ਅਬਦੁੱਲ ਸੱਤਾਰ ਈਦੀ (ਜਨਮ ਪਹਿਲੀ ਜਨਵਰੀ 1928) ਨੇ ਲੋੜਵੰਦਾਂ ਦੀ ਇਮਦਾਦ ਲਈ ਈਦੀ ਫਾਊਂਡੇਸ਼ਨ 1951 ਵਿਚ ਬਣਾਈ ਸੀ। ਅੱਠ ਜੁਲਾਈ 2016 ਨੂੰ ਫੌਤ ਹੋਣ ਤਕ ਇਹ ਸੰਸਥਾ ਉਸ ਦੀ ਅਗਵਾਈ ਹੇਠ ਚੱਲੀ। ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਸੰਸਥਾ ਦੇ ਤਕਰੀਬਨ 300 ਕੇਂਦਰ ਹਨ। ਈਦੀ ਆਖਦਾ ਹੁੰਦਾ ਸੀ- ਲੋਕ ਪੜ੍ਹ-ਲਿਖ ਤਾਂ ਬਥੇਰਾ ਗਏ ਹਨ, ਪਰ ਅਜੇ ਬੰਦੇ ਬਣਨਾ ਬਾਕੀ ਹੈ।
ਅੱਜ ਕੱਲ੍ਹ ਸੰਸਥਾ ਦੀ ਅਗਵਾਈ ਈਦੀ ਦੀ ਬੇਗਮ ਬਿਲਕੀਸ ਈਦੀ ਦੇ ਹੱਥ ਹੈ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਈਦੀ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਉਚੇਚਾ ਭੇਜਿਆ ਹੈ ਜੋ ਤਿੰਨ ਕਿਸ਼ਤਾਂ ਵਿਚ ਛਾਪਿਆ ਜਾਵੇਗਾ। ਐਤਕੀਂ ਪਹਿਲੀ ਕਿਸ਼ਤ ਹਾਜ਼ਰ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: +91-94642-51454
9 ਜੁਲਾਈ 1992 ਨੂੰ ਰਾਵਲਪਿੰਡੀ ਜਾ ਰਹੀ ਮੁਸਾਫਰ ਰੇਲ ਗੱਡੀ ਘੋਟਕੀ ਸਟੇਸ਼ਨ ‘ਤੇ ਖਲੋਤੀ ਮਾਲ ਗੱਡੀ ਨਾਲ ਜਾ ਟਕਰਾਈ। ਮਾਲ ਗੱਡੀ ਵਿਚ ਫਾਸਫੇਟ ਲੱਦਿਆ ਹੋਇਆ ਸੀ। ਸੈਂਕੜੇ ਜ਼ਖਮੀ ਹੋਏ, ਸੈਂਕੜੇ ਮਾਰੇ ਗਏ। ਇਸ ਦੁਰਘਟਨਾ ਵਿਚ ਮਦਦ ਕਰਨ ਵਾਸਤੇ ਈਦੀ (ਅਬਦੁੱਲ ਸੱਤਾਰ ਈਦੀ) ਨੂੰ ਹੈਲੀਕਾਪਟਰ ਲੈਣ ਆ ਗਿਆ। ਸਟਾਫ ਸਮੇਤ ਉਹ ਹੈਲੀਕਾਪਟਰ ਵੱਲ ਤੁਰ ਪਿਆ। ਸਿਰ ਵਿਚ ਕੋਈ ਖਿਆਲ ਨਹੀਂ, ਲੱਤਾਂ ਵਿਚ ਜਾਨ ਨਹੀਂ, ਸਭ ਕੁਝ ਸੁੰਨ-ਮਸੁੰਨ ਸੀ। ਉਸ ਨੂੰ ਲੱਗਾ- ਕੋਈ ਮੁਰਦਾ ਨਵੀਆਂ ਪੀੜਾਂ ਲੈ ਕੇ ਕਬਰ ਵਿਚੋਂ ਉਠ ਕੇ ਤੁਰ ਪਿਆ ਹੋਵੇ। ਪਾਇਲਟ ਸੁਨੇਹੇ ਲੈ ਰਿਹਾ ਸੀ, ਦੇ ਰਿਹਾ ਸੀ। ਤੁਰਨ ਤੋਂ ਪਹਿਲਾਂ ਨਰਸਾਂ, ਡਾਕਟਰ, ਦਵਾਈਆਂ, ਐਂਬੂਲੈਂਸਾਂ ਅਤੇ ਕੱਫਣ ਲੈ ਕੇ ਗੱਡੀਆਂ ਦਾ ਕਾਰਵਾਂ ਸੜਕ ਰਾਹੀਂ ਤੋਰ ਦਿਤਾ।
ਦੋ ਘੰਟਿਆਂ ਦੀ ਉਡਾਣ ਬਾਅਦ ਪਾਇਲਟ ਨੇ ਈਦੀ ਨੂੰ ਪੁੱਛਿਆ- ਤੁਹਾਡਾ ਕੋਈ ਦੋਹਤਾ ਹਸਪਤਾਲ ਵਿਚ ਹੈ ਮੌਲਾਨਾ? ਈਦੀ ਕੰਬ ਗਿਆ- ਹਾਂ ਹੈ, ਕਿਉਂ? ਦੱਸਿਆ- ਉਹ ਚਲਾ ਗਿਐ। ਹਵਾਈ ਸਟਾਫ ਨੇ ਈਦੀ ਨਾਲ ਰਲ ਕੇ ਦੁਆ ਕਰਨ ਲਈ ਅਸਮਾਨ ਵੱਲ ਹੱਥ ਫੈਲਾਏ। ਪਾਇਲਟ ਨੇ ਪੁੱਛਿਆ- ਵਾਪਸ ਚੱਲੀਏ। ਈਦੀ ਨੇ ਕਿਹਾ- ਨਹੀਂ, ਪਹਿਲਾਂ ਹੀ ਲੇਟ ਹਾਂ। ਕੰਮ ਬਹੁਤ ਜ਼ਿਆਦਾ ਹੈ। ਮੇਰੀ ਬੀਵੀ ਬਿਲਕੀਸ ਨੂੰ ਕਹਿ ਦਿਉ ਕਿ ਦਫਨ ਕਰ ਦੇਵੇ, ਮੈਨੂੰ ਉਡੀਕੇ ਨਾ। ਵਿਆਹ ਤੋਂ ਪਹਿਲਾਂ ਉਸ ਨੇ ਆਪਣੀ ਬੀਵੀ ਨੂੰ ਕਹਿ ਦਿਤਾ ਸੀ- ਮੈਂ ਸਾਰੇ ਦਾ ਸਾਰਾ ਤੇਰੇ ਵਾਸਤੇ ਹਾਂ, ਪਰ ਕੋਈ ਵੱਡਾ ਦੁੱਖ ਦੇਖਾਂਗਾ ਤਾਂ ਸਾਰੇ ਦਾ ਸਾਰਾ ਵਜੂਦ ਤੇਰੇ ਕੋਲੋਂ ਵਾਪਸ ਲੈ ਲਿਆ ਕਰਾਂਗਾ। ਠੀਕ ਹੈ? ਬੋਲੀ- ਠੀਕ ਹੈ।
