ਸਮਾਜ ਅਤੇ ਅਸੀਂ

ਸਮਾਜ ਕੀ ਹੈ? ਸਮਾਜ ਇੱਕ ਭਾਵਵਾਚੀ ਸੰਕਲਪ ਹੈ ਜੋ ਵਿਅਕਤੀਆਂ ਦੇ ਅੰਤਰ-ਸਬੰਧਾਂ ਰਾਹੀਂ ਹੋਂਦ ਵਿਚ ਆਉਂਦਾ ਹੈ, ਜਿਨ੍ਹਾਂ ਰਾਹੀਂ ਉਸ ਦੀ ਚੇਤਨਾ ਬਣਦੀ ਹੈ, ਜਿਸ ਵਿਚ ਉਸ ਦੀ ਆਸਥਾ, ਉਸ ਦੇ ਵਿਸ਼ਵਾਸ਼ ਤੇ ਸੰਸਕਾਰ, ਉਸ ਦੇ ਡਰ ਤੇ ਖੁਸ਼ੀਆਂ, ਰੰਜ ਤੇ ਰੋਸੇ, ਵਿਤਕਰੇ, ਚੰਗਾ-ਮਾੜਾ, ਉਸ ਦੀਆਂ ਪਸੰਦਾਂ-ਨਾਪਸੰਦਾਂ, ਉਸ ਦੀਆਂ ਦੋਸਤੀਆਂ ਤੇ ਦੁਸ਼ਮਣੀਆਂ, ਉਸ ਦੀ ਈਰਖਾ ਰਲੀ ਹੁੰਦੀ ਹੈ। ਵਿਅਕਤੀ ਦੀ ‘ਮੈਂ’ ‘ਅਸੀਂ’ ਨਾਲ ਜੁੜ ਕੇ ਵਿਸ਼ਾਲ ਹੋ ਜਾਂਦੀ ਹੈ, ਉਹ ਨਿਓਟਾ ਜਾਂ ਨਿਥਾਂਵਾਂ ਨਹੀਂ ਰਹਿੰਦਾ।

ਇਹ ਵੀ ਪੱਲੇ ਬੰਨਣ ਵਾਲੀ ਗੱਲ ਹੈ ਕਿ ਸਮਾਜ ਵਿਚ ਰਹਿਣ ਨਾਲ ਹੀ ਕੋਈ ਵਿਅਕਤੀ ‘ਸਮਾਜਿਕ’ ਨਹੀਂ ਬਣ ਜਾਂਦਾ। ਇਨ੍ਹਾਂ ਨਾਲ ਹੀ ‘ਮੈਂ’ ਨੂੰ ‘ਅਸੀਂ’ ਨਾਲ ਇਕਸੁਰ ਕਰਕੇ ਤਕੜੇ ਹੋਇਆ ਜਾ ਸਕਦਾ ਹੈ। ਮਨੁੱਖਵਾਦੀ ਚਿੰਤਕ ਅਵਤਾਰ ਗੋਂਦਾਰਾ ਦਾ ਇਸ ਲੇਖ ਵਿਚ ਇਹੋ ਸੁਨੇਹਾ ਹੈ ਕਿ ਵਿਕਸਿਤ ਮੁਲਕਾਂ ਤੇ ਸਰਦੇ-ਪੁਰਦੇ ਘਰਾਂ ਦੇ ਬਾਸ਼ਿੰਦਿਆਂ ਨੂੰ ਜਿੰਨੀ ਛੇਤੀ ਇਸ ਗੱਲ ਦੀ ਸੋਝੀ ਹੋਵੇਗੀ, ਦੁਨੀਆਂ, ਧਰਤੀ ਤੇ ਵਾਤਾਵਰਣ ਲਈ ਉਨਾ ਹੀ ਚੰਗਾ ਹੈ। -ਸੰਪਾਦਕ

ਅਵਤਾਰ ਗੋਂਦਾਰਾ
ਫੋਨ: 559-375-2589

ਵਿਅਕਤੀ ਬੇਸ਼ੱਕ ਸਮਾਜ ਵਿਚ ਜੰਮਦਾ ਤੇ ਪਰਵਾਨ ਚੜ੍ਹਦਾ ਹੈ ਪਰ ਸਮਾਜ ਨਾਲ ਉਸ ਦੀ ਭਸੂੜੀ ਪਈ ਹੀ ਰਹਿੰਦੀ ਹੈ। ਅਜੋਕੇ ਸੱਭਿਅਕ ਸਮਾਜਾਂ ਵਿਚ ਉਸ ਦਾ ਦਮ ਘੁੱਟਦਾ ਹੈ, ਉਸ ਦੇ ਜਿਉਣ-ਵਿਚਰਣ ਉਤੇ ਜ਼ਾਹਰਾ ਤੇ ਲੁਕਵੀਆਂ ਪਾਬੰਦੀਆਂ ਹਨ। ਸੁੱਖ ਸਹੂਲਤਾਂ ਦੀ ਉਸ ਨੂੰ ਕੀਮਤ ਵੀ ਚੁਕਾਉਣੀ ਪੈ ਰਹੀ ਹੈ। ਕਿਸੇ ਸਿਆਣੇ ਨੇ ਠੀਕ ਕਿਹਾ ਹੈ, ਤਣਾਅ, ਸਭਿਅਤਾ ਦਾ ਆਮਦਨ ਕਰ ਹੈ। ਇਹ ਕੀਮਤ ਉਹ ਤਣਾਅ ਅਤੇ ਮੁਕਾਬਲੇ ਦੀ ਇੰਤਹਾ ਦੇ ਰੂਪ ਵਿਚ ਚੁਕਾਉਂਦਾ ਹੈ। ਇਹ ਤਣਾਅ ਕਦੇ ਕਦੇ ਟਕਰਾਅ ਵੀ ਬਣਦਾ ਹੈ। ਪਿਛਲੇ ਸਮਿਆਂ ਵਿਚ ਇਸ ਨੂੰ ਨਜਿੱਠਣ ਲਈ ਧੱਕੜ ਵਿਅਕਤੀ ਬਾਗੀ, ਸੂਝਵਾਨ ਇਨਕਲਾਬੀ ਤੇ ਮੀਸਣਾ ਭਗਤ ਬਣਿਆ ਜਾਂ ਸਭ ਕੁਝ ਛੱਡ ਛੁਡਾ ਕੇ ਸੰਨਿਆਸੀ ਬਣ ਗਿਆ। ਸਮਾਜ-ਵਿਗਿਆਨ ਅਤੇ ਰਾਜਨੀਤੀ ਵਿਚ ਇਸ ਟਕਰਾਅ ਨੂੰ ‘ਵਿਅਕਤੀ ਬਨਾਮ ਸਮਾਜ’ ਦੇ ਅਹਿਮ ਸੁਆਲ ਵਜੋਂ ਲਿਆ ਜਾਂਦਾ ਹੈ। ਅੱਕੇ ਵਿਅਕਤੀ ਸਮਾਜ ਬਦਲਣ ਦੀਆਂ ਗੱਲਾਂ ਅਕਸਰ ਕਰਦੇ ਹਨ, ਪਰ ਬਹੁਤਿਆਂ ਲਈ ਸਮਾਜ ਬਦਲਣ ਦਾ ਭਾਵ ਸਰਕਾਰ ਬਦਲਣਾ ਹੀ ਹੁੰਦਾ ਹੈ। ਸੁਆਲ ਪੈਦਾ ਹੁੰਦਾ ਹੈ, ਵਿਅਕਤੀ ਅਤੇ ਸਮਾਜ ਹਨ ਕੀ ਤੇ ਇਹ ਇੱਕ ਦੂਜੇ ਨਾਲ ਜੁੜਦੇ-ਭਿੜਦੇ ਕਿਵੇਂ ਹਨ?
ਵਿਅਕਤੀ ਹੱਡ-ਮਾਸ ਦਾ ਬਣਿਆ ਕਲਬੂਤ ਤੁਰਦਾ-ਫਿਰਦਾ ਦਿਸਦਾ ਹੈ, ਉਸ ਦੇ ਵਤੀਰੇ ਰਾਹੀਂ ਉਸ ਦੀ ਹਉਮੈ, ਨਫਰਤ, ਗੁੱਸਾ, ਪ੍ਰੇਮ, ਹਮਦਰਦੀ, ਈਰਖਾ, ਦਵੈਖ ਤੁਸੀਂ ਦੇਖ-ਪਰਖ ਸਕਦੇ ਹੋ, ਪਰ ਸਮਾਜ ਨਾਂ ਦੀ ਚੀਜ਼ ਇਸ ਤਰ੍ਹਾਂ ਦਿਖਾਈ ਨਹੀਂ ਦਿੰਦੀ। ਉਸ ਦਾ ਨਾ ਕੋਈ ਮੁਹਾਂਦਰਾ ਹੈ, ਨਾ ਰੂਪ; ਕੋਈ ਦਫਤਰ ਹੈ ਨਾ ਥਹੁ ਪਤਾ। ਕਹਿ ਨਹੀਂ ਸਕਦੇ ਕਿ ਸਮਾਜ ਫਲਾਣੇ ਥਾਂ ਬੈਠਾ ਹੈ, ਆ, ਜਾ ਕੇ ਬਦਲ ਆਈਏ। ਇਹ ‘ਮਾਊਂ’ ਵਰਗਾ ਹੈ, ਜਿਸ ਨੂੰ ਦੇਖਿਆ ਕਿਸੇ ਨੇ ਨਹੀਂ, ਪਰ ਗੱਲਾਂ ਸਭ ਕਰਦੇ ਹਨ।
ਸਮਾਜ ਕੀ ਹੈ? ਸੋਚੀਏ ਤਾਂ ਮਨ ਵਿਚ ਬਿੰਬ ਵਿਅਕਤੀ-ਸਮੂਹ, ਮਕਾਨਾਂ, ਕਾਰਖਾਨਿਆਂ, ਸੜਕਾਂ ਦਾ ਹੀ ਉਭਰਦਾ ਹੈ, ਸਮਾਜ ਦਾ ਨਹੀਂ। ਫਿਰ ਇਹ ਹੈ ਕੀ ਬਲਾ, ਜੋ ਵਿਅਕਤੀ ‘ਤੇ ਕਾਬੂ ਪਾਉਂਦੀ ਹੈ, ਉਸ ਨੂੰ ਪਾਲਤੂ ਬਣਾਉਂਦੀ ਹੈ, ਦੂਜਿਆਂ ਨਾਲ ਜੋੜਦੀ ਹੈ ਤੇ ਅੰਦਰੋਂ ਤੋੜਦੀ ਹੈ? ਗਹੁ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਮਾਜ ਇੱਕ ਭਾਵਵਾਚੀ ਸੰਕਲਪ ਹੈ ਜੋ ਵਿਅਕਤੀਆਂ ਦੇ ਅੰਤਰ-ਸਬੰਧਾਂ ਰਾਹੀਂ ਹੋਂਦ ਵਿਚ ਆਉਂਦਾ ਹੈ, ਜਿਨ੍ਹਾਂ ਰਾਹੀਂ ਉਸ ਦੀ ਚੇਤਨਾ ਬਣਦੀ ਹੈ, ਜਿਸ ਵਿਚ ਉਸ ਦੀ ਆਸਥਾ, ਉਸ ਦੇ ਵਿਸ਼ਵਾਸ਼ ਤੇ ਸੰਸਕਾਰ, ਉਸ ਦੇ ਡਰ ਤੇ ਖੁਸ਼ੀਆਂ, ਰੰਜ ਤੇ ਰੋਸੇ, ਵਿਤਕਰੇ, ਚੰਗਾ-ਮਾੜਾ, ਉਸ ਦੀਆਂ ਪਸੰਦਾਂ-ਨਾਪਸੰਦਾਂ, ਉਸ ਦੀਆਂ ਦੋਸਤੀਆਂ ਤੇ ਦੁਸ਼ਮਣੀਆਂ, ਉਸ ਦੀ ਈਰਖਾ ਰਲੀ ਹੁੰਦੀ ਹੈ। ਇਹ ਚੇਤਨਾ ਹੀ ਸਾਨੂੰ ਕਿਸੇ ਨਾ ਕਿਸੇ ਰਿਸ਼ਤੇ ਵਿਚ ਬੰਨਦੀ ਹੈ। ਮਾਂ ਪਿਉ, ਰਿਸ਼ਤੇਦਾਰੀਆਂ ਦੀ ਤਮੀਜ, ਗੁਰਦੁਆਰੇ ਜਾਣਾ ਹੈ ਜਾਂ ਮਸਜਿਦ, ਇਹ ਸਭ ਉਸ ਨੂੰ ਚੇਤਨਾ ਸਿਖਾਉਂਦੀ ਹੈ। ਇਹ ਉਸ ਦੀ ਨਿਜੀ ਆਜ਼ਾਦਾਨਾ ਚੋਣ ਨਹੀਂ, ਸਮਾਜ ਵਿਚਲੀ ਉਸ ਦੀ ਔਕਾਤ ਹੀ ਤੈਅ ਕਰਦੀ ਹੈ। ਕਹਿ ਸਕਦੇ ਹਾਂ, ਜੇ ਵਿਅਕਤੀ ਸਮਾਜ ਵਿਚ ਮਕਾਨ-ਕਿਲਾ ਜਾਂ ਝੁੱਗੀ ਬਣਾ ਕੇ ਰਹਿੰਦਾ ਹੈ, ਤਾਂ ਸਮਾਜ ਵਿਅਕਤੀ ਦੀ ਚੇਤਨਾ ਰਾਹੀਂ, ਉਸ ਦੇ ਮਨ ਵਿਚ ਵਾਸ ਕਰਦਾ ਹੈ। ਇਹ ਚੇਤਨਾ ਹੀ ਉਸ ਨੂੰ ਸਮਾਜਿਕ ਬਣਾਉਂਦੀ ਹੈ, ਇਸ ਤੋਂ ਬਿਨਾ ਉਹ ਜੰਗਲੀ ਹੈ, ਅਸਮਾਜਿਕ ਹੈ, ਸਮਾਜ ਵਿਰੋਧੀ। ਮਜਦੂਰ ਤੋਂ ਲੈ ਕੇ ਆਈਨਸਟੀਨ ਤੱਕ ਕੋਈ ਵੀ ਸਮਾਜ ਤੋਂ ਬਾਹਰਾ ਜਾਂ ਉਪਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਕਿਸੇ ਵਿਅਕਤੀ ਦੀਆਂ ਨਾਲਾਇਕੀਆਂ ਤੇ ਖੂਬੀਆਂ ਸਮਾਜ ਦੀ ਦੇਣ ਹਨ, ਇਸ ਵਿਚ ਰਹਿ ਕੇ ਹੀ ਪਣਪਦੀਆਂ ਹਨ। ਪਰਿਵਾਰ, ਕਲੱਬ, ਪਾਰਟੀਆਂ, ਕਾਰਖਾਨੇ, ਖੇਤ ਅਤੇ ਸਰਕਾਰਾਂ, ਸਮਾਜ ਦਾ ਹੀ ਜਥੇਬੰਦਕ ਰੂਪ ਹਨ। ਸਮਾਜ ਇਨ੍ਹਾਂ ਰਾਹੀਂ ਕਾਰਜਸ਼ੀਲ ਹੁੰਦਾ ਹੈ।
ਜਥੇਬੰਦਕ ਹੋਣਾ ਕੀ ਹੈ? ਰਿਸ਼ਤਿਆਂ ਦਾ ਤਣਾ ਬਾਣਾ। ਕੁਝ ਰਿਸ਼ਤੇ, ਕਿਸੇ ਸਮਾਜ ਦੀ ਬਣਤਰ ਰਾਹੀਂ ਨਿਰਧਾਰਿਤ ਹੁੰਦੇ ਹਨ। ਇਸ ਵਿਚ ਤੁਹਾਡੀ ਕੋਈ ਚੋਣ ਨਹੀਂ ਹੋ ਸਕਦੀ। ਅਜੋਕੇ ਸਮਾਜਾਂ ਵਿਚ ਤੁਸੀਂ ਸ਼ੋਸ਼ਕ ਬਣੋਗੇ ਜਾਂ ਸ਼ੋਸ਼ਿਤ ਜਾਂ ਇਨ੍ਹਾਂ ਵਿਚੋਂ ਕਿਸੇ ਇੱਕ ਦੇ ਭਾਈਵਾਲ। ਤੁਸੀਂ ‘ਤੀਜਾ’ ਕੁਝ ਨਹੀਂ ਬਣ ਸਕਦੇ। ਇਹ ਦੋਨੋਂ ਤਰ੍ਹਾਂ ਦੇ ਰਿਸ਼ਤਿਆਂ ਦੀਆਂ ਕੁਝ ਸ਼ਰਤਾਂ ਹਨ। ਜਿਵੇਂ ਔਰਤ ਦਾ, ਮਾਂ ਵਜੋਂ ਰੁਤਬਾ ਹਾਸਿਲ ਕਰਨ ਲਈ, ਮਮਤਾ ਦੇ ਭਾਵਾਂ ਨਾਲ ਵਰੋਸਾਈ ਹੋਣਾ ਜਰੂਰੀ ਹੈ। ਉਸੇ ਤਰ੍ਹਾਂ ਥੁੜਿਆਂ, ਸ਼ੋਸ਼ਿਤਾਂ ਦੇ ਜਥੇਬੰਦਕ ਹੋਣ ਲਈ ਸੰਵੇਦਨਾ, ਸਾਂਝੀਵਾਲਤਾ, ਹਮਦਰਦੀ, ਅਨੇਕਤਾ ਵਿਚ ਏਕਤਾ, ਭਾਈਚਾਰੇ ਆਦਿ ਦੇ ਹਾਂ-ਪੱਖੀ ਭਾਵਾਂ ਦਾ ਹੋਣਾ ਲਾਜਮੀ ਹੈ, ਉਨ੍ਹਾਂ ਨੂੰ ਜਿਉਣਾ ਹੈ। ਇਸ ਦੇ ਉਲਟ ਸ਼ੋਸ਼ਕ ਹੋਣ ਲਈ ਵਿਅਕਤੀਵਾਦ, ਹਉਮੈ, ਲੋਭ, ਹਿੰਸਾ, ਈਰਖਾ, ਦਵੈਖ ਆਦਿ ਦੇ ਅਣਮਨੁੱਖੀ ਭਾਵ ਚਾਹੀਦੇ ਹਨ। ਜਿਸ ਵਿਅਕਤੀ ਵਿਚ ਮਗਰਲੇ ਭਾਵਾਂ ਦੀ ਮਿਕਦਾਰ ਵੱਧ ਹੋਵੇ, ਉਹ ਭਾਵੇਂ ਕਿੰਨੇ ਵੀ ਅਸਰ-ਰਸੂਖ ਵਾਲਾ ਹੋਵੇ, ਛੇਕੜ ਨੂੰ ਅਮਾਨਵੀ ਹੋ ਨਿਬੜਦਾ ਹੈ। ਇਨ੍ਹਾਂ ਭਾਵਾਂ ਦੇ ਹੁੰਦਿਆਂ ਨਾ ਭਾਈਚਾਰਕ ਕੰਮ ਹੁੰਦੇ ਹਨ, ਨਾ ਸਾਂਝੇ ਫੋਰਮ ਚਲਦੇ ਹਨ, ਨਾ ਸਹਿਕਾਰੀ ਲਹਿਰ ਕਾਮਯਾਬ ਹੁੰਦੀ ਹੈ। ਆਏ ਸਿਆਸੀ ਇਨਕਲਾਬ ਵੀ ਉਲਟ-ਪੁਲਟ ਜਾਂਦੇ ਹਨ।
ਸਮਾਜ ਜੇ ਸਮਾਨ ਵਿਅਕਤੀਆਂ ਦਾ ਸਮੂਹ ਹੁੰਦੇ ਤਾਂ ਕੋਈ ਰੱਟਾ ਨਹੀਂ ਸੀ। ਵਿਅਕਤੀ ਅਮੀਰ-ਗਰੀਬ, ਤਕੜੇ-ਮਾੜੇ, ਊਚ-ਨੀਚ ਆਦਿ ਕਈ ਪਰਤਾਂ ਵਿਚ ਵੰਡੇ ਹੋਏ ਹਨ, ਜਿਸ ਕਰਕੇ ਉਨ੍ਹਾਂ ਦੀ ਚੇਤਨਾ ਵਿਚ ਦੁਫਾੜ ਪਿਆ ਰਹਿੰਦਾ ਹੈ, ਆਪਸ ਵਿਚ ਜੁੜਦੇ, ਲੜਦੇ-ਭਿੜਦੇ ਰਹਿੰਦੇ ਹਨ। ਪਦਾਰਥਕ ਤੌਰ ‘ਤੇ ਸ਼ੋਸ਼ਣ ਦੇ ਨਾਲ ਨਾਲ ਜੇ ਭਾਰੂ ਹੈਸੀਅਤ ਵਾਲੇ ਦੀ ਹਉਮੈ ਫੁੱਲੀ ਰਹਿੰਦੀ ਹੈ ਤਾਂ ਮਾੜੀ ਹਾਲਤ ਵਾਲੇ ਦਾ ਸਵੈ ਸੁੰਗੜ ਜਾਂਦਾ ਹੈ। ਸਮਾਜ ਨਾਲ ਵਿਰੋਧ ਜਾਂ ਟਕਰਾਅ, ਦਰਅਸਲ, ਵੱਖੋ ਵੱਖ ਹੈਸੀਅਤਾਂ ਵਿਚਲੇ ਪਾੜੇ ਦਾ ਹੀ ਵਿਰੋਧ ਹੈ। ਇਹ ਵਿਰੋਧ, ਇੱਕ ਦੂਜੇ ਬਾਰੇ ਨਾਂਹਪੱਖੀ ਭਾਵਾਂ, ਫਿਰਕੂ ਦੰਗੇ, ਰੰਗ, ਨਸਲ, ਖਿਤੇ ਆਧਾਰਿਤ ਵਿਤਕਰਿਆਂ ਦੇ ਰੂਪ ਵਿਅਕਤ ਹੁੰਦਾ ਰਹਿੰਦਾ ਹੈ।
ਸਾਮੰਤੀ ਸਮਾਜ ਵਿਚ ਇਨ੍ਹਾਂ ਵਿਰੋਧਾਂ ਦੇ ਹੱਲ ਨੂੰ ਕਥਿੱਤ ‘ਅਗਲੇ ਜਨਮ’ ਤੱਕ ਮੁਲਤਵੀ ਕਰ ਲਿਆ ਜਾਂਦਾ ਸੀ। ਜੇ ਕੋਈ ਸ਼ੋਸ਼ਿਤ, ਗਰੀਬ ਜਾਂ ਦੱਖੀ ਹੈ ਤਾਂ ਕਥਿੱਤ ‘ਪਿਛਲੇ ਮਾੜੇ’ ਕਰਮਾਂ ਦੀ ਆੜ ‘ਚ ਧਰਵਾਸ ਕਰ ਲੈਂਦਾ ਸੀ, ਜੇ ਸ਼ੋਸ਼ਕ, ਸੁਖੀ ਜਾਂ ਅਮੀਰ ਹੈ ਤਾਂ ਕਥਿੱਤ ‘ਪਿਛਲੇ ਜਨਮ’ ਵਿਚ ਕੀਤੇ ਚੰਗੇ ਕਰਮਾਂ ਦਾ ਫਲ ਸਮਝਿਆ ਜਾਂਦਾ ਸੀ। ਹਾਸਲ ਜ਼ਿੰਦਗੀ ਵਿਚ ਕਿਸੇ ਦੁੱਖ ਜਾਂ ਮਾੜੀ ਸਥਿਤੀ ਤੋਂ ਛੁਟਕਾਰੇ ਦੀ ਨਾ ਇੱਛਾ ਪੈਦਾ ਹੁੰਦੀ ਸੀ, ਨਾ ਹੀ ਇਸ ਤੋਂ ਛੁਟਕਾਰੇ ਲਈ ਕਿਸੇ ਉਦਮ ਜਾਂ ਤਬਦੀਲੀ ਦੀ ਲੋੜ ਦਾ ਖਿਆਲ ਆਉਂਦਾ ਸੀ। ਦਿਸਦੇ ਸਮਾਜ ਦੇ ਵਿਰੋਧਾਂ ਨੂੰ ਅਣਦਿਸਦੇ ਕਾਰਣਾਂ ਦੇ ਸਿਰ ਮੜ ਦਿੱਤਾ ਜਾਂਦਾ ਸੀ ਅਤੇ ਜਿਨ੍ਹਾਂ ਦਾ ਇਲਾਜ ਵੀ ਕਿਸੇ ਕਥਿੱਤ ‘ਅਦਿੱਖ ਸੰਸਾਰ’ ਵਿਚ ਹੀ ਵਿਦਮਾਨ ਸੀ। ਇਸ ਲਈ ਸ਼ਖਸੀ ਵਿਦਰੋਹ ਤੋਂ ਬਿਨਾ ਕਿਸੇ ਸਾਂਝੇ ਉਦਮ ਲਈ ਕੋਸ਼ਿਸ਼ਾਂ ਘੱਟ ਹੀ ਹੁੰਦੀਆਂ ਸਨ। ਇਹ ਵਿਦਰੋਹ ਡਾਕੂ ਬਣਨ ਜਾਂ ਆਸ਼ਕ ਬਣਨ ਦੇ ਸ਼ਖਸੀ ਕਾਰਨਾਮੇ ਤੱਕ ਸੀਮਤ ਸੀ। ਆਮ ਝੰਬਿਆ ਵਿਅਕਤੀ ਸੱਥ ਵਿਚ ਬੈਠ ਕੇ ਉਨ੍ਹਾਂ ਦੀਆਂ ਵਾਰਾਂ ਗਾ-ਸੁਣ ਕੇ ਜੀਅ ਪਰਚਾ ਲੈਂਦਾ ਸੀ। ਜਿਉਂ ਹੀ ਸਨਅਤੀ ਇਨਕਲਾਬ ਵਿਗਸਿਆ, ਇਸ ਨਾਲ ‘ਦਾਸ ਭਾਵਨਾ’ ਦੀ ਥਾਂ ‘ਬਰਾਬਰੀ, ਭਾਈਚਾਰੇ’ ਦੇ ਭਾਵ ਵਿਕਸਿਤ ਹੋਣ ਲੱਗੇ, ਜੋ ਵਿਕਸਿਤ ਮੁਲਕਾਂ ਦੇ ਲੋਕਾਂ ਦੀ ਰਹਿਨੁਮਾਈ ਕਰਦੇ ਰਹੇ ਹਨ।
ਸਨਅਤੀ ਦੌਰ ਵਿਚ ਸਮਾਜ ਦਾ ਚੇਤੰਨ ਹਿੱਸਾ ਕਥਿੱਤ ‘ਅਗਲੇ ਜਨਮ’ ਦੀ ਉਡੀਕ ਨਹੀਂ ਸਕਦਾ। ਉਹ ਸਮਝ ਚੁੱਕਾ ਹੈ ਕਿ ਵਿਅਕਤੀ ਅਤੇ ਸਮਾਜ ਜਾਂ ਵਿਅਕਤੀਆਂ ਦੇ ਆਪਸੀ ਵਿਰੋਧਾਂ ਦੇ ਹੱਲ ਦੀਆਂ ਸੰਭਾਵਨਾਵਾਂ ਇਸੇ ਜਨਮ ਅਤੇ ਇਸੇ ਸੰਸਾਰ ਵਿਚ ਬਣ ਚੁੱਕੀਆਂ ਹਨ। ਉਹ ਆਮ ਬੰਦੇ ਦੀ ਆਵਾਜ਼ ਬਣਦਾ ਹੈ। ਸਾਮੰਤੀ ਸਮਾਜ ਵਿਚ ਲੋਕਾਈ ਦੇ ਦੁੱਖ-ਨਿਵਾਰਣ ਲਈ, ਕਿਸੇ ਕਥਿੱਤ ‘ਪੈਗੰਬਰ’ ਜਾਂ ‘ਭਗਵਾਨ’ ਦੇ ਅਵਤਾਰ ਧਾਰਣ ਦੀ ਉਡੀਕ ਹੁੰਦੀ ਸੀ। (ਸ਼ਬਦ ਅਵਤਾਰ ਦਾ ਭਾਵ ਹੀ ਉਪਰੋਂ ਹੇਠਾਂ ਆਉਣਾ ਹੈ) ਆਮ ਵਿਅਕਤੀ ਜਾਂ ਸਮੂਹ ਆਪਣੇ ਆਪ ਨੂੰ, ਨਿਓਟਾ ਹੀ ਸਮਝਦਾ ਸੀ, ਜਾਂ ਇਨ੍ਹਾਂ ‘ਅਵਤਾਰਾਂ’ ਦੀ ਉਡੀਕ ਕਰਦਾ ਸੀ। ‘ਦਾਸ ਭਾਵ’ ਕਰਕੇ ਉਸ ਦੇ ਮਨ ਵਿਚ ਬੈਠਾ ‘ਸਾਮੰਤੀ ਸਮਾਜ’ ਉਸ ਦੀ ਅੱਚਵੀ ਨੂੰ ਬੰਨੀ ਰਖਦਾ ਸੀ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਵੀ ਸਮਾਜ ਦਾ ਤਕੜਾ ਹਿੱਸਾ ਕਿਸੇ ਨਾ ਕਿਸੇ ‘ਅਵਤਾਰ’ ਦੀ ਸ਼ਰਨ ਵਿਚ ਬੈਠਾ ਹੈ, ਜਾਂ ਕਿਸੇ ਨਵੇਂ ‘ਅਵਤਾਰ’ ਦੀ ਉਡੀਕ ਕਰ ਰਿਹਾ ਹੈ, ਪਰ ਜਿਨ੍ਹਾਂ ਦੀ ਟੇਕ ਆਪਣੇ ਆਪ ‘ਤੇ ਹੈ, ਉਨ੍ਹਾਂ ਨੇ ਇਹ ਗੱਲ ਜਾਣ ਲਈ ਹੈ ਕਿ ਛੁਟਕਾਰਾ Ḕਕਿਸੇ ਅਵਤਾਰ ਦੀ ਸ਼ਰਣ, ਨਿਜੀ ਕੋਸ਼ਿਸ਼ਾਂ ਜਾਂ ਸ਼ਖਸੀ ਗੁਣਾਂ’ ਕਰਕੇ ਨਹੀਂ ਹੋਣਾ। ਇਸ ਲਈ ਸਾਂਝੀਆਂ ਜਥੇਬੰਦਕ ਕੋਸ਼ਿਸ਼ਾਂ ਦਰਕਾਰ ਹਨ, ਜੋ ਮਾਨਵੀ ਭਾਵਾਂ ‘ਤੇ ਖੜ੍ਹੀਆਂ ਹੋ ਸਕਦੀਆਂ ਹਨ।
ਇਹੀ ਸੋਝੀ ਵਿਅਕਤੀ ਨੂੰ ਜਨਤਕ-ਜਥੇਬੰਦੀਆਂ ਵਿਚ ਕੰਮ ਕਰਨ ਦੀ ਲੋੜ ਦਾ ਅਹਿਸਾਸ ਕਰਾਉਂਦੀ ਹੈ। ਪਰਿਵਾਰ ਦੀ ‘ਮੈਂ-ਕੇਂਦਰਿਤ’ ਜਥੇਬੰਦੀ ਤੋਂ ਬਾਹਰ, ਚੇਤੰਨ ਵਿਅਕਤੀ ਲੋਕ-ਪੱਖੀ ਵੱਡੀਆਂ-ਛੋਟੀਆਂ ਸਿਆਸੀ, ਸਭਿਆਚਾਰਕ, ਸਮਾਜਿਕ ‘ਅਸੀਂ-ਕੇਂਦਰਿਤ’ ਜਥੇਬੰਦੀਆਂ ਵੱਲ ਅਹੁਲਦਾ ਹੈ। ‘ਕੱਲੇ-ਕੈਰੇ ਵਿਅਕਤੀ ਦੀ ਬਹਾਦਰੀ ਕਿੱਸੇ-ਕਹਾਣੀਆਂ ਤਾਂ ਬਣਾ ਸਕਦੀ ਹੈ, ਵੱਡੀ ਸਿਆਸੀ-ਸਮਾਜਿਕ ਤਬਦੀਲੀ ਨਹੀਂ ਲਿਆ ਸਕਦੀ। ਇਨ੍ਹਾਂ ਵਿਚ ਕੰਮ ਕਰਦਿਆਂ, ਵਿਚਰਦਿਆਂ ਹੀ ਵਿਅਕਤੀ ਮਨ ਵਿਚ ਬੈਠੇ ‘ਸਮਾਜ’ ਤੋਂ ਜਾਣੂੰ ਹੁੰਦਾ ਹੈ, ਉਸ ਨੂੰ ਸੋਝੀ ਹੁੰਦੀ ਹੈ ਕਿ ਉਸ ਦੇ ਨਿਜੀ ਸੁੱਖ-ਸੁਰੱਖਿਆ ਦੀ ਹੱਦ, ਘਰ ਦੀਆਂ ਕੰਧਾਂ ਤੋਂ ਪਾਰ ਫੈਲੀ ਹੋਈ ਹੈ। ਸਮੂਹਿਕ ਹਿੱਤ ਵਿਚ ਉਸ ਦੇ ਨਿਜੀ ਹਿੱਤ ਲੁਕੇ ਹੋਏ ਹਨ। ਟਕਰਾਵੇਂ ਹਿੱਤਾਂ ਵਾਲੇ ਸਮਾਜਾਂ ਵਿਚ ਕੋਈ ਸੁਖੀ ਭਾਵੇਂ ਹੋਵੇ ਪਰ ਸੁਰੱਖਿਅਤ ਨਹੀਂ ਰਹਿ ਸਕਦਾ। ਦੁਨੀਆਂ ਭਰ ਵਿਚ ਹੁੰਦੀਆਂ ਦਹਿਸ਼ਤੀ ਘਟਨਾਵਾਂ ਇਸ ਦਾ ਸਬੂਤ ਹਨ। ਗੱਲ ਵਿਅਕਤੀ ਦੀ ਅਹਿਮੀਅਤ ਨੂੰ ਛੁਟਿਆਉਣਾ ਨਹੀਂ, ਉਸ ਦੀ ਸੀਮਤਾਈ ਨੂੰ ਸਮਝਣਾ ਹੈ। ਦਰਅਸਲ ਛੋਟੇ-ਵੱਡੇ ਮਾਨਵੀ ਸੋਰਕਾਰਾਂ ਵਾਲੀਆਂ ਜਥੇਬੰਦੀਆਂ-ਕੰਮ ਦੇ ਖੇਤਰ ਹੀ ਭਵਿੱਖੀ-ਸਮਾਜ ਵੱਲ ਖੁਲ੍ਹਦਾ ਰਾਹ ਹਨ।
