ਜਮਹੂਰੀਅਤ ਦਾ ਜਨਾਜ਼ਾ

ਬਹੁਤੇ ਸਿਆਸੀ ਮਾਹਿਰਾਂ ਨੇ ਤਾਂ ਉਘੇ ਕਾਰੋਬਾਰੀ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਨੂੰ ਹੀ ਜਮਹੂਰੀਅਤ ਦਾ ਜਨਾਜ਼ਾ ਆਖ ਦਿੱਤਾ ਸੀ, ਪਰ ਹੁਣ ਜਿਸ ਪਾਸੇ ਚੋਣ ਮੁਹਿੰਮ ਤੇਜ਼ੀ ਨਾਲ ਵਧ ਰਹੀ ਹੈ, ਉਸ ਤੋਂ ਇਹੀ ਸੂਹ ਮਿਲਦੀ ਹੈ ਕਿ ਜਮਹੂਰੀਅਤ ਦਾ ਜਨਾਜ਼ਾ ਤਾਂ ਅਜੇ ਨਿਕਲਣਾ ਹੈ। ਟਰੰਪ ਨੇ ਇਰਾਕ ਵਿਚ ਮਾਰੇ ਗਏ ਅਮਰੀਕੀ ਸੈਨਿਕ ਹਿਮਾਯੂੰ ਖਾਨ ਦੇ ਅੱਬਾ ਖਿਜ਼ਰ ਖਾਨ ਦੀ ਭਾਵੁਕ ਤਕਰੀਰ ਦੇ ਜਵਾਬ ਵਿਚ ਜੋ ਅਵਾ-ਤਵਾ ਬੋਲਿਆ ਹੈ, ਉਸ ਨੇ ਉਸ ਦੀ ਬਥੇਰੀ ਤੋਏ-ਤੋਏ ਕਰਵਾ ਦਿੱਤੀ ਹੈ,

ਪਰ ਉਹ ਅਜੇ ਵੀ ਪਿਛਾਂਹ ਮੁੜਨ ਜਾਂ ਇਸ ਮਾਮਲੇ ‘ਤੇ ਕੋਈ ਪਛਤਾਵਾ ਜ਼ਾਹਿਰ ਕਰਨ ਦੀ ਥਾਂ, ਸਗੋਂ ਅੱਗੇ ਹੀ ਵਧ ਰਹੇ ਹਨ। ਟਰੰਪ ਪਹਿਲਾਂ ਵੀ ਆਪਣੇ ਭੜਕਾਊ ਅਤੇ ਹੋਛੇ ਬਿਆਨਾਂ ਲਈ ਚਰਚਾ ਵਿਚ ਆਉਂਦੇ ਰਹੇ ਹਨ, ਪਰ ਹੁਣ ਤਾਂ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੂੰ ਵੀ ਨਮੋਸ਼ੀ ਝੱਲਣੀ ਪੈ ਰਹੀ ਹੈ ਅਤੇ ਆਗੂਆਂ ਨੂੰ ਸਫਾਈ ਦੇਣੀ ਪੈ ਰਹੀ ਹੈ ਕਿ ਪਾਰਟੀ ਡੋਨਲਡ ਟਰੰਪ ਦੇ ਇਨ੍ਹਾਂ ਬਿਆਨਾਂ ਨਾਲ ਸਹਿਮਤ ਨਹੀਂ ਹੈ। ਪਿਛਾਂਹ ਆਪਣੇ ਦੇਸ਼ ਪੰਜਾਬ/ਭਾਰਤ ਵਿਚ ਪਿਛਲੇ ਕੁਝ ਸਮੇਂ ਦੌਰਾਨ ਪ੍ਰਾਪਰਟੀ ਡੀਲਰਾਂ ਦੇ ਸਿਆਸੀ ਆਗੂ ਬਣਨ ਦੇ ਬਥੇਰੇ ਕਿੱਸੇ ਮਸ਼ਹੂਰ ਹੋਏ ਹਨ, ਪਰ ਅਮਰੀਕੀ ਕਾਰੋਬਾਰੀ ਡੋਨਲਡ ਟਰੰਪ ਤਾਂ ਆਪਣਾ ਵੱਖਰਾ ਹੀ ਰੰਗ ਦਿਖਾ ਰਿਹਾ ਹੈ ਅਤੇ ਸਾਰਾ ਸੰਸਾਰ ਦੰਦਾਂ ਹੇਠ ਜੀਭ ਦੇਈ, ਉਸ ਦੀ ਇਸ ‘ਸਿਆਸਤ’ ਦੇ ਰੰਗ ਦੇਖ ਰਿਹਾ ਹੈ। ਯਾਦ ਰਹੇ, ਰਿਪਬਲਿਕਨ ਪਾਰਟੀ ਅੰਦਰ ਵੀ ਟਰੰਪ ਦਾ ਬੜਾ ਤਿੱਖਾ ਵਿਰੋਧ ਹੋ ਰਿਹਾ ਹੈ ਅਤੇ ਕਈ ਉਘੇ ਆਗੂਆਂ ਨੇ ਸਾਫ ਕਿਹਾ ਹੈ ਕਿ ਉਹ ਚੋਣਾਂ ਦੌਰਾਨ ਟਰੰਪ ਦਾ ਸਮਰਥਨ ਨਹੀਂ ਕਰਨਗੇ। ਅਜਿਹੇ ਰਿਪਬਲਿਕਨ ਕਾਂਗਰਸ ਮੈਂਬਰਾਂ ਅਤੇ ਆਗੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਹੜੇ ਸ਼ਰੇਆਮ ਐਲਾਨ ਕਰ ਰਹੇ ਹਨ ਕਿ ਉਹ ਐਤਕੀਂ ਪਾਰਟੀ ਉਮੀਦਵਾਰ ਡੋਨਲਡ ਟਰੰਪ ਦੀ ਥਾਂ, ਵਿਰੋਧੀ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੋਟ ਪਾਉਣਗੇ। ਹੋਰ ਤਾਂ ਹੋਰ, ਉਸ ਦੇ ਇਕ ਕਾਰੋਬਾਰੀ ਸਾਥੀ ਨੇ ਵੀ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਟਰੰਪ ਨੂੰ ਸਮਰਥਨ ਨਹੀਂ ਦੇ ਰਹੇ ਹਨ। ਇੰਨੇ ਜ਼ਿਆਦਾ ਅਤੇ ਤਿੱਖੇ ਵਿਰੋਧ ਦੇ ਬਾਵਜੂਦ ਟਰੰਪ ਦੀ ਮੁਹਿੰਮ ਉਤੇ ਕੋਈ ਅਸਰ ਨਹੀਂ ਪੈ ਰਿਹਾ ਅਤੇ ਉਹ ਖੁਦ ਵੀ ਟੱਸ ਤੋਂ ਮੱਸ ਨਹੀਂ ਹੋ ਰਹੇ। ਪਾਰਟੀ ਦੀ ਨਾਮਜ਼ਦਗੀ ਹਾਸਲ ਕਰਨ ਤੋਂ ਪਹਿਲਾਂ ਵੀ ਕਈ ਮਸਲਿਆਂ ਉਤੇ ਉਨ੍ਹਾਂ ਦੀ ਬੜੀ ਤਿੱਖੀ ਨੁਕਤਾਚੀਨੀ ਹੁੰਦੀ ਰਹੀ ਹੈ। ਉਦੋਂ ਵੀ ਉਨ੍ਹਾਂ ਇਸ ਨੁਕਤਾਚੀਨੀ ਨੂੰ ਗੌਲਿਆ ਤਕ ਨਹੀਂ ਸੀ ਅਤੇ ਹਰ ਤਰ੍ਹਾਂ ਦੇ ਵਿਰੋਧ ਦੇ ਬਾਵਜੂਦ ਨਾ ਸਿਰਫ ਪਾਰਟੀ ਵੱਲੋਂ ਉਮੀਦਵਾਰ ਬਣ ਗਏ ਸਨ; ਸਗੋਂ ਪ੍ਰਤੀਕ੍ਰਿਆਵਾਦੀ ਬਿਆਨਾਂ ਨਾਲ ਉਨ੍ਹਾਂ ਦੀ ‘ਲੋਕਪ੍ਰਿਯਤਾ’ ਲਗਾਤਾਰ ਵਧਦੀ ਹੀ ਗਈ ਸੀ। ਹੁਣ ਵੀ ਸੱਜੇ-ਪੱਖੀ ਵਿਚਾਰਾਂ ਵਾਲੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਿੱਠ ਥਾਪੜ ਰਹੇ ਹਨ ਤੇ ਉਹ ‘ਲੋਕਪ੍ਰਿਯਤਾ’ ਦੇ ਜਹਾਜ਼ ਉਤੇ ਸਵਾਰ ਹੋ ਕੇ ਹਰ ਕਿਸੇ ਨੂੰ ਰੌਂਦ ਕੇ ਲੰਘ ਰਹੇ ਹਨ।
