ਬਿਲਕੀਸ ਦਾ ਸੰਗ

ਈਦੀ: ਦੁਖਿਆਰਿਆਂ ਦਾ ਦੁੱਖ ਵੰਡਾਉਣ ਵਾਲਾ-2
ਅਬਦੁੱਲ ਸੱਤਾਰ ਈਦੀ (ਜਨਮ ਪਹਿਲੀ ਜਨਵਰੀ 1928) ਨੇ ਲੋੜਵੰਦਾਂ ਦੀ ਇਮਦਾਦ ਲਈ ਈਦੀ ਫਾਊਂਡੇਸ਼ਨ 1951 ਵਿਚ ਬਣਾਈ ਸੀ। ਅੱਠ ਜੁਲਾਈ 2016 ਨੂੰ ਫੌਤ ਹੋਣ ਤਕ ਇਹ ਸੰਸਥਾ ਉਸ ਦੀ ਅਗਵਾਈ ਹੇਠ ਚੱਲੀ। ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਸੰਸਥਾ ਦੇ ਤਕਰੀਬਨ 300 ਕੇਂਦਰ ਹਨ।

ਈਦੀ ਆਖਦਾ ਹੁੰਦਾ ਸੀ- ਲੋਕ ਪੜ੍ਹ-ਲਿਖ ਤਾਂ ਬਥੇਰਾ ਗਏ ਹਨ, ਪਰ ਅਜੇ ਬੰਦੇ ਬਣਨਾ ਬਾਕੀ ਹੈ। ਅੱਜ ਕੱਲ੍ਹ ਸੰਸਥਾ ਦੀ ਅਗਵਾਈ ਈਦੀ ਦੀ ਬੇਗਮ ਬਿਲਕੀਸ ਈਦੀ ਦੇ ਹੱਥ ਹੈ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਈਦੀ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਉਚੇਚਾ ਭੇਜਿਆ ਹੈ ਜੋ ਤਿੰਨ ਕਿਸ਼ਤਾਂ ਵਿਚ ਛਾਪਿਆ ਜਾ ਰਿਹਾ ਹੈ। ਐਤਕੀਂ ਲੇਖ ਦੀ ਦੂਜੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: +91-94642-51454
1965 ਦੀ ਭਾਰਤ-ਪਾਕਿਸਤਾਨ ਜੰਗ ਲੱਗੀ। ਬੰਬਾਰੀ ਹੁੰਦੀ, ਚੀਕ-ਚਿਹਾੜਾ। ਈਦੀ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਜੁਆਨ, ਵਾਲੰਟੀਅਰ ਭਰਤੀ ਹੋਣ ਲੱਗੇ। ਈਦੀ ਨੇ ਪਹਿਲੇ ਦਿਨ ਸਮਝਾ ਦਿਤੇ- ਲੀਡਰਾਂ ਦੀ ਰੀਸ ਨਹੀਂ ਕਰਨੀ, ਮੁਕਾਬਲਾ ਨਹੀਂ ਕਰਨਾ, ਇਨ੍ਹਾਂ ਵਰਗੀ ਸਿਆਸਤ ਨਹੀਂ ਕਰਨੀ। ਉਚਾ ਉਠਣਾ ਹੈ ਤਾਂ ਮੇਰੀ ਸਿਆਸਤ ਕਰੋ, ਧਰਮ ਦੀ, ਹਮਦਰਦੀ ਦੀ। ਸ਼ੱਕ ਹੈ ਤਾਂ ਪਹਿਲਾਂ ਇਨ੍ਹਾਂ ਨਾਲ ਤੁਰ ਪਵੋ। ਇਕ ਦਿਨ ਆਵੇਗਾ, ਇਨ੍ਹਾਂ ਨੂੰ ਛੱਡ ਕੇ ਫਿਰ ਤੁਸੀਂ ਮੇਰੇ ਕੋਲ ਆ ਜਾਓਗੇ। ਮੇਰੀ ਸਿਆਸਤ ਥਿਰ ਹੈ; ਜਿਥੇ ਹੈ, ਉਥੋਂ ਕੋਈ ਨਹੀਂ ਹਿਲਾ ਸਕਦਾ। ਸੇਵਾ ਦੀ ਸਿਆਸਤ ਕਰੋ।
ਛੇ ਵਿਧਵਾਵਾਂ, ਤਲਾਕਸ਼ੁਦਾ ਔਰਤਾਂ ਕੋਲ ਈਦੀ ਨੇ ਵਿਆਹ ਦੀ ਪੇਸ਼ਕਸ਼ ਭੇਜੀ, ਕਿਸੇ ਨੇ ਪ੍ਰਵਾਨ ਨਾ ਕੀਤੀ- “ਸੀਮੈਂਟ ਦਾ ਬੈਂਚ ਇਸ ਦਾ ਹਨੀਮੂਨ ਬੈੱਡ ਹੋਏਗਾ। ਮੁਰਦੇ ਇਸ ਦੀ ਜੰਨ ਚੜ੍ਹਨਗੇ”, ਵਰਗੀਆਂ ਟਿੱਪਣੀਆਂ ਕਰ ਕੇ ਕੁੜੀਆਂ ਬੁੜ੍ਹੀਆਂ ਹੱਸਦੀਆਂ। ਪੰਦਰਾਂ ਸਾਲ ਦੀ ਬਿਲਕੀਸ ਦਾ ਵਿਆਹ ਹੋਇਆ ਸੀ ਤਾਂ ਦੇਸ ਵੰਡ ਵਕਤ ਉਹ ਵਿਧਵਾ ਹੋ ਗਈ। ਉਨੀ ਸਾਲ ਦੀ ਨੂੰ ਉਸ ਦੀ ਮਾਸੀ, ਈਦੀ ਦੇ ਨਰਸਿੰਗ ਹੋਮ ਵਿਚ ਕੰਮ ਦਿਵਾਉਣ ਆਈ। ਕੁੜੀ ਖੁਸ਼-ਮਿਜਾਜ਼ ਸੀ। ਕੰਮ ਕਰਨ ਵਿਚ ਫੁਰਤੀ ਤੇ ਨਿਮਰਤਾ, ਦੋਵੇਂ। ਉਸ ਨੂੰ ਦੇਖ ਕੇ ਈਦੀ ਦਾ ਕੁਰੱਖਤ ਸੁਭਾਅ ਮਿੱਠਾ ਹੋ ਜਾਂਦਾ। ਉਹ ਧੀਮਾ ਹੋਣ ਦਾ ਯਤਨ ਕਰਦਾ, ਕਦੀ ਹੋਠਾਂ Ḕਤੇ ਮੁਸਕਾਨ ਆ ਜਾਂਦੀ। ਇਕ ਕੁੜੀ ਨੇ ਈਦੀ ਵੱਲ ਇਸ਼ਾਰਾ ਕਰ ਕੇ ਕਿਹਾ- ਦੇਖੋ ਈਦੀ ਹੱਸ ਰਿਹਾ ਹੈ ਤੇ ਚੀਕਣ ਦੀ ਥਾਂ ਗੱਲਾਂ ਕਰ ਰਿਹਾ ਹੈ। ਬਿਲਕੀਸ ਬੋਲੀ, “ਅਜੇ ਜਿਉਂਦਾ ਹੈ।” ਈਦੀ ਨੇ ਇਹ ਕੁਮੈਂਟ ਸੁਣ ਕੇ ਕਿਹਾ, “ਮੈਂ ਇਮਾਰਤ ਉਚੀ ਉਸਾਰਨੀ ਚਾਹੁੰਦਾ ਸਾਂ। ਪੁੱਟੀ ਜਾ ਰਿਹਾ ਹਾਂ, ਚੌਦਾਂ ਸਾਲ ਤੋਂ ਮੌਤਾਂ ਵਿਚਕਾਰ ਘਿਰਿਆ ਬੰਦਾ ਜਿਉਂਦਾ ਹੋਣ ਦਾ ਦਾਅਵਾ ਕਿਵੇਂ ਕਰੇ? ਸ਼ੁਕਰ ਹੈ, ਕਿਸੇ ਨੂੰ ਲੱਗਿਆ ਕਿ ਮੈਂ ਜਿਉਂਦਾ ਹਾਂ।”
