ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਭਾਰਤ ਵਿਚ ਗਊ ਰਾਖੀ ਦੇ ਨਾਂ ਉਤੇ ਖੇਡੀ ਜਾ ਰਹੀ ਫਿਰਕੂ ਸਿਆਸਤ ਨੇ ਦੇਸ਼ ਵਿਚ ਮਾਹੌਲ ਤਲਖ਼ ਕਰ ਦਿੱਤਾ ਹੈ। ਕੌਮਾਂਤਰੀ ਪੱਧਰ ‘ਤੇ ਆਲੋਚਨਾ ਦੇ ਬਾਵਜੂਦ ਨਰੇਂਦਰ ਮੋਦੀ ਸਰਕਾਰ ਵੱਲੋਂ ਕੱਟੜ ਹਿੰਦੂ ਜਥੇਬੰਦੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਗਾਂ ਦਾ ਮਾਸ ਖਾਣ ਦੇ ਦੋਸ਼ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਹਾਲਾਂਕਿ ਜ਼ਿਆਦਾਤਰ ਮਾਮਲਿਆਂ ਦੀ ਮੁਢਲੀ ਜਾਂਚ ਵਿਚ ਇਹੀ ਸਾਹਮਣੇ ਆਇਆ ਹੈ ਕਿ ਜਿਸ ਨੂੰ ਗਾਂ ਦਾ ਮਾਸ ਸਮਝ ਕੇ ਮਾਰ-ਕੁੱਟ ਕੀਤੀ ਗਈ, ਉਹ ਕਿਸੇ ਹੋਰ ਜਾਨਵਰ ਦਾ ਹੈ।
ਯਾਦ ਰਹੇ ਕਿ ਗੁਜਰਾਤ ਦੇ ਜ਼ਿਲ੍ਹਾ ਗਿਰ-ਸੋਮਨਾਥ ਅਧੀਨ ਪੈਂਦੇ ਸ਼ਹਿਰ ਊਨਾ ਵਿਚ ਗਾਂ ਮਾਰਨ ਦੇ ਦੋਸ਼ ਵਿਚ ਦਲਿਤ ਭਾਈਚਾਰੇ ਦੇ ਨੌਜਵਾਨਾਂ ਨੂੰ ਕਾਰ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ, ਪਰ ਜਾਂਚ ਵਿਚ ਪਤਾ ਲੱਗਾ ਹੈ ਕਿ ਗਾਂ ਤਾਂ ਸ਼ੇਰ ਨੇ ਮਾਰੀ ਸੀ ਅਤੇ ਇਹ ਨੌਜਵਾਨ ਸਿਰਫ ਉਸ ਦੀ ਖੱਲ ਉਤਾਰ ਰਹੇ ਸਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਮੰਦਸੌਰ ਇਲਾਕੇ ਵਿਚ ਦੋ ਔਰਤਾਂ ਦੀ ਮਾਰ-ਕੁਟਾਈ ਕੀਤੀ ਗਈ। ਪੀੜਤ ਔਰਤਾਂ ਕਹਿੰਦੀਆਂ ਰਹੀਆਂ ਕਿ ਉਨ੍ਹਾਂ ਦੇ ਹੱਥਾਂ ਵਿਚ ਮੱਝ ਦਾ ਮਾਸ ਹੈ, ਪਰ ਉਨ੍ਹਾਂ ਦੀ ਇਕ ਨਾ ਸੁਣੀ ਗਈ।
ਸਿਤਮਜ਼ਰੀਫੀ ਇਹ ਕਿ ਘਟਨਾ ਵਾਲੀ ਥਾਂ ਉਤੇ ਪੁਲਿਸ ਵੀ ਖੜ੍ਹੀ ਸੀ। ਹਮਲੇ ਦਾ ਸ਼ਿਕਾਰ ਹੋਈਆਂ ਮੁਸਲਮਾਨ ਔਰਤਾਂ ਦਾ ਦਾਅਵਾ ਹੈ ਕਿ ਬਜਰੰਗ ਦਲ ਦੇ ਵਰਕਰਾਂ ਦੇ ਕਹਿਣ ਉਤੇ ਉਨ੍ਹਾਂ ਦੀ ਕੁੱਟਮਾਰ ਹੋਈ। ਅਜਿਹੇ ਲੋਕਾਂ ਵਿਰੁੱਧ ਕਾਰਵਾਈ ਦੀ ਥਾਂ ਉਲਟਾ ਪੀੜਤ ਔਰਤਾਂ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਅਜਿਹੀਆਂ ਘਟਨਾਵਾਂ ਕੋਈ ਨਵੀਆਂ ਨਹੀਂ, ਮੋਦੀ ਸਰਕਾਰ ਬਣਨ ਪਿਛੋਂ ਇਹ ਲਗਾਤਾਰ ਵਾਪਰ ਅਤੇ ਵਧ ਰਹੀਆਂ ਹਨ। ਉਤਰ ਪ੍ਰਦੇਸ਼ ਵਿਚ ਹੀ ਦਾਦਰੀ ਜ਼ਿਲ੍ਹੇ ਵਿਚ ਪਿਛਲੇ ਦਸੰਬਰ ਮਹੀਨੇ ਮੁਹੰਮਦ ਅਖਲਾਕ ਨੂੰ ਕੁਝ ਲੋਕਾਂ ਨੇ ਗਊ ਮਾਸ ਘਰੇ ਰੱਖਣ ਦੇ ਦੋਸ਼ ਵਿਚ ਕੁੱਟ-ਕੁੱਟ ਕੇ ਮਾਰ ਮੁਕਾਇਆ ਸੀ। ਗੁਜਰਾਤ ਅਤੇ ਉਤਰ ਪ੍ਰਦੇਸ਼ ਵਿਚ ਅਜਿਹੀਆਂ ਵਾਰਦਾਤਾਂ ਵਿਚ ਵਾਧਾ ਭਾਜਪਾ ਦੀ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਦੱਸੀ ਜਾ ਰਹੀ ਹੈ, ਪਰ ਇਹ ਰਣਨੀਤੀ ਭਾਜਪਾ ਲਈ ਹੁਣ ਮੁਸੀਬਤਾਂ ਖੜ੍ਹੀਆਂ ਕਰ ਰਹੀ ਹੈ।
ਹਿੰਦੂ ਵੋਟਰ ਨੂੰ ਖੁਸ਼ ਰੱਖਣ ਲਈ ਸਰਕਾਰ ਦੀ ਚੁੱਪ ਵਿਰੁੱਧ ਵੱਡਾ ਲੋਕ ਰੋਹ ਖੜ੍ਹਾ ਹੋ ਰਿਹਾ ਹੈ। ਗੁਜਰਾਤ ਦੇ 30 ਦਲਿਤ ਸਮੂਹਾਂ ਨੇ ਹਿੰਦੂ ਕਾਰਕੁਨਾਂ ਵੱਲੋਂ ਕੀਤੇ ਗਏ ਅਤਿਆਚਾਰ ਵਿਰੁੱਧ ਅਹਿਮਦਾਬਾਦ ਵਿਚ ਕੀਤੀ ਰੈਲੀ ਨੇ ਵੀ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਸ ਰੈਲੀ ਵਿਚ ਇਕ ਸੱਦੇ ‘ਤੇ ਹੀ ਲੱਖਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਦਲਿਤਾਂ ਦੇ 30 ਸਮੂਹਾਂ ਨੇ ਇਕੱਠੇ ਹੋ ਕੇ ਕਿਸੇ ਮੁੱਦੇ ਖਿਲਾਫ਼ ਆਵਾਜ਼ ਉਠਾਈ ਹੋਵੇ। ਇਸ ਰੈਲੀ ਦੇ ਅਗਲੇ ਹੀ ਦਿਨ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਅਚਨਚੇਤ ਅਸਤੀਫਾ ਦੇ ਦਿੱਤਾ। ਪੰਚਾਇਤੀ ਚੋਣਾਂ ਵਿਚ ਭਾਜਪਾ ਦੀ ਹਾਰ, ਪਟੇਲ ਭਾਈਚਾਰੇ ਵੱਲੋਂ ਚਲਾਇਆ ਜਾ ਰਿਹਾ ਰਾਖਵਾਂ ਕਰਨ ਅੰਦੋਲਨ ਅਤੇ ਦਲਿਤਾਂ ਵਿਚ ਵਧ ਰਿਹਾ ਰੋਸ ਆਦਿ ਜਿਹੇ ਮੁੱਦੇ ਗੁਜਰਾਤ ਵਿਚ ਆਨੰਦੀਬੇਨ ਸਰਕਾਰ ਲਈ ਚੁਣੌਤੀ ਬਣੇ ਹੋਏ ਸਨ।
ਅਸਲ ਵਿਚ ਭਾਜਪਾ ਉਤਰ ਪ੍ਰਦੇਸ਼ ਵਿਚ 25 ਵਰ੍ਹੇ ਪਹਿਲਾਂ, 1990 ਵਾਲੇ ਦਹਾਕੇ ਦੀ ਸ਼ੁਰੂਆਤ ਵਾਲੇ ਫਾਰਮੂਲੇ ‘ਤੇ ਕੰਮ ਕਰਦੀ ਜਾਪਦੀ ਹੈ, ਜਿਸ ਦੇ ਬਲਬੂਤੇ ਪਹਿਲਾਂ ਤਾਂ ਕਲਿਆਣ ਸਿੰਘ ਦੀ ਅਗਵਾਈ ਹੇਠ ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਮੁਕੰਮਲ ਬਹੁਮਤ ਵਾਲੀ ਸਰਕਾਰ ਬਣੀ ਸੀ ਅਤੇ ਫਿਰ ਭਾਜਪਾ 50-55 ਲੋਕ ਸਭਾ ਸੀਟਾਂ ਅਤੇ 