ਦੂਜੇ ਬੰਨੇ, ਜਮਹੂਰੀਅਤ ਦਾ ਜਨਾਜ਼ਾ ਕੱਢਣ ਵਿਚ ਡੈਮੋਕਰੇਟਿਕ ਪਾਰਟੀ ਵੀ ਪਿਛੇ ਨਹੀਂ ਰਹੀ। ਪਾਰਟੀ ਨੇ ਜਮਹੂਰੀ ਨੇਮਾਂ ਦੇ ਐਨ ਉਲਟ, ਅਣ-ਅਧਿਕਾਰਿਤ ਤੌਰ ‘ਤੇ ਪਹਿਲਾਂ ਹੀ ਬੀਬੀ ਹਿਲੇਰੀ ਕਲਿੰਟਨ ਨੂੰ ਆਪਣਾ ਉਮੀਦਵਾਰ ਮੰਨ ਲਿਆ ਸੀ। ਮੁੱਢਲੇ ਪ੍ਰਾਇਮਰੀ ਨਤੀਜਿਆਂ ਤੋਂ ਬਾਅਦ ਜਦੋਂ ਖੱਬੇ-ਪੱਖੀ ਝੁਕਾਅ ਵਾਲੇ ਆਗੂ ਬਰਨੀ ਸੈਂਡਰਜ਼ ਦੀ ਮੁਹਿੰਮ ਵਿਚ ਜਾਨ ਪੈਣੀ ਸ਼ੁਰੂ ਹੋਈ, ਉਸ ਨੇ ਉਦੋਂ ਹੀ ਕਿਹਾ ਸੀ ਕਿ ਪਾਰਟੀ ਵਿਤਕਰਾ ਕਰ ਰਹੀ ਹੈ ਅਤੇ ਹਿਲੇਰੀ ਕਲਿੰਟਨ ਦੇ ਹੱਕ ਵਿਚ ਬੇਵਜ੍ਹਾ ਭੁਗਤ ਰਹੀ ਹੈ। ਪਾਰਟੀ ਦੇ ਲੁਕਵੇਂ ਵਿਰੋਧ ਦੇ ਬਾਵਜੂਦ ਉਸ ਨੂੰ ਨਾਮਜ਼ਦਗੀ ਵਾਲੀ ਮੁਹਿੰਮ ਦੌਰਾਨ ਜੋ ਹੁੰਗਾਰਾ ਮਿਲਿਆ, ਉਸ ਨੇ ਸਭ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ। ਬਰਨੀ ਸੈਂਡਰਜ਼ ਅਖੀਰ ਤਕ ਆਪਣੀ ਨਾਮਜ਼ਦਗੀ ਮੁਹਿੰਮ ਲਈ ਲੜਿਆ, ਪਰ ਆਖਰਕਾਰ ਪਛੜਦਾ-ਪਛੜਦਾ ਪਛੜ ਗਿਆ, ਕਿਉਂਕਿ ਪਾਰਟੀ ਦੇ ਵੱਡੀ ਗਿਣਤੀ ਸੁਪਰ ਡੈਲੀਗੇਟ ਪਹਿਲਾਂ ਹੀ ਬੀਬੀ ਕਲਿੰਟਨ ਪਿਛੇ ਖੜ੍ਹੇ ਸਨ। ਪਾਰਟੀ ਨੇ ਵਿਤੋਂ ਬਾਹਰ ਜਾ ਕੇ ਹਿਲੇਰੀ ਕਲਿੰਟਨ ਦੀ ਜਿਸ ਤਰ੍ਹਾਂ ਮਦਦ ਕਰਨ ਦਾ ਯਤਨ ਕੀਤਾ, ਉਸ ਲਈ ਇਸ ਨੂੰ ਪਾਰਟੀ ਡੈਲੀਗੇਟਾਂ ਅਤੇ ਹੋਰ ਕਾਰਕੁਨਾਂ ਤੋਂ ਫਿਰ ਮੁਆਫੀ ਮੰਗਣੀ ਪੈ ਗਈ। ਦਰਅਸਲ, ਇਹ ਤੱਥ ਸਾਹਮਣੇ ਆ ਗਿਆ ਕਿ ਪਾਰਟੀ ਨੇ ਹਿਲੇਰੀ ਕਲਿੰਟਨ ਦੀ ਹਮਾਇਤ ਲਈ ਵੱਖ-ਵੱਖ ਲੋਕਾਂ ਨੂੰ ਈ-ਮੇਲ ਕੀਤੀਆਂ ਸਨ। ਜਦੋਂ ਬਰਨੀ ਸੈਂਡਰਜ਼ ਦੇ ਸਮਰਥਕਾਂ ਨੇ ਫਿਲਾਡੈਲਫੀਆ ਕਨਵੈਨਸ਼ਨ, ਜਿਥੇ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਹੋਣਾ ਸੀ, ਵਿਚ ਇਹ ਮੁੱਦਾ ਭਖਾਇਆ ਤਾਂ ਪਾਰਟੀ ਨੇ ਪਹਿਲਾਂ ਹੀ ਆਪਣੀ ਗਲਤੀ ਸਵੀਕਾਰ ਕਰਦਿਆਂ ਮੁਆਫੀ ਮੰਗ ਲਈ; ਪਰ ਸਵਾਲਾਂ ਦਾ ਸਵਾਲ ਹੈ ਕਿ ਜਿਸ ਜਮਹੂਰੀਅਤ ਦੀ ਮਿਸਾਲ ਸੰਸਾਰ ਭਰ ਵਿਚ ਦਿੱਤੀ ਜਾਂਦੀ ਹੈ ਅਤੇ ਜਿਸ ਜਮਹੂਰੀਅਤ ਦੇ ਨਾਂ ਉਤੇ ਅਮਰੀਕਾ ਸੰਸਾਰ ਦੇ ਕਿਸੇ ਵੀ ਮੁਲਕ ਅੰਦਰ ਦਖਲ ਦੇਣਾ ਆਪਣਾ ਅਧਿਕਾਰ ਸਮਝਦਾ ਹੈ, ਉਥੇ ਵੀ ‘ਦੀਵੇ ਥੱਲੇ ਹਨੇਰਾ’ ਹੈ। ਖੈਰ! ਕੁਝ ਵੀ ਹੋਵੇ, ਸਿਆਸੀ ਮਾਹਿਰ ਐਤਕੀਂ ਭਵਿੱਖਵਾਣੀ ਕਰ ਰਹੇ ਹਨ ਕਿ ਇਸ ਚੋਣ ਮੁਹਿੰਮ ਨੇ ਅਜੇ ਹੋਰ ਨਿਘਾਰ ਵੱਲ ਜਾਣਾ ਹੈ। ਤੋਹਮਤਾਂ ਦਾ ਬਾਜ਼ਾਰ ਹੁਣ ਗਰਮ ਹੋਣ ਹੀ ਲੱਗ ਪਿਆ ਹੈ, ਦੇਖਣਾ ਤਾਂ ਇਹ ਹੈ ਕਿ ਸੰਸਾਰ ਨੂੰ ਜਮਹੂਰੀਅਤ ਦਾ ਸਬਕ ਸਿਖਾਉਣ ਵਾਲੇ ਮੁਲਕ ਦੇ ਆਗੂ, ਜਮਹੂਰੀਅਤ ਦਾ ਪੱਲਾ ਕਿੰਨਾ ਕੁ ਘੁੱਟ ਕੇ ਫੜ ਕੇ ਰੱਖਦੇ ਹਨ। ਅਮਰੀਕੀ ਸੈਨਿਕ ਹਿਮਾਯੂੰ ਖਾਨ ਵਾਲੇ ਮਸਲੇ ਉਤੇ ਡੋਨਲਡ ਟਰੰਪ ‘ਤੇ ਸਿੱਧਾ ਹਮਲਾ ਕਰਦਿਆਂ ਰਾਸ਼ਟਰਪਤੀ ਅਤੇ ਡੈਮੋਕਰੇਟਿਕ ਪਾਰਟੀ ਦੇ ਆਗੂ ਬਰਾਕ ਓਬਾਮਾ ਨੇ ਕਿਹਾ ਹੈ ਕਿ ਟਰੰਪ ਮੁਲਕ ਦਾ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹੈ। ਉਧਰ, ਹੁਣ ਤਾਂ ਸਿਆਸੀ ਮਾਹਿਰ ਇਹ ਸੋਚ ਰਹੇ ਹਨ ਕਿ ਜਿਸ ਤਰ੍ਹਾਂ ਮੂੰਹ-ਜ਼ੋਰ ਡੋਨਲਡ ਟਰੰਪ, ਹਰ ਵਿਰੋਧ ਲਤਾੜ ਕੇ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਵਿਚ ਸਫਲ ਹੋ ਗਿਆ ਹੈ, ਜੇ ਉਹ ਚੋਣ ਮੁਹਿੰਮ ਸਰ ਕਰ ਕੇ ਵ੍ਹਾਈਟ ਹਾਊਸ ਅੰਦਰ ਜਾਣ ਵਿਚ ਸਫਲ ਹੋ ਜਾਂਦਾ ਹੈ ਤਾਂ ਜਮਹੂਰੀਅਤ ਦਾ ਫਿਰ ਕੀ ਬਣੇਗਾ!