ਉਸ ਦੀ ਸ਼ੋਹਰਤ ਵਧਣ ਲੱਗੀ। ਚੁਰਸਤੇ ਵਿਚ ਠੂਠਾ ਰੱਖ ਕੇ ਬੈਠ ਜਾਂਦਾ। ਦਾਨੀਆਂ ਦੀ ਭੀੜ ਲੱਗ ਜਾਂਦੀ, ਟਰੈਫਿਕ ਜਾਮ ਹੋ ਜਾਂਦਾ। ਅਖਬਾਰ ਵਾਲੇ ਪੁਛਦੇ, “ਈਦੀ, ਤੇਰੇ ਕੋਲ ਪੈਸੇ ਘੱਟ ਹਨ ਜੋ ਚੁਰਸਤੇ ਵਿਚ ਬੈਠ ਜਾਨੈਂ?” ਆਖਦਾ- “ਨਹੀਂ ਲੋੜ ਜੋਗੇ ਹਨ। ਕੁਝ ਬੰਦੇ ਹਨ, ਜੋ ਸੋਚਦੇ ਹਨ ਕਿ ਮੇਰੇ ਮੁਲਾਜ਼ਮਾਂ ਦੀ ਥਾਂ ਮੈਨੂੰ ਦਾਨ ਦੇਣਗੇ, ਇਸ ਦਾ ਵਧੀਕ ਪੁੰਨ ਲੱਗੇਗਾ। ਮੇਰੇ ਕੋਲ ਹੁਣ ਪੰਜ ਐਂਬੂਲੈਂਸਾਂ, ਵੱਡਾ ਨਰਸਿੰਗ ਹੋਮ, ਵੱਡਾ ਯਤੀਮਖਾਨਾ ਤੇ ਲੋੜ ਜੋਗੇ ਪੈਸੇ ਹਨ। ਤਾਂ ਵੀ ਮੈਨੂੰ ਠੂਠਾ ਇਹ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਈਦੀ! ਅਸਲ ਵਿਚ ਤੂੰ ਮੰਗਤਾ ਹੈਂ। ਇਹ ਹੈ ਤੇਰੀ ਸਹੀ ਔਕਾਤ। ਨਾ ਮੈਂ ਮੌਲਵੀ ਹਾਂ, ਨਾ ਸੰਤ। ਮੇਰੀ ਹੈਸੀਅਤ, ਮੰਗਤੇ ਦੀ ਹੈਸੀਅਤ, ਮੈਨੂੰ ਭੁੱਲਣੀ ਨਹੀਂ ਚਾਹੀਦੀ।” ਹੁਣ ਲੋਕ ਬਿਨਾ ਰਸੀਦ ਮੰਗਣ ਦੇ ਧੜਾ-ਧੜ ਪੈਸੇ ਸੁੱਟੀ ਜਾਂਦੇ। ਈਦੀ ਰੱਬ ਦਾ ਸ਼ੁਕਰਾਨਾ ਕਰਦਿਆਂ ਆਖਦਾ- “ਇਹ ਹੈ ਖਰਾ ਇਸਲਾਮ। ਮਨੁੱਖ, ਮਨੁੱਖ ਦੀ ਬਾਂਹ ਫੜੇ, ਦੁਖੀ ਦੀ ਦਾਰੂ ਬਣੇ।”
ਬਿਲਕੀਸ ਨਾਲ ਮੰਗਣਾ ਹੋਇਆ ਤਾਂ ਮੈਮਨਾਂ ਨੇ ਸੁਨੇਹਾ ਭੇਜਿਆ- ਜੇ ਤੂੰ ਬਿਆਨ ਦੇ ਦੇਵੇਂ ਕਿ ਤੈਨੂੰ ਈਦੀ ਨੇ ਛੇੜਿਆ ਹੈ, ਬਲੈਕਮੇਲ ਕੀਤਾ ਹੈ ਤਾਂ ਪੱਚੀ ਹਜ਼ਾਰ ਦੇ ਦਿਆਂਗੇ। ਬਿਲਕੀਸ ਨਾਲ ਉਸ ਦਾ ਨਿਕਾਹ ਹੋ ਗਿਆ। ਕੋਈ ਇਕੱਠ ਨਹੀਂ, ਦਿਖਾਵਾ ਨਹੀਂ, ਰੀਤਾਂ ਰਸਮਾ ਨਹੀਂ। ਈਦੀ ਹੱਸ ਕੇ ਕਿਹਾ ਕਰਦਾ ਸੀ- ਭਾਰਤੀ ਹੀਰੋਆਂ, ਦਲੀਪ ਕੁਮਾਰ ਜਾਂ ਰਾਜ ਕਪੂਰ ਵਰਗਾ ਨਹੀਂ ਮੈਂ, ਪਰ ਫਿਲਮਾਂ ਵਿਚ ਜਿਵੇਂ ਉਨ੍ਹਾਂ ਦਾ ਰੁਮਾਂਸ ਅਤੇ ਵਿਆਹ ਹੁੰਦਾ ਹੈ, ਮੇਰਾ ਉਸੇ ਤਰ੍ਹਾਂ ਹੋ ਗਿਆ। ਉਨ੍ਹਾਂ ਦਾ ਨਕਲੀ, ਮੇਰਾ ਅਸਲੀ। ਕੁੜੀਆਂ ਨੂੰ ਜਦੋਂ ਬਿਲਕੀਸ ਦੀ ਮੰਗਣੀ ਬਾਰੇ ਖਬਰ ਮਿਲੀ ਤਾਂ ਉਨ੍ਹਾਂ ਕਿਹਾ- ਬਿਲਕੀਸ ਕੀ ਕਰ ਰਹੀਂ ਹੈਂ ਤੂੰ? ਸਾਡੇ ਖਾਵੰਦ ਸਾਨੂੰ ਜਦੋਂ ਪਹਾੜੀਆਂ Ḕਤੇ ਘੁਮਾਉਣ ਫਿਰਾਉਣ ਲਿਜਾਇਆ ਕਰਨਗੇ, ਇਹ ਤੈਨੂੰ ਕਬਰਸਤਾਨ ਵਿਖਾਉਣ ਲੈ ਜਾਏਗਾ। ਬਿਲਕੀਸ ਵੀ ਖੂਬ ਹੱਸਦੀ। ਕੋਈ ਕੁੜੀ ਈਦੀ ਵਰਗੀ ਮੋਟੀ ਆਵਾਜ਼ ਕੱਢਦੀ, “ਬਿਲਕੀਸ! ਲਾਸ਼ਾਂ ਨੂੰ ਨੁਹਾ ਦਿਤਾ? ਬਿਲਕੀਸ ਪਾਗਲਾਂ ਦੇ ਵਾਲਾਂ ਵਿਚੋਂ ਜੂੰਆਂ ਕੱਢ ਦਿੱਤੀਆਂ? ਜਦੋਂ ਅਸੀਂ ਮੇਕਅੱਪ ਕਰਿਆ ਕਰਾਂਗੀਆਂ, ਤੂੰ ਮੁਰਦਿਆਂ ਨੂੰ ਮੱਲ੍ਹਮ ਤੇ ਸੈਂਟ ਲਾਇਆ ਕਰੇਂਗੀ।”
ਸੜਕ ਕਿਨਾਰੇ ਕੋਈ ਨਵ-ਜਾਤ ਬੱਚਾ ਸੁੱਟ ਗਿਆ। ਈਦੀ ਨੇ ਬਿਲਕੀਸ ਨੂੰ ਫੜਾ ਕੇ ਕਿਹਾ- ਇਹ ਆਪਣਾ ਹੈ। ਖਬਰਾਂ ਉਡੀਆਂ- ਇਹ ਈਦੀ ਦਾ ਨਾਜਾਇਜ਼ ਬੱਚਾ ਹੈ ਜੋ ਨਿਕਾਹ ਤੋਂ ਪਹਿਲਾਂ ਦੀ ਕਰਤੂਤ ਦਾ ਨਤੀਜਾ ਹੈ। ਈਦੀ ਨੂੰ ਮਾਰ ਦਿਉ, ਉਹ ਬਦਮਾਸ਼ ਹੈ, ਗੁਨਾਹਗਾਰ ਹੈ।
ਨਵਾਂ ਨਵਾਂ ਵਿਆਹ, ਕੁਰਸੀ Ḕਤੇ ਬੈਠੀ ਬਿਲਕੀਸ ਕੋਈ ਕੰਮ ਕਰ ਰਹੀ ਹੁੰਦੀ ਤਾਂ ਗਲੀ ਵਿਚੋਂ ਲੰਘਦਾ ਕੋਈ ਸ਼ਰਾਰਤੀ ਮੁੰਡਾ ਇਹ ਕਹਿ ਕੇ ਦੌੜ ਜਾਂਦਾ- ਦੇਖੋ, ਮੰਗਤੇ ਕੁਰਸੀਆਂ Ḕਤੇ ਬੈਠੇ ਦੇਖੋ! ਜਦੋਂ ਬਿਲਕੀਸ ਪਹਿਲੀ ਵਾਰ ਗਰਭਵਤੀ ਹੋਈ, ਉਲਟੀਆਂ ਸ਼ਰੂ ਹੋ ਗਈਆਂ। ਈਦੀ ਆਪਣੇ ਬੁੱਕ ਵਿਚ ਉਸ ਦੀ ਉਲਟੀ ਸੰਭਾਲਦਾ। ਇਹ ਉਸ ਨੂੰ ਇਕ ਤਰ੍ਹਾਂ ਸਬਕ ਸਿਖਾਉਣ ਵਾਂਗ ਸੀ ਕਿ ਈਦੀ ਨੂੰ ਦੁਖੀ ਬੰਦੇ ਦੀ ਕੋਈ ਚੀਜ਼ ਬੁਰੀ ਨਹੀ ਲਗਦੀ। ਮੈਮਨ ਸਮਾਜ ਬੇਇਜ਼ਤੀ ਕਰਦਾ ਕਰਦਾ ਥੱਕ ਗਿਆ ਸੀ, ਈਦੀ ਹੱਸ ਕੇ ਕਿਹਾ ਕਰਦਾ- ਉਸ ਬੰਦੇ ਨੂੰ ਕੋਈ ਬੇਇਜ਼ਤ ਕਿਵੇਂ ਕਰੇ ਜਿਸ ਦੀ ਇਜ਼ਤ ਹੈ ਈ ਨਹੀਂ!
ਅਮੀਨਾ ਦੀ ਮਦਦ ਨਾਲ ਬਿਲਕੀਸ ਦੇ ਪੁੱਤਰ ਪੈਦਾ ਹੋਇਆ। ਬਿਲਕੀਸ ਨੇ ਪੁੱਛਿਆ- ਇਹ ਕਿਸ ਦਾ ਬੱਚਾ ਮੇਰੀ ਗੋਦ ਵਿਚ ਦੇ ਦਿਤੈ? ਅਮੀਨਾ ਹੱਸ ਪਈ- ਇਉਂ ਸਮਝ, ਕਿਸੇ ਦਾ ਹੋਵੇ ਭਾਵੇਂ, ਤੂੰ ਇਸ ਨੂੰ ਪਾਲੇਂਗੀ। ਮੰਨ ਲੈ ਕਿ ਤੂੰ ਇਸ ਦੀ ਮਾਂ ਹੈ। ਈਦੀ ਦਾ ਅੱਬਾ ਆਇਆ- ਪੋਤੇ ਦਾ ਨਾਮ ਕੁਤਬ ਰੱਖਿਆ।
ਆਪਣੇ ਬੱਚੇ ਨਾਲ ਗੱਲਾਂ ਕਰਦੀ ਬਿਲਕੀਸ ਆਖਦੀ- ਅੱਜ ਨਵੇਂ ਕੱਪੜੇ ਪਾ ਕੇ ਫਲਾਣੀ ਸਹੇਲੀ ਦੇ ਘਰ ਚੱਲੀਏ? ਈਦੀ ਚੁੱਪ ਕਰ ਜਾਂਦਾ ਤਾਂ ਆਖਦੀ- ਚਲੋ ਇਉਂ ਕਰਦੇ ਆਂ- ਸਮੁੰਦਰ ਕੰਢੇ ਚਲੀਏ। ਮੈਂ ਲਹਿਰਾਂ ਦੇਖਦੀ ਰਹਾਂਗੀ। ਤੁਸੀਂ ਲਹਿਰਾਂ ਵਿਚੋਂ ਮੇਰੀ ਲਾਸ਼ ਲੱਭ ਲੈਣੀ। ਫਿਰ ਆਖਦੀ- ਸਾਡੇ ਰਿਸ਼ਤੇਦਾਰ ਕਿੰਨੇ ਚੰਗੇ ਨੇ, ਮਿਲਣਾ ਚਾਹੁੰਦੇ ਨੇ, ਪਰ ਅਸੀਂ ਉਨ੍ਹਾਂ ਨੂੰ ਉਦੋਂ ਮਿਲਣ ਜਾਵਾਂਗੇ ਜਦੋਂ ਉਹ ਮਰ ਜਾਣਗੇ।
ਕੋਈ ਗੁੱਸੇਖੋਰ ਬੰਦਾ ਦਫਤਰ ਵਿਚ ਆ ਕੇ ਚੀਕਣ ਲੱਗਾ- ਲਾਸ਼ਾਂ ਦਾ ਵਪਾਰ ਠੀਕ ਨਹੀਂ ਹੈ। ਇਥੇ ਇਸ ਇਲਾਕੇ ਦੇ ਬੱਚੇ ਹਰ ਵਕਤ ਡਰੇ-ਸਹਿਮੇ ਰਹਿੰਦੇ ਨੇ। ਮੀਠਾਦਾਰ ਤੋਂ ਬਾਹਰ ਲੈ ਜਾਉ ਆਪਣਾ ਇਹ ਕਾਰਖਾਨਾ। ਸਭ ਸ਼ਾਂਤ ਰਹੇ। ਉਹ ਉਚੀ ਉਚੀ ਬੋਲਦਾ ਵਾਪਸ ਚਲਾ ਗਿਆ। ਤਿੰਨ ਦਿਨ ਬਾਅਦ ਫਿਰ ਆਇਆ। ਕਿਹਾ- ਜੀ ਛੇਵੀਂ ਮੰਜ਼ਲ Ḕਤੇ ਮੇਰਾ ਭਰਾ ਦਿਲ ਫੇਲ੍ਹ ਹੋਣ ਕਾਰਨ ਮਰ ਗਿਆ ਹੈ, ਐਂਬੂਲੈਂਸ ਚਾਹੀਦੀ ਐ। ਈਦੀ ਐਂਬੂਲੈਂਸ ਲੈ ਕੇ ਚਲਾ ਗਿਆ।
ਖਿਝ ਕੇ ਬਿਲਕੀਸ ਚੀਕਦੀ- ਚੰਗਾ ਹੋਵੇ ਮੈਨੂੰ ਤਲਾਕ ਦੇ ਦਿਉ। ਰੱਬ ਕਰੇ ਮੈਥੋਂ ਬਾਅਦ ਤੁਹਾਨੂੰ ਪਤਨੀ ਨਾ ਲੱਭੇ। ਈਦੀ ਚੁੱਪ ਰਹਿੰਦਾ। ਫਿਰ ਚੀਕਦੀ- ਤੁਹਾਨੂੰ ਮੇਰੇ ਜਿਹੀ ਬੀਵੀ ਮਿਲੀ, ਕੀ ਅੱਲਾਹ ਦਾ ਸ਼ੁਕਰਾਨਾ ਕੀਤਾ? ਕਦੀ ਰੱਬ ਯਾਦ ਆਇਆ? ਈਦੀ ਕੰਨਾਂ ਨੂੰ ਹੱਥ ਲਾ ਕੇ ਆਖਦਾ- ਰੱਬ ਨੂੰ ਕਦੋਂ ਭੁੱਲਿਆਂ ਮੈਂ। ਮੇਰੇ ਕੋਲ ਰੱਬ ਅਤੇ ਤੈਥੋਂ ਇਲਾਵਾ ਹੋਰ ਹੈ ਕੀ! ਹੋਰ ਕੁਝ ਮੈਨੂੰ ਚਾਹੀਦਾ ਵੀ ਨਹੀਂ।
ਈਦੀ ਤੋਂ ਜਦੋਂ ਕਦੀ ਗਲਤ ਫੈਸਲਾ ਹੋ ਜਾਂਦਾ ਤਾਂ ਬਿਲਕੀਸ ਆਖਦੀ- ਪਛਤਾਵਾ ਨਾ ਕਰੋ। ਗਲਤੀ ਹੋਈ, ਬੇਈਮਾਨੀ ਨਹੀਂ ਕੀਤੀ। ਘਾਟਾ ਬਰਦਾਸ਼ਤ ਕਰੋ। ਬਹੁਤ ਵੱਡਾ ਨੁਕਸਾਨ ਨਹੀਂ ਹੋਇਆ। ਈਦੀ ਆਖਦਾ- ਔਰਤ ਚਾਹੇ ਤਾਂ ਚੰਗੇ ਭਲੇ ਬੰਦੇ ਨੂੰ ਨਿਕੰਮਾ ਕਰ ਸਕਦੀ ਹੈ। ਇਸੇ ਤਰ੍ਹਾਂ ਦਲੇਰ ਔਰਤ ਦਾ ਖਾਵੰਦ ਬੁਜ਼ਦਿਲ ਨਹੀਂ ਹੋ ਸਕਦਾ।
ਬਿਲਕੀਸ ਪਾਗਲਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਈਦੀ ਪੁਛਦਾ, “ਇਹ ਝੂਠ ਮਾਰਦੇ ਹਨ, ਤੈਨੂੰ ਸੱਚ ਲਗਦੈ?” ਬਿਲਕੀਸ ਆਖਦੀ- ਚੰਗੇ ਭਲੇ ਬੰਦੇ ਝੂਠ ਮਾਰਨੋਂ ਨਹੀਂ ਹਟਦੇ; ਇਨ੍ਹਾਂ ਦਾ ਦਿਲ ਹਲਕਾ ਹੋ ਜਾਂਦਾ ਹੈ, ਮੇਰਾ ਕੀ ਘਟਦੈ!
