਿਆ ਨਿਸਦਿਨਿ ਅੰਗਿ ਲਗਾਏ ਛਾਰਾ।
ਬਾਝੁ ਗੁਰੂ ਡੁਬਾ ਜਗੁ ਸਾਰਾ॥੨੯॥