170-77 ਵਿਧਾਨ ਸਭਾ ਸੀਟਾਂ ਵਾਲੀ ਪਾਰਟੀ ਬਣ ਗਈ। ਇਹ ਰਾਮ ਜਨਮ ਭੂਮੀ ਅੰਦੋਲਨ ਅਤੇ ਉਸ ਦੇ ਪ੍ਰਭਾਵ ਦੇ ਸਿਖਰਲੇ ਦਿਨ ਸਨ। ਹੁਣ ਖਾਸ ਗੱਲ ਇਹ ਵੀ ਹੈ ਕਿ ਇਸ ਵਾਰ ਕਾਂਗਰਸ ਵੀ ਪੂਰੀ ਸੋਚੀ-ਵਿਚਾਰੀ ਰਣਨੀਤੀ ਨਾਲ ਸਾਹਮਣੇ ਆਈ ਹੈ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਮੈਦਾਨ ਵਿਚ ਉਤਾਰ ਕੇ ਉਸ ਨੇ ਭਾਜਪਾ ਨੂੰ ਜ਼ਬਰਦਸਤ ਚੁਣੌਤੀ ਦਿੱਤੀ ਹੈ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵੀ ਪੂਰੀ ਤਨਦੇਹੀ ਨਾਲ ਆਪਣੀ ਜਿੱਤ ਲਈ ਜੁਟੀ ਹੋਈ ਹੈ। ਇਸ ਲਈ ਇਹ ਸੰਭਵ ਹੈ ਕਿ ਭਾਜਪਾ ਨੂੰ ਉਤਰ ਪਰਦੇਸ਼ ਵਿਚ ਉਸ ਤਰ੍ਹਾਂ ਦੀ ਜਿੱਤ ਹਾਸਲ ਨਾ ਹੋਵੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੌਰਾਨ ਮਿਲੀ ਸੀ।
___________________________________
ਡੇਅਰੀ ਕਾਰੋਬਾਰ ਨੂੰ ਮਹਿੰਗੀ ਪਈ ‘ਗਊ ਭਗਤੀ’
ਚੰਡੀਗੜ੍ਹ: ਗਊ ਰਾਖੀ ਦੇ ਨਾਮ ‘ਤੇ ਬਣੇ ਮਾਫੀਆ ਨੇ ਪੰਜਾਬ ਵਿਚ ਡੇਅਰੀ ਨਾਲ ਸਬੰਧਤ ਕਾਰੋਬਾਰ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਪੰਜਾਬ ਤੋਂ ਅਮਰੀਕੀ ਦੁਧਾਰੂ ਗਊਆਂ ਦੀ ਹੋਰਾਂ ਸੂਬਿਆਂ ਨੂੰ ਦਰਾਮਦ ਇਕਦਮ ਰੁਕ ਗਈ ਹੈ। ਹੋਰਾਂ ਸੂਬਿਆਂ ਦੇ ਦੁਧਾਰੂ ਗਊਆਂ ਦੇ ਵਪਾਰੀ, ਜੋ ਗਊਆਂ ਦੀ ਖਰੀਦੋ-ਫਰੋਖ਼ਤ ਲਈ ਪੰਜਾਬ ਆਉਂਦੇ ਸਨ, ਹੁਣ ਡਰਦੇ ਹਨ। ਡੇਅਰੀ ਕੀਤੇ ਨਾਲ ਜੁੜੇ ਕਿਸਾਨਾਂ ਅਨੁਸਾਰ ਇਨ੍ਹਾਂ ਦੁਧਾਰੂ ਗਊਆਂ ਨੂੰ ਹੋਰ ਸੂਬਿਆਂ ਵਿਚ ਲਿਜਾਣ ਵਾਲੇ ਪੰਜਾਬ ਦੇ ਟਰਾਂਸਪੋਰਟਰ ਵੀ ਗਊ ਹੱਤਿਆ ਦੇ ਪਰਚੇ ਦਰਜ ਹੋਣ ਤੋਂ ਡਰਦੇ ਹਨ। ਪੰਜਾਬ ਦੀ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬ ਦੇ ਡੇਅਰੀ ਕਿਸਾਨਾਂ ਨੇ 10 ਲੱਖ ਰੁਪਏ ਤੋਂ ਕਰੋੜਾਂ ਰੁਪਏ ਤੱਕ ਦੇ ਕਰਜ਼ੇ ਲੈ ਕੇ ਅਮਰੀਕਾ ਤੋਂ ਸੀਮਨ ਮੰਗਵਾ ਕੇ ਦੁਧਾਰੂ ਗਊਆਂ ਦਾ ਨਸਲ ਸੁਧਾਰ ਕੀਤਾ, ਪਰ ਹੁਣ ਕਿਸਾਨ ਇਸ ਕਿੱਤੇ ਤੋਂ ਮੂੰਹ ਮੋੜ ਰਹੇ ਹਨ।