1971 ਵਿਚ ਭਾਰਤ-ਪਾਕਿ ਜੰਗ ਛਿੜਿਆ ਤਾਂ ਪਾਕਿਸਤਾਨ ਦੇ ਦੋ ਟੋਟੇ ਹੋ ਗਏ। ਬੰਗਲਾਦੇਸ ਵਿਚ ਵਸਦੇ ਪੰਜਾਬੀ ਵਪਾਰੀ ਬੰਗਾਲੀਆਂ ਦੀ ਨਫਰਤ ਤੋਂ ਡਰ ਕੇ ਪਾਕਿਸਤਾਨ ਭੱਜ ਆਏ। ਮਹਿੰਗੀਆਂ ਜਾਇਦਾਦਾਂ ਸਸਤੀਆਂ ਵੇਚ ਆਏ। ਇਧਰ ਆ ਕੇ ਕੋਈ ਕਾਰੋਬਾਰ ਫਟਾ-ਫਟ ਕਿਵੇਂ ਚੱਲ ਸਕਦਾ ਸੀ? ਬਹੁਤ ਲੋਕਾਂ ਨੇ ਈਦੀ ਨੂੰ ਦਾਨ ਦਿੱਤਾ ਸੀ। ਉਹ ਰਸੀਦਾਂ ਲੈ ਕੇ ਆ ਗਏ ਕਿ ਪੈਸੇ ਵਾਪਸ ਚਾਹੀਦੇ ਹਨ। ਈਦੀ ਨੇ ਹਰ ਇਕ ਦੇ ਪੈਸੇ ਵਾਪਸ ਕੀਤੇ ਤੇ ਕਿਹਾ- ਜਦੋਂ ਤੱਕ ਕਾਰੋਬਾਰ ਠੀਕ ਨਹੀਂ ਹੁੰਦੇ, ਇਥੇ ਰਹੋ। ਜਿਨ੍ਹਾਂ ਨੇ ਦਾਨ ਨਹੀਂ ਦਿੱਤਾ, ਉਹ ਵੀ ਰਹੋ।
ਛੇ ਮੰਜ਼ਲੀ ਬਿਸਮਿੱਲਾ ਇਮਾਰਤ ਢਹਿ ਕੇ ਤੇਰਾਂ ਫੁੱਟ ਉਚੇ ਥੇਹ ਵਿਚ ਬਦਲ ਗਈ। ਵੀਹ ਪਰਿਵਾਰ ਮਾਰੇ ਗਏ। ਈਦੀ ਨੇ ਕਰੇਨਾਂ ਨੂੰ ਨਿਰਦੇਸ਼ ਦਿੱਤਾ। ਲਾਸ਼ਾਂ ਵਾਸਤੇ ਵੱਖ, ਜ਼ਖਮੀਆਂ ਵਾਸਤੇ ਵੱਖ ਤੰਬੂ ਲਾਏ। ਢਾਈ ਸਾਲ ਦਾ ਬੱਚਾ ਬਾਹਰ ਖੇਡਦਾ ਹੋਣ ਕਰ ਕੇ ਬਚ ਗਿਆ। ਉਸ ਦੇ ਮਾਪੇ ਅਤੇ ਸੱਤ ਸਾਲ ਦਾ ਭਰਾ ਮਲਬੇ ਵਿਚ ਦਬੇ ਪਏ ਸਨ। ਇਕ ਪਾਸਿਉਂ ਬੱਚੇ ਦੀ ਆਵਾਜ਼ ਆਈ। ਭਾਰੀ ਬੀਮ ਹਟਾਇਆ ਗਿਆ ਤਾਂ ਜ਼ਖਮੀ ਬੱਚਾ ਜਿਉਂਦਾ ਮਿਲ ਗਿਆ। ਸਿਰ ਉਪਰ ਸੱਟ, ਛਾਤੀ ਦੀਆਂ ਪੱਸਲੀਆਂ ਦਬੀਆਂ ਹੋਈਆਂ। ਹਸਪਤਾਲ ਵਿਚ ਉਸ ਨੇ ਦੱਸਿਆ- ਮਾਂ ਖਾਣਾ ਬਣਾ ਰਹੀ ਸੀ। ਕੋਈ ਚੀਜ਼ ਮੇਰੇ Ḕਤੇ ਡਿੱਗੀ ਤੇ ਹਨੇਰਾ ਹੋ ਗਿਆ। ਮੈਂ ਮਾਂ ਦੀ ਅਵਾਜ਼ ਸੁਣੀ, ਸਾਨੂੰ ਦੋਹਾਂ ਭਰਾਵਾਂ ਨੂੰ ਆਵਾਜ਼ਾਂ ਮਾਰ ਰਹੀ ਸੀæææ ਇਮਰਾਨæææ ਜਾਵੇਦ। ਬਹੁਤ ਦੇਰ ਤਕ ਇਹ ਆਵਾਜ਼ਾਂ ਸੁਣਦਾ ਰਿਹਾ। ਫਿਰ ਚੁੱਪ ਹੋ ਗਈ। ਮੈਂ ਸੋਚਿਆ, ਮੈਂ ਮਰ ਗਿਆ ਹਾਂ। ਫਿਰ ਮੈਂ ਕਿਸੇ ਦਾ ਬੋਲ ਸੁਣਿਆæææ ਕਿਸੇ ਨੇ ਈਦੀ ਨੂੰ ਵਾਜ ਮਾਰੀ, ਤਾਂ ਮੈਂ ਚੀਕਾਂ ਮਾਰਨ ਲੱਗਾ। ਮੈਨੂੰ ਈਦੀ ਦਾ ਨਾਂ ਸੁਣ ਕੇ ਲੱਗਾ, ਮੈਂ ਮਰਿਆ ਨਹੀਂ। ਹੁਣੇ ਈਦੀ ਬਚਾ ਲਏਗਾ। ਦੋਵੇਂ ਯਤੀਮ ਬੱਚੇ ਦਾਦੀ ਕੋਲ ਪੁਚਾ ਦਿੱਤੇ। ਉਸ ਸਾਲ ਈਦ ਨਹੀਂ ਮਨਾਈ ਗਈ। ਭੁੱਟੋ ਮੌਕੇ Ḕਤੇ ਆਇਆ, ਈਦੀ ਨੂੰ ਕਿਹਾ- ਮੈਂ ਮਦਦ ਕਰਾਂ ? ਈਦੀ ਨੇ ਕਿਹਾ- ਹੋਰ ਕੌਣ ਕਰੇਗਾ? ਫੌਰਨ ਰਾਹਤ ਭੇਜ। ਉਸ ਨੇ ਧਨ, ਰਾਸ਼ਣ ਅਤੇ ਦਵਾਈਆਂ ਤੁਰੰਤ ਭੇਜੀਆਂ।
ਇਕ ਆਦਮੀ ਇਹ ਦੱਸਦਾ ਹੋਇਆ ਰੋਂਦਾ ਰਹਿੰਦਾ- ਮੇਰੀ ਪਤਨੀ ਅਤੇ ਦੋ ਧੀਆਂ ਕੱਪੜੇ ਸੀਅ ਕੇ ਗੁਜ਼ਾਰਾ ਕਰਦੀਆਂ। ਸ਼ਾਮ ਪੈਣ Ḕਤੇ ਮੈਂ ਜਬਰਨ ਉਨ੍ਹਾਂ ਤੋਂ ਪੈਸੇ ਖੋਹ ਕੇ ਸ਼ਰਾਬ ਪੀਂਦਾ। ਉਹ ਰੋਂਦੀਆਂ ਤੇ ਰੱਬ ਅੱਗੇ ਅਰਦਾਸ ਕਰਦੀਆਂ- ਸਾਨੂੰ ਮੌਤ ਦੇਹ। ਉਹ ਤਿੰਨੇ ਮਰ ਗਈਆਂ। ਮੈਂ ਕਦੋਂ ਮਰਾਂਗਾ? ਈਦੀ ਆਖਦਾ – ਤੂੰ ਕਿਉਂ ਮਰੇਂ ? ਜਿੰਨਾ ਸੰਤਾਪ ਉਨ੍ਹਾਂ ਨੇ ਝੱਲਿਆ, ਉਹ ਭੁਗਤ। ਤੇਰੀ ਫਰਿਆਦ ਸੁਣਨ ਵਾਲਾ ਕੋਈ ਨਹੀਂ।
