ਕੁਲਦੀਪ ਕੌਰ
ਦੱਖਣ ਏਸ਼ੀਆ ਦੇ ਖਿੱਤੇ ਵਿਚ ‘ਰਮਾਇਣ’ ਲੋਕ ਜੀਵਨ ਵਿਚ ਰਚੀ-ਮਿਚੀ ਹੋਈ ਹੈ। ਇਹ ਭਾਰਤ, ਸ੍ਰੀਲੰਕਾ, ਮਿਆਂਮਾਰ (ਬਰਮਾ), ਮਲਾਇਆ, ਨੇਪਾਲ ਅਤੇ ਭੂਟਾਨ ਜਿਹੇ ਮੁਲਕਾਂ ਨੂੰ ਇੱਕ ਤੰਦ ਵਿਚ ਪਰੋਂਦੀ, ਸਰੋਦੀ ਲਿਖਤ ਹੈ। ਇਸ ਨੂੰ ਹਰ ਖਿੱਤੇ ਦੇ ਬਾਸ਼ਿੰਦੇ ਨੇ ਆਪਣੀ ਸਮਝ ਅਤੇ ਵਿਆਖਿਆ ਮੁਤਾਬਿਕ ਅਪਣਾਇਆ ਹੈ।
ਭਾਰਤੀ ਜੀਵਨ ਜਾਚ ਅਤੇ ਜੀਵਨ ਮੁੱਲਾਂ ਉਤੇ ਇਸ ਮਹਾਂਕਾਵਿ ਦਾ ਪ੍ਰਭਾਵ ਬਹੁ-ਪਰਤੀ ਹੈ। ਅੱਜ ਵੀ ਆਦਰਸ਼ ਭਾਰਤੀ ਪਰਿਵਾਰ ਦੀ ਪ੍ਰੀਭਾਸ਼ਾ ਵਿਚ ਰਾਮ ਵਰਗਾ ਪੁੱਤਰ, ਸੀਤਾ ਵਰਗੀ ਪਤਨੀ, ਲਛਮਣ ਵਰਗੇ ਭਰਾ ਅਤੇ ਹਨੂੰਮਾਨ ਵਰਗੇ ਦੋਸਤ ਦੀ ਕਾਮਨਾ ਕੀਤੀ ਜਾਂਦੀ ਹੈ। ਰਮਾਇਣ ਦੀ ਵਿਆਖਿਆ ਹਜ਼ਾਰਾਂ ਤਰ੍ਹਾਂ ਨਾਲ ਕੀਤੀ ਗਈ ਹੈ। ਇਸ ਦਾ ਭਾਰਤੀ ਕਲਾਵਾਂ ਨਾਲ ਰਿਸ਼ਤਾ ਬਹੁਤ ਪੀਢਾ ਹੈ। ਚਿੱਤਰਕਾਰਾਂ ਤੋਂ ਲੈ ਕੇ ਫਿਲਮਸਾਜ਼ਾਂ ਤੱਕ ਵੱਲੋਂ ਇਸ ਨੂੰ ਹਰ ਵਾਰ ਨਵੇਂ ਸਿਰਿਉਂ ਲਿਖਣ ਅਤੇ ਪ੍ਰਗਟਾਉਣ ਦੀਆਂ ਹਜ਼ਾਰਾਂ ਕੋਸ਼ਿਸ਼ਾਂ ਹੋਈਆਂ ਹਨ। ਭਾਰਤੀ ਸਿਨੇਮਾ ਬਾਰੇ ਹੋਏ ਜ਼ਿਆਦਾਤਰ ਅਧਿਐਨ ਇਸ ਤੱਥ ‘ਤੇ ਇਕਮਤ ਹਨ ਕਿ ਭਾਰਤੀ ਫਿਲਮਾਂ ਦਾ ਸਭ ਤੋਂ ਪਾਪੂਲਰ ਫਾਰਮੂਲਾ ਰਮਾਇਣ ਦੀ ਕਥਾ ਹੈ। ਉਤਰੀ ਤੇ ਦੱਖਣੀ ਭਾਰਤ ਦੀ ਰਮਾਇਣ ਅਤੇ ਉਸ ਦੀ ਵਿਆਖਿਆ ਕਈ ਨੁਕਤਿਆਂ ‘ਤੇ ਵੱਖਰੀ ਹੈ। ਇਸ ਲਈ ਜਦੋਂ ਮੂਲ ਰੂਪ ਵਿਚ ਤਮਿਲ ਭਾਸ਼ਾ ਦਾ ਪ੍ਰਪੱਕ ਫਿਲਮਸਾਜ਼ ਮਣੀ ਰਤਨਮ ਰਮਾਇਣ ਦੇ ਖਲਨਾਇਕੀ ਪੁੱਠ ਵਾਲੇ ਕਿਰਦਾਰ ‘ਤੇ ਆਧਾਰਿਤ ਫਿਲਮ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਬਣਾਉਣ ਦਾ ਫੈਸਲਾ ਕਰਦਾ ਹੈ ਤਾਂ ਉਸ ਕੋਲ ਰਮਾਇਣ ਦੀ ਵੱਖਰੀ ਹੀ ਸਮਝ ਹੋਣ ਦੀ ਪੂਰੀ ਸੰਭਾਵਨਾ ਹੈ। ਮਣੀ ਰਤਨਮ ਨੇ ਇਸ ਸੰਭਾਵਨਾ ਨੂੰ ਮੱਧਮ ਨਹੀਂ ਪੈਣ ਦਿੱਤਾ। ਉਸ ਦਾ ਰਾਮ ਜਿਸ ਦਾ ਨਾਮ ਦੇਵ ਹੈ (ਤਮਿਲ ਅਦਾਕਾਰ ਵਿਕਰਮ) ਪੁਲਿਸ ਅਫਸਰ ਹੈ ਤੇ ਉਸ ਲਈ ਡੰਡੇ ਦੀ ਵਰਤੋਂ ਡਿਊਟੀ ਦਾ ਹਿੱਸਾ ਹੈ। ਉਸ ਲਈ ਧਰਮ ਦਾ ਅਰਥ ਆਦਰਸ਼ ਨਹੀਂ, ਸਗੋਂ ਕਾਨੂੰਨ ਹੈ ਅਤੇ ਇਸ ਕਾਨੂੰਨ ਦੇ ਅੰਨ੍ਹੇ ਹੋਣ ਦੀ ਪੂਰੀ ਸੰਭਾਵਨਾ ਹੈ। ਉਹ ਸ਼ਾਂਤੀ ਦਾ ਸੁਨੇਹਾ ਲੈ ਕੇ ਆਏ ਬੀਰਾ (ਅਭਿਸ਼ੇਕ ਬੱਚਨ) ਦੇ ਭਰਾ ਨੂੰ ਧੋਖੇ ਨਾਲ ਮਾਰ ਦਿੰਦਾ ਹੈ। ਦੂਜੇ ਪਾਸੇ ਇਸ ਰਮਾਇਣ ਦੀ ਸੀਤਾ, ਰਾਗਿਨੀ (ਐਸ਼ਵਰਿਆ ਰਾਏ) ਲਈ ਅਗਵਾ ਹੋਣਾ ਉਸ ਨੂੰ ਜੰਗਲਾਂ ਦੀ ਤਹਿਜ਼ੀਬ ਨਾਲ ਰੂ-ਬਰੂ ਕਰਵਾਉਂਦਾ ਹੈ। ਉਚ ਵਰਗ ਦੇ ਤਾਲੀਮ-ਯਾਫਤਾ ਸਭਿਆਚਾਰਕ ਅਧਿਕਾਰੀਆਂ ਦੁਆਰਾ ਗਰੀਬ ਆਦਿਵਾਸੀਆਂ ਦਾ ਕੀਤਾ ਜਾਂਦਾ ਸ਼ੋਸ਼ਣ ਉਸ ਦੀ ਸਾਰੀ ਪਿਛਲੀ ਸਮਝ ਨੂੰ ਰੱਦ ਕਰ ਦਿੰਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਹੁਣ ਤੱਕ ਭੁਲੇਖੇ ਵਿਚ ਹੀ ਜੀਅ ਰਹੀ ਸੀ ਜਿਸ ਵਿਚ ਰਾਮ-ਰਾਜ ਦਾ ਚੋਗਾ ਦਿਮਾਗਾਂ ਨੂੰ ਸੁੰਨ ਕਰੀ ਰੱਖਦਾ ਹੈ।
ਇਹ ਫਿਲਮ ਮੁੱਖ ਰੂਪ ਵਿਚ ਰਾਵਣ ਉਰਫ ਬੀਰਾ (ਅਭਿਸ਼ੇਕ ਬੱਚਨ) ਦੀ ਫਿਲਮ ਹੈ। ਉਸ ਦਾ ਰਾਗਿਨੀ ਨੂੰ ਅਗਵਾ ਕਰ ਕੇ ਮਾਰਨ ਦਾ ਇਰਾਦਾ ਉਸ ਦੇ ਦੁੱਖ ਵਿਚੋਂ ਨਿਕਲਿਆ ਹੈ। ਉਸ ਦੀ ਨਫਰਤ ਉਸ ਦੀ ਧਰਤੀ ਦੇ ਲੋਕਾਂ ਨਾਲ ਸਦੀਆਂ ਤੋਂ ਹੋ ਰਹੀ ਧੱਕੇਸ਼ਾਹੀ ਅਤੇ ਜਬਰ ਵਿਚੋਂ ਨਿਕਲੀ ਹੈ। ਫਿਲਮ ਦੇ ਇੱਕ ਦ੍ਰਿਸ਼ ਵਿਚ ਉਹ ਮਹਾਤਮਾ ਬੁੱਧ ਦੇ ਦਿਉ ਕੱਦ ਬੁੱਤ ਅੱਗੇ ਆਪਣੀ ਜ਼ਿੰਦਗੀ ਦੇ ਇੱਦਾਂ ਦੀ ਹੋਣ ‘ਤੇ ਸਵਾਲ ਖੜ੍ਹਾ ਕਰਦਾ ਹੈ।