ਕੁਝ ਇੱਕ ਨੂੰ ਛੱਡ ਕੇ, ਆਮ ਪੜ੍ਹਿਆ-ਲਿਖਿਆ ਕਬੀਲਦਾਰ ਵਾਹ ਲਗਦੀ ਜਨਤਕ ਕੰਮਾਂ ਤੋਂ ਤ੍ਰਹਿੰਦਾ ਹੈ। ਬਹੁਤੇ ਤਾਂ ਕਹਿੰਦੇ ਹਨ, ‘ਆਈ ਡੌਂਟ ਕੇਅਰ।’ ਉਨ੍ਹਾਂ ਨੂੰ ਲਗਦਾ ਹੈ, ਮਿਹਨਤ ਤੇ ਇਮਾਨਦਾਰੀ ਨਾਲ ‘ਪਰਿਵਾਰ ਪਾਲੀ ਜਾਹ’, ਬਾਕੀ ‘ਰੱਬ’ ਭਲੀ ਕਰੂ। ਪ੍ਰਸਿੱਧ ਵਿਦਵਾਨ ਡਾæ ਅਤਰ ਸਿੰਘ ਮੁਤਾਬਕ ‘ਸੁਤੰਤਰਤਾ ਦੇ ਭਾਰ ਨਾਲੋਂ, ਗੁਲਾਮੀ ਦਾ ਜੂਲਾ ਸਾਧਾਰਣ ਮਨੁੱਖ ਲਈ ਚੰਗਾ ਸੌਦਾ ਹੈ ਕਿਉਂਕਿ ਸੁਤੰਤਰ ਹੋਣ ਲਈ ਮਨੁੱਖ ਨੂੰ ਆਪਣਾ ਆਪ ਇਕੱਲਪੁਣੇ ਦੇ ਅਨੇਕਾਂ ਡਰਾਂ, ਵਹਿਮਾਂ ਅਤੇ ਚਿੰਤਾਵਾਂ ਦੇ ਹਵਾਲੇ ਕਰਨਾ ਪੈਂਦਾ ਹੈ।’
ਇਹ ਤ੍ਰਾਹ ਹੋਰ ਤਰ੍ਹਾਂ ਵੀ ਪ੍ਰਗਟ ਹੁੰਦਾ ਹੈ। ਕਿਸਾਨ ਹੁੰਦਿਆਂ, ਵਿਅਕਤੀ ਕਿੰਨਾ ਕੁਝ ਕਰਦਾ ਹੈ। ਉਹ ਵਾਹੁੰਦਾ ਹੈ, ਕੱਖ-ਕਾਨ ਕੱਢਦਾ ਹੈ, ਚੰਗੇ ਬੀ ਦੀ ਭਾਲ ਕਰਦਾ ਹੈ, ਵੱਤ ਆਉਣ ‘ਤੇ ਬੀਜਦਾ ਹੈ, ਪਾਣੀ ਦਿੰਦਾ ਹੈ, ਰਾਖੀ ਕਰਦਾ ਹੈ, ਪਰ ਮਾਂ-ਪਿਉ ਬਣਦਿਆਂ ਉਹੀ ਵਿਅਕਤੀ ਆਪਣੀ ਔਲਾਦ ਬਾਰੇ ਫਸਲ ਜਿੰਨਾ ਵੀ ਫਿਕਰਮੰਦ ਨਹੀਂ ਹੁੰਦਾ। ਮਾਪੇ ਬਣਨ ਦੀ ਹੋੜ ਵਿਚ ਉਹ ਸਮਾਜ ਰੂਪੀ ਜ਼ਮੀਨ ਦੀ ਤਿਆਰੀ ਨੂੰ ਵਿਸਰ ਜਾਂਦਾ ਹੈ, ਜਿਸ ਵਿਚ ਉਸ ਦੀ ਔਲਾਦ ਦੇ ਸੁਫਨਿਆਂ ਨੇ ਉਗਣਾ ਹੈ, ਬੂਰ ਪੈਣਾ ਹੈ, ਜਿਸ ਵਿਚ ਲੁੱਟ-ਖੋਹ, ਬੇਰੁਜ਼ਗਾਰੀ, ਬੇਵੁੱਕਤੀ, ਬਲਾਤਕਾਰ, ਵਿਤਕਰਿਆਂ ਦੀ ਨਦੀਨ ਦਾ ਵਾਰਾ ਪਹਿਰਾ ਹੈ। ਇਹੀ ਵਿਅਕਤੀ ਆਪਣੀ ਔਲਾਦ ਦੇ ਭਵਿੱਖ ਬਾਰੇ, ਭਰਾ ਵਜੋਂ ਭੈਣ ਦੀ ਇੱਜਤ ਲਈ, ਔਲਾਦ ਵਜੋਂ ਆਪਣੇ ਮਾਪਿਆਂ ਦੇ ਬੁਢਾਪੇ ਲਈ ਸਮਾਜ ਦੀ ਹਰ ਪਰਤ ਦੀ ਨਿਰਖ-ਪਰਖ ਤੋਂ ਘੇਸਲ ਮਾਰਦਾ ਹੈ। ਇਹ ‘ਕੱਲੀ ਚੇਤਨਾ ਦੀ ਘਾਟ ਨਹੀਂ, ਗੈਰ-ਜਿੰਮੇਵਾਰੀ ਵੀ ਹੈ।
ਜਿੰਮੇਵਾਰ ਉਹੀ ਹੈ, ਜੋ ਕਿਸੇ ਗੱਲ ਦਾ ਜਿੰਮਾ ਲੈਂਦਾ ਹੈ। ਆਪਣੇ ਕੀਤੇ ਲਈ ਜੁਆਬਦੇਹ ਹੈ। ਇਸ ਜੁਆਬਦੇਹੀ ਦੇ ਪ੍ਰਸੰਗ ਵਿਚ ਸਿਆਸੀ ਅਤੇ ਸੱਭਿਆਚਾਰਕ ਜਥੇਥੰਦੀਆਂ ਵਿਚ, ਵਿਅਕਤੀਆਂ (ਮਰਦ-ਔਰਤ) ਦਾ ਵਤੀਰਾ ਤਿੰਨ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਨਾਂਹਵਾਚੀ, ਦੂਜਾ ਹਉਮੈਪ੍ਰਸਤ ਅਤੇ ਤੀਜਾ ਸਹਿਯੋਗੀ।