ਦੋ ਪੁੱਤਰਾਂ ਤੇ ਦੋ ਧੀਆਂ ਦਾ ਪਿਤਾ ਈਦੀ, ਬੱਚਿਆਂ ਨੂੰ ਕਿਤੇ ਪਿਕਨਿਕ Ḕਤੇ ਨਾ ਲਿਜਾ ਸਕਦਾ। ਉਹ ਟੂਰ Ḕਤੇ ਜਾਣ ਦੀ ਜ਼ਿਦ ਕਰਦੇ ਰਹਿੰਦੇ। ਇਕ ਦਿਨ ਸੁਨੇਹਾ ਮਿਲਿਆ ਕਿ ਦੂਰ ਸਿੰਧ ਵਿਚ ਲਾਸ਼ ਪੁਚਾਣੀ ਹੈ। ਬੀਵੀ ਨੇ ਕਿਹਾ- ਬੱਚਿਆਂ ਨੂੰ ਵੀ ਲੈ ਚੱਲ। ਹੋਰ ਕਿਤੇ ਨਹੀਂ ਲਿਜਾ ਸਕਦਾ, ਕਬਰਸਤਾਨ ਈ ਦਿਖਾ ਲਿਆ। ਮਾਪੇ ਜਿਥੇ ਵੀ ਜਾਣ, ਬੱਚੇ ਉਨ੍ਹਾਂ ਨਾਲ ਜਾਣਾ ਚਾਹੁੰਦੇ ਨੇ, ਜਾ ਕੇ ਖੁਸ਼ ਹੁੰਦੇ ਨੇ। ਠੀਕ ਹੈ। ਈਦੀ ਨੇ ਆਗਿਆ ਦੇ ਦਿੱਤੀ। ਜਿਸ ਐਂਬੂਲੈਂਸ ਦੇ ਅਗਲੇ ਹਿੱਸੇ ਵਿਚ ਮਾਂ, ਆਪਣੀ ਧੀ ਦੀ ਲਾਸ਼ ਲਾਗੇ ਬੈਠੀ ਸੀ, ਬੱਚਿਆਂ ਨੇ ਪਿਛਲੇ ਪਾਸੇ ਖੁਸ਼ੀ ਖੁਸ਼ੀ ਛਾਲਾਂ ਲਾ ਦਿੱਤੀਆਂ ਤੇ ਚਹਿਕਣ ਲੱਗੇ।
ਦਿਨ ਦਾ ਸਫਰ ਬੀਤ ਗਿਆ। ਰਾਤ ਪੈ ਗਈ। ਕੁੜੀ ਦੀ ਮਾਂ ਰਸਤਾ ਭੁੱਲ ਗਈ। ਉਸ ਨੇ ਉਚੇ ਟਿੱਲੇ Ḕਤੇ ਖਲੋ ਕੇ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਜ ਦੀ ਗੂੰਜ ਵਾਪਸ ਪਰਤਦੀ, ਪਰ ਹੁੰਗਾਰਾ ਕੋਈ ਨਹੀਂ। ਉਜਾੜ ਵਿਚ ਸੱਪਾਂ ਦੇ ਫੁੰਕਾਰੇ ਸੁਣਾਈ ਦਿੰਦੇ। ਈਦੀ ਨੇ ਗੱਡੀ ਦੀਆਂ ਲਾਈਟਾਂ ਬਾਲ ਦਿੱਤੀਆਂ। ਸਾਹਮਣੇ ਚਾਰ ਨਕਾਬਪੋਸ਼ ਘੋੜਸਵਾਰ ਬੰਦੂਕਾਂ ਲਈ ਖਲੋਤੇ ਦਿਸੇ। ਔਰਤ ਦੌੜਦੀ ਹੋਈ ਟਿੱਲੇ ਤੋਂ ਉਤਰ ਕੇ ਗੱਡੀ ਵਿਚ ਵੜ ਗਈ, ਦੱਸਿਆ- ਇਹ ਕੋਲਹਰੀ ਦੇ ਖਤਰਨਾਕ ਡਾਕੂ ਨੇ। ਪਹਿਲਾਂ ਗੋਲੀ ਮਾਰਦੇ ਨੇ, ਫਿਰ ਦੇਖਦੇ ਨੇ ਜਿਸ ਨੂੰ ਗੋਲੀ ਵੱਜੀ, ਉਹ ਕੌਣ ਸੀ।
ਨਕਾਬਪੋਸ਼ਾਂ ਨੇ ਗੱਡੀ ਘੇਰ ਲਈ। ਲਾਸ਼ ਦੇਖੀ, ਸਹਿਮੇ ਬੱਚੇ ਦੇਖੇ, ਪੁੱਛਿਆ ਕੌਣ ਹੋ? ਘੋੜੇ ਗੁੱਸੇ ਵਿਚ ਪੌੜ ਪਟਕ ਰਹੇ ਸਨ। ਈਦੀ ਨੇ ਦੱਸਿਆ- ਮੈਂ ਅਬਦੁੱਲ ਸੱਤਾਰ ਹਾਂ ਜਿਸ ਨੂੰ ਈਦੀ ਕਹਿੰਦੇ ਨੇ। ਇਹ ਲਾਸ਼ ਛੱਡਣ ਜਾ ਰਿਹਾ ਸਾਂ ਕਿ ਰਸਤਾ ਭੁੱਲ ਗਿਆ। ਡਾਕੂ ਨੇ ਕਿਹਾ- ਕਿਧਰ ਜਾਣੈਂ? ਪਿੰਡ ਦਾ ਰਾਹ ਦੱਸਦਿਆਂ ਕਿਹਾ- ਬੜਾ ਖਤਰਨਾਕ ਇਲਾਕਾ ਹੈ, ਰਾਤ ਨੂੰ ਕਾਹਨੂੰ ਸਫਰ ਕਰਨਾ ਸੀ। ਤੁਰਨ ਲੱਗਿਆਂ ਈਦੀ ਨੇ ਸਲਾਮ ਵਜੋਂ ਸੱਜਾ ਹੱਥ ਮੱਥੇ ਨੂੰ ਛੁਹਾਇਆ। ਚਾਰੇ ਡਾਕੂਆਂ ਨੇ ਛਾਤੀ Ḕਤੇ ਹੱਥ ਰੱਖ ਕੇ ਝੁਕ ਕੇ ਸਲਾਮ ਦਾ ਜਵਾਬ ਦਿੱਤਾ। ਬਿਲਕੀਸ ਅਤੇ ਬੱਚਿਆਂ ਦਾ ਸਾਹ ਵਿਚ ਸਾਹ ਆਇਆ। ਈਦੀ ਨੇ ਬਿਲਕੀਸ ਦੀ ਝਾੜ-ਝੰਬ ਕੀਤੀ, ਬੱਚਿਆਂ ਨੂੰ ਖਤਰੇ ਵਿਚ ਪਾ ਦਿੱਤਾ ਸੀ!
