ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪ ਨੇ ਮੱਲਿਆ ਮੋਰਚਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 22 ਉਮੀਦਵਾਰਾਂ ਦੀ ਸੂਚੀ ਉਪਰ ਮੋਹਰ ਲਾ ਦਿੱਤੀ ਹੈ। ਦਿੱਲੀ ਵਿਚ ਪਾਰਟੀ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀæਏæਸੀæ) ਦੀ ਹੋਈ ਮੀਟਿੰਗ ਦੌਰਾਨ ਪੰਜਾਬ ਦੀ ਸਕਰੀਨਿੰਗ ਕਮੇਟੀ ਵੱਲੋਂ 23 ਹਲਕਿਆਂ ਲਈ ਸਿਫਾਰਸ਼ ਕੀਤੇ 130 ਦੇ ਕਰੀਬ ਨਾਵਾਂ ਉਪਰ ਚਰਚਾ ਹੋਈ। ਇਸ ਦੌਰਾਨ ਘੱਟੋ ਘੱਟ 22 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਗਈ।

ਇਸ ਸੂਚੀ ਵਿਚ ਆਪ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਨਹੀਂ ਹੈ, ਜਦੋਂ ਕਿ ਪੀæਐਚæਡੀæ ਕਰ ਰਹੀ ਮਾਲਵਾ ਖੇਤਰ ਨਾਲ ਸਬੰਧਤ 27 ਸਾਲਾ ਲੜਕੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿਚ ਪੰਜਾਬ ਦੇ ਸਿੱਖਿਆ ਵਿਭਾਗ ਵਿਚੋਂ ਸੇਵਾਮੁਕਤ ਹੋਏ ਦੋ ਮਾਸਟਰ/ਪ੍ਰਿੰਸੀਪਲਾਂ ਦੇ ਨਾਮ ਸ਼ਾਮਲ ਕਰਨ ਦੀ ਵੀ ਚਰਚਾ ਹੈ। ਸੂਚੀ ਵਿਚ ਇਕ ਡਾਕਟਰ ਦਾ ਨਾਮ ਵੀ ਹੈ। ਇਸ ਤੋਂ ਇਲਾਵਾ ਘੱਟੋ ਘੱਟ ਤਿੰਨ ਵਕੀਲ ਵੀ ਸ਼ਾਮਲ ਕੀਤੇ ਗਏ ਹਨ। ਸੂਤਰਾਂ ਅਨੁਸਾਰ ਪਹਿਲੀ ਸੂਚੀ ਵਿਚ ਪੀæਏæਸੀæ ਨੇ ਵੱਧ ਤੋਂ ਵੱਧ ਨਵੇਂ ਚਿਹਰਿਆਂ ਅਤੇ ਪਾਰਟੀ ਦੇ ਪ੍ਰਪੱਕ ਵਲੰਟੀਅਰਾਂ ਦੇ ਨਾਮ ਸ਼ਾਮਲ ਕਰਨ ਨੂੰ ਤਰਜੀਹ ਦਿੱਤੀ ਹੈ। ਪਹਿਲੀ ਸੂਚੀ ਵਿਚ ਪਿਛਲੇ ਸਮੇਂ ਦੌਰਾਨ ਹੋਰ ਪਾਰਟੀਆਂ ਵਿਚੋਂ ਸ਼ਾਮਲ ਹੋਏ ਆਗੂਆਂ ਨੂੰ ਥਾਂ ਨਹੀਂ ਦਿੱਤੀ ਗਈ। ਪਾਰਟੀ ਦੇ ਤਿੰਨ ਵਿੰਗਾਂ ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋæ ਬਲਜਿੰਦਰ ਕੌਰ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਸਮੇਤ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦੇ ਦਾਅਵੇਦਾਰ ਮੰਨੇ ਜਾਂਦੇ ਐਚæਐਸ਼ ਫੂਲਕਾ ਦਾ ਨਾਮ ਵੀ ਸੂਚੀ ਵਿਚ ਸ਼ਾਮਲ ਕਰਨ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿਚੋਂ ਬਲਜਿੰਦਰ ਕੌਰ ਨੂੰ ਛੱਡ ਕੇ ਬਾਕੀ ਤਿੰਨੋਂ ਉਮੀਦਵਾਰ ਵਕੀਲ ਹਨ। ਸ੍ਰੀ ਕੇਜਰੀਵਾਲ ਨੇ ਦਿੱਲੀ ਵਿਚ ਪੀæਏæਸੀæ ਦੀ ਹੰਗਾਮੀ ਮੀਟਿੰਗ ਸੱਦ ਕੇ ਘੱਟੋ ਘੱਟ 22 ਉਮੀਦਵਾਰਾਂ ਦੇ ਨਾਵਾਂ ਦੀ ਚੋਣ ਕਰ ਕੇ ਸੂਚੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਆਪ ਦੇ ਕੌਮੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਪੁਸ਼ਟੀ ਕੀਤੀ ਕਿ ਪੀæਏæਸੀæ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਗਈ।
_________________________________
ਪੰਜਾਬ ‘ਚ ਆਪ ਲਈ ਚੋਣ ਪ੍ਰਚਾਰ ਕਰੇਗੀ ਮਮਤਾ ਬੈਨਰਜੀ