ਪਹਿਲੇ ਵਿਚ ਉਹ ਆਉਂਦੇ ਹਨ, ਜੋ ਜਥੇਬੰਦਕ ਕੰਮਾਂ ਨੂੰ ਪਰਿਵਾਰ ਵਿਰੋਧੀ ਮੰਨਦੇ ਹਨ। ਉਹ ਸਮਝਦੇ ਹਨ, ਇਹ ਵਿਹਲਿਆਂ ਦਾ ਭੁੱਸ ਹੈ। ਮਿਸਾਲ ਵਜੋਂ ਕਿਸੇ ਨੂੰ ਸਾਂਝੇ ਕੰਮ ਦਾ ਸੱਦਾ ਦਿਓ, ਜਵਾਬ ਹੋਵੇਗਾ, Ḕਸਮਾਂ ਕਿਥੇ ਹੈ’ ਜਾਂ ‘ਭਰਾਵਾ ਜੁਆਕ ਵੀ ਪਾਲਣੇ ਆ?Ḕ ਉਦੋਂ ਲਗਦਾ ਹੈ, ਜਿਵੇਂ ਸੱਦਾ ਦੇਣ ਵਾਲਾ ਔਲਾਦ ਵਿਰੋਧੀ ਹੈ, ਅਵਾਰਾਗਰਦ ਹੈ, ਸਿਰਫ ਉਹੀ ‘ਜਿੰਮੇਵਾਰ’ ਮਾਪਿਆਂ ਦਾ ਸਰੂਪ ਹੈ। ਅਜਿਹੇ ਬੰਦਿਆਂ ਨੂੰ ਇਹ ਖੁਸ਼ਫਹਿਮੀ ਹੈ ਕਿ ਬੱਚਿਆਂ ਦੀ ਪਾਲਣਾ ਸਿਰਫ ਪੜ੍ਹਾਈ-ਲਿਖਾਈ ਜਾਂ ਟਿਊਸ਼ਨਾਂ ਤੱਕ ਮਹਿਦੂਦ ਹੈ, ਉਸ ਵਿਚ ਸਮਾਜਿਕ ਸਰੋਕਾਰ ਸ਼ਾਮਿਲ ਨਹੀਂ। ਇਹ ਕੰਮ ‘ਪਾਲਣਾ ਤੇ ਕਮਾਈ’ ਦਾ ਹੀ ਹਿੱਸਾ ਨਹੀਂ। ਐਸੇ ਮਾਪੇ ਆਪਣੇ ਬੱਚਿਆਂ ਦੇ ਸਤਿਕਾਰ ਅਤੇ ਪਿਆਰ ਦੇ ਕਦੇ ਵੀ ਹੱਕਦਾਰ ਨਹੀਂ ਬਣਦੇ, ਜਿਨ੍ਹਾਂ ਨੇ ਸਮਾਜ ਦੀ ਕਾਇਆ ਕਲਪ ਵਿਚ ਕੋਈ ਤਿਲ-ਫੁੱਲ ਨਾ ਪਾਇਆ ਹੋਵੇ। ਬੇਰੁਜਗਾਰੀ ਅਤੇ ਕਰਜੇ ਕਰਕੇ ਖੁਦਕਸ਼ੀਆਂ ਕਰਨ ਵਾਲੇ ਲੋਕਾਂ ਦੀ ਗਿਣਤੀ ਉਨ੍ਹਾਂ ਨਾਲੋਂ ਕਿਤੇ ਘੱਟ ਹੈ ਜੋ ਕੇਵਲ ਮਾੜੇ ਸਮਾਜਿਕ ਮਾਹੌਲ ਅਤੇ ਅਮਾਨਵੀ ਰਿਸ਼ਤਿਆਂ ਵਿਚਲੀ ਟੁੱਟ ਭੱਜ ਕਰਕੇ ਇਹ ਕਦਮ ਚੁੱਕਦੇ ਹਨ। ਇਹ ਨਾਂਹਪੱਖੀ ਪਹੁੰਚ ਨਿਆਂਕਾਰੀ ਸਮਾਜ ਦੀ ਉਸਾਰੀ ਲਈ ਲੋੜੀਂਦੇ, ਸਾਂਝੀਵਾਲਤਾ ਅਤੇ ਸਹਿਯੋਗ ਦੇ ਭਾਵਾਂ ਨੂੰ ਖੁੰਡਾ ਕਰਦੀ ਹੈ। ਆਮ ਬੰਦੇ ਨੂੰ ਸਾਂਝੇ ਕੰਮਾਂ ਤੋਂ ਪਰ੍ਹੇ ਧੱਕਦੀ ਹੈ।
ਦੂਜੀ ਪਹੁੰਚ ਹਉਮੈ ਵਾਲੀ ਹੈ। ਇਸ ਵਿਚ ਸਵੈ-ਪ੍ਰਸ਼ੰਸਾ ਭਾਰੂ ਰਹਿੰਦੀ ਹੈ ਜੋ ਆਪਸੀ ਸਬੰਧਾਂ ਵਿਚ ਤ੍ਰੇੜਾਂ ਪੈਂਦਾ ਕਰਦੀ ਹੈ। ਇਸ ਕਰੁਚੀ ਹੇਠ ਬੰਦੇ ਨੂੰ ਲਗਦਾ ਹੈ ਕਿ ਉਹ ਸਮਾਜ-ਜਥੇਬੰਦੀ ਦਾ ਅੰਗ ਨਹੀਂ, ਸਗੋਂ ਧੁਰਾ ਹੈ ਤੇ ਬਾਕੀ ਦੁਨੀਆਂ ਗ੍ਰਹਿਆਂ ਵਾਂਗ ਉਸ ਦੁਆਲੇ ਘੁੰਮਦੀ ਹੈ। ਉਹ ਵਿਅਕਤੀ ਅਤੇ ਜਥੇਬੰਦੀ-ਸਮਾਜ ਵਿਚਲੇ ਰਿਸ਼ਤੇ ਦੇ ਅੰਤਰ-ਸਬੰਧਾਂ ਨੂੰ ਦੇਖਣ ਤੋਂ ਅਸਮਰਥ ਹੁੰਦਾ ਹੈ। ਉਹ ਵਿਰੋਧ-ਵਿਕਾਸੀ ਸ਼ਬਦ ਦੀ ਵਰਤੋਂ ਲੱਖ ਪਿਆ ਕਰੇ, ਖੁਦ ‘ਤੇ ਲਾਗੂ ਨਹੀਂ ਕਰਦਾ। ਉਹ ਉਸ ਰੁੱਖ ਵਰਗਾ ਹੁੰਦਾ ਹੈ ਜੋ ਆਪਣੇ ਆਪ ਨੂੰ ਜੰਗਲ ਸਮਝਣ ਲੱਗ ਪੈਂਦਾ ਹੈ। ਉਹ ਪ੍ਰੇਰਣਾ ਬਣਨ ਦੀ ਬਜਾਏ, ਦੂਜਿਆਂ ਵਿਚ ਬਿਗਾਨੇਪਨ ਦਾ ਅਹਿਸਾਸ ਭਰਦਾ ਹੈ। ਨੁਕਸਾਨ ਇਹ ਹੁੰਦਾ ਹੈ ਕਿ ਆਪਸੀ ਨੇੜਤਾ ਤੇ ਯਕਜਹਿਤੀ ਗ੍ਰਹਿਣੀ ਜਾਂਦੀ ਹੈ। ਇਸ ਤਰ੍ਹਾਂ ਦੀ ਪਹੁੰਚ ਕਾਰਣ ਹੀ ਮੈਂਬਰਾਂ ਵਿਚ ਲਗਾਓ ਅਤੇ ਅਪਣੱਤ ਦੀ ਬਜਾਏ ਮਸ਼ੀਨੀ ਜਿਹੀ ਏਕਤਾ ਦਿਖਾਈ ਦਿੰਦੀ ਹੈ। ਇਸ ਦੇ ਉਲਟ ‘ਮੈਂ’ ‘ਅਸੀਂ’ ਨਾਲ ਕਰਿੰਗੜੀ ਪਾ ਕੇ ਕਿਵੇਂ ਬਲਵਾਨ ਹੁੰਦੀ ਹੈ? ਇਸ ਦੀ ਖੂਬਸੂਰਤ ਮਿਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਹੈ। ਉਹੀ ਮੋਦੀ ਜਿਸ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਅਮਰੀਕਾ ਵੀਜ਼ਾ ਦੇਣ ਤੋਂ ਆਕੀ ਹੈ, ਮੁਲਕ ਦੇ ਕਰੋੜਾਂ ਲੋਕਾਂ ਦਾ ਨੁਮਾਇੰਦਾ ਬਣਦਿਆਂ ਹੀ ਰੈਡ ਕਾਰਪੈਟ ਆਓ-ਭਗਤ ਦਾ ਭਾਗੀ ਬਣ ਜਾਂਦਾ ਹੈ।
ਸੁਆਲ ਹੈ, ਇਸ ਲਿਹਾਜ਼ਦਾਰੀ ਤੇ ਪੁੱਗਤ ਦਾ ਆਧਾਰ ਕੀ ਸੀ? ਕੀ ਇਹ ਮੋਦੀ ਦੀ ਛਾਤੀ ਦੀ ਚੌੜਾਈ ਜਾਂ ਸੂਟ ਦੀ ਖੂਬਸੂਰਤੀ ਦਾ ਕ੍ਰਿਸ਼ਮਾ ਹੈ? ਦਰਅਸਲ ਇਹ ਲਿਹਾਜ਼ਦਾਰੀ ਇਕ ਨਿੱਕੀ ‘ਮੈਂ’ ਪਿੱਛੇ ਖੜੀ ਕਰੋੜਾਂ ਲੋਕਾਂ ਦੀ ‘ਅਸੀਂ’ ਸੀ। ਜਿਸ ਵਿਚੋਂ ਇਹ ਸਨਮਾਨ ਤੇ ਮਾਣਤਾ ਨਿਕਲੀ ਸੀ। ਇਸ ਘਟਨਾ ਤੋਂ ‘ਅਸੀਂ’ ਨਾਲ ਜੁੜੀ ‘ਮੈਂ’ ਦੇ ਵਿਸਤਾਰ ਦਾ ਪਤਾ ਚਲਦਾ ਹੈ।
ਤੀਜੀ ਪਹੁੰਚ, ਸਹਿਯੋਗ ਵਾਲੀ ਸਹਿਕਾਰੀ ਭਾਵਨਾ ਦੀ ਹੈ। ਇਸ ਨੂੰ ‘ਟੀਮ ਵਰਕ’ ਵੀ ਕਹਿ ਸਕਦੇ ਹਾਂ। ਇਸ ਦੀ ਖੁਬਸੂਰਤ ਉਦਾਹਰਣ ਨਾਟਕਕਾਰ ਭਾਜੀ ਗੁਰਸ਼ਰਨ ਜੀ ਦਾ ਕਥਨ ਹੈ ਕਿ ‘ਮੈਂ ਲੋਕਾਂ ਨੂੰ ਮਿੱਧ ਕੇ ਨਹੀਂ, ਉਨ੍ਹਾਂ ਨੂੰ ਨਾਲ ਲੈ ਕੇ ਅਗਾਂਹ ਵਧਣ ਵਿਚ ਯਕੀਨ ਰੱਖਦਾ ਹਾਂ।’ ਇਵੇਂ ਵਿਅਕਤੀ ਦੀ ‘ਮੈਂ’ ‘ਅਸੀਂ’ ਨਾਲ ਜੁੜ ਕੇ ਵਿਸ਼ਾਲ ਹੋ ਜਾਂਦੀ ਹੈ, ਉਹ ਨਿਓਟਾ ਜਾਂ ਨਿਥਾਂਵਾਂ ਨਹੀਂ ਰਹਿੰਦਾ। ਇਹ ਵੀ ਪੱਲੇ ਬੰਨਣ ਵਾਲੀ ਗੱਲ ਹੈ ਕਿ ਸਮਾਜ ਵਿਚ ਰਹਿਣ ਨਾਲ ਹੀ ਕੋਈ ਵਿਅਕਤੀ ‘ਸਮਾਜਿਕ’ ਨਹੀਂ ਬਣ ਜਾਂਦਾ। ਇਸ ਲਈ ਉਕਤ ਦੱਸੀਆਂ ਹਾਂ-ਪੱਖੀ ਮਾਨਵੀ ਭਾਵਨਾਵਾਂ ਚਾਹੀਦੀਆਂ ਹਨ। ਇਨ੍ਹਾਂ ਨਾਲ ਹੀ ‘ਮੈਂ’ ਨੂੰ ‘ਅਸੀਂ’ ਨਾਲ ਇਕਸੁਰ ਕਰਕੇ ਤਕੜੇ ਹੋਇਆ ਜਾ ਸਕਦਾ ਹੈ। ਵਿਕਸਿਤ ਮੁਲਕਾਂ ਤੇ ਸਰਦੇ-ਪੁਰਦੇ ਘਰਾਂ ਦੇ ਬਾਸ਼ਿੰਦਿਆਂ ਨੂੰ ਜਿੰਨੀ ਛੇਤੀ ਇਸ ਗੱਲ ਦੀ ਸੋਝੀ ਹੋਵੇਗੀ, ਦੁਨੀਆਂ, ਧਰਤੀ ਤੇ ਵਾਤਾਵਰਣ ਲਈ ਉਨਾ ਹੀ ਚੰਗਾ ਹੈ।