ਧੀ ਨੇ ਬਿਲਾਲ ਨੂੰ ਜਨਮ ਦਿਤਾ ਤਾਂ ਈਦੀ ਨੂੰ ਲੱਗਾ- ਦੋਹਤਾ ਮੇਰੇ ਲਈ ਜਹਾਨ ਵਿਚ ਆਇਆ ਹੈ। ਦੇਖੋ ਕਿੰਨਾ ਕੰਮ ਹੈ, ਮੇਰੇ ਨਾਲ ਹੱਥ ਵਟਾਏਗਾ। ਜਿਵੇਂ ਦੇਰ ਤੋਂ ਇਕ ਦੂਜੇ ਨੂੰ ਲੱਭ ਰਹੇ ਹੋਈਏ ਤੇ ਮਿਲ ਜਾਈਏ। ਇਕੱਠੇ ਬਰੇਕਫਾਸਟ ਕਰਦੇ। ਨਾਨਾ ਆਪਣੀ ਬਾਸੀ ਰੋਟੀ ਵਿਚੋਂ ਬੁਰਕੀ ਦਿੰਦਾ ਤਾਂ ਦੋਹਤਾ ਪੁੱਛਦਾ- ਨਾਨਾ, ਤੁਸੀਂ ਵਾਕਈ ਗਰੀਬ ਹੋ? ਈਦੀ ਹੱਸ ਪੈਂਦਾ- ਗਰੀਬ ਨਹੀਂ ਹਾਂ ਪੁੱਤਰ, ਬਾਸੀ ਰੋਟੀ ਇਸ ਲਈ ਖਾਨਾਂ ਤਾਂ ਕਿ ਮੈਨੂੰ ਗਰੀਬੀ ਯਾਦ ਰਹੇ।
ਈਦ ਦੇ ਦਿਨ ਰੌਣਕਾਂ ਹੁੰਦੀਆਂ। ਬਿਲਾਲ ਵਾਸਤੇ ਖਿਡੌਣੇ ਤੇ ਕੱਪੜੇ ਆਉਂਦੇ। ਖੁਸ਼ ਹੋ ਹੋ ਪੈਕਟ ਖੋਲ੍ਹਦਾ। ਨਾਨਾ ਆਖਦਾ- ਬਿਲਾਲ ਤੈਨੂੰ ਪਤੈ, ਕੁਝ ਬੱਚਿਆਂ ਕੋਲ ਕੱਪੜੇ ਹੁੰਦੇ ਈ ਨੀ? ਬਿਲਾਲ ਹੱਸਦਾ ਹੋਇਆ ਬਾਹਾਂ ਛੁਡਾ ਕੇ ਕੱਪੜਿਆਂ ਦੀ ਅਲਮਾਰੀ ਕੋਲ ਜਾ ਕੇ ਆਖਦਾ- ਪਰ ਮੇਰੇ ਕੋਲ ਤਾਂ ਹੈਗੇ ਨੇ।
ਈਦੀ ਦੀ ਨਿਗਰਾਨੀ ਵਿਚ ਮਨੋਰੋਗੀ ਜੁਆਨ ਕੁੜੀ ਨੂਰਮਾਲ ਜ਼ੇਰੇ-ਇਲਾਜ ਸੀ। ਠੀਕ ਹੋ ਰਹੀ ਸੀ। ਬਿਲਾਲ ਨਾਲ ਖੇਡਦੀ ਰਹਿੰਦੀ। ਨੁਹਾਉਂਦੀ, ਕੱਪੜੇ ਪਹਿਨਾਉਂਦੀ। ਇਕ ਸਵੇਰ ਬਗੈਰ ਠੰਢਾ ਪਾਣੀ ਮਿਲਾਏ, ਬਗੈਰ ਕੋਸਾ ਕਰਨ ਦੇ, ਉਬਲਦੇ ਪਾਣੀ ਦੀ ਬਾਲਟੀ ਬਿਲਾਲ ਉਪਰ ਸੁੱਟ ਦਿਤੀ। ਚੀਕ ਮਾਰਦਾ ਬਿਲਾਲ ਥਾਏਂ ਢੇਰੀ ਹੋ ਗਿਆ। ਹਸਪਤਾਲ ਲੈ ਗਏ, ਮੌਤ ਦੀ ਖਬਰ ਮਿਲੀ।
