ਸ਼ਿਵ ਕੁਮਾਰ ਦੀ ਯਾਦ ਵਿਚ ਸਾਲਾਨਾ ਮੇਲਾ

-ਗੁਲਜ਼ਾਰ ਸਿੰਘ ਸੰਧੂ
23 ਜੁਲਾਈ 2016 ਨੂੰ ਸ਼ਿਵ ਕੁਮਾਰ ਬਟਾਲਵੀ ਦਾ ਅਸਲੀ ਜਨਮ ਦਿਨ ਸੀ। 80ਵਾਂ ਜਨਮ ਦਿਨ। ‘ਸਰਗਮ’ ਨਾਂ ਦੀ ਭਾਰਤੀ ਸੰਗੀਤ ਕਲਾ ਨੂੰ ਸਮਰਪਿਤ ਸੰਸਥਾ ਨੇ ਖਾਲਸਾ ਕਾਲਜ, ਮੁਹਾਲੀ ਦੇ ਸਹਿਯੋਗ ਨਾਲ ਸ਼ਿਵ ਦੀ ਯਾਦ ਵਿਚ ਉਸ ਦੇ ਜਨਮ ਮਹੀਨੇ ਸੰਗੀਤ, ਨਾਟਕ ਅਤੇ ਸਾਹਿਤਕ ਮੇਲਾ ਲਾਉਣ ਦਾ ਬੀੜਾ ਚੁੱਕਿਆ ਹੈ। 30 ਜੁਲਾਈ ਵਾਲੇ ਦਿਨ ਵਧੀਆ ਸੰਗੀਤਕ ਤੇ ਸਾਹਿਤਕ ਪੇਸ਼ਕਾਰੀਆਂ ਕਰ ਕੇ ਇਸ ਦਾ ਉਦਘਾਟਨ ਕੀਤਾ ਗਿਆ। ਇਸ ਵਿਚ ਪੰਜਾਬੀ ਦੇ ਮੰਨੇ-ਪ੍ਰਮੰਨੇ ਸਾਹਿਤਕਾਰਾਂ, ਸੰਗੀਤਕਾਰਾਂ ਤੇ ਸ਼ਿਵ ਦੇ ਮਿੱਤਰਾਂ ਨੇ ਸ਼ਿਰਕਤ ਕੀਤੀ।

ਆਰæ ਡੀæ ਕੈਲੇ ਦੀ ਟੋਲਿ, ਜੋ ਦੋ ਤਿੰਨ ਦਹਾਕੇ ਤੋਂ ਸ਼ਿਵ ਦੇ ਗੀਤਾਂ ਦੀ ਛਹਿਬਰ ਲਾਉਣ ਲਈ ਜਾਣੀ ਜਾਂਦੀ ਹੈ, ਨੇ ਉਦਘਾਟਨੀ ਸਮਾਗਮ ਵਿਚ ਵੀ ਮੋਹਰੀ ਰੋਲ ਅਦਾ ਕੀਤਾ। ‘ਸਰਗਮ’ ਦੇ ਤਿੰਨੋ ਪ੍ਰਬੰਧਕ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਤੇ ਸ਼ਿੰਗਾਰਾ ਸਿੰਘ ਭੁੱਲਰ ਇਸ ਵੱਡੇ ਕੰਮ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਵਿਚ ਮੋਹਰੀ ਸਨ। ਜਿੱਥੋਂ ਤੱਕ ਪੇਸ਼ਕਾਰੀਆਂ ਦਾ ਸਬੰਧ ਹੈ, ਆਰæ ਡੀæ ਕੈਲੇ ਨੇ ‘ਮਾਏ ਨੀ ਅੱਜ ਅੰਬਰ ਲਿੱਸੇ ਲਿੱਸੇ’ ਪੇਸ਼ ਕੀਤਾ ਅਤੇ ਐਸ਼ ਡੀæ ਸ਼ਰਮਾ ਨੇ ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ’। ਅਮਰਜੀਤ ਤੇ ਕਰਮਜੀਤ ਨੇ ‘ਅਸੀਂ ਗੋਰੀਆਂ ਮਾਂਵਾਂ ਦੀਆਂ ਜਾਈਆਂ’ ਗਾ ਕੇ ਬੜਾ ਪਿੰਡ (ਸਿਆਲਕੋਟ) ਵਿਚ ਜਨਮੇ ਸ਼ਿਵ ਕੁਮਾਰ ਦੇ ਮਾਪੇ ਚੇਤੇ ਕਰਵਾ ਦਿੱਤੇ।
ਨੌਜਵਾਨ ਗਾਇਕ ਬਿਕਰਮ ਨੇ ‘ਸ਼ਿਕਰਾ ਯਾਰ ਬਣਾਇਆ’ ਗਾ ਕੇ ਸ਼ਿਵ ਦੀ ਲੰਮੀ ਹੇਕ ਵਾਲੀ ਆਵਾਜ਼ ਚੇਤੇ ਕਰਵਾਈ ਤੇ ਇਸੇ ਹੀ ਕਾਲਜ ਦੇ ਇਕ ਵਿਦਿਆਰਥੀ ਹਰਪ੍ਰੀਤ ਨੇ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਪੇਸ਼ ਕਰਦਿਆਂ ਸ਼ਿਵ ਦੀ ਗਾਇਨ ਸ਼ੈਲੀ ਨੂੰ ਅਪਨਾਉਣ ਦੀ ਸੱਚੀ ਤੇ ਸੁੱਚੀ ਕੋਸ਼ਿਸ਼ ਕੀਤੀ। ਸਵਰਨ ਸਿੰਘ ਤੇ ਗੁਰਚਰਨ ਸਿੰਘ ਬੋਪਾਰਾਏ ਦੀ ਜਾਣੀ ਪਛਾਣੀ ਜੋੜੀ ਵਿਚੋਂ ਬੋਪਾਰਾਏ ਤਾਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ, ਇਸ ਲਈ ਸਵਰਨ ਸਿੰਘ ਦਾ ਸਾਥ ਯੁਧਵੀਰ ਨੇ ਦਿੱਤਾ।
ਸਮਾਗਮ ਵਿਚ ਇਹ ਗੱਲ ਵੀ ਚੇਤੇ ਕੀਤੀ ਗਈ ਕਿ ਜਦੋਂ ਸ਼ਿਵ ਨੂੰ ਹਰਚਰਨ ਸਿੰਘ ਬਾਠ ਆਪਣੇ ਨਾਭੇ ਵਾਲੇ ਉਸ ਕਾਲਜ ਲੈ ਗਿਆ, ਜਿਥੇ ਉਹ ਬਟਾਲੇ ਵਾਲੇ ਕਾਲਜ ਤੋਂ ਬਦਲ ਕੇ ਗਿਆ ਸੀ, ਤਾਂ ਪ੍ਰਿੰਸੀਪਲ ਨੇ ਬਾਠ ਨੂੰ ਇਕ ਦਿਲਚਸਪ ਉਲਾਂਭਾ ਦਿੱਤਾ, ਜਿਸ ਦਾ ਸਬੰਧ ਸ਼ਿਵ ਦੇ ਇਕ ਦਮ ਹਰਮਨ ਪਿਆਰੇ ਹੋਣ ਨਾਲ ਹੈ।
“ਮੈਨੂੰ ਸ਼ਿਕਾਇਤ ਮਿਲੀ ਹੈ ਕਿ ਜਿਸ ਮੁੰਡੇ ਨੂੰ ਤੂੰ ਬਟਾਲੇ ਤੋਂ ਲਿਆਂਦਾ ਹੈ, ਉਹ ਕੁੜੀਆਂ ਦੇ ਸਾਈਕਲਾਂ ਪਿੱਛੇ ਬੈਠ ਕੇ ਕਾਲਜ ਆਉਂਦਾ ਹੈ।” ਅਗੋਂ ਬਾਠ ਦਾ ਉਤਰ ਵੀ ਬੜਾ ਸਪੱਸ਼ਟ ਸੀ, “ਜੇ ਕੁੜੀਆਂ ਉਸ ਨੂੰ ਆਪਣੇ ਸਾਈਕਲ ‘ਤੇ ਬਿਠਾਉਂਦੀਆਂ ਨੇ ਤਾਂ ਇਸ ਵਿਚ ਉਸ ਦਾ ਕੀ ਕਸੂਰ?”
