ਸਿਆਸਤ ਜੋਗਾ ਰਹਿ ਗਿਆ ਨਸ਼ਿਆਂ ਦਾ ਮੁੱਦਾ

ਅੰਮ੍ਰਿਤਸਰ: ਪੰਜਾਬ ਵਿਚ ਨਸ਼ਿਆਂ ਵਰਗੇ ਗੰਭੀਰ ਮਸਲੇ ਨੂੰ ਸਿਆਸੀ ਧਿਰਾਂ ਸਿਰਫ ਸੱਤਾ ਦੀ ਪੌੜੀ ਹੀ ਸਮਝਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੁੱਦੇ ‘ਤੇ ਅਪਣਾਈ ਰਣਨੀਤੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਹਾਕਮ ਧਿਰ ਹੁਣ ਤੱਕ ਦਾਅਵਾ ਕਰਦੀ ਰਹੀ ਹੈ ਕਿ ਪੰਜਾਬ ਵਿਚ ਨਸ਼ੇ ਕੋਈ ਗੰਭੀਰ ਮੁੱਦਾ ਨਹੀਂ ਹਨ ਅਤੇ ਹੋਰ ਸੂਬਿਆਂ ਮੁਕਾਬਲੇ ਪੰਜਾਬ ਵਿਚ ਸਭ ਠੀਕ ਹੈ, ਪਰ ਸੂਬੇ ਵਿਚ ਚੱਲ ਰਹੀ ਪੁਲਿਸ ਦੀ ਭਰਤੀ ਵਿਚ ਡੋਪ ਟੈਸਟ ਦੀ ਸ਼ਰਤ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਫਰਕ ਦਰਸਾ ਰਹੇ ਹਨ।

ਡੋਪ ਟੈਸਟ ਦੀ ਸ਼ਰਤ ਲਾਉਣ ਦਾ ਕਾਰਨ ਇਹੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੂੰ ਸ਼ੱਕ ਸੀ ਕਿ ਭਰਤੀ ਲਈ ਆਉਣ ਵਾਲੇ ਨੌਜਵਾਨਾਂ ਵਿਚ ਵੱਡੀ ਗਿਣਤੀ ਨਸ਼ਿਆਂ ਦੇ ਆਦੀ ਹਨ। ਭਰਤੀ ਦੌਰਾਨ ਪਹਿਲੇ ਦੌਰ ਵਿਚ ਪੰਜ ਫੀਸਦੀ ਤੋਂ ਵੱਧ ਨੌਜਵਾਨਾਂ ਦਾ ਡੋਪ ਟੈਸਟ ਫੇਲ੍ਹ ਹੋ ਗਿਆ।
ਪੁਲਿਸ ਵਿਚ 7416 ਅਸਾਮੀਆਂ ਵਾਸਤੇ ਤਕਰੀਬਨ ਸਵਾ ਛੇ ਲੱਖ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਭਰਤੀ ਪ੍ਰਕਿਰਿਆ ਦੌਰਾਨ ਸਰੀਰਕ ਪੱਖੋਂ ਟੈਸਟ ਦੇਣ ਲੱਗਿਆਂ ਬਹੁਤੇ ਗੱਭਰੂਆਂ ਦੇ ਤਾਂ ਸਾਹ ਫੁੱਲ ਗਏ ਸਨ, ਕਈਆਂ ਨੇ ਵਿਚ ਵਿਚਾਲੇ ਹੀ ਦੌੜ ਛੱਡ ਦਿੱਤੀ। ਲੰਬੀ ਛਾਲ ਲਗਾਉਣ ਲੱਗਿਆਂ ਵੀ ਮਿਥਿਆ ਗਿਆ 12 ਫੁੱਟ ਦਾ ਟੀਚਾ ਪੂਰਾ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਸੀ। ਭਰਤੀ ਹੋਣ ਦੀ ਤਿਆਰੀ ਵਿਚ ਲੱਗੇ ਇਕ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਮਿੱਠਾਪੁਰ ਰੋਡ ‘ਤੇ ਭਰਤੀ ਹੋਣ ਤੋਂ ਪਹਿਲਾਂ ਸਖਤ ਅਭਿਆਸ ਕਰ ਰਿਹਾ ਸੀ। ਅਸਲ ਵਿਚ ਹਾਕਮ ਧਿਰ ਸੂਬੇ ਵਿਚ ਨਸ਼ਿਆਂ ਦੇ ਗੰਭੀਰ ਮਸਲੇ ਬਾਰੇ ਚੰਗੀ ਤਰ੍ਹਾਂ ਜਾਣੂ ਹੈ। ਇਸੇ ਕਰ ਕੇ ਲੋਕ ਸਭਾ ਚੋਣਾਂ ਵਿਚ ਲੋਕ-ਰੋਹ ਝੱਲਣ ਪਿਛੋਂ ਸਰਕਾਰ ਨੂੰ ਸੂਬੇ ਵਿਚ ਵੱਡੇ ਪੱਧਰ ‘ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣੀ ਪਈ। ਸੂਬੇ ਵਿਚ ਧੜਾ-ਧੜ ਨਸ਼ਾ ਛੁਡਾਊ ਕੇਂਦਰ ਖੋਲੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਹੁਣ ਬੰਦ ਪਏ ਹਨ ਤੇ ਨਸ਼ੇ ਅੱਜ ਵੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ।
ਪਿਛਲੇ ਹਫਤੇ ਰਾਜਸਥਾਨ ਪੁਲਿਸ ਨੇ ਪੰਜਾਬ ਦੇ ਅਮਲੀਆਂ ਨਾਲ ਭਰੀ ਬੱਸ ਫੜੀ। ਇਹ ਸਾਰੇ ਲੋਕ ਬੱਸ ਕਿਰਾਏ ਉਤੇ ਕਰ ਕੇ ਰਾਜਸਥਾਨ ਤੋਂ ਭੁੱਕੀ ਲੈਣ ਗਏ ਸਨ। ਇਨ੍ਹਾਂ ਵਿਚੋਂ ਨਸ਼ੇ ਦੀ ਤੋਟ ਕਾਰਨ ਇਕ ਦੀ ਜੇਲ੍ਹ ਵਿਚ ਮੌਤ ਹੋ ਗਈ ਅਤੇ ਬਾਕੀ ਹਸਪਤਾਲ ਵਿਚ ਨਸ਼ੇ ਲਈ ਤੜਫ ਰਹੇ ਹਨ। ਅਸਲ ਵਿਚ ਨਸ਼ਾ ਸੂਬੇ ਦੀ ਜਵਾਨੀ ਦੀਆਂ ਜੜ੍ਹਾਂ ਵਿਚ ਬਹਿ ਗਿਆ ਹੈ ਅਤੇ ਸਰਕਾਰ ਵੀ ਹੱਥ ਉਤੇ ਹੱਥ ਧਰ ਕੇ ਬੈਠੀ ਹੈ, ਬਲਕਿ ਸਰਕਾਰ ਤਾਂ ਇਹ ਵੀ ਨਹੀਂ ਮੰਨ ਰਹੀ ਕਿ ਸੂਬੇ ਵਿਚ ਅਜਿਹੀ ਕੋਈ ਸਮੱਸਿਆ ਹੈ। ਕੌਮਾਂਤਰੀ ਪੱਧਰ ‘ਤੇ ਨਾਮ ਕਮਾਉਣ ਵਾਲੇ ਵੱਡੀ ਗਿਣਤੀ ਖਿਡਾਰੀ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ। ਡੋਪ ਟੈਸਟ ਨਾਲੋ ਨਾਲ ਇਹ ਨਿਤਾਰਾ ਕਰ ਰਹੇ ਹਨ।