ਈਦੀ ਦੁਰਘਟਨਾ ਵਾਲੀ ਥਾਂ ‘ਤੇ ਪੁੱਜ ਕੇ ਕੰਮ ਦੀ ਤਕਸੀਮ ਕਰਨ ਲੱਗਾ, ਟੁਕੜੀਆਂ ਵਿਚ ਵੰਡਣ ਲੱਗਾ। ਲੋਕਾਂ ਨੇ ਈਦੀ ਪਛਾਣ ਲਿਆ, “ਉਨਾਂ ਨੇ ਮੇਰਾ ਲੜਕਾ ਨੀ ਲੱਭਿਆ ਈਦੀæææ ਅਹੁ ਦੇਖੋ ਮੇਰਾ ਅੱਬੂ, ਤੁਰਤ ਹਸਪਤਾਲ ਨਾ ਪੁਚਾਇਆ, ਮਰ ਜਾਏਗਾæææ, ਅੱਲਾਹ ਦਾ ਸ਼ੁਕਰ ਈਦੀ ਤੁਸੀਂਂ ਆ ਗਏ। ਮੇਰੇ ਬੱਚੇ ਲੱਭੋ, ਕਿਥੇ ਨੇ ਉਹ?æææ ਮੇਰੇ ਬੱਚੇ ਮਰ ਗਏ ਹਨ ਈਦੀ, ਉਨ੍ਹਾਂ ਦੀ ਮਾਂ ਦਾ ਲਹੂ ਬਹੁਤਾ ਵਗ ਗਿਐ, ਉਹ ਮਰ ਰਹੀ ਐ, ਬਚਾਉ।”
ਈਦੀ ਨੂੰ ਯਾਦ ਆਇਆ, ਸੜੇ ਜਿਸਮ ਨਾਲ ਹਸਪਤਾਲ ਦੇ ਬੈੱਡ ‘ਤੇ ਪਏ ਦੋਹਤੇ ਬਿਲਾਲ ਦੀਆਂ ਅੱਖਾਂ ਵਿਚ ਇਹੋ ਉਮੀਦ ਸੀæææ ਨਾਨਾ ਹੈ ਨਾ। ਹੁਣ ਮੈਨੂੰ ਕੌਣ ਮਾਰ ਸਕਦੈ? ਇਹੀ ਉਮੀਦ ਹੁਣ ਈਦੀ ਨੂੰ ਦੇਖਣ ਸਾਰ ਸੈਂਕੜੇ ਅੱਖਾਂ ਵਿਚ ਪੈਦਾ ਹੋ ਗਈ। ਇਕ ਜੁਆਨ ਰੋਂਦਾ ਆਇਆ- ਬਾਪੂ ਤਾਂ ਲੱਭ ਲਿਆ, ਮਾਂ ਕਿਥੇ ਹੈ? ਬਾਪੂ ਦੀ ਲਾਸ਼ ਲੱਭਣ ਤੋਂ ਬਾਅਦ ਉਹ ਮਾਂ ਦੀ ਲਾਸ਼ ਤਲਾਸ਼ ਰਿਹਾ ਸੀ, “ਕੋਈ ਵੀ ਉਹਦੇ ਵਰਗੀ ਨੀ ਲਗਦੀ।”
ਕੰਮ ਵਿਚ ਰੁੱਝੇ ਈਦੀ ਸਾਹਮਣੇ ਬਿਲਾਲ ਆ ਖਲੋਂਦਾ। ਕਦੀ ਨਾਨਾ, ਕਦੀ ਨਾਨੀ ਇਸ ਨਾਲ ਲੁਕਣ-ਮੀਟੀ ਖੇਡਦੇ। ਬਿਲਾਲ ਸੰਦੂਕ ‘ਤੇ ਲੁਕਦਾ, ਕਦੀ ਮੰਜੀ ਹੇਠ। ਫੜੇ ਜਾਣ ‘ਤੇ ਖੁਸ਼ੀ ਨਾਲ ਚੀਕਾਂ ਮਾਰਦਾ। ਨਾਨੀ ਹੱਥੀਂ ਇਕ ਇਕ ਬੁਰਕੀ ਵੱਖਰੇ ਵੱਖਰੇ ਨਾਮ ਲੈ ਕੇ ਖੁਆਉਂਦੀ- ਇਹ ਕੁਤਬ ਲਈ ਹੈæææ ਇਹ ਕੁਬਰਾ ਲਈ, ਹੁਣ ਇਹ ਫੈਸਲ ਲਈ ਹੈæææ ਇਹ ਅਲਮਾਸ ਲਈ।
