ਹਫੜਾ ਦਫੜੀ

ਬਲਜੀਤ ਬਾਸੀ
ਦੇਖਿਆ ਜਾਵੇ ਤਾਂ ਅਜੋਕੇ ਸਮੇਂ ਵਿਚ ਮਨੁੱਖ ਦੀ ਜਿੰਦਗੀ ਅੰਧਾਧੁੰਦ ਦੌੜ ਵਿਚ ਹੀ ਬੀਤ ਜਾਂਦੀ ਹੈ। ਉਹ ਕਦੀ ਇਕਸਾਰ ਜਾਂ ਇਕਸੁਰ ਨਹੀਂ ਚਲਦਾ। ਦਾਰਸ਼ਨਿਕਾਂ, ਧਰਮ-ਗੁਰੂਆਂ ਅਤੇ ਵਿਚਾਰਵਾਨਾਂ ਨੇ ਹਮੇਸ਼ਾ ਮਨੁੱਖ ਨੂੰ ਠਰੰਮ੍ਹੇ ਵਿਚ ਰਹਿਣ ਦਾ ਉਪਦੇਸ਼ ਦਿੱਤਾ ਹੈ ਪਰ ਜ਼ਿੰਦਗੀ ਦੀਆਂ ਹਕੀਕਤਾਂ ਅਜਿਹੀਆਂ ਪ੍ਰਤੀਤ ਹੁੰਦੀਆਂ ਹਨ ਕਿ ਉਹ ਮਨੁੱਖ ਦੀ ਪਕੜ ਵਿਚ ਨਹੀਂ ਆਉਂਦੀਆਂ। ਉਹ ਕਦੇ ਐਧਰ ਭੱਜਦਾ ਹੈ, ਕਦੇ ਓਧਰ। ਕਿਸੇ ਵੀ ਅਣਕਿਆਸੀ, ਅਚਾਨਕ ਵਾਪਰੀ ਘਟਨਾ ਕਾਰਨ ਮਨੁੱਖ ਘਬਰਾ ਜਾਂਦਾ ਹੈ, ਉਸ ਦੀ ਹੋਸ਼ ਟਿਕਾਣੇ ਨਹੀਂ ਰਹਿੰਦੀ ਤੇ ਉਸ ਨੂੰ ਪਤਾ ਨਹੀਂ ਲਗਦਾ ਕਿ

ਉਹ ਕੀ ਕਰੇ, ਉਹ ਆਪੋ-ਧਾਪੀ ਕਰਨ ਲਗਦਾ ਹੈ, ਖਲਬਲੀ ਮਚਾ ਦਿੰਦਾ ਹੈ, ਅੱਕੀਂ ਪਲਾਹੀਂ ਹੱਥ ਮਾਰਨ ਲਗਦਾ ਹੈ, ਵਾਹੋ-ਦਾਹੀ ਭਜਦਾ ਹੈ, ਹੇਠ-ਉਤਲੀ ਇੱਕ ਕਰ ਦਿੰਦਾ ਹੈ। ਗੱਲ ਕੀ ਉਹ ਹਫੜਾ-ਦਫੜੀ ਮਚਾ ਦਿੰਦਾ ਹੈ। ਅਚਾਨਕ ਅੱਗ ਲੱਗ ਜਾਵੇ, ਚੀਜ਼ਾਂ ਦੇ ਭਾਅ ਅਸਮਾਨੇਂ ਚੜ੍ਹ ਜਾਣ, ਰਾਜਸੀ ਸਥਿਤੀ ਡਾਵਾਂ ਡੋਲ ਹੋ ਜਾਵੇ, ਦੁਸ਼ਮਣ ਨੇ ਆਣ ਘੇਰਿਆ ਹੋਵੇ, ਪੁਲਿਸ ਨੇ ਛਾਪਾ ਮਾਰ ਦਿੱਤਾ ਹੋਵੇ- ਬੰਦਾ ਆਪੇ ਨੂੰ ਵੱਸ ਵਿਚ ਕਿਵੇਂ ਰੱਖ ਸਕਦਾ ਹੈ? ਇਹ ਵਤੀਰਾ ਵਿਅਕਤੀਗਤ ਵੀ ਹੈ, ਸਮੂਹਕ ਵੀ। ਜਾਨਵਰ ਵੀ ਕਿਸੇ ਆਫਤ ਸਮੇਂ ਅਜਿਹੀ ਹਰਕਤ ਹੀ ਕਰਦਾ ਹੈ। ਜੰਗਲ ਨੂੰ ਅੱਗ ਲੱਗੀ ਹੋਵੇ, ਅਚਾਨਕ ਕਿਸੇ ਜਾਨਵਰ ਨੂੰ ਪਿੰਜਰੇ ਵਿਚ ਡੱਕ ਦਿਤ ਜਾਵੇ, ਫਿਰ ਦੇਖੋ ਉਹ ਕਿਵੇਂ ਬੌਂਦਲਿਆ ਫਿਰਦਾ ਹੈ।
ਹੋਰ ਤਾਂ ਹੋਰ ਨਿਰਜੀਵ ਚੀਜ਼ਾਂ ਤੇ ਕਿਰਿਆਵਾਂ ਵੀ ਹਫੜਾ-ਦਫੜੀ ਤੋਂ ਮੁਕਤ ਨਹੀਂ, ਕੀਮਤ ਸੂਚਕ ਅੰਕ ਤਾਂ ਅਕਸਰ ਹੀ ਇਸ ਦੀ ਮਾਰ ਹੇਠ ਰਹਿੰਦਾ ਹੈ। ਸਰਹੱਦੀ ਇਲਾਕਾ ਹੋਣ ਕਰਕੇ ਅਚਾਨਕ ਧਾੜਵੀਆਂ ਦੇ ਹਮਲਿਆਂ ਕਰਕੇ ਪੰਜਾਬ ਨੇ ਹਫੜਾ-ਦਫੜੀ ਦੀ ਸਥਿਤੀ ਨੂੰ ਖੂਬ ਭੋਗਿਆ ਹੈ। ਪੰਜਾਬ ਦੀ ਅਜਿਹੀ ਦਸ਼ਾ ਕਾਰਨ ਹੀ ‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ’ ਜਿਹੀ ਕਹਾਵਤ ਸਾਹਮਣੇ ਆਈ।
‘ਹਫੜਾ-ਦਫੜੀ’ ਸ਼ਬਦ-ਜੁੱਟ ਦੀ ਧੁਨੀ ਅਜਿਹੀ ਹੈ ਕਿ ਇਹ ਠੇਠ ਪੰਜਾਬੀ ਲਗਦੀ ਹੈ ਜਿਵੇਂ ਕਿਤੇ ਇਸ ਰਾਹੀਂ ਕਿਸੇ ਹਫੇ ਹੋਏ ਮਨੁੱਖ ਦਾ ਵਤੀਰਾ ਬਿਆਨ ਕੀਤਾ ਜਾ ਰਿਹਾ ਹੋਵੇ। ਅਸਲ ਵਿਚ ਮੁਢਲੇ ਤੌਰ ‘ਤੇ ਇਹ ਸ਼ਬਦ-ਜੁੱਟ ਪਰਾਈ ਭਾਸ਼ਾ ਤੋਂ ਆਇਆ ਪਰ ਇਸ ਦਾ ਪੂਰੀ ਤਰ੍ਹਾਂ ਪੰਜਾਬੀਕਰਣ ਹੋ ਗਿਆ ਹੈ। ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਇਹ ਜੁੱਟ ਉਰਦੂ ਰਾਹੀਂ ਆਇਆ। ਉਰਦੂ ਵਿਚ ਇਸ ਦਾ ਰੂਪ ਹੈ, ਅਫਰਾ-ਤਫਰੀ। ਜਿਥੋਂ ਤੱਕ ਮੇਰੀ ਜਾਣਕਾਰੀ ਹੈ, ਸਿਰਫ ਪੰਜਾਬੀ ਵਿਚ ਹੀ ਇਸ ਦੇ ਰੂਪ ਵਿਚ ਬਹੁਤੀ ਤਬਦੀਲੀ ਆਈ ਹੈ, ਬਾਕੀ ਭਾਸ਼ਾਵਾਂ ਵਿਚ ਅਫਰਾ-ਤਫਰੀ ਹੀ ਹੈ। ਪੰਜਾਬੀ ਵਿਚ ਅਫੜਾ ਤਫੜੀ ਵੀ ਚਲਦਾ ਹੈ। ਮਈਆ ਸਿੰਘ ਨੇ ਇਸ ਦਾ ਇਕ ਰੂਪ ਅਫਰਾ-ਦਫਰੀ ਵੀ ਦਰਸਾਇਆ ਹੈ। ਉਂਜ ਅੱਜ ਕਲ੍ਹ ਕਈ ਪੰਜਾਬੀ ਅਖਬਾਰਾਂ ‘ਚ ਅਫਰਾ-ਤਫਰੀ ਵੀ ਲਿਖਿਆ ਮਿਲਦਾ ਹੈ ਪਰ ਇਹ ਖਬਰ-ਸੰਪਾਦਕਾਂ ਦੀ ਅਣਗਹਿਲੀ ਦਾ ਸਿੱਟਾ ਲਗਦਾ ਹੈ। ਉਹ ਹਿੰਦੀ ਤੋਂ ਖਬਰ ਦਾ ਸਿੱਧਾ ਤੇ ਸੌਖਾ ਅਨੁਵਾਦ ਕਰਦੇ ਸਮੇਂ ਇਹ ਨਹੀਂ ਸੋਚਦੇ ਕਿ ਕਿਸੇ ਸ਼ਬਦ ਦਾ ਠੇਠ ਪੰਜਾਬੀ ਰੂਪ ਕੀ ਹੈ?
ਉਰਦੂ ਵਿਚ ਅਫਰਾ-ਤਫਰੀ ਦੇ ਅਰਥ ਹਨ ਭੰਬਲਭੂਸਾ, ਕਾਹਲ, ਹੜਬੜੀ, ਹੰਗਾਮਾ, ਤ੍ਰਾਸ, ਭਗਦੜ ਆਦਿ। ਉਰਦੂ ਵਿਚ ਇਹ ਸ਼ਬਦ-ਜੁੱਟ ਅਰਬੀ ਭਾਸ਼ਾ ਤੋਂ ਆਇਆ ਹੈ ਤੇ ਇਸ ਭਾਸ਼ਾ ਵਿਚ ਇਸ ਦਾ ਰੂਪ ਹੈ, ‘ਇਫਰਾਤ ਤਫਰੀਤ’। ਇਸ ਬਾਰੇ ਹੋਰ ਚਰਚਾ ਕਰਨ ਤੋਂ ਪਹਿਲਾਂ ਇਹ ਦੱਸਣਾ ਬਣਦਾ ਹੈ ਕਿ ਅਰਬੀ ਅਚਾਰ-ਸ਼ਾਸਤਰੀਆਂ, ਖਾਸ ਤੌਰ ‘ਤੇ ਇਸਲਾਮਿਕ ਧਰਮ ਸ਼ਾਸਤਰੀਆਂ ਨੇ ਜ਼ਿੰਦਗੀ ਵਿਚ ਕਿਸੇ ਵੀ ਪਹਿਲੂ ਅਧੀਨ ਅਤਿ ਦਾ ਵਤੀਰਾ ਧਾਰਨ ਨੂੰ ਨਿੰਦਿਆ ਹੈ ਤੇ ਮੱਧ ਮਾਰਗ ਅਪਨਾਉਣ ‘ਤੇ ਬਹੁਤ ਜ਼ੋਰ ਦਿੱਤਾ ਹੈ। ਮਨੁੱਖ ਦੇ ਵਤੀਰੇ ਵਿਚ ਅਤਿਤਾਈਆਂ ਦੋ ਤਰ੍ਹਾਂ ਦੀਆਂ ਹਨ: ਬਹੁਤਾਤ, ਅਧਿਕਤਾ, ਜ਼ਿਆਦਤੀ ਜਾਂ ਵਾਧਾ ਜਿਸ ਲਈ ਅਰਬੀ ਸ਼ਬਦ ਹੈ, ‘ਇਫਰਾਤ’ ਅਤੇ ਥੋੜਾਪਣ, ਘੱਟ ਹੋਣ, ਕਮੀ ਜਾਂ ਨਿਉਨਤਾ ਜਿਸ ਲਈ ਅਰਬੀ ਸ਼ਬਦ ਹੈ, ‘ਤਫਰੀਤ’।