ਸ਼ਿਵ ਦੀ ਵੱਡੀ ਖੂਬੀ ਉਸ ਦੇ ਗੀਤਾਂ ਦੀ ਪੇਂਡੂ ਸ਼ਬਦਾਵਲੀ ਤੇ ਲਚਕ ਹੀ ਨਹੀਂ ਹੈ, ਉਸ ਨੇ ਗਿਣਤੀ ਵਿਚ ਵੀ ਬਹੁਤ ਲਿਖਿਆ, ਆਪਣੀ ਉਮਰ ਤੋਂ ਕਿਤੇ ਵੱਧ। ‘ਪੀੜਾਂ ਦਾ ਪਰਾਗਾ’ (1960) ਤੋਂ ਲੂਣਾ (1965) ਤੱਕ ਉਹ ਹਰ ਸਾਲ ਇਕ ਨਾ ਇਕ ਉਚ ਕੋਟੀ ਦੀ ਪੁਸਤਕ ਪੰਜਾਬੀ ਜਗਤ ਦੀ ਝੋਲੀ ਪਾਉਂਦਾ ਰਿਹਾ। ਖੂਬੀ ਇਹ ਕਿ ਇਨ੍ਹਾਂ ਵਿਚਲੀਆਂ ਕਰੀਬ ਸਾਰੀਆਂ ਕਵਿਤਾਵਾਂ ਉਸ ਨੂੰ ਜ਼ੁਬਾਨੀ ਚੇਤੇ ਸਨ। ਉਹ ਜਿੱਥੇ ਵੀ ਹਾਜ਼ਰ ਹੁੰਦਾ, ਮਹਿਫਿਲ ਲੱਗ ਜਾਂਦੀ। ਕੰਧਾਂ ਕੋਠੇ ਤੇ ਜੜ੍ਹੀ-ਬੂਟੀਆਂ ਕਵਿਤਾ ਗਾਉਂਦੀਆਂ ਜਾਪਣ ਲੱਗ ਜਾਂਦੀਆਂ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਪੁਰਸਕਾਰ ਦਿਵਾਉਣ ਵਾਲਿਆਂ ਵਿਚ ਸਭ ਤੋਂ ਵਡਾ ਹਸਤਾਖਰ ਕਰਤਾਰ ਸਿੰਘ ਦੁੱਗਲ ਸੀ। ਜਿਸ ਦਿਨ ਸ਼ਿਵ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਪੁਰਸਕਾਰ ਲੈਣ ਜਾਣਾ ਸੀ, ਉਸ ਤੋਂ ਪਹਿਲੀ ਸ਼ਾਮ ਦਾ ਖਾਣਾ ਦੁੱਗਲ ਦੇ ਘਰ ਸੀ, ਜਿੱਥੇ ਪ੍ਰੀਤਮ ਸਿੰਘ ਸਫੀਰ, ਕੁਲਵੰਤ ਸਿੰਘ ਵਿਰਕ, ਸੱਜਾਦ ਜ਼ਹੀਰ ਵਰਗੇ ਦਰਜਨ ਤੋਂ ਵੱਧ ਸਾਹਿਤਕਾਰ ਉਸ ਦੀ ਉਡੀਕ ਕਰ ਰਹੇ ਸਨ। ਉਹਨੂੰ ਪੰਜਾਬ ਤੋਂ ਦਿੱਲੀ ਲਿਆਉਣ ਵਾਲੇ ਉਸ ਦੇ ਮਿੱਤਰਾਂ ਨੇ ਰਸਤੇ ਵਿਚ ਹੀ ਉਸ ਨੂੰ ਇੰਨੀ ਪਿਆ ਦਿੱਤੀ ਕਿ ਉਹ ਭੁੱਲਦੇ ਭੁਲਾਉਂਦੇ ਉਦੋਂ ਪਹੁੰਚੇ, ਜਦ ਸਾਰੇ ਖਾਣਾ ਖਾ ਚੁੱਕੇ ਸਨ। ਦੁੱਗਲ ਨੇ ਉਸ ਨੂੰ ‘ਨਾਲਾਇਕ’ ਕਹਿ ਕੇ ਬਾਹਰੋਂ ਹੀ ਮੋੜ ਦਿੱਤਾ। ਉਸ ਦੇ ਮਿੱਤਰਾਂ ਨੇ ਕਿਸੇ ਹੋਟਲ ਵਿਚ ਠਹਿਰਨਾ ਸੀ ਪਰ ਉਹ ਸ਼ਿਵ ਨੂੰ ਮੇਰੇ ਘਰ ਛੱਡ ਗਏ, ਜਿਥੇ ਮੈਂ ਤੇ ਮੇਰੀ ਪਤਨੀ ਉਨ੍ਹਾਂ ਤੋਂ ਪਹਿਲਾਂ ਪਹੁੰਚ ਚੁੱਕੇ ਸਾਂ। ਉਸ ਰਾਤ ਸ਼ਿਵ ਸਾਰੀ ਰਾਤ ਜਾਗਦਾ ਤੇ ਗੀਤ ਲਿਖਦਾ ਰਿਹਾ। ਉਸ ਨੇ ਪਿਛੋਂ ਜਾ ਕੇ ਇਕ ਲੇਖ ਵੀ ਲਿਖਿਆ, ‘ਇਕ ਗੀਤ ਦਾ ਜਨਮ’ ਜਿਸ ਦੇ ਬੋਲ ਸਨ:
ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜੀ।
ਜਦ ਗੀਤਾਂ ਦੇ ਘਰ ਨ੍ਹੇਰਾ ਹੈ,
ਤੇ ਬਾਹਰ ਮੇਰੀ ਧੁੱਪ ਚੜ੍ਹੀ।

ਅੱਜ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ,
ਇਕ ਬੁਰਕੀ ਮਿੱਠੇ ਚਾਨਣ ਦੀ
ਮੇਰੇ ਗੀਤਾਂ ਤੋਂ ਨਾ ਗਈ ਭਰੀ।
ਭਰੀ ਮਹਿਫਿਲ ਵਿਚ ਮੈਂ ਇਕ ਹੋਰ ਘਟਨਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਇਕ ਵਾਰੀ ਚੰਡੀਗੜ੍ਹ ਵਿਚ ਠੇਕੇ ਬੰਦ ਹੋਣ ਕਾਰਨ ਅਸੀਂ ਸ਼ਰਾਬ ਲਈ ਢੱਲੀ ਦੀਆਂ ਉਚਾਣਾਂ ਵੱਲ ਜਾ ਰਹੇ ਸਾਂ ਤਾਂ ਸ਼ਿਵ ਨੇ ਇਕ ਪਹਾੜਨ ਨੂੰ ਸਹਿਜੇ ਸਹਿਜੇ ਉਪਰ ਚੜ੍ਹਦੇ ਦੇਖਿਆ ਤਾਂ ਇਕ ਨਵੇਂ ਗੀਤ ਦੇ ਬੋਲ ਉਚਾਰਨ ਲੱਗਿਆ:
ਚੜ੍ਹ ਆ, ਚੜ੍ਹ ਆ, ਚੜ੍ਹ ਆ
ਧਰਤੀ ‘ਤੇ ਧਰਤੀ ਧਰ ਆ,
ਅੱਜ ਸਾਰਾ ਅੰਬਰ ਤੇਰਾ।
ਤੈਨੂੰ ਰੋਕਣ ਵਾਲਾ ਕਿਹੜਾ,