ਰੇਲਵੇ ਸਟੇਸ਼ਨ ‘ਤੇ ਲੱਤਾਂ, ਬਾਹਾਂ, ਸਿਰ, ਇਧਰ ਉਧਰ ਖਿਲਰੇ ਪਏ ਸਨ। ਚਾਰੇ ਪਾਸੇ ਤਾਜ਼ੇ ਲਹੂ ਦੀ ਦੁਰਗੰਧ। ਲਾਊਡ ਸਪੀਕਰ ਲਹੂਦਾਨ ਵਾਸਤੇ ਅਪੀਲਾਂ ਕਰ ਰਹੇ ਸਨ। ਹਸਪਤਾਲ ਭਰ ਚੁਕੇ ਸਨ। ਬਾਕੀ ਮਸਜਿਦਾਂ ਵੱਲ ਤੋਰੇ ਜਾਣ ਲੱਗੇ। ਈਦੀ ਫਾਊਂਡੇਸ਼ਨ ਦੀਆਂ 75 ਐਂਬੂਲੈਂਸਾਂ ਜ਼ਖਮੀਆਂ ਅਤੇ ਮੁਰਦਿਆਂ ਨੂੰ ਲੈ ਲੈ ਵੱਖ ਵੱਖ ਦਿਸ਼ਾਵਾਂ ਵੱਲ ਦੌੜ ਰਹੀਆਂ ਸਨ।
ਇਸ ਹੌਲਨਾਕ ਹਾਲਤ ਵਿਚ ਵੀ ਇਖਲਾਕੋਂ ਗਿਰੇ ਬੰਦੇ ਪੁੱਜ ਗਏ ਸਨ। ਇਕ ਜੁਆਨ ਨੇ ਲਾਸ਼ ਪਛਾਣੀ, ਕਾਗਜ਼ ‘ਤੇ ਦਸਤਖਤ ਕਰ ਕੇ ਐਂਬੂਲੈਂਸ ਰਾਹੀਂ ਘਰ ਲੈ ਗਿਆ। ਘਰਦਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿਤਾ ਕਿ ਸਾਡਾ ਤਾਂ ਕੋਈ ਜੀਅ ਮਰਿਆ ਈ ਨੀ। ਮੁੰਡਾ ਦੌੜ ਕੇ ਕਿਧਰੇ ਛੁਪ ਗਿਆ। ਸਰਕਾਰ ਤੋਂ ਮੁਆਵਜ਼ਾ ਲੈਣ ਵਾਸਤੇ ਡਰਾਮਾ ਕੀਤਾ ਸੀ। ਐਂਬੂਲੈਂਸ, ਲਾਸ਼ ਵਾਪਸ ਲੈ ਆਈ।
ਇਸ ਐਕਸੀਡੈਂਟ ਵਿਚ ਕੋਟਲੀ ਪਿੰਡ ਦੇ ਇਕ ਪਰਿਵਾਰ ਦੇ ਨੌਂ ਮੈਂਬਰ ਮਾਰੇ ਗਏ। ਇਨ੍ਹਾਂ ਦੀਆਂ ਲਾਸ਼ਾਂ ਕੌਣ ਲੈ ਕੇ ਜਾਏਗਾ? ਏਨੀਆਂ ਲਾਸ਼ਾਂ ਦੇਖ ਕੇ ਕਿੰਨੇ ਬੰਦੇ, ਔਰਤਾਂ, ਬੱਚੇ ਰੁਦਨ ਕਰਨਗੇ। ਈਦੀ ਨੇ ਕਿਹਾ- ਮੈਂ ਜਾਵਾਂਗਾ, ਮੇਰੇ ਉਪਰ ਚੀਕਾਂ ਦਾ ਅਸਰ ਨਹੀਂ ਹੋਵੇਗਾ, ਕਿਉਂਕਿ ਮੈਂ ਬਿਲਾਲ ਵਾਸਤੇ ਰੋਵਾਂਗਾ। ਇਧਰਲੀਆਂ ਲਾਸ਼ਾਂ ਵੱਲ ਮੇਰਾ ਧਿਆਨ ਈ ਨੀ ਜਾਏਗਾ, ਪਰ ਸਾਰਿਆਂ ਦੇ ਘਾਟੇ ਮਿਲ ਕੇ ਕਿੰਨਾ ਵੱਡਾ ਘਾਟਾ ਬਣਾ ਦੇਣਗੇ?