ਕੁਝ ਮਿਸਾਲਾਂ ਲੈ ਕੇ ਸਮਝਦੇ ਹਾਂ। ਗੁੱਸਾ ਇਕ ਕੁਦਰਤੀ ਜਜ਼ਬਾ ਹੈ ਜੋ ਕਿਸੇ ਜਾਇਜ਼ ਕਾਰਨ ਕਰਕੇ ਹੀ ਆਉਂਦਾ ਹੈ। ਪਰ ਇਸ ਦੀ ਵਰਤੋਂ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ, ਇਹ ਨਹੀਂ ਕਿ ਕਿਸੇ ਛੋਟੀ ਜਿਹੀ ਗੱਲ ਤੋਂ ਬਦਲਾ ਲੈਣ ਲਈ ਕਿਸੇ ਦਾ ਖੂਨ ਕਰ ਦਿੱਤਾ ਜਾਵੇ ਤੇ ਨਾਲ ਦੀ ਨਾਲ ਆਪਣੇ ਆਪ ਦਾ ਵੀ ਨੁਕਸਾਨ ਕਰ ਲਿਆ ਜਾਵੇ। ਇਸ ਪ੍ਰਵਿਰਤੀ ਨੂੰ ਇਫਰਾਤ ਕਿਹਾ ਜਾਂਦਾ ਹੈ। ਦੂਜੇ ਪਾਸੇ ਕਿਸੇ ਬੇਇਨਸਾਫੀ, ਬੇਹੁਰਮਤੀ ਜਾਂ ਅਣਖ ਦੇ ਸਵਾਲ ‘ਤੇ ਜੇ ਚੁੱਪ ਵੱਟੀ ਜਾਵੇ ਤਾਂ ਇਹ ਰੁਚੀ ਤਫਰੀਤ ਕਹਾਏਗੀ। ਕਈ ਅਕਾਰਨ ਹੀ ਹਮੇਸ਼ਾ ਡਰੇ ਡਰੇ ਰਹਿੰਦੇ ਹਨ ਇਸ ਗੱਲੋਂ ਕਿ ਉਹ ਅਚਾਨਕ ਕਿਤੇ ਤੁਫਾਨ, ਹੜ, ਹਾਦਸੇ ਆਦਿ ਦੀ ਲਪੇਟ ਵਿਚ ਨਾ ਆ ਜਾਣ। ਦੂਜੇ ਪਾਸੇ ਹੋਰ ਹਨ ਜੋ ਬਿਨਾਂ ਕਿਸੇ ਗੱਲ ਦੇ ਨਿਡਰ ਤੇ ਬੇਪਰਵਾਹ ਬਣੇ ਰਹਿੰਦੇ ਹਨ, ਮਾਨੋਂ ਸੋਚ ਰਹੇ ਹਨ ਕਿ ਕਿਧਰੇ ਕੋਈ ਆਫਤ ਨਹੀਂ ਆਉਣ ਲੱਗੀ। ਅਜਿਹਾ ਰਵੱਈਆ ਵੀ ਦਰੁਸਤ ਨਹੀਂ, ਆਪਣੀ ਤੇ ਦੂਜਿਆਂ ਦੀ ਜਾਨ ਬਚਾਉਣ ਲਈ ਠੀਕ ਉਪਾਅ ਕਰਨਾ ਵੀ ਜ਼ਰੂਰੀ ਹੈ। ਇਸ ਧਾਰਨਾ ਅਨੁਸਾਰ ਬਹੁਤ ਚਿਰ ਤੱਕ ਸੌਣਾ ਵੀ ਸਿਹਤ ਲਈ ਬੁਰਾ ਹੈ ਤੇ ਜਾਗਦੇ ਰਹਿਣਾ ਵੀ। ਹੋਰ ਤਾਂ ਹੋਰ ਫਜ਼ੂਲ ਹੱਦ ਤੱਕ ਪੂਜਾ ਪਾਠ ਕਰਨਾ, ਜਾਂ ਧਾਰਮਕ ਕਿਰਿਆ ਕਰਮ ਵੱਲੋਂ ਬਿਲਕੁਲ ਅਵੇਸਲੇ ਰਹਿਣਾ ਵੀ ਠੀਕ ਨਹੀਂ।