ਬਾਈ ਸਾਲ ਦਾ ਕੈਦੀ ਜੇਲ੍ਹ ਵਿਚ ਮਰ ਗਿਆ ਤੇ ਕਬਰਸਤਾਨ ਵਿਚ ਦਫਨਾ ਦਿੱਤਾ। ਉਸ ਦੇ ਦੋਸਤ ਆਏ, ਕਹਿਣ ਲੱਗੇ- ਇਹ ਪੰਜਾਬ ਦਾ ਸੀ, ਮਾਪੇ ਬੇਗਾਨੀ ਥਾਂ ਦਫਨ ਕਰਨ ਦੇ ਹੱਕ ਵਿਚ ਨਹੀਂ, ਪਰ ਉਨ੍ਹਾਂ ਕੋਲ ਲਾਸ਼ ਲਿਜਾਣ ਜੋਗੇ ਪੈਸੇ ਨਹੀਂ। ਤੁਸੀਂ ਛੱਡ ਆਉ। ਈਦੀ ਨੇ ḔਹਾਂḔ ਕਰ ਦਿਤੀ ਤਾਂ ਬਿਲਕੀਸ ਨੇ ਕਿਹਾ- ਮੈਂ ਵੀ ਜਾਵਾਂਗੀ, ਫੈਸਲ ਬੇਟਾ ਵੀ ਜਾਏਗਾ। ਈਦੀ ਨੇ ਕਿਹਾ- ਲੰਮਾ ਸਫਰ ਹੈ, ਪਰ ਤਾਂ ਕੀ? ਸਵੇਰ ਸਾਰ ਚੱਲਣ ਦਾ ਫੈਸਲਾ ਹੋਇਆ। ਤੁਰਨ ਤੋਂ ਪਹਿਲਾਂ ਪਾਗਲਖਾਨੇ ਦਾ ਦੌਰਾ ਕਰਨ ਗਿਆ। ਨਿਗਰਾਨ ਨੇ ਕਿਹਾ- ਜੀ ਅਹੁ ਕੁੜੀ ਪੌੜੀਆਂ ਵਿਚ ਬੈਠੀ ਹੈ। ਉਤਰਨ ਚੜ੍ਹਨ ਵਾਲੇ ਨੂੰ ਗਾਲ੍ਹਾਂ ਦਿੰਦੀ ਹੈ, ਦੰਦੀਆਂ ਵਢਦੀ ਹੈ। ਈਦੀ ਉਸ ਕੋਲ ਗਿਆ, ਉਠਣ ਲਈ ਕਿਹਾ। ਉਹ ਟੱਸ ਤੋਂ ਮੱਸ ਨਾ ਹੋਈ। ਈਦੀ ਨੇ ਚਪੇੜ ਜੜ ਦਿੱਤੀ, ਫਿਰ ਪਰੇ ਗਈ।
ਰਸਤੇ ਵਿਚ ਢਲਾਣ Ḕਤੇ ਮੋੜ ਕੱਟਦੀ ਵੈਨ ਉਲਟ ਗਈ। ਸਾਰੇ ਬਚ ਗਏ, ਪਰ ਈਦੀ ਦਾ ਜਬਾੜਾ ਟੁੱਟ ਗਿਆ। ਲਾਗੇ ਕੋਈ ਹਸਪਤਾਲ ਨਹੀਂ, ਮੀਠਾਦਾਰ ਫੋਨ ਮਿਲਾਇਆ ਤਾਂ ਉਥੋਂ ਗੱਡੀਆਂ ਚੱਲ ਪਈਆ। ਰੌਲਾ ਪੈ ਗਿਆ ਕਿ ਈਦੀ ਐਕਸੀਡੈਂਟ ਵਿਚ ਮਾਰਿਆ ਗਿਆ। ਬਾਜ਼ਾਰ ਬੰਦ ਹੋ ਗਏ। ਭੁੱਟੋ ਮਲਬੇ ਵਾਲੀ ਹਵੇਲੀ ਦੀ ਥਾਂ ਉਸਰਨ ਵਾਲੀ ਬਹੁਮੰਜ਼ਲੀ ਇਮਾਰਤ ਦੇ ਪਲਾਟ ਅਲਾਟ ਕਰਨ ਮੀਠਾਦਾਰ ਆਇਆ ਹੋਇਆ ਸੀ। ਪੁੱਛਿਆ- ਈਦੀ ਕਿਥੇ ਹੈ? ਦੱਸਿਆ ਗਿਆ। ਉਸ ਨੇ ਤੁਰੰਤ ਆਪਣਾ ਹੈਲੀਕਾਪਟਰ ਭੇਜ ਦਿੱਤਾ। ਹਸਪਤਾਲੋਂ ਛੁੱਟੀ ਮਿਲੀ ਤਾਂ ਭੁੱਟੋ ਨੂੰ ਕਿਰਾਇਆ ਦੇਣਾ ਚਾਹਿਆ, ਉਸ ਨੇ ਨਾ ਲਿਆ। ਬਿਲਕੀਸ ਨੂੰ ਕਹਿਣ ਲੱਗਾ- ਬਿਮਾਰ ਕੁੜੀ ਨੂੰ ਚਪੇੜ ਮਾਰ ਕੇ ਤੁਰਿਆ ਸਾਂ, ਅੱਲਾਹ ਨੂੰ ਇਹ ਮਨਜ਼ੂਰ ਨਹੀਂ ਸੀ। ਦੇਖ ਲਿਆ? ਮਿਲੀ ਨਾ ਸਹੀ ਸਜ਼ਾ?
ਕੋਈ ਮਿਹਨਤੀ ਵਿਦਿਆਰਥੀ ਕੈਂਸਰ ਦੀ ਪਹਿਲੀ ਸਟੇਜ ਵਿਚ ਸੀ। ਉਸ ਨੂੰ ਇਲਾਜ ਲਈ ਪੈਸੇ ਚਾਹੀਦੇ ਸਨ। ਠੂਠਾ ਹਿਲਾ ਕੇ ਈਦੀ ਕਰਾਚੀ ਦੇ ਚੌਕ ਵਿਚ ਬੈਠ ਗਿਆ। ਬਾਕੀ ਮੰਗਤੇ ਗੱਡੀਆਂ ਦੇ ਅੱਗੇ ਪਿਛੇ ਭੱਜ ਭੱਜ ਮੰਗਦੇ ਫਿਰ ਰਹੇ ਸਨ। ਈਦੀ ਬੁੱਤ ਵਾਂਗ ਜੰਮ ਗਿਆ। ਲੋਕ ਈਦੀ ਨੂੰ ਦੇਖਦੇ, ਰੁਕਦੇ, ਜੇਬਾਂ ਖਾਲੀ ਕਰਦੇ ਤੇ ਚਲੇ ਜਾਂਦੇ। ਤਿੰਨ ਦਿਨਾਂ ਵਿਚ ਢਾਈ ਲੱਖ ਰੁਪਏ ਮਿਲੇ। ਮੰਗਤੇ ਬੁੜ ਬੁੜ ਕਰਨ ਲੱਗੇ- ਇਹਨੇ ਸਾਡਾ ਖੂਹ ਸੁਕਾ ਦਿੱਤਾ ਹੈ, ਭੁੱਖੇ ਮਰੀਏ ਕਿ ਕਿਤੇ ਹੋਰ ਚਲੇ ਜਾਈਏ? ਬਿਲਕੀਸ ਹੱਸੀ- ਹੋਰ ਕਿਤੇ ਕਿਉਂ ਜਾਣਾ? ਵੱਡੇ ਮੰਗਤੇ ਨਾਲ ਕੰਮ Ḕਤੇ ਆ ਜਾਉ।
1977 ਵਿਚ ਜ਼ਿਆ-ਉਲ ਹੱਕ ਨੇ ਸੱਤਾ ਹਥਿਆ ਲਈ, ਭੁੱਟੋ ਨੂੰ ਕੈਦ ਵਿਚ ਸੁੱਟ ਦਿੱਤਾ ਤੇ ਬਾਅਦ ਵਿਚ ਫਾਹੇ ਲਾ ਦਿਤਾ। ਪਾਕਿਸਤਾਨ ਵਿਚ ਕੋਈ ਕੁਸਕਿਆ ਤੱਕ ਨਾ। ਬਿਲਕੀਸ ਨੇ ਕਿਹਾ- ਈਦੀ, ਇਹ ਬੁਰੀ ਘਟਨਾ ਹੋਈ, ਤੇ ਲੋਕ ਖਾਮੋਸ਼ ਹੋ ਗਏ। ਈਦੀ ਨੇ ਕਿਹਾ- ਪਾਕਿਸਤਾਨੀ ਹਕੂਮਤਾਂ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ, ਦਿਮਾਗ ਕਾਠ ਮਾਰੇ ਗਏ। ਭੁੱਟੋ ਨੇ ਸਬਜ਼ਬਾਗ ਦਿਖਾਏ, ਲੋਕਾਂ ਨੇ ਵੋਟਾਂ ਨਾਲ ਪੇਟੀਆਂ ਭਰ ਦਿਤੀਆਂ। ਮਿਲਿਆ ਕੱਖ ਨਾ। ਉਹ ਸੜਕਾਂ Ḕਤੇ ਆ ਕੇ ਮੁਜ਼ਾਰੇ ਕਰਨ ਲੱਗੇ ਤਾਂ ਜ਼ਿਆ ਨੇ ਮੌਕੇ ਦਾ ਫਾਇਦਾ ਉਠਾ ਲਿਆ ਤੇ ਲੋਕਾਂ ਨੂੰ ਕਿਹਾ- ਆਪੋ-ਆਪਣੀਆਂ ਝੌਂਪੜੀਆਂ ਵਿਚ ਵੜ ਜਾਉ। ਲੋਕ ਝੁੱਗੀਆਂ ਵਿਚ ਵੜ ਗਏ।
ਜ਼ਿਆ-ਉਲ ਹੱਕ ਨੇ ਈਦੀ ਨੂੰ ਮਾਣ ਪੱਤਰ ਅਤੇ ਪੰਜ ਲੱਖ ਰੁਪਿਆ ਭੇਜਿਆ। ਮਾਣ ਪੱਤਰ ਰੱਖ ਲਿਆ ਤੇ ਚੈੱਕ ਵਾਪਸ ਕਰਦਿਆਂ ਲਿਖਿਆ- ਮਾਣ ਪੱਤਰ ਲਈ ਸ਼ੁਕਰਾਨਾ। ਸਰਕਾਰ ਤੋਂ ਪੈਸੇ ਨਹੀਂ ਲੈਂਦਾ। ਉਹੀ ਕੰਮ ਕਰ ਰਿਹਾ ਹਾਂ ਜੋ ਸਰਕਾਰ ਨੇ ਕਰਨਾ ਹੁੰਦਾ ਹੈ, ਪਰ ਸਰਕਾਰ ਨਹੀਂ ਕਰ ਰਹੀ ਜਾਂ ਨਹੀਂ ਕਰ ਸਕਦੀ, ਤਾਂ ਫਿਰ ਪਰਜਾ ਨੂੰ ਆਪ ਕਰਨਾ ਚਾਹੀਦੀ ਹੈ। ਮੈਂ ਲੋਕਾਂ ਅੱਗੇ ਝੋਲੀ ਅੱਡਾਂਗਾ।
ਕਦੀ ਕਦੀ ਬਿਲਕੀਸ ਦੇ ਸੁਭਾਅ ਕਾਰਨ ਉਹ ਪ੍ਰੇਸ਼ਾਨ ਹੋ ਕੇ ਆਖਦਾ- ਤੂੰ ਮੈਨੂੰ ਚੈਨ ਲੈਣ ਦਏਂਗੀ ਕਿ ਨਹੀਂ?
