ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ੇ ਤੋਂ ਬਾਅਦ ਪੂਰੇ ਸਿੱਖ ਜਗਤ ‘ਤੇ ਆਪਣੇ ਝੰਡਾ ਝਲਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਨੇ ਇਸ ਵਾਰ ਪੂਰੀ ਤਾਕਤ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਟੀ ਦੀ ਚੋਣ ਲੜੀ। ਦੂਜੇ ਪਾਸੇ ਸਰਨਾ ਧੜੇ ਨੇ ਪੰਜਾਬ ਦੇ ਅਕਾਲੀਆਂ ਨੂੰ ਦਿੱਲੀ ਤੋਂ ਲਾਂਭੇ ਰੱਖਣ ਲਈ ਪੂਰਾ ਤਾਣ ਲਾਇਆ। ਇਸ ਤਰ੍ਹਾਂ ਦਿੱਲੀ ਗੁਰਦੁਆਰਾ ਚੋਣਾਂ ਕਾਂਗਰਸ ਬਨਾਮ ਭਾਜਪਾ ਦੀ ਟੱਕਰ ਹੋ ਨਿਬੜੀਆਂ।
ਇਸ ਚੋਣ ਵਿਚ ਪੈਸੇ, ਸਰਕਾਰੀ ਤਾਕਤ, ਰਿਸ਼ਤੇਦਾਰੀਆਂ ਦੇ ਪ੍ਰਭਾਵ ਤੇ ਲੋਕ ਲਭਾਊ ਸਕੀਮਾਂ ਦਾ ਖੁੱਲ੍ਹ ਕੇ ਸਹਾਰਾ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ ਚੋਣ ਵੱਕਾਰ ਦਾ ਸਵਾਲ ਬਣਾ ਕੇ ਲੜੀ ਤੇ ਜਿੱਤ ਲਈ ਹਰ ਹਰਬਾ ਵਰਤਿਆ। ਉਧਰ, ਦਿੱਲੀ ਦੇ ਕਾਂਗਰਸੀਆਂ ਨੂੰ ਸਰਨਾ ਧੜੇ ਨਾਲ ਤੋਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਜਾ ਕੇ ਚੋਣ ਪ੍ਰਚਾਰ ਕੀਤਾ ਜਿਸ ਬਾਰੇ ਅਕਾਲੀਆਂ ਨੇ ਕਾਫੀ ਰੌਲਾ ਵੀ ਪਾਇਆ। ਇਸ ਤਰ੍ਹਾਂ ਇਹ ਚੋਣਾਂ ਸਿਆਸੀ ਜੰਗ ਵਾਂਗ ਲੜੀਆਂ ਗਈਆਂ।
ਚੋਣ ਦੌਰਾਨ ਹਿੰਸਾ ਵੀ ਹੋਈ ਤੇ ਖਿੱਚ-ਧੂਹ ਦੀਆਂ ਘਟਨਾਵਾਂ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ। ਇਸ ਚੋਣ ਲਈ ਅਕਾਲੀ ਦਲ ਦੇ ਸਾਰੇ ਆਗੂਆਂ ਨੇ ਆਪਣੇ ਲਾਮ ਲਸ਼ਕਰ ਨਾਲ ਮਹੀਨਾ ਭਰ ਦਿੱਲੀ ਡੇਰੇ ਲਾਈ ਰੱਖੇ। ਪੈਸਿਆਂ ਨਾਲ ਇਕ-ਦੂਜੀ ਧਿਰ ਦੇ ਆਗੂਆਂ ਨੂੰ ਖਰੀਦਿਆ ਗਿਆ ਤੇ ਰਿਸ਼ਤੇਦਾਰੀਆਂ ਦਾ ਪ੍ਰਭਾਵ ਵਰਤ ਲੋਕਾਂ ਨੂੰ ਵੋਟ ਪਾਉਣ ਲਈ ਮਜਬੂਰ ਵੀ ਕੀਤੀ ਗਿਆ। ਅਸਲ ਵਿਚ ਇਹ ਗੁਰਦੁਆਰਾ ਪ੍ਰਬੰਧਾਂ ਲਈ ਨਹੀਂ ਬਲਕਿ ਸਿਆਸੀ ਪੈਂਠ ਬਣਾਉਣ ਦੀ ਲੜਾਈ ਹੋ ਨਿੱਬੜੀ।
ਇਸ ਚੋਣ ਵਿਚ 275 ਉਮੀਦਵਾਰ ਮੈਦਾਨ ਵਿਚ ਨਿਤਰੇ। ਇਨ੍ਹਾਂ ਚੋਣਾਂ ਵਿਚ ਦਿੱਲੀ ਦੇ ਪ੍ਰਮੁੱਖ ਸਿੱਖ ਆਗੂਆਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਅਕਾਲੀ ਦਲ (ਦਿੱਲੀ ਯੂæਕੇæ) ਦੇ ਪ੍ਰਧਾਨ ਜਸਜੀਤ ਸਿੰਘ, ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਰਵਾਹ, ਦਸਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਟੈਕਨੋ ਦਾ ਵੱਕਾਰ ਦਾਅ ‘ਤੇ ਲੱਗਾ ਤੇ ਉਨ੍ਹਾਂ ਜਿੱਤ ਲਈ ਖੁੱਲ੍ਹ ਕੇ ਖਰਚਾ ਕੀਤਾ।
ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਾ ਪ੍ਰਬੰਧਾਂ ਲਈ ਹੋਈਆਂ ਚੋਣਾਂ ਲਈ ਪੂਰੀ ਦਿੱਲੀ ਵਿਚ ਬਣਾਏ 449 ਪੋਲਿੰਗ ਬੂਥਾਂ ਵਿਚੋਂ 53 ਬੂਥਾਂ ਨੂੰ ਅਤਿਅੰਤ ਸੰਵੇਦਨਸ਼ੀਲ ਤੇ 128 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਦੀ ਸੂਚੀ ਵਿਚ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 45, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ 42 ਅਧਿਕਾਰਤ ਤੇ ਦੋ ਆਜ਼ਾਦ ਉਮੀਦਵਾਰ, ਕੇਂਦਰੀ ਗੁਰੂ ਸਿੰਘ ਸਭਾ ਦੇ 16, ਦਸ਼ਮੇਸ਼ ਸੇਵਾ ਸੁਸਾਇਟੀ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂæਕੇæ) ਦੇ ਸਾਂਝੇ ਮੋਰਚੇ ਦੇ 18 ਤੇ ਤਕਰੀਬਨ 150 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਸਨ ਪਰ ਕੁਲ ਵੋਟਿੰਗ 40 ਫੀਸਦੀ ਦੇ ਆਸ-ਪਾਸ ਹੀ ਰਹੀ।
__________________________________
ਖਿੱਚ-ਥੂਹ ਦੌਰਾਨ ਪੋਲਿੰਗ ਏਜੰਟ ਦੀ ਮੌਤ
ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਚੋਣਾਂ ਦੇ ਵਾਰਡ 25 (ਹਲਕਾ ਪੰਜਾਬੀ ਬਾਗ) ਅਧੀਨ ਆਉਂਦੇ ਇਲਾਕੇ ਪੱਛਮਪੁਰੀ ਵਿਖੇ ਬਾਦਲ ਧੜੇ ਦੇ ਪੋਲਿੰਗ ਏਜੰਟ ਹਰਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਅਮਨ ਨੇ ਦਾਅਵਾ ਕੀਤਾ ਕਿ ਉਹ ਆਪਣੇ ਪਿਤਾ ਦੇ ਨਾਲ ਖੁਦ ਵੀ ਪੋਲਿੰਗ ਏਜੰਟ ਵਜੋਂ ਡਿਊਟੀ ਕਰ ਰਿਹਾ ਸੀ। ਜਦੋਂ ਦੂਜੇ ਪੋਲਿੰਗ ਏਜੰਟਾਂ ਵੱਲੋਂ ਇਕ ਵੋਟਰ ਦੀ ਵੋਟ ਨੂੰ ਜਾਅਲੀ ਕਰਾਰ ਦਿੰਦਿਆਂ ਇਤਰਾਜ਼ ਉਠਾਇਆ ਗਿਆ ਤਾਂ ਉਹ ਵੋਟਰ ਬਿਨਾਂ ਵੋਟ ਪਾਏ ਪੋਲਿੰਗ ਬੂਥ ਤੋਂ ਵਾਪਸ ਚਲਾ ਗਿਆ ਪਰ ਕੁਝ ਦੇਰ ਬਾਅਦ ਪਰਮਜੀਤ ਸਿੰਘ ਸਰਨਾ ਦੇ ਪੁੱਤਰ ਹਰਪਾਲ ਸਿੰਘ ਤੇ ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਅਨੰਦ ਵੱਲੋਂ ਕੁਝ ਹੋਰਾਂ ਵਿਅਕਤੀਆਂ ਸਮੇਤ ਅੰਦਰ ਆ ਕੇ ਬਹਿਸ ਕਰਦਿਆਂ ਉਸ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਖਿਚ-ਧੂਹ ਵੀ ਕੀਤੀ ਗਈ।
ਇਸ ਮਾਮਲੇ ਸਬੰਧੀ ਹਸਪਤਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਕੌਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਹਰਜੀਤ ਸਿੰਘ ਨੂੰ ਅਕਾਲੀ ਦਲ ਬਾਦਲ ਦਾ ਸਾਥ ਨਾ ਦੇਣ ਲਈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਜਦੋਂ ਉਹ ਨਹੀਂ ਮੰਨੇ ਤਾਂ ਪੋਲਿੰਗ ਬੂਥ ਵਿਖੇ ਉਨ੍ਹਾਂ ਨੂੰ ਧਮਕਾਇਆ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਮੈਡੀਕਲ ਜਾਂਚ ਮੁਤਾਬਕ ਉਸ ਵਿਅਕਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ਤੇ ਵਿਵਾਦ ਵੇਲੇ ਉਨ੍ਹਾਂ (ਸਰਨਾ) ਦਾ ਪੁੱਤਰ ਪੋਲਿੰਗ ਬੂਥ ਵਿਚ ਮੌਜੂਦ ਹੀ ਨਹੀਂ ਸੀ।
_____________________________________
ਗੁਰਦੁਆਰਾ ਚੋਣਾਂ ਵਿਚ ਵੀ ਦਲ ਬਦਲੀ ਦਾ ਰੁਝਾਨ
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਜਾਬ ਤੇ ਸਿੱਖ ਸਿਆਸਤ ‘ਤੇ ਵੀ ਵੱਡਾ ਅਸਰ ਪਾਵੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਵਿਚ ਦਲ ਬਦਲੀ ਨੂੰ ਰੋਕਣ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਮੈਂਬਰਾਂ ਦੀ ਖਰੀਦੋ-ਫਰੋਖਤ ਤੇ ਵਫਾਦਾਰੀਆਂ ਬਦਲਣ ਦਾ ਰੁਝਾਨ ਸਚਾਈ ਹੈ ਜੋ ਕਮੇਟੀ ਲਈ ਨਤੀਜੇ ਆਉਂਦਿਆਂ ਸਾਰ ਛਿੜ ਪੈਂਦਾ ਹੈ ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਪੈਸੇ ਪੱਖੋਂ ਭਰਪੂਰ ਹੈ ਤੇ ਇਹ ਦਿੱਲੀ ਵਿਚ ਸਿੱਖ ਵਿਰਾਸਤੀ ਗੁਰਦੁਆਰਿਆਂ ਦਾ ਕੰਮਕਾਜ ਚਲਾਉਂਦੀ ਹੈ।
ਪਹਿਲਾਂ ਹੀ ਇਹ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ ਕਿ ਕਿਨ੍ਹਾਂ ਕਿਨ੍ਹਾਂ ਨੂੰ ਪਹੁੰਚ ਕਰਕੇ ਵਫਾਦਾਰੀਆਂ ਬਦਲਣ ਲਈ ਕਿਹਾ ਜਾ ਰਿਹਾ ਹੈ। 1984 ਦੇ ਸਿੱਖ ਦੰਗਿਆਂ ਦੇ ਪੀੜਤਾਂ ਦੇ ਕੇਸ ਲੜਦੇ ਰਹੇ ਵਕੀਲ ਐਚæਐਸ਼ ਫੂਲਕਾ ਦਾ ਕਹਿਣਾ ਹੈ ਕਿ ਵਫਾਦਾਰੀਆਂ ਬਦਲਣ ਦਾ ਸਿਲਸਿਲਾ ਬੀਤੇ ਵਿਚ ਚੱਲਦਾ ਰਿਹਾ ਹੈ ਤੇ ਐਤਕੀਂ ਵੀ ਅਜਿਹਾ ਵਾਪਰਨ ਦੀ ਸੰਭਾਵਨਾ ਹੈ ਕਿਉਂਕਿ ਕਿਸੇ ਇਕ ਧਿਰ ਨਾਲ ਜੁੜ ਕੇ ਚੋਣਾਂ ਲੜਨ ਵਾਲੇ ਮੈਂਬਰਾਂ ਨੂੰ ਉਸੇ ਗਰੁੱਪ ਨਾਲ ਜੁੜੇ ਰੱਖਣ ਲਈ ਕੋਈ ਕਾਨੂੰਨ ਨਹੀਂ ਹੈ। ਉਹ ਕਿਸੇ ਵੀ ਧਿਰ ਨਾਲ ਰਲ ਸਕਦੇ ਹਨ।
2007 ਵਿਚ ਦਿੱਲੀ ਗੁਰਦੁਆਰਾ ਚੋਣਾਂ ਦੌਰਾਨ ਮਨਜੀਤ ਸਿੰਘ ਜੀਕੇ ਜੋ ਹੁਣ ਬਾਦਲ ਧੜੇ ਨਾਲ ਹਨ, ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥਕ ਕਾਇਮ ਕੀਤੀ ਸੀ। ਇਸ ਦੇ ਛੇ ਮੈਂਬਰ ਸੀਟਾਂ ਜਿੱਤੇ ਸਨ ਜਿਨ੍ਹਾਂ ਵਿਚੋਂ ਦੋ ਸਰਨਾ ਗਰੁੱਪ ਨਾਲ ਜਾ ਰਲੇ ਸਨ। ਪੁਸਤਕ “ਆਈ ਅਕਿਊਜ਼੩ ਦਿ ਐਂਟੀ ਸਿੱਖ ਵਾਇਲੈਂਸ ਆਫ 1984” ਦੇ ਲੇਖਕ ਜਰਨੈਲ ਸਿੰਘ ਵੱਲੋਂ ਪ੍ਰਮੋਟ ਕੀਤੀ ਬਾਡੀ ਸਿੱਖ ਚੇਤਨਾ ਲਹਿਰ ਜਿੱਤੇ ਉਮੀਦਵਾਰਾਂ ਨੂੰ ਦਲ ਬਦਲਣ ਤੋਂ ਰੋਕਣ ਨੂੰ ਆਪਣੇ ਏਜੰਡੇ ਦਾ ਹਿੱਸਾ ਮੰਨਦੀ ਹੈ।
ਜਰਨੈਲ ਸਿੰਘ ਦਾ ਕਹਿਣਾ ਹੈ ਕਿ ਦਲਬਦਲੀ ਵਿਰੋਧੀ ਕਾਨੂੰਨ ਦੀ ਲੋੜ ਹੈ, ਨਹੀਂ ਤਾਂ ਗੁਰਦੁਆਰਾ ਚੋਣਾਂ ਵਿਚ ਵੀ ਨਿਰਲੱਜਤਾ ਨਾਲ ਦਲ ਬਦਲਦੇ ਮੈਂਬਰ ਵੇਖੇ ਜਾਣਗੇ। ਉਸ ਦਾ ਕਹਿਣਾ ਹੈ ਕਿ ਜਦੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਲਈ ਅਜਿਹਾ ਕਾਨੂੰਨ ਹੈ ਤਾਂ ਇਥੇ ਕਿਉਂ ਨਹੀਂ। ਐਤਕੀਂ ਸਥਿਤੀ ਵੱਖਰੀ ਹੋ ਸਕਦੀ ਹੈ। ਪਿਛਲੇ ਸਮਿਆਂ ਵਿਚ ਕੀ ਹੁੰਦਾ ਰਿਹਾ ਹੈ ਕਿ ਜਿਹੜਾ ਵੀ ਗਰੁੱਪ ਘੱਟ ਗਿਣਤੀ ਵਿਚ ਰਹਿ ਜਾਂਦਾ ਸੀ, ਉਹ ਸੱਤਾਧਾਰੀ ਧੜੇ ਵੱਲ ਖਿਸਕਣਾ ਸ਼ੁਰੂ ਹੋ ਜਾਂਦਾ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੀæਐਸ਼ ਸਰਨਾ ਦੇ ਭਰਾ ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦਾ ਕੋਈ ਵੀ ਮੈਂਬਰ ਟੁੱਟੇਗਾ ਨਹੀਂ। ਬਾਦਲ ਦਲ ਦੇ ਉਮੀਦਵਾਰ ਮਨਜੀਤ ਸਿੰਘ ਜੀæਕੇæ ਦਾ ਵੀ ਕਹਿਣਾ ਹੈ ਕਿ ਨੈਤਿਕ ਤੌਰ ‘ਤੇ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਬੀਤੇ ਸਮੇਂ ਵਿਚ ਅਜਿਹਾ ਕੁਝ ਵਾਪਰਦਾ ਰਿਹਾ ਹੈ।
Leave a Reply