ਕਿਧਰੇ ਕਿਧਰੇ ਇਹ ਵੀ ਪੜ੍ਹਨ ਵਿਚ ਆਉਂਦਾ ਹੈ ਕਿ ਇਫਰਾਤ-ਤਫਰੀਤ ਕਰਨ ਵਾਲੇ ਨੂੰ ਇਸਲਾਮ ਵਿਚੋਂ ਛੇਕ ਦੇਣਾ ਚਾਹੀਦਾ ਹੈ। ਸਿੱਖ ਧਰਮ ਵਿਚ ਵੀ ਸਹਿਜ ‘ਤੇ ਜ਼ੋਰ ਦਿੱਤਾ ਗਿਆ ਹੈ ਤੇ ਮੇਰੇ ਖਿਆਲ ਵਿਚ ਇਹ ਜ਼ਿੰਦਗੀ ਦੇ ਅਨੁਭਵ ਦਾ ਹੀ ਨਿਚੋੜ ਹੈ ਜੋ ਧਰਮਵੇਤਾਵਾਂ ਨੇ ਉਪਦੇਸ਼ ਦੇ ਰੂਪ ‘ਚ ਪ੍ਰਚਾਰਿਆ ਹੈ। ਮੁੱਕਦੀ ਗੱਲ, ਜਿੰਦਗੀ ਵਿਚ ਦੋ ਅਤਿਤਾਈਆਂ ਅਰਥਾਤ ‘ਇਫਰਾਤ ਤਫਰੀਤ’ (ਸਾਡੀ ਭਾਸ਼ਾ ਵਿਚ ਵਾਧ-ਘਾਟ) ਤੋਂ ਬਚਣ ਦੀ ਪ੍ਰੇਰਨਾ ਦਿੱਤੀ ਗਈ ਹੈ। ਜੋ ਇਫਰਾਤ-ਤਫਰੀਤ ‘ਤੇ ਅਮਲ ਕਰਦਾ ਹੈ, ਉਹ ਜ਼ਿੰਦਗੀ ਵਿਚ ਮਾਰ ਖਾਂਦਾ ਹੈ। ਅਰਬੀ ਵਿਚ ‘ਇਫਰਾਤ ਵ ਤਫਰੀਤ’ ਅਰਥਾਤ ਵਾਧ ਅਤੇ ਘਾਟ ਵੀ ਕਿਹਾ ਜਾਂਦਾ ਹੈ। ਇਹੀ ਲਕਬ ਉਰਦੂ ਵਿਚ ‘ਇਫਰਾਤ-ਓ-ਤਫਰੀਤ’ ਵੀ ਹੈ ਜੋ ਅੱਗੇ ਜਾ ਕੇ ਉਰਦੂ ਅਤੇ ਹੋਰ ਭਾਸ਼ਾਵਾਂ ਵਿਚ ਅਫਰਾ-ਤਫਰੀ ਬਣ ਗਿਆ। ਦੋਹਾਂ ਸ਼ਬਦਾਂ ਵਿਚੋਂ ‘ਤ’ ਧੁਨੀ ਅਲੋਪ ਹੋ ਗਈ ਹੈ। ਨਵੇਂ ਰੁਪਾਂਤਰਣ ਨਾਲ ਅਰਥਾਂ ਵਿਚ ਵੀ ਬਦਲੀ ਆ ਗਈ। ਹੁਣ ਇਸ ਦਾ ਮਤਲਬ ਬਣ ਗਿਆ, ਕਿਸੇ ਬਿਪਤਾ ਵਿਚ ਫਸੇ ਮਨੁੱਖ ਜਾਂ ਜਾਨਵਰ ਦਾ ਬੇਤਹਾਸ਼ਾ ਏਧਰ -ਉਧਰ ਭਟਕਣਾ। ਇਸ ਵਿਚ ਕਿਸੇ ਤਰ੍ਹਾਂ ਦੇ ਅਸੰਤੁਲਨ ਜਾਂ ਅਰਾਜਕਤਾ ਦੇ ਭਾਵ ਵੀ ਹਨ। ਮਈਆ ਸਿੰਘ ਨੇ ਆਪਣੇ ਪੰਜਾਬੀ-ਅੰਗਰੇਜ਼ੀ ਕੋਸ਼ ਵਿਚ ਤਾਂ ਇਸ ਸ਼ਬਦ-ਜੁੱਟ ਦੇ ਅਰਥ ਬਗਾਵਤ ਅਤੇ ਇਨਕਲਾਬ ਵੀ ਕੀਤੇ ਹਨ, ਕਿੱਡੀ ਜ਼ਿਆਦਤੀ ਕੀਤੀ ਗਈ ਹੈ।