ਨਵੀਂ ਦਿੱਲੀ: ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਸੂਬੇ ‘ਚ ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਲਈ ਜੁਟੀ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਤੇ ਮੁਖੀ ਅਰਵਿੰਦ ਕੇਜਰੀਵਾਲ ਨੇ ਕੁਝ ਦਿਨਾਂ ਪਹਿਲਾਂ ਆਪਣੇ ਘਰ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਅਨੁਸਾਰ ਦਿੱਲੀ ਵਿਚ ਇਕ ਸੰਘੀ ਮੰਚ ਬਣਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਦੋਵੇਂ ਮਿਲੇ, ਤਾਂ ਕੇਜਰੀਵਾਲ ਨੇ ਆਪਣੀ ਪਾਰਟੀ ਲਈ ਮਮਤਾ ਨੂੰ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਦਾ ਸੱਦਾ ਦਿੱਤਾ।
____________________________________
ਕੇਜਰੀਵਾਲ ਤੇ ਮਜੀਠੀਆ ਨੇ ਇਕ ਦੂਜੇ ਨੂੰ ਲਲਕਾਰਿਆ
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਖੁੱਲ੍ਹ ਇਕ ਦੂਜੇ ਨੂੰ ਲਲਕਾਰਿਆ ਹੈ। ਮਾਣਹਾਨੀ ਮਾਮਲੇ ਵਿਚ ਪੇਸ਼ੀ ਭੁਗਤਣ ਆਏ ਸ੍ਰੀ ਕੇਜਰੀਵਾਲ ਤੇ ਮਜੀਠੀਆ ਨੇ ਅਦਾਲਤ ਦੇ ਬਾਹਰ ਸ਼ਕਤੀ ਪ੍ਰਦਰਸ਼ਨ ਕੀਤਾ। ਦੋਵਾਂ ਨੇ ਇਕ ਦੂਜੇ ਨੂੰ ਜੇਲ੍ਹ ਡੱਕਣ ਦੀਆਂ ਧਮਕੀਆਂ ਦਿੱਤੀਆਂ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਛੇ ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਨਸ਼ਾ ਤਸਕਰਾਂ ਦੇ ‘ਸਰਦਾਰ’ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਆਪਣੇ ਤਿੱਖੇ ਭਾਸ਼ਨ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲ ਸਿਰਫ ਛੇ ਮਹੀਨੇ ਰਹਿ ਗਏ ਹਨ। ਇਨ੍ਹਾਂ ਛੇ ਮਹੀਨਿਆਂ ਵਿਚ ਜੇਕਰ ਮਜੀਠੀਆ ਉਸ ਨੂੰ ਗ੍ਰਿਫਤਾਰ ਕਰਨ ਦਾ ਦਮ ਰੱਖਦਾ ਹੈ ਤਾਂ ਕਰ ਲਵੇ, ਨਹੀਂ ਤਾਂ 6 ਮਹੀਨੇ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਸਰਕਾਰ ਬਣਦੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਕੇ ਸਾਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ। ਉਧਰ ਮਜੀਠੀਆ ਨੇ ਪਲਟਵਾਰ ਕਰਦਿਆਂ ਕਿਹਾ ਕਿ ਕੇਜਰੀਵਾਲ ਦਾ ਮੁਜ਼ਰਮ ਵਜੋਂ ਕਟਹਿਰੇ ਵਿਚ ਖੜ੍ਹੇ ਹੋਣਾ ਸਿਰਫ ਉਸ ਲਈ ਹੀ ਨਹੀਂ, ਬਲਕਿ ਸਮੂਹ ਪੰਜਾਬੀਆਂ ਦੀ ਵੱਡੀ ਜਿੱਤ ਹੈ। ਕੇਜਰੀਵਾਲ ਨੇ ਦੇਸ਼ ਅੰਦਰ ਵੱਖਰੀ ਰਾਜਨੀਤੀ ਦੇ ਆਪਣੇ ਦਾਅਵੇ ਨੂੰ ਸਾਕਾਰ ਕਰ ਵਿਖਾਇਆ ਹੈ।
____________________________
ਮਜੀਠੀਆ ਬਾਰੇ ਬਾਦਲ ਦਾ ਗੋਲਮੋਲ ਜਵਾਬ
ਬਰਨਾਲਾ: ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਨਸ਼ਾ ਤਸਕਰੀ ਦੇ ਲੱਗ ਰਹੇ ਇਲਜ਼ਾਮ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਬੜੇ ਗੋਲਮੋਲ ਜਵਾਬ ਦਿੱਤੇ। ਆਮ ਆਦਮੀ ਪਾਰਟੀ ਵੱਲੋਂ ਮਜੀਠੀਆ ਖਿਲਾਫ ਲਾਏ ਜਾ ਰਹੇ ਪੋਸਟਰਾਂ ਬਾਰੇ ਬਾਦਲ ਨੇ ਕਿਹਾ ਕਿ ਲੋਕਤੰਤਰ ਵਿਚ ਸਭ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ। ਮਜੀਠੀਆ ਬਾਰੇ ਹੋਰ ਸਾਵਾਲਾਂ ਦਾ ਗੋਲਮੋਲ ਜਵਾਬ ਦੇ ਕੇ ਬਾਦਲ ਗੱਲ ਟਾਲਦੇ ਰਹੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਹ ਕੁਝ ਨਹੀਂ ਕਰ ਸਕਦੇ।