ਅਣਥੱਕ ਯਤਨਾਂ ਨਾਲ ਭਾਰਤ ਦੀ ਸ਼ਾਨ ਬਣੀ: ਪ੍ਰਣਬ

ਨਵੀਂ ਦਿੱਲੀ: ਭਾਰਤ ਦੇ 64ਵੇਂ ਗਣਤੰਤਰ ਦਿਹਾੜੇ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਪਿਛਲੇ ਛੇ ਦਹਾਕਿਆਂ ਵਿਚ ਪਿਛਲੀਆਂ ਛੇ ਸਦੀਆਂ ਦੇ ਮੁਕਾਬਲੇ ਕਿਤੇ ਵੱਧ ਬਦਲ ਗਿਆ ਹੈ। ਅਜਿਹਾ ਨਾ ਤਾਂ ਅਚਨਚੇਤੀ ਹੋਇਆ ਤੇ ਨਾ ਹੀ ਕਿਸੇ ਕੁਦਰਤੀ ਕਾਰਨਾਂ ਕਰ ਕੇ; ਬਲਕਿ ਇਕ ਸੋਚ ਤਹਿਤ ਅਣਥੱਕ ਯਤਨਾਂ ਸਦਕਾ ਸੰਭਵ ਹੋਇਆ। ਆਜ਼ਾਦੀ ਰਾਸ਼ਟਰ ਨਿਰਮਾਣ ਦੇ ਵਡੇਰੇ ਕਾਰਜ ਲਈ ਇਕ ਮਹੱਤਵਪੂਰਨ ਬਿੰਦੂ ਸਿੱਧ ਹੋਈ ਹੈ ਜਿਸ ਦੀ ਨੀਂਹ 26 ਜਨਵਰੀ, 1950 ਨੂੰ ਸੰਵਿਧਾਨ ਰਾਹੀਂ ਰੱਖੀ ਗਈ ਸੀ।
ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਦਰ ਤਿੰਨ ਗੁਣਾਂ ਤੋਂ ਵੀ ਵੱਧ ਹੋ ਗਈ ਹੈ ਤੇ ਸਾਖ਼ਰਤਾ ਦਰ ਚਾਰ ਗੁਣਾਂ ਤੋਂ ਵੀ ਟੱਪ ਗਈ ਹੈ। ਸਵੈ-ਨਿਰਭਰਤਾ ਹਾਸਲ ਕਰਨ ਮਗਰੋਂ ਹੁਣ ਅਨਾਜ ਵੀ ਬਾਹਰਲੇ ਮੁਲਕਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ। ਗਰੀਬੀ ਦੇ ਪੱਧਰ ਵਿਚ ਵੀ ਮਹੱਤਵਪੂਰਨ ਗਿਰਾਵਟ ਹਾਸਲ ਕੀਤੀ ਗਈ ਹੈ। ਹੋਰ ਮੁੱਖ ਪ੍ਰਾਪਤੀਆਂ ਵਿਚੋਂ ਇਕ ਵੱਡੀ ਮੁਹਿੰਮ ਲਿੰਗ ਬਰਾਬਰੀ ਵੱਲ ਵਧ ਰਹੀ ਹੈ। ਸਭ ਜਾਣਦੇ ਸਨ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ, ਪਰ ਦੇਸ਼ ਹੁਣ ਸਹੀ ਦਿਸ਼ਾ ਵਿਚ ਜਾ ਰਿਹਾ ਹੈ। ਉਨ੍ਹਾਂ ਨੇ ਲਿੰਗ ਸਮਾਨਤਾ ਯਕੀਨੀ ਬਣਾਏ ਜਾਣ ਦੀ ਲੋੜ ਉਪਰ ਜ਼ੋਰ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਵਿਚ ਹੋਈ ਸਮੂਹਿਕ ਜਬਰ ਜਨਾਹ ਦੀ ਸ਼ਰਮਨਾਕ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਘਟਨਾ ਨੇ ਆਤਮਾ ਨੂੰ ਵਲੂੰਧਰ ਸੁੱਟਿਆ ਹੈ। ਹੁਣ ਸਾਨੂੰ ਆਪਣੀ ਜ਼ਮੀਰ ਨੂੰ ਝੰਜੋੜਨਾ ਪਵੇਗਾ ਤੇ ਵੇਖਣਾ ਪਵੇਗਾ ਕਿ ਗਲਤੀ ਕਿੱਥੇ ਹੋਈ ਹੈ। ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਲਈ ਜਿਣਸੀ ਬਰਾਬਰੀ ਯਕੀਨੀ ਬਣਾਈ ਜਾਵੇ। ਇਸ ਜ਼ਿੰਮੇਵਾਰੀ ਤੋਂ ਨਾ ਤਾਂ ਬਚਿਆ ਜਾ ਸਕਦਾ ਹੈ ਤੇ ਨਾ ਹੀ ਇਸ ਕੌਮੀ ਵਚਨਬੱਧਤਾ ਦਾ ਤਿਆਗ ਕੀਤਾ ਜਾ ਸਕਦਾ ਹੈ; ਨਹੀਂ ਤਾਂ ਇਸ ਅਣਗਹਿਲੀ ਲਈ ਵੱਡੀ ਕੀਮਤ ਚੁਕਾਉਣੀ ਪਵੇਗੀ। ਸੱਭਿਅਕ ਸਮਾਜ ਤੇ ਸਰਕਾਰ ਨੂੰ ਇਸ ਕੌਮੀ ਨਿਸ਼ਾਨੇ ਨੂੰ ਪੂਰਾ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ। ਉਹ ਦੇਸ਼ ਵਾਸੀਆਂ ਨੂੰ ਉਸ ਵੇਲੇ ਮੁਖਾਤਬ ਹੋ ਰਹੇ ਹਨ ਜਦ ਇਕ ਗੰਭੀਰ ਘਟਨਾ ਨੇ ਕੌਮ ਦੇ ਅਵੇਸਲੇਪਨ ਨੂੰ ਝੰਜੋੜ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਕੀਮਤੀ ਜਾਨ ਤੋਂ ਬਹੁਤ ਕੁਝ ਵੱਧ ਗਵਾਇਆ ਹੈ, ਦੇਸ਼ ਦਾ ਸੁਪਨਾ ਹੀ ਟੁੱਟ ਗਿਆ ਹੈ। ਔਰਤ ਦੀ ਮਰਿਆਦਾ ਉਸ ਵੱਡੀ ਤਹਿਜ਼ੀਬ ਦਾ ਨਿਰਦੇਸ਼ਕ ਸਿਧਾਂਤ ਹੈ ਜਿਸ ਨੂੰ ਭਾਰਤੀ ਸੱਭਿਅਤਾ ਕਿਹਾ ਜਾਂਦਾ ਹੈ।
ਰਾਸ਼ਟਰਪਤੀ ਨੇ ਮਾਓਵਾਦ/ਨਕਸਲਵਾਦ ਦੇ ਤੇਜ਼ੀ ਨਾਲ ਹੋ ਰਹੇ ਫੈਲਾਓ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਆਰਥਿਕ ਨੀਤੀਆਂ ਦਾ ਲਾਭ ਪਿੰਡਾਂ ਵਿੱਚ ਨਾ ਪੁੱਜਾ ਤਾਂ ਇਸ ਦੇ ਗੰਭੀਰ ਸਿੱਟੇ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ ਨੇ ਜੋ ਪਿਛਲੇ 60 ਸਾਲਾਂ ਦੌਰਾਨ ਪ੍ਰਾਪਤ ਕੀਤਾ ਹੈ, ਉਸ ਵਿਚ ਗੌਰਵ ਮਹਿਸੂਸ ਕਰਨ ਲਈ ਬਹੁਤ ਕੁਝ ਹੈ। ਬਿਨਾਂ ਸ਼ੱਕ ਦੇਸ਼ ਨੇ ਕਾਫੀ ਆਰਥਿਕ ਤਰੱਕੀ ਕੀਤੀ ਹੈ। ਸ੍ਰੀ ਮੁਖਰਜੀ ਨੇ ਪਾਕਿਸਤਾਨ ਨੂੰ ਸਖਤ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਭਾਰਤ ਦੇ ਦੋਸਤੀ ਦੇ ਹੱਥ ਨੂੰ ਸਦਾ ਲਈ ਨਾ ਸਮਝਿਆ ਜਾਵੇ। ਭਾਰਤ ਸਰਹੱਦ ਉਪਰ ਅਮਨ ਵਿਚ ਵਿਸ਼ਵਾਸ ਰੱਖਦਾ ਹੈ ਤੇ ਦੋਸਤੀ ਦੀ ਆਸ ਨਾਲ ਹਮੇਸ਼ਾਂ ਹੱਥ ਅੱਗੇ ਵਧਾਉਣ ਲਈ ਤਿਆਰ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਭਾਰਤ ਹਮੇਸ਼ਾਂ ਉਸ ਵੱਲ ਦੋਸਤੀ ਦਾ ਹੱਥ ਵਧਾਉਂਦਾ ਰਹੇ। ਪਾਕਿਸਤਾਨ ਦਾ ਨਾਂ ਲਏ ਬਗੈਰ ਉਨ੍ਹਾਂ ਇਸ ਗੁਆਂਢੀ ਦੇਸ਼ ਵੱਲੋਂ ਅਤਿਵਾਦ ਦੀ ਪਿੱਠ ਥਾਪੜਨ ‘ਤੇ ਫਿਕਰ ਜ਼ਾਹਿਰ ਕੀਤਾ।

Be the first to comment

Leave a Reply

Your email address will not be published.