ਇਸ ਫਿਲਮ ਦਾ ਕੈਨਵਸ ਮਨੋਵਿਗਿਆਨਕ ਹੈ। ਲੜਾਈ ਜਿਸਮਾਂ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦੀ। ਫਿਲਮਸਾਜ਼ ਇਹ ਮੰਨ ਕੇ ਚੱਲਦਾ ਹੈ ਕਿ ਦਰਸ਼ਕਾਂ ਦੇ ਦਿਮਾਗ ਵਿਚ ਰਮਾਇਣ ਪਹਿਲਾਂ ਹੀ ਉਕਰੀ ਹੋਈ ਹੈ। ਉਹ ਉਨ੍ਹਾਂ ਦੇ ਦਿਮਾਗ ਵਿਚ ਪਈਆਂ ਧਾਰਨਾਵਾਂ ਬਾਰੇ ਨਵੇ ਸਿਰਿਉਂ ਸੋਚਣ ਦਾ ਸੱਦਾ ਦਿੰਦਾ ਹੈ। ਫਿਲਮ ਦੇ ਬੇਹੱਦ ਮਹਤੱਵਪੂਰਨ ਦ੍ਰਿਸ਼ ਵਿਚ ਦੇਵ ਰਾਗਿਨੀ ਨੂੰ ਦੱਸਦਾ ਹੈ ਕਿ ਉਸ ਨੂੰ ਪੋਲੀਗਰਾਫ ਟੈਸਟ ਕਰਵਾਉਣਾ ਪਵੇਗਾ ਤਾਂ ਕਿ ਇਹ ਸਾਬਿਤ ਹੋ ਸਕੇ ਕਿ ਚੌਦਾਂ ਦਿਨ ਤੇ ਚੌਦਾਂ ਰਾਤਾਂ ਬੀਰਾ ਕੋਲ ਰਹਿਣ ਦੇ ਬਾਵਜੂਦ ਉਨ੍ਹਾਂ ਵਿਚਕਾਰ ਕੋਈ ਸਬੰਧ ਨਹੀਂ। ਰਾਗਿਨੀ ਹੈਰਾਨ-ਪ੍ਰੇਸ਼ਾਨ ਹੋ ਜਾਂਦੀ ਹੈ। ਉਹ ਇਸ ਦਾ ਜਵਾਬ ਬੀਰਾ ਤੋਂ ਮੰਗਦੀ ਹੈ। ਬੀਰਾ ਉਸ ਨੂੰ ਜਦੋਂ ਸੱਚ ਦੱਸਦਾ ਹੈ ਕਿ ਉਸ ਨੇ ਤਾਂ ਨਾ ਸਿਰਫ ਦੇਵ ਦੀ ਜਾਨ ਬਖਸ਼ੀ ਹੈ, ਸਗੋਂ ਉਸ ਨੂੰ ਇਹ ਵੀ ਜਚਾਇਆ ਹੈ ਕਿ ਉਸ ਦੀ ਪਤਨੀ ਰਾਗਿਨੀ ਖਰਾ ਸੋਨਾ ਹੈ ਤਾਂ ਉਸ ਅੱਗੇ ਸੱਚ-ਝੂਠ ਦਾ ਨਿਤਾਰਾ ਹੋ ਜਾਂਦਾ ਹੈ। ਬਾਅਦ ਵਿਚ ਉਸ ਨੂੰ ਪਤਾ ਲੱਗਦਾ ਹੈ ਕਿ ਦੇਵ ਨੇ ਬੀਰਾ ਨੂੰ ਮਾਰਨ ਲਈ ਉਸ ਨੂੰ ਚੋਗੇ ਵਾਂਗ ਇਸਤੇਮਾਲ ਕੀਤਾ ਹੈ। ਇਉਂ ਇਹ ਫਿਲਮ ਇਸ ਪੁਰਾਤਨ ਕਥਾ ਦੀਆਂ ਕਈ ਗੁੱਝੀਆਂ ਰਮਜ਼ਾਂ ਫਰੋਲਦੀ ਹੈ। ਫਿਲਮ ਦੀ ਐਡਿਟਿੰਗ ਦੀ ਕਾਫੀ ਆਲੋਚਨਾ ਹੋਣ ਦੇ ਬਾਵਜੂਦ ਇਹ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾਉਣ ਦੇ ਸਮਰੱਥ ਹੈ। ਫਿਲਮ ਦਾ ਸੰਗੀਤ ਏæਆਰæ ਰਹਿਮਾਨ ਦਾ ਹੈ, ਪਰ ਜ਼ਿਆਦਾਤਰ ਗਾਣਿਆਂ ਨਾਲ ਫਿਲਮ ਦਾ ਬਿਰਤਾਂਤ ਵਾਰ-ਵਾਰ ਰੁਕਣ ਦਾ ਅਹਿਸਾਸ ਹੁੰਦਾ ਹੈ। -0-