ਰਾਜਸਥਾਨ ਪੁਲਿਸ ਲਈ ਸਿਰਦਰਦੀ ਬਣੇ ਪੰਜਾਬ ਦੇ ਨਸ਼ਈ

ਬਠਿੰਡਾ: ਰਾਜਸਥਾਨ ਪੁਲਿਸ ਨੇ 21 ਜੁਲਾਈ ਨੂੰ ਇਕ ਲਗਜ਼ਰੀ ਬੱਸ ਫੜੀ ਸੀ, ਜਿਸ ਵਿਚ ਪੰਜਾਬ ਦੇ 57 ਨਸ਼ੇੜੀ ਤੇ ਛੋਟੇ ਤਸਕਰ ਸਵਾਰ ਸਨ। ਪੀਲੀ ਬੰਗਾਂ ਥਾਣੇ ਵਿਚ ਇਨ੍ਹਾਂ ਸਾਰਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹੁਣ ਇਹ ਸਾਰੇ ਨਸ਼ੇੜੀ ਹਨੂਮਾਨਗੜ੍ਹ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਵਿਚ 10 ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਨਸ਼ੇੜੀਆਂ ਨੇ ਹਨੂਮਾਨਗੜ੍ਹ ਜੇਲ੍ਹ ਦੇ ਅਫਸਰਾਂ ਦੇ ਸਾਹ ਸੁਕਾ ਦਿੱਤੇ ਹਨ, ਜਿਸ ਕਾਰਨ ਉਹ ਨਸ਼ੇੜੀਆਂ ਦੀ ਟਹਿਲ ਸੇਵਾ ਵਿਚ ਜੁਟ ਗਏ ਹਨ। ਬੀਕਾਨੇਰ ਹਸਪਤਾਲ ਵਿਚ ਭਰਤੀ ਇਕ ਨਸ਼ੇੜੀ ਦੀ ਮੌਤ ਮਗਰੋਂ ਜੇਲ੍ਹ ਪ੍ਰਸ਼ਾਸਨ ਘਬਰਾਹਟ ਵਿਚ ਹੈ।

ਬਜ਼ੁਰਗ ਨਸ਼ੇੜੀ ਜੇਲ੍ਹ ਵਿਚ ਨਸ਼ੇ ਦੀ ਤੋਟ ਕਾਰਨ ਬਿਮਾਰ ਪੈ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਨਸ਼ੇੜੀ ਨੂੰ ਬੀਕਾਨੇਰ ਹਸਪਤਾਲ ਭੇਜਿਆ ਗਿਆ ਸੀ, ਜਿਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ 20 ਦੇ ਕਰੀਬ ਨਸ਼ੇੜੀਆਂ ਨੂੰ ਹਨੂਮਾਨਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿਚ ਲਿਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਪੰਜਾਬੀ ਨਸ਼ੇੜੀਆਂ ਨੂੰ ਭੁੱਖ ਨਹੀਂ ਲੱਗ ਰਹੀ ਅਤੇ ਉਨ੍ਹਾਂ ਨੇ ਰੋਟੀ ਪਾਣੀ ਬੰਦ ਕੀਤਾ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਦਲੀਆ ਤੇ ਜੂਸ ਦਿੱਤਾ ਜਾ ਰਿਹਾ ਹੈ। ਸਿਹਤ ਵਿਗੜਨ ਡਰੋਂ ਇਨ੍ਹਾਂ ਨੂੰ ਜੇਲ੍ਹ ਦੀ ਕੰਟੀਨ ‘ਚੋਂ ਖਾਣ ਪੀਣ ਦਾ ਸਾਮਾਨ ਲੈ ਕੇ ਦੇ ਦਿੱਤਾ ਜਾ ਰਿਹਾ ਹੈ। ਜੇਲ੍ਹ ਡਾਕਟਰ ਨੂੰ ਨਸ਼ੇੜੀਆਂ ਦੀ ਵਿਸ਼ੇਸ਼ ਨਿਗਰਾਨੀ ਉਤੇ ਲਾਇਆ ਗਿਆ ਹੈ। ਡਾਕਟਰ ਵੱਲੋਂ ਰਾਤ ਨੂੰ ਨਸ਼ੇੜੀਆਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਸੌਂ ਸਕਣ। ਜਿਹੜੇ ਸੱਤ ਨਸ਼ੇੜੀ ਪੁਲਿਸ ਰਿਮਾਂਡ ‘ਤੇ ਰਹੇ ਸਨ, ਉਨ੍ਹਾਂ ਦੀ ਤਬੀਅਤ ਹਾਲੇ ਠੀਕ ਨਹੀਂ ਹੋਈ ਹੈ। ਇਹ ਨਸ਼ੇੜੀ ਰਾਜਸਥਾਨ ਵਿਚੋਂ ਪੋਸਤ ਲੈਣ ਗਏ ਸਨ ਅਤੇ ਇਨ੍ਹਾਂ ਨੇ ਇਕ ਲਗਜ਼ਰੀ ਬੱਸ ਕਿਰਾਏ ‘ਤੇ ਕੀਤੀ ਹੋਈ ਸੀ। ਇਨ੍ਹਾਂ ਦੇ ਰਿਸ਼ਤੇਦਾਰ ਜੇਲ੍ਹ ਵਿਚ ਮੁਲਾਕਾਤ ਲਈ ਵੀ ਆਏ ਹਨ।
ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਨਸ਼ੇੜੀ ਨਸ਼ੇ ਨੇ ਭੰਨੇ ਹੋਏ ਹਨ। ਰਾਜਸਥਾਨ ਸਰਕਾਰ ਵੱਲੋਂ ਨਸ਼ੇੜੀਆਂ ਦੇ ਇਲਾਜ ਲਈ ‘ਨਵਾਂ ਸਵੇਰਾ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਹੁਣ ਸਿਹਤ ਵਿਭਾਗ ਨੂੰ ਪੱਤਰ ਲਿਖਿਆ ਹੈ ਕਿ ਇਨ੍ਹਾਂ ਨਸ਼ੇੜੀਆਂ ਲਈ ਨਸ਼ਾ ਛੁਡਾਊ ਕੈਂਪ ਦਾ ਪ੍ਰਬੰਧ ਕੀਤਾ ਜਾਵੇ। ਹਨੂਮਾਨਗੜ੍ਹ ਜੇਲ੍ਹ ਵਿਚ ਇਨ੍ਹਾਂ ਨਸ਼ੇੜੀਆਂ ਨੇ ਭੀੜ ਕਰ ਦਿੱਤੀ ਹੈ। ਹਨੂਮਾਨਗੜ੍ਹ ਜੇਲ੍ਹ ਦੀ ਸਮਰੱਥਾ ਸਿਰਫ 160 ਬੰਦੀਆਂ ਦੀ ਹੈ ਜਦੋਂ ਕਿ ਜੇਲ੍ਹ ਵਿਚ 300 ਦੇ ਕਰੀਬ ਬੰਦੀ ਹਨ। ਪੰਜਾਬ ਦੇ 57 ਨਸ਼ੇੜੀਆਂ ਦੇ ਜੇਲ੍ਹ ਵਿਚ ਆਉਣ ਤੋਂ ਪਹਿਲਾਂ ਕੁਝ ਬੰਦੀ ਬੀਕਾਨੇਰ ਜੇਲ੍ਹ ਵਿਚ ਸ਼ਿਫਟ ਕੀਤੇ ਗਏ ਸਨ।
ਜੇਲ੍ਹ ਸੁਪਰਡੈਂਟ ਰਾਜਮਹਿੰਦਰ ਬਿਸ਼ਨੋਈ ਨੇ ਕਿਹਾ ਕਿ ਜੋ ਨਸ਼ੇੜੀ ਖਾਣਾ ਨਹੀਂ ਖਾ ਰਹੇ ਸਨ, ਉਨ੍ਹਾਂ ਨੂੰ ਦਲੀਆ ਤੇ ਜੂਸ ਦਿੱਤਾ ਗਿਆ ਹੈ। ਜੇਲ੍ਹ ਕੰਟੀਨ ‘ਚ ਜੋ ਉਪਲੱਬਧ ਹੈ, ਉਹ ਦਿੱਤਾ ਜਾ ਰਿਹਾ ਹੈ। ਨਸ਼ੇ ਦੀ ਤੋਟ ਕਾਰਨ ਸਾਰਿਆਂ ਦੀ ਸਿਹਤ ਢਿੱਲੀ ਹੈ, ਪਰ ਹੁਣ ਕੁਝ ਫਰਕ ਪਿਆ ਹੈ।
______________________________
ਨਸ਼ਿਆਂ ਦੇ ਮਾਮਲੇ ‘ਚ ਮਹਾਰਾਸ਼ਟਰ ਮੋਹਰੀ: ਸੁਖਬੀਰ
ਬੰਗਾ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਨੂੰ ਬਦਨਾਮ ਕਰ ਰਹੀਆਂ ਹਨ ਜਦਕਿ ਹੁਣ ਕੇਂਦਰ ਸਰਕਾਰ ਨੇ ਵੀ ਲੋਕ ਸਭਾ ਵਿਚ ਦੱਸਿਆ ਹੈ ਕਿ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਮਹਾਰਾਸ਼ਟਰ ਪਹਿਲੇ ਸਥਾਨ ਉਤੇ ਹੈ ਅਤੇ ਪੰਜਾਬ ਇਸ ਸੂਚੀ ਵਿਚ ਪਹਿਲੇ 10 ਸਥਾਨਾਂ ਤੋਂ ਵੀ ਬਾਅਦ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੇ 9 ਸਾਲਾਂ ਵਿਚ ਮਿਸਾਲੀ ਵਿਕਾਸ ਕਰਵਾਇਆ ਹੈ ਅਤੇ ਹਰ ਖੇਤਰ ਦਾ ਚਹੁੰਮੁਖੀ ਵਿਕਾਸ ਸੂਬਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ।
_____________________________
ਸਮੈਕੀਆਂ ਦਾ ਸੂਬਾ ਬਣਿਆ ਪੰਜਾਬ: ਮਾਨ
ਖਮਾਣੋਂ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਸਾਢੇ ਨੌਂ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਮੈਕੀਆਂ, ਬਲੈਕੀਆਂ ਅਤੇ ਧਰਨਿਆਂ ਦਾ ਸੂਬਾ ਬਣ ਕੇ ਰਹਿ ਗਿਆ ਹੈ। ਸ੍ਰੀ ਮਾਨ ਨੇ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਉਤੇ ਤਿੱਖੇ ਹਮਲੇ ਕਰਦਿਆਂ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੇ ਰਾਜ ਦੌਰਾਨ ਹਰ ਵਰਗ ਦਾ ਮੰਦਾ ਹਾਲ ਹੋਇਆ ਹੈ।
_______________________________
ਕੇਂਦਰ ਵੱਲੋਂ ਨਸ਼ਿਆਂ ਬਾਰੇ ਏਮਜ਼ ਦੇ ਸਰਵੇਖਣ ਰੱਦ
ਜਲੰਧਰ: ਪੰਜਾਬ ਵਿਚ ਹੁਣ ਜਦੋਂ ਨਸ਼ਿਆਂ ਦਾ ਮਾਮਲਾ ਚੋਣ ਮੁੱਦੇ ਵਜੋਂ ਭਖਿਆ ਹੋਇਆ ਹੈ ਤਾਂ ਕੇਂਦਰ ਸਰਕਾਰ ਨੇ ਏਮਜ਼ ਵੱਲੋਂ ਸੂਬੇ ਵਿਚ ਨਸ਼ਿਆਂ ਬਾਰੇ ਕੀਤੇ ਗਏ ਸਰਵੇ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਦੱਸਿਆ ਕਿ ਏਮਜ਼ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਰਿਪੋਰਟ ਕਈ ਪੱਖਾਂ ਤੋਂ ਅਧੂਰੀ ਸੀ। ਉਨ੍ਹਾਂ ਕਿਹਾ ਕਿ ਏਮਜ਼ ਦੀ ਰਿਪਰੋਟ ਵਿਚ ਜਿਵੇਂ ਪੰਜਾਬ ਨੂੰ ਨਸ਼ੇੜੀ ਦੱਸਿਆ ਗਿਆ ਹੈ, ਇਸ ਰਿਪੋਰਟ ਨੂੰ ਕੇਂਦਰ ਸਰਕਾਰ ਨੇ ਕਿਸੇ ਵੀ ਪੱਧਰ ‘ਤੇ ਕਦੇ ਮਾਨਤਾ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਕਿਵੇਂ ਮੀਡੀਆ ਵਿਚ ਲੀਕ ਹੋ ਗਈ, ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ। ਉਨ੍ਹਾਂ ਦੱਸਿਆ ਕਿ 2001 ਵਿਚ ਏਮਜ਼ ਵੱਲੋਂ ਕੀਤੇ ਗਏ ਸਰਵੇ ਦੀ ਰਿਪੋਰਟ ਆਈ ਸੀ, ਪਰ ਉਨ੍ਹਾਂ ਨੇ ਇਸ ਰਿਪੋਰਟ ਨੂੰ ਨਹੀਂ ਮੰਨਿਆ ਕਿਉਂਕਿ ਇਸ ਰਿਪੋਰਟ ਅਨੁਸਾਰ ਦੋ ਕਰੋੜ ਦੀ ਅਬਾਦੀ ਵਾਲੇ ਸੂਬੇ ਪੰਜਾਬ ਵਿਚੋਂ ਬਹੁਤ ਘੱਟ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਦਰ 1 ਫੀਸਦੀ ਬਣਦੀ ਸੀ।