ਸਿਮਰਨ ਕੌਰ
ਫਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਕੱਲ੍ਹ ਆਪਣੀ ਨਵੀਂ ਫਿਲਮ ‘ਅਕੀਰਾ’ ਦੀ ਝਾੜ-ਪੂੰਝ ਵਿਚ ਲੱਗੀ ਹੋਈ ਹੈ। ਫਿਲਮਸਾਜ਼ ਏæਆਰæ ਮੁਰੁਗਦਾਸ ਦੀ ਇਹ ਫਿਲਮ ਸਤੰਬਰ ਮਹੀਨੇ ਰਿਲੀਜ਼ ਹੋਣੀ ਹੈ। ਹਾਲ ਹੀ ਵਿਚ ਇਸ ਫਿਲਮ ਦਾ ਗੀਤ ‘ਰੱਜ ਰੱਜ ਕੇ’ ਰਿਲੀਜ਼ ਕੀਤਾ ਗਿਆ। ਇਸ ਗੀਤ ਵਿਚ ਸੋਨਾਕਸ਼ੀ ਸਿਨਹਾ ਨੂੰ ਕਾਫ਼ੀ ਵੱਖਰੇ ਰੂਪ ਅਤੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਨਾਇਕਾ ਆਧਾਰਿਤ ਇਸ ਫਿਲਮ ਕਾਰਨ ਸੋਨਾਕਸ਼ੀ ਸੱਤਵੇਂ ਅਸਮਾਨ ‘ਤੇ ਹੈ।
ਉਂਜ ਇਸ ਦੇ ਨਾਲ ਹੀ ਉਸ ਦੇ ਸਲਮਾਨ ਖਾਨ ਨਾਲ ਵਿਗਾੜ ਪੈਣ ਦੀਆਂ ਖ਼ਬਰਾਂ ਵੀ ਹਨ। ਕਹਿੰਦੇ ਹਨ ਕਿ ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਦੇ ਬਰਾ ਅਰਬਾਜ਼ ਖਾਨ ਦੀ ਫਿਲਮ ‘ਡੌਲੀ ਕੀ ਡੋਲੀ’ ਠੁਕਰਾ ਦਿੱਤੀ ਸੀ ਜਿਸ ਕਾਰਨ ਸਲਮਾਨ ਖਾਨ ਉਸ ਤੋਂ ਬਹੁਤ ਖਫ਼ਾ ਸੀ। ਮਗਰੋਂ ਇਹ ਫਿਲਮ ਸੋਨਮ ਕਪੂਰ ਨੇ ਕੀਤੀ ਸੀ। ਹੁਣ ਕਿਹਾ ਜਾ ਰਿਹਾ ਸੀ ਕਿ ਅਰਬਾਜ਼ ਖਾਨ ਦੀ ਅਗਲੀ ਫਿਲਮ ‘ਦਬੰਗ-3’ ਵਿਚੋਂ ਸੋਨਾਕਸ਼ੀ ਸਿਨਹਾ ਦਾ ਪੱਤਾ ਕੱਟਿਆ ਗਿਆ ਹੈ। ਚੇਤੇ ਰਹੇ ਕਿ ‘ਦਬੰਗ’ ਫਿਲਮ ਨਾਲ ਹੀ ਸੋਨਾਕਸ਼ੀ ਨੇ ਫਿਲਮੀ ਦੁਨੀਆਂ ਪ੍ਰਵੇਸ਼ ਪਾਇਆ ਸੀ ਅਤੇ ‘ਦਬੰਗ-2’ ਵਿਚ ਵੀ ਸਲਮਾਨ ਅਤੇ ਸੋਨਾਕਸ਼ੀ ਦੇ ਹੀ ਮੁੱਖ ਕਿਰਦਾਰ ਸਨ। ਫਿਲਮ ਸਨਅਤ ਨਾਲ ਜੁੜੇ ਲੋਕ ਸੋਨਾਕਸ਼ੀ ਸਿਨਹਾ ਵਜੋਂ ਸਲਮਾਨ ਖਾਨ ਦੀ ਫਿਲਮ ਠੁਕਰਾਏ ਜਾਣ ਤੋਂ ਹੈਰਾਨ ਹੀ ਸਨ, ਕਿਉਂਕਿ ਅੱਜ ਫਿਲਮ ਸਨਅਤ ਵਿਚ ਸਲਮਾਨ ਖਾਨ ਦਾ ਜੋ ਰੁਤਬਾ ਬਣਿਆ ਹੋਇਆ ਹੈ, ਉਸ ਹਿਸਾਬ ਨਾਲ ਕੋਈ ਵੀ ਉਸ ਨਾਲ ਦੁਸ਼ਮਣੀ ਸਹੇੜਨ ਤੋਂ ਝਿਜਕਦਾ ਹੈ, ਪਰ ਸੋਨਾਕਸ਼ੀ ਨੇ ਇਸ ਦੀ ਪ੍ਰਵਾਹ ਨਹੀਂ ਸੀ ਕੀਤੀ। ਕੱਲ੍ਹ ਤੱਕ ਇਹੀ ਚਰਚਾ ਸੀ ਕਿ ਸੋਨਾਕਸ਼ੀ ਨੇ ਸਲਮਾਨ ਨਾਲ ਦੁਸ਼ਮਣੀ ਸਹੇੜ ਕੇ ਆਪਣਾ ਹੀ ਨੁਕਸਾਨ ਕਰਾਇਆ ਹੈ, ਪਰ ਸੋਨਾਕਸ਼ੀ ਦਾ ਕਹਿਣਾ ਹੈ ਕਿ ਭਾਵੇਂ ਅਰਬਾਜ਼ ਅਤੇ ਸਲਮਾਨ ਨੇ ਉਸ ਨੂੰ ‘ਦਬੰਗ’ ਨਾਲ ਫਿਲਮੀ ਦੁਨੀਆਂ ਵਿਚ ਲਿਆਂਦਾ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਲਮਾਨ ਦੀ ਹਰ ਗੱਲ ਅੱਖਾਂ ਬੰਦ ਕਰ ਕੇ ਮੰਨ ਲਵੇਗੀ। ਉਸ ਮੁਤਾਬਕ, ਉਹ ਦੋ ਫਿਲਮਾਂ ਘੱਟ ਕਰ ਲਵੇਗੀ, ਪਰ ਕਿਸੇ ਦੀ ਈਨ ਨਹੀਂ ਮੰਨੇਗੀ। ਸੋਨਾਕਸ਼ੀ ਦਾ ਫਿਲਮੀ ਕਰੀਅਰ 2010 ਵਿਚ ‘ਦਬੰਗ’ ਨਾਲ ਸ਼ੁਰੂ ਹੋਇਆ ਸੀ ਅਤੇ 2015 ਤੱਕ ਪੰਜ ਸਾਲਾਂ ਦੌਰਾਨ ਉਸ ਨੇ ਕੁੱਲ 17 ਫਿਲਮਾਂ ਕੀਤੀਆਂ ਹਨ। ਇਸ ਵਿਚ ਤਮਿਲ ਫਿਲਮ ‘ਲਿੰਗਾ’ ਵੀ ਸੀ ਜਿਸ ਦਾ ਹੀਰੋ ਤਮਿਲ ਸੁਪਰ ਸਟਾਰ ਰਜਨੀਕਾਂਤ ਸੀ। ਸੰਨ ਆਫ਼ ਸਰਕਾਰ, ਲੁਟੇਰਾ, ਵਨਸ ਅਪੌਨ ਏ ਟਾਈਮ ਇਨ ਮੁੰਬਈ ਦੁਬਾਰਾ, ਆਰæææ ਰਾਜ ਕੁਮਾਰ ਆਦਿ ਫਿਲਮਾਂ ਰਾਹੀਂ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਲਿਆ ਸੀ। 2016 ਵਿਚ ਉਸ ਦੀਆਂ ਦੋ ਫਿਲਮਾਂ ‘ਅਕੀਰਾ’ ਅਤੇ ‘ਫੋਰਸ-2’ ਰਿਲੀਜ਼ ਹੋਣੀਆਂ ਹਨ। ‘ਨੂਰ’ ਫਿਲਮ ਅਗਲੇ ਸਾਲ ਅਪਰੈਲ ਵਿਚ ਥੀਏਟਰਾਂ ਵਿਚ ਪੁੱਜਣੀ ਹੈ। ਸੁਨੀਲ ਸਿੱਪੀ ਵੱਲੋਂ ਨਿਰਦੇਸ਼ਤ ਇਹ ਫਿਲਮ ਵੀ ਨਾਇਕਾ ਆਧਾਰਿਤ ਹੈ। ਸੋਨਾਕਸ਼ੀ ਹੁੱਬਦੀ ਹੈ ਕਿ ਉਸ ਨੂੰ ‘ਨੂਰ’ ਵਰਗੀ ਨਾਇਕਾ ਪ੍ਰਧਾਨ ਫਿਲਮ ਮਿਲੀ ਹੈ। ਇਹ ਫਿਲਮ ਪਾਕਿਸਤਾਨੀ ਪੱਤਰਕਾਰ-ਲਿਖਾਰੀ ਕੁੜੀ ਨੂਰ ਬਾਰੇ ਹੈ ਜਿਸ ਦਾ ਪਿਆਰ ਉਸ ਨੂੰ ਖਿੱਚ ਕੇ ਮੁੰਬਈ ਲੈ ਆਉਂਦਾ ਹੈ। ਫਿਲਮ ਵਿਚ ਸੋਨਾਕਸ਼ੀ ਨਾਲ ਕਨਨ ਗਿੱਲ, ਸ਼ਿਬਾਨੀ ਦਾਂਡੇਕਰ ਅਤੇ ਪੂਰਬ ਕੋਹਲੀ ਵਰਗੇ ਅਦਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਸੋਨਾਕਸ਼ੀ ਖੁਸ਼ ਹੈ ਕਿ ਹਿੰਦੀ ਫਿਲਮ ਜਗਤ ਹੁਣ ਬਦਲ ਰਿਹਾ ਹੈ ਅਤੇ ਨਾਇਕਾ ਆਧਾਰਿਤ ਫਿਲਮਾਂ ਨੂੰ ਖੂਬ ਹੁੰਗਾਰਾ ਮਿਲ ਰਿਹਾ ਹੈ। -0-