ਅਰਬੀ ਇਫਰਾਤ ਸ਼ਬਦ ਬਣਿਆ ਹੈ ਫਰਾਤਾ ਤੋਂ ਜਿਸ ਵਿਚ ਬਹੁਤਾਤ, ਅਧਿਕਤਾ ਆਦਿ ਦਾ ਭਾਵ ਹੈ। ਇਹ ਸ਼ਬਦ ਪੰਜਾਬੀ ਵਿਚ ਕਿਧਰੇ ਕਿਧਰੇ ਅਫਰਾਤ ਵਜੋਂ ਵੀ ਵਰਤਿਆ ਜਾਂਦਾ ਹੈ ਜਿਸ ਤਰ੍ਹਾਂ ‘ਗੁਦਾਮਾਂ ਵਿਚ ਅਫਰਾਤ (ਬੇਹਿਸਾਬ) ਮਾਲ ਪਿਆ ਹੈ।’
ਅਰਬੀ ਤਫਰੀਤ ਸ਼ਬਦ ਦਾ ਧਾਤੂ ਹੈ ਫ-ਰ-ਕ ਜਿਸ ਵਿਚ ਕੱਢਣ, ਘਟਾਉਣ, ਵੱਖ ਕਰਨ, ਤੋੜਨ, ਖਿੰਡਾਉਣ ਦੇ ਭਾਵ ਹਨ। ‘ਫਰਕ’ ਸ਼ਬਦ ਵੀ ਇਸੇ ਧਾਤੂ ਤੋਂ ਬਣਿਆ ਹੈ ਜੋ ਪੰਜਾਬੀ ਵਿਚ ਪੂਰੇ ਜ਼ੋਰ-ਸ਼ੋਰ ਨਾਲ ਚਲਦਾ ਹੈ। ਪੰਜਾਬੀ ਵਿਚ ਫਰਕ ਦੇ ਕਈ ਅਰਥ ਹਨ ਜਿਵੇਂ 1æ ਦੋ ਵਸਤਾਂ, ਵਿਅਕਤੀਆਂ, ਵਿਚਾਰਾਂ ਜਾਂ ਅੰਕਾਂ ਵਿਚ ਅੰਤਰ- ਮੁਹਾਵਰਾ ਹੈ: ਜ਼ਮੀਨ ਅਸਮਾਨ ਦਾ ਫਰਕ। ਬਾਬਾ ਬੁੱਲੇ ਸ਼ਾਹ ਕਹਿੰਦੇ ਹਨ:
ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ।
2æ ਵਿੱਥ- ਉਹ ਜ਼ਰਾ ਮੇਰੇ ਨਾਲੋਂ ਫਰਕ ‘ਤੇ ਰਹਿੰਦਾ ਹੈ; 3æ ਵਿਤਕਰਾ: ‘ਮਾਂ ਦੋਨਾਂ ਪੁੱਤਰਾਂ ਵਿਚਕਾਰ ਫਰਕ ਕਰਦੀ ਹੈ’, ਮੈਨੂੰ ਕੋਈ ਫਰਕ ਨਹੀਂ, ਚਾਹੇ ਚੌਲ ਦੇ ਦਿਉ, ਚਾਹੇ ਰੋਟੀ; 4æ ਮਤਭੇਦ: ਇਕੋ ਪਾਰਟੀ ਦੇ ਦੋਹਾਂ ਲੀਡਰਾਂ ਵਿਚ ਹੌਲੀ ਹੌਲੀ ਫਰਕ ਪੈ ਗਿਆ; ਦੋਹਾਂ ਦੇ ਦਿਲਾਂ ਵਿਚ ਫਰਕ ਆ ਗਿਆ। ਫਰਕ ਕਰਨਾ ਦਾ ਅਰਥ ਧੋਖਾ ਦੇਣਾ ਵੀ ਹੈ, ਸ਼ਾਹ ਮੁਹੰਮਦ ਦੇ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚੋਂ ਮਿਸਾਲ ਹੈ:
ਸਿੰਘਾਂ ਆਖਿਆ, ਲੜਾਂਗੇ ਹੋਏ ਟੋਟੇ,
ਸਾਨੂੰ ਖਬਰ ਭੇਜੀਂ ਦਿਨੇ ਰਾਤ ਮਾਈ!
ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ।
ਅਰਬੀ ਵਿਚ ਫਰਕ ਕਿਰਿਆ ਦਾ ਅਰਥ ਤਾਂ ਅੱਡ ਹੋਣਾ, ਟੁਕੜੇ ਟੁਕੜੇ ਹੋਣਾ, ਫਾਟਕ ਪੈਣਾ ਆਦਿ ਵੀ ਹੈ। ਇਸੇ ਤੋਂ ਅੱਗੇ ਸ਼ਬਦ ਬਣਿਆ ਫਿਰਕਾ ਜਿਸ ਦੇ ਅਰਬੀ ਵਿਚ ਤਾਂ ਆਮ ਅਰਥ ਹਨ-ਹਿੱਸਾ, ਭਾਗ, ਟੋਟਾ, ਟੁਕੜਾ, ਦਲ, ਜਮਾਤ, ਟੀਮ, ਟੋਲਾ (ਫਿਰਕਾ ਮੁਸੀਕੀਆ= ਆਰਕੈਸਟਰਾ, ਬੈਂਡ) ਆਦਿ ਪਰ ਪੰਜਾਬੀ ਵਿਚ ਇਹ ਕਿਸੇ ਧਰਮ ਆਦਿ ਦੇ ਸੰਪਰਦਾਇ ਵਜੋਂ ਹੀ ਰੂੜ੍ਹ ਹੋਇਆ ਹੈ। ਇਸ ਤੋਂ ਬਣੇ ਫਿਰਕਾਪ੍ਰਸਤ/ਫਿਰਕੂ ਜਾਂ ਫਿਰਕਾਪ੍ਰਸਤੀ ਤਾਂ ਨਿਖੇਧਾਤਮਕ ਅਰਥ ਦੇਣ ਲੱਗ ਪਏ ਹਨ। ਅੱਜ ਕਲ੍ਹ ਦੇਸ਼ ਵਿਚ ਫਿਰਕਾਪ੍ਰਸਤੀ ਦਾ ਹੀ ਬੋਲਬਾਲਾ ਹੈ। ਇਸੇ ਧਾਤੂ ਤੋਂ ਇਕ ਹੋਰ ਸ਼ਬਦ ਬਣਿਆ ਹੈ, ਤਫਰੀਕ, ਜਿਸ ਵਿਚ ਘਟਾਉ, ਮਨਫੀ ਦੇ ਭਾਵ ਹਨ। ਇਸੇ ਨਾਲ ਜੁੜਦਾ ਇਕ ਹੋਰ ਸ਼ਬਦ ਪੰਜਾਬੀ ਵਿਚ ਆਇਆ ਹੈ, ਫਿਰਾਕ, ਜਿਸ ਵਿਚ ਜੁਦਾਈ, ਵਿਛੋੜੇ, ਹਿਜਰ ਦੇ ਭਾਵ ਹਨ। ਪੰਜਾਬੀ ਕਿੱਸਿਆਂ ਵਿਚ ਇਸ ਸ਼ਬਦ ਦੀ ਵਰਤੋਂ ਦਾ ਕੋਈ ਅੰਤ ਨਹੀਂ। ਸੱਸੀ ਹਾਸ਼ਮ ਵਿਚੋਂ ਕੁਝ ਪੇਸ਼ ਹੈ:
ਦਿਲ ਵਿਚ ਸੋਜ਼ ਫ਼ਿਰਾਕ ਪੁੰਨੂੰ ਦਾ,
ਰੋਜ਼ ਅਲੰਬਾ ਬਾਲੇ।
ਬਿਰਹੋਂ ਮੂਲ ਆਰਾਮ ਨਾ ਦੇਂਦਾ,
ਵਾਂਗ ਚਿਖਾ ਨਿੱਤ ਜਾਲੇ।
ਆਤਸ਼ ਆਪ ਆਪੇ ਭਟਿਆਰਾ,
ਆਪ ਜਲੇ ਨਿੱਤ ਜਾਲੇ।
ਹਾਸ਼ਮ ਫੇਰ ਕਿਹਾ ਸੁਖ ਸੋਵਣ,
ਜਦ ਪੀਤੇ ਪ੍ਰੇਮ-ਪਿਆਲੇ।