ਅੰਬਰ ਪੁੱਜਣ ਔਖਾ ਨਾਹੀਂ,
ਜੇ ਨਾਂ ਲੈ ਦਏਂ ਮੇਰਾ।
ਚੜ੍ਹ ਆ, ਚੜ੍ਹ ਆ, ਚੜ੍ਹ ਆ,
ਤੂੰ ਲੈ ਕੇ ਨਾਂ ਅੱਜ ਮੇਰਾ।
ਸਮਾਗਮ ਵਿਚ ਉਲੰਪੀਅਨ ਬਲਬੀਰ ਸਿੰਘ, ਸਾਬਕਾ ਡੀæ ਪੀæ ਆਈæ ਕਸ਼ਮੀਰ ਸਿੰਘ ਗਿੱਲ, ਪੰਜਾਬ ਬੁੱਕ ਸੈਂਟਰ ਵਾਲਾ ਅਵਤਾਰ ਪਾਲ, ‘ਅੰਮ੍ਰਿਤਸਰ ਟਾਈਮਜ਼’ ਵਾਲਾ ਦਲਜੀਤ ਸਿੰਘ, ‘ਹੁਣ’ ਦਾ ਸੰਪਾਦਕ ਸੁਸ਼ੀਲ ਦੁਸਾਂਝ, ਪੰਜਾਬੀ ਕਹਾਣੀਕਾਰ ਜਸਬੀਰ ਸਿੰਘ ਭੁੱਲਰ, ਸੁਰੀਲੇ ਬੋਲਾਂ ਵਾਲੀ ਸੁਰਜੀਤ ਬੈਂਸ ਵਰਗੇ ਸਾਹਿਤ ਤੇ ਸੰਗੀਤ ਦੇ ਰਸੀਏ ਹਾਜ਼ਰ ਸਨ। ਉਹ ਸਾਰੇ ਤਿੰਨ ਘੰਟੇ ਬੈਠੇ ਰਹੇ।
ਸਮਾਗਮ ਦੇ ਪ੍ਰਬੰਧਕ ਭਾਵੇਂ ‘ਸਰਗਮ’ ਨਾਂ ਦੀ ਸੰਸਥਾ ਸੀ ਪਰ ਇਸ ਨੂੰ ਮੁੱਖ ਸਹਿਯੋਗ ਦਸੂਹਾ ਮੁਕੇਰੀਆਂ ਦੀ ਜੰਮਪਲ ਤੇ ਖ਼ਾਲਸਾ ਕਾਲਜ ਦੀ ਪ੍ਰਿੰਸੀਪਲ ਮੈਡਮ ਹਰੀਸ਼ ਕੁਮਾਰੀ ਨੇ ਦਿੱਤਾ। ਸ਼ਿਵ ਦੇ 80ਵੇਂ ਜਨਮ ਦਿਨ ਨਾਲ ਜੋੜ ਕੇ ਰਚਾਇਆ ਗਿਆ ਇਹ ਸਾਹਿਤਕ ਮੇਲਾ ਸਮਾਂ ਪਾ ਕੇ ਲੁਦੇਹਾਣਾ ਵਾਲੇ ਮੋਹਨ ਸਿੰਘ (ਮਾਹਿਰ) ਮੇਲੇ ਵਰਗਾ ਹਰਮਨ ਪਿਆਰਾ ਹੋਣ ਦੀ ਸੰਭਾਵਨਾ ਰੱਖਦਾ ਹੈ।
ਅੰਤਿਕਾ: (ਮੋਹਨ ਸਿੰਘ)
ਆ ਕਿ ਮੁਕਟੀ ਇਸ਼ਕ ਦੀ ਅੱਜ ਸੀਸ ਤੇਰੇ ਧਰ ਦਿਆਂ।
ਆ ਕਿ ਤੇਰੇ ਹੁਸਨ ਨੂੰ ਮੈਂ ਜਿਊਣ ਜੋਗਾ ਕਰ ਦਿਆਂ।
ਵਿਛੜਦੇ ਸੂਰਜ ਨੇ ਹੈ ਪੱਛਮ ਦਾ ਮੋਢਾ ਰੰਗਿਆ,
ਆ ਤੇਰੇ ਮੋਢੇ ‘ਤੇ ਕੰਬਦਾ ਹੱਥ ਮੈਂ ਵੀ ਧਰ ਦਿਆਂ।