ਬਿਲਕੀਸ ਹੱਸਦੀ- ਚੈਨ? ਤੁਹਾਨੂੰ ਪਤੈ ਚੈਨ ਕੀ ਹੁੰਦੈ? ਨਾ ਆਪ ਚੈਨ ਵਿਚ ਰਹਿਣਾ, ਨਾ ਕਿਸੇ ਨੂੰ ਰਹਿਣ ਦੇਣਾ। ਤੁਸੀਂ ਤਾਂ ਮਰਨ ਪਿਛੋਂ ਵੀ ਆਖਣਾ ਹੈ- ਮੈਨੂੰ ਨਾ ਕੋਈ ਨੁਹਾਏ, ਮੈਂ ਆਪ ਨਹਾਵਾਂਗਾ। ਖਬਰਦਾਰ ਕੋਈ ਮੈਨੂੰ ਕਬਰ ਵਿਚ ਉਤਾਰਨ ਆਇਆ। ਮੈਂ ਆਪ ਉਤਰਾਂਗਾ।
ਉਹ ਅੱਲਾਹ ਨੂੰ ਆਖਦਾ- ਅੱਲਾਹ! ਕੋਈ ਵੱਡਾ ਕੰਮ ਲਉ ਮੈਥੋਂ, ਅਜਿਹਾ ਕੰਮ ਜੋ ਦੁਨੀਆਂ ਦੀ ਤਕਦੀਰ ਬਦਲ ਦਏ। ਬਿਲਕੀਸ ਹੱਸਦੀ- ਕਦੀ ਨਾ ਕਦੀ ਰੱਬ ਸੋਚੇਗਾ ਜ਼ਰੂਰ, ਇਸ ਸੁਸਤ ਸੰਸਾਰ ਵਿਚ ਕੌਣ ਹੈ ਜਿਹੜਾ ਕੰਮ ਤੋਂ ਇਲਾਵਾ ਕੁਝ ਨਹੀਂ ਮੰਗਦਾ।
ਡਿਕਟੇਟਰ ਦੇ ਹੱਥ ਵਿਚ ਸਾਰੀ ਤਾਕਤ ਹੁੰਦੀ ਹੈ, ਜੇ ਚਾਹੇ ਤਾਂ ਮੁਲਕ ਦੀ ਤਕਦੀਰ ਬਦਲ ਸਕਦਾ ਹੈ, ਪਰ ਜ਼ਿਆ-ਉਲ ਹੱਕ ਕੋਲ ਸਿਵਾਇ ਸੱਤਾ ਵਿਚ ਰਹਿਣ ਦੇ ਕੋਈ ਦ੍ਰਿਸ਼ਟੀ ਨਹੀਂ ਸੀ। ਉਸ ਨੇ ਈਦੀ ਨੂੰ ਪਾਰਲੀਮੈਂਟ ਦਾ ਮੈਂਬਰ ਲੈ ਕੇ ਸਮਾਜ ਭਲਾਈ ਮਹਿਕਮਾ ਦੇ ਦਿੱਤਾ। ਰਾਸ਼ਟਰਪਤੀ ਨੇ ਪੇਸ਼ਕਸ਼ ਕੀਤੀ- ਈਦੀ ਨੂੰ ਹੈਲੀਕਾਪਟਰ ਦਿੱਤਾ ਜਾਵੇ। ਇਕ ਕਰਨਲ ਉਸ ਦਾ ਸੈਕਟਰੀ ਹੋਵੇਗਾ। ਈਦੀ ਨੇ ਕਿਹਾ- ਮੈਂ ਹੈਲੀਕਾਪਟਰ ਲਵਾਂਗਾ, ਦਾਨੀਆਂ ਦੇ ਪੈਸੇ ਨਾਲ, ਕਿਉਂਕ ਇਸ ਦੀ ਲੋੜ ਹੈ। ਮੇਰੀ ਮੁਖਬਰੀ ਕਰਨ ਵਾਲੇ ਕਿਸੇ ਕਰਨਲ ਦੀ ਮੈਨੂੰ ਕੋਈ ਲੋੜ ਨਹੀਂ, ਮੇਰਾ ਕੰਮ ਚੱਲ ਰਿਹੈ।
ਲੋਕ ਨਾਜਾਇਜ਼ ਬੱਚਿਆਂ ਨੂੰ ਇਧਰ ਉਧਰ ਸੁੱਟ ਜਾਂਦੇ ਸਨ। ਈਦੀ ਨੇ ਨਰਸਿੰਗ ਹੋਮ ਦੇ ਬਾਹਰ ਪੰਘੂੜੇ ਲਟਕਾ ਦਿੱਤੇ- ਇਥੇ ਆਪਣਾ ਅਣਚਾਹਿਆ ਬੱਚਾ ਰੱਖ ਜਾਉ। ਮੌਲਵੀਆਂ ਨੇ ਫਤਵਾ ਦਿੱਤਾ- ਨਾਜਾਇਜ਼ ਔਲਾਦ ਨੂੰ ਪੱਥਰ ਮਾਰ ਕੇ ਮਾਰੋ। ਈਦੀ ਨੇ ਐਲਾਨ ਕੀਤਾ- ਆਏ, ਮੇਰੇ ਪੰਘੂੜੇ ਵਿਚ ਰੱਖੇ ਬੱਚੇ ਨੂੰ ਕੋਈ ਮਾਰ ਕੇ ਦਿਖਾਏ। ਇਸਲਾਮ ਮਾਸੂਮਾਂ ਨੂੰ ਦੋਸ਼ੀ ਨਹੀਂ ਮੰਨਦਾ, ਇਸਲਾਮ ਮਾਸੂਮਾਂ ਨੂੰ ਸਜ਼ਾ ਨਹੀਂ ਦਿੰਦਾ। ਮੌਲਵੀਆਂ ਨੇ ਕਿਹਾ- ਇਸਲਾਮ ਨਾਜਾਇਜ਼ ਔਲਾਦ ਨੂੰ ਗੋਦ ਲੈਣ ਦੀ ਆਗਿਆ ਨਹੀਂ ਦਿੰਦਾ। ਈਦੀ ਨੇ ਕਿਹਾ- ਤੁਸੀਂ ਕਤੂਰੇ, ਬਲੂੰਗੜੇ ਪਾਲ ਲੈਂਦੇ ਹੋ। ਠੀਕ ਹੈ। ਜਦੋਂ ਤੱਕ ਇਸਲਾਮ ਵਲੋਂ ਆਗਿਆ ਨਹੀਂ ਮਿਲਦੀ, ਇਨ੍ਹਾਂ ਨੂੰ ਇਵੇਂ ਰੱਖ ਲਉ। ਜਾਇਦਾਦ ਵਿਚੋਂ ਹਿੱਸਾ ਨਾ ਦਿਉ। ਤੁਹਫਾ ਦੇ ਦਿਉ, ਵਜ਼ੀਫਾ ਦੇ ਦਿਉ। ਉਸ ਨੇ ਥਾਂ ਥਾ ਇਸ਼ਤਿਹਾਰ ਚਿਪਕਾਏ- ਇਕ ਗੁਨਾਹ ਕਰ ਚੁੱਕੇ ਹੋ। ਹੁਣ ਬੱਚਾ ਮਾਰ ਕੇ ਦੂਜਾ ਗੁਨਾਹ ਨਾ ਕਰੋ। ਤੁਹਾਡਾ ਬੱਚਾ ਅਸੀਂ ਪਾਲਾਂਗੇ। ਮੌਲਵੀਆਂ ਨੇ ਕਿਹਾ- ਈਦੀ ਕਾਫਰ ਹੈ। ਉਸ ਨੂੰ ਦਾਨ ਦੇਣਾ ਕੁਫਰ ਹੈ।
ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ। ਈਦੀ ਨੂੰ ਸੱਦਾ ਪੱਤਰ ਮਿਲਿਆ। ਈਦੀ ਬੱਸ ਵਿਚ ਸਫਰ ਕਰ ਕੇ ਪਾਰਲੀਮੈਂਟ ਹਾਊਸ ਪੁੱਜਿਆ। ਫੌਜੀ ਅਫਸਰਾਂ ਨੇ ਪਛਾਣ ਲਿਆ ਤਾਂ ਦੌੜੇ ਆਏ- ਈਦੀ ਸਾਹਿਬ, ਉਹ ਲਾਲ ਬੱਤੀ ਵਾਲੀ ਕਾਰ ਤੁਹਾਡੀ ਹੈ। ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ? ਅਸੀਂ ਲੈਣ ਆ ਜਾਂਦੇ। ਕਿਥੇ ਠਹਿਰੇ ਹੋ? ਅਸੀਂ ਤੁਹਾਡੇ ਲਈ ਹੋਟਲ ਬੁੱਕ ਕਰਵਾ ਰੱਖਿਆ ਹੈ। ਈਦੀ ਨੇ ਕਿਹਾ- ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪੁਰਾਣਾ ਕੁਰਤਾ ਪਜਾਮਾ, ਰਬੜ ਦੇ ਸਲੀਪਰ, ਮੋਢੇ ਬੋਰੀ ਵਾਲਾ ਝੋਲਾ। ਬਿਲਕੀਸ ਨੇ ਕਿਹਾ- ਕੁਰਤਾ ਪਜਾਮਾ ਤਾਂ ਬਦਲ ਲਵੋ। ਪਹਿਲਾਂ ਨਾਲੋਂ ਦੂਜਾ ਕੁਰਤਾ ਪਜਾਮਾ ਕੁਝ ਵਧੀਆ ਸੀ, ਤਾਂ ਵੀ ਮਾਹੌਲ ਦੇ ਫਿਟ ਨਹੀਂ ਸੀ। ਸਾਰਾ ਦਿਨ ਸਹੁੰ ਚੁਕਾਈ ਦੀ ਰਸਮ ਨੇ ਈਦੀ ਨੂੰ ਅਕਾ ਦਿਤਾ। ਮੈਂ ਇਥੇ ਕੀ ਕਰਨ ਆਇਆਂ? ਸ਼ਾਇਦ ਇਸ ਲਈ ਮੈਨੂੰ ਪਾਰਲੀਮੈਂਟ ਵਿਚ ਲੈ ਲਿਆ ਹੈ ਤਾਂ ਕਿ ਨਾਜਾਇਜ਼ ਹਕੂਮਤ ਜਾਇਜ਼ ਲੱਗਣ ਲੱਗੇ।
ਮੰਤਰੀ ਲੱਛੇਦਾਰ ਭਾਸ਼ਣਾਂ ਨਾਲ ਜ਼ਿਆ ਦੀ ਖੁਸ਼ਾਮਦ ਕਰ ਰਹੇ ਸਨ। ਆਪੋ-ਆਪਣੇ ਮਹਿਕਮਿਆਂ ਲਈ ਗ੍ਰਾਂਟਾਂ ਮੰਗ ਰਹੇ ਸਨ। ਈਦੀ ਨੇ ਬੋਲਣ ਲਈ ਸਮਾਂ ਮੰਗਿਆ। ਪਾਕਿਸਤਾਨ ਕਿਥੇ ਕਿਥੇ ਕਿਸ ਕਿਸ ਬਿਮਾਰੀ ਤੋਂ ਪੀੜਤ ਹੈ ਤੇ ਇਸ ਦਾ ਕੀ ਇਲਾਜ ਹੈ, ਦੱਸਣ ਲੱਗਾ। ਦੱਸਿਆ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਉਸ ਨੇ ਦੱਸਿਆ ਕਿ ਉਹ ਕਿਥੇ ਕਿਥੇ ਮਦਦ ਕਰ ਸਕਦਾ ਹੈ, ਇਸ ਮਦਦ ਵਾਸਤੇ ਸਰਕਾਰ ਤੋਂ ਪੈਸਾ ਨਹੀਂ ਲਵੇਗਾ, ਸਰਕਾਰ ਆਪ ਪੈਸਾ ਖਰਚੇ। ਪਾਰਲੀਮੈਂਟ ਸੁੰਨ ਹੋ ਗਈ, ਜਦੋਂ ਉਸ ਨੇ ਕਿਹਾ- ਜ਼ਿਆ-ਉਲ ਹੱਕ ਨੂੰ ਤੇ ਉਸ ਦੀ ਸਰਕਾਰ ਨੂੰ ਪਤਾ ਨਹੀਂ ਇਸਲਾਮ ਕੀ ਹੈ, ਫਿਰ ਉਹ ਇਸਲਾਮੀ ਕਾਨੂੰਨ ਕਿਵੇਂ ਲਾਗੂ ਕਰੇਗੀ? ਜਦੋਂ ਕੋਈ ਸ਼ਾਹੂਕਾਰ ਨਵੀਂ ਮਰਸਿਡੀਜ਼ ਬੈਂਜ਼ ਵਿਚ ਸ਼ਾਨ ਨਾਲ ਨਿਕਲਦਾ ਹੈ, ਉਦੀਂ ਭੁੱਖੇ ਦੇ ਹੱਥ ਵਿਚ ਬੰਬ ਆ ਜਾਂਦਾ ਹੈ। ਕੌਮਾਂਤਰੀ ਪ੍ਰੈੱਸ ਨੇ ਕਿਹਾ- ਮੰਗਤਿਆਂ ਦੇ ਇਜਲਾਸ ਵਿਚ ਕੇਵਲ ਇਕ ਦਾਤਾ ਦੇਖਿਆ- ਈਦੀ।
ਕੁਝ ਦਿਨਾਂ ਬਾਅਦ ਕੋਈ ਫੌਜੀ ਅਫਸਰ ਆਇਆ। ਕਿਹਾ- ਜ਼ਿਆ ਸਾਹਿਬ ਨੇ ਭੇਜਿਆ ਹੈ। ਉਨ੍ਹਾਂ ਨੂੰ ਲੱਗਾ, ਤੁਸੀਂ ਉਨ੍ਹਾਂ ਨਾਲ ਨਾਰਾਜ਼ ਹੋ। ਉਨ੍ਹਾਂ ਨਾਰਾਜ਼ਗੀ ਦਾ ਕਾਰਨ ਪੁੱਛਿਆ ਹੈ। ਈਦੀ ਨੇ ਕਿਹਾ- ਨਾਰਾਜ਼ ਨਹੀਂ ਹਾਂ। ਮੈਂ ਇਹ ਦੱਸਣ ਦਾ ਇਛੁੱਕ ਹਾਂ ਕਿ ਦੇਸ ਦਾ ਭਲਾ ਕਿਵੇਂ ਹੋ ਸਕਦਾ ਹੈ। ਮੇਰੇ ਕੋਲ ਇਲਾਜ ਹੈ। ਇਹ ਇਲਾਜ ਜ਼ਿਆ ਸਾਹਿਬ ਕਰ ਸਕਦੇ ਹਨ। ਉਹ ਚਲਾ ਗਿਆ, ਫਿਰ ਨਹੀਂ ਆਇਆ। ਬਿਲਕੀਸ ਨੇ ਕਿਹਾ- ਵਧੀਕ ਪੰਗਾ ਨਾ ਲਿਆ ਕਰੋ, ਉਹਨੇ ਤਾਂ ਭੁੱਟੋ ਨਹੀਂ ਛੱਡਿਆ, ਤੁਹਾਡੀ ਕੀ ਹੈਸੀਅਤ?
(ਚਲਦਾ)