ਈਦੀ ਨੇ ਪ੍ਰਾਰਥਨਾ ਕਰਦਿਆਂ ਕਿਹਾ- ਮਾਲਕ! ਤੈਨੂੰ ਪਿਆਰ ਕਰਦਾ ਹਾਂ ਮੈਂ। ਜਦੋਂ ਦੁੱਖ ਦੇਖਦਾ ਹਾਂ, ਤੈਨੂੰ ਭੁੱਲ ਕੇ ਦੁਖੀ ਬੰਦੇ ਨੂੰ ਪਿਆਰ ਕਰਨ ਲੱਗ ਜਾਨਾ।
ਇਕ ਬਜ਼ੁਰਗ ਕੰਬਦਾ ਹੋਇਆ ਈਦੀ ਕੋਲ ਆਇਆ, “ਈਦੀ, ਮੇਰਾ ਇਕੋ ਪੁੱਤਰ ਸੀ। ਹੋਰ ਮੇਰਾ ਕੋਈ ਨਹੀਂ। ਮੈਂ ਇਕੱਲਾ ਹਾਂ ਈਦੀ, ਬਿਲਕੁਲ ਇਕੱਲਾ। ਕਿਸੇ ਨੂੰ ਮੇਰੇ ਦੁਖ ਦਾ ਪਤਾ ਨਹੀਂ।” ਈਦੀ ਨੇ ਰੋਂਦਿਆਂ ਕਿਹਾ- ਮੈਨੂੰ ਪਤਾ ਹੈ ਭਰਾ, ਮੈਂ ਤੇਰਾ ਦੁਖ ਜਾਣਦਾਂ। ਆਦਿ ਕਾਲ ਤੋਂ ਜਾਣਦਾਂ।”
ਈਦੀ ਦਾ ਕੰਮ ਦਿਨ ਛਿਪਣ ਨਾਲ ਖਤਮ ਹੋਇਆ। ਹੱਥਾਂ ਪੈਰਾਂ ‘ਤੇ ਜੰਮ ਕੇ ਲਹੂ ਸੁੱਕ ਗਿਆ ਸੀ। ਮਸਾਂ ਉਤਾਰਿਆ। ਲਹੂ-ਲੁਹਾਣ ਕੱਪੜੇ ਬਦਲੇ। ਘਰ ਵਾਪਸੀ ਵਾਸਤੇ ਹੈਲੀਕਾਪਟਰ ਵਿਚ ਬੈਠ ਗਿਆ। ਸੀਟ ਬੈਲਟਾਂ ਕੱਸ ਲਈਆਂ। ਜਹਾਜ਼ ਉਡਣ ਲੱਗਾ। ਮਨ ਵਿਚ ਬਿਲਾਲ ਆ ਰਿਹਾ ਸੀ, “ਜਦੋਂ ਮੈਂ ਚੁਰਸਤੇ ਵਿਚ ਮੰਗਣ ਲਈ ਬੈਠਦਾ, ਬਿਲਾਲ ਨੂੰ ਚਾਅ ਚੜ੍ਹ ਜਾਂਦਾ। ਇਹ ਕੰਮ ਉਸ ਨੂੰ ਸਭ ਤੋਂ ਵਧੀਆ ਲਗਦਾ। ਸਿੱਕੇ ਗਿਣਦਾ ਜਾਂਦਾ। ਕੋਈ ਲੋੜਵੰਦ ਮੰਗਣ ਆ ਜਾਂਦਾ, ਈਦੀ ਕਹਿ ਦਿੰਦਾ- ਦੇ ਦੇ ਬਿਲਾਲ, ਕੁਝ ਪੈਸੇ ਦੇ ਦੇ ਇਹਨੂੰ। ਬਿਲਾਲ ਪੁੱਛਦਾ- ਨਾਨਾ, ਤੁਹਾਨੂੰ ਇਹਦੀ ਕਹਾਣੀ ਸੱਚੀ ਲਗਦੀ ਹੈ? ਕਿਤੇ ਝੂਠ ਤਾਂ ਨਹੀਂ ਮਾਰਦਾ?
“ਤਾਂ ਵੀ ਪੈਸੇ ਦੇ ਈ ਦੇ ਬਿਲਾਲ।”
ਜਹਾਜ਼-ਘਰ (ਹਵਾਈ ਅੱਡੇ) ਤੋਂ ਐਂਬੂਲੈਂਸ ਰਾਹੀਂ ਕਬਰਸਤਾਨ ਹੋ ਕੇ ਈਦੀ ਘਰ ਪਹੁੰਚਾ। ਬੀਵੀ ਅਤੇ ਖਾਵੰਦ ਇਕ ਦੂਜੇ ਤੋਂ ਲੁਕਣਾ ਚਾਹ ਰਹੇ ਸਨ। ਬੈਠ ਗਏ। ਨਿੱਕੇ ਨਿੱਕੇ ਬੂਟ ਪਏ ਸਨ। ਉਨ੍ਹਾਂ ਵੱਲ ਦੇਖਣ ਲੱਗੇ। ਨਿੱਕੇ ਨਿੱਕੇ ਕਮੀਜ਼ਾਂ, ਨਿੱਕਰਾਂ ਵਿਚ ਚਿਹਰਾ ਛੁਪਾ ਕੇ ਖੂਬ ਰੋਏ। ਧੀ ਕੁਬਰਾ ਕਮਜ਼ੋਰ, ਬੇਜ਼ਬਾਨ ਖਲੋਤੀ ਰਹੀ। ਨਾ ਜਿਸਮ ‘ਤੇ ਕਾਬੂ, ਨਾ ਲਫਜ਼ਾਂ ਉਪਰ। ਈਦੀ ਨੇ ਕਿਹਾ- “ਅੱਜ ਜੋ ਗੱਲ ਬਿਲਾਲ ਬਾਰੇ ਕਰਨੀ ਹੈ, ਕਰ ਲੈ ਧੀਏ। ਫਿਰ ਮੁੜ ਕੇ ਉਸ ਦਾ ਨਾਂ ਨੀ ਲੈਣਾ ਆਪਾਂ। ਠੀਕ?” ਉਸ ਨੇ ਕੁਝ ਨਾ ਕਿਹਾ।
ਈਦੀ ਦੇ ਪੂਰਵਜ ਸਿੰਧੀ ਹਿੰਦੂ ਸਨ ਜੋ ਨਿੱਕੀ-ਮੋਟੀ ਕਿਸਾਨੀ ਦਾ ਕੰਮ ਕਰਦੇ ਸਨ। ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ। ਇਨ੍ਹਾਂ ਨੂੰ ਮੋਮਿਨ ਕਿਹਾ ਜਾਂਦਾ ਰਿਹਾ, ਪਰ ਇਹੋ ਨਾਮ ਪਤਾ ਨਹੀਂ ਕਿਵੇਂ ਵਿਗੜ ਗਿਆ, ਮੈਮਨ ਹੋ ਗਿਆ। ਈਦੀ ਪਰਿਵਾਰ ਭਾਰਤੀ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿਚ ਵਸ ਕੇ ਵਪਾਰ ਕਰਨ ਲੱਗਾ। ਗੁਜਰਾਤੀ ਵਿਚ ਈਦੀ ਮਾਇਨੇ ਆਲਸੀ ਹੁੰਦਾ ਏ, ਪਰ ਇਹ ਬੜਾ ਹਿੰਮਤੀ ਪਰਿਵਾਰ ਸੀ। ਮੁਹੰਮਦ ਅਲੀ ਜਿਨਾਹ ਨੇ ਮੈਮਨਾਂ ਦੀ ਮਦਦ ਨਾਲ ਹੀ ਬੰਬਈ ਵਿਚ ਹਬੀਬ ਬੈਂਕ ਖੋਲ੍ਹਿਆ ਸੀ। ਮੈਮਨ ਵੱਡੇ ਵਪਾਰੀ ਘਰਾਣਿਆਂ ਦੇ ਮਾਲਕ ਸਨ ਜਿਨ੍ਹਾਂ ਦਾ ਮੁਕਾਬਲਾ ਕੇਵਲ ਪਾਰਸੀ ਕਰ ਸਕਦੇ ਸਨ, ਹੋਰ ਨਹੀਂ। ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਮੈਮਨਾਂ ਕੋਲ ਤੇ ਮੁਲਾਜ਼ਮਤ ਆਮ ਹਿੰਦੁਸਤਾਨੀਆਂ ਨੂੰ ਦਿਤੀ ਜਾਂਦੀ। ਪਿਤਾ ਦਾ ਨਾਮ ਅਬਦੁਲ ਸ਼ਕੂਰ ਈਦੀ ਤੇ ਮਾਂ ਗੁਰਬਾ ਸੀ। ਜੂਨਾਗੜ੍ਹ ਦੇ ਨੇੜੇ ਬੰਟਵਾ ਨਾਮ ਦੇ 25 ਹਜ਼ਾਰ ਆਬਾਦੀ ਵਾਲੇ ਕਸਬੇ ਵਿਚ 20 ਹਜ਼ਾਰ ਮੈਮਨ ਸਨ।
—
ਮਾਂ ਦਿਆਲੂ ਸੀ। ਵਪਾਰਕ ਦੌਰੇ ‘ਤੇ ਗਿਆ ਪਿਤਾ ਕਈ ਵਾਰ ਸਾਲ ਸਾਲ ਨਾ ਪਰਤਦਾ। ਸੁੱਕੇ ਮੇਵਿਆਂ ਦੀਆਂ ਪੇਟੀਆਂ ਭੇਜਦਾ ਰਹਿੰਦਾ। ਮਾਂ ਇਨ੍ਹਾਂ ਦੇ ਨਿੱਕੇ ਨਿੱਕੇ ਪੈਕਟ ਬਣਾ ਕੇ ਈਦੀ ਨੂੰ ਗਰੀਬ ਬਸਤੀਆਂ ਵਿਚ ਵੰਡਣ ਲਈ ਫੜਾ ਦਿੰਦੀ। ਸਕੂਲ ਜਾਣ ਵੇਲੇ ਹਰ ਰੋਜ਼ ਦੋ ਪੈਸੇ ਦੇ ਕੇ ਮਾਂ ਆਖਦੀ- ਇਕ ਪੈਸਾ ਤੇਰਾ ਹੈ, ਇਕ ਕਿਸੇ ਲੋੜਵੰਦ ਦਾ। ਦੂਜਾ ਉਸ ਨੂੰ ਦੇਈਂ ਜੋ ਤੈਨੂੰ ਮੁਥਾਜ ਲੱਗੇ। ਉਹ ਚਿਹਰਾ ਪੜ੍ਹ ਕੇ ਹੀ ਸਮਝ ਜਾਂਦੀ ਜਦੋਂ ਈਦੀ ਦੋਵੇਂ ਪੈਸੇ ਛਕ ਆਉਂਦਾ- “ਕਿੰਨਾ ਖੁਦਗਰਜ਼ ਐਂ ਤੂੰ। ਕਿਸ ਤਰ੍ਹਾਂ ਦਾ ਪੱਥਰ ਦਿਲ ਹੈ ਤੇਰਾ? ਏਨੀ ਛੋਟੀ ਉਮਰ ਵਿਚ ਹੀ ਤੂੰ ਗਰੀਬਾਂ ਨੂੰ ਲੁੱਟਣਾ ਸ਼ੁਰੂ ਕਰ ਦਿਤੈ? ਵੱਡਾ ਹੋ ਕੇ ਕੀ ਕੀ ਕਰੇਂਗਾ, ਪਤਾ ਨਹੀਂ।” ਸ਼ਰਮਸਾਰ ਈਦੀ ਨੀਵੀਂ ਪਾਈ ਖਲੋਤਾ ਰਹਿੰਦਾ।
ਸਕੂਲ ਜਾਂਦਿਆਂ ਉਸ ਨੇ ਦੇਖਿਆ, ਮੁੰਡਿਆਂ ਦੀ ਟੋਲੀ ਪਾਗਲ ਨੂੰ ਘੇਰੀ ਖਲੋਤੀ ਹੈ। ਛਟੀਆਂ ਨਾਲ ਛੇੜ-ਛਾੜ ਕਰ ਰਹੇ ਸਨ। ਖਿੱਲਰੇ ਵਾਲਾਂ ਵਾਲੇ ਪਾਗਲ ਦੀ ਨਜ਼ਰ ਅਜਿਹੀ, ਜਿਵੇਂ ਸੱਪ ਡੰਗ ਮਾਰ ਰਹੇ ਹੋਣ। ਈਦੀ ਉਨ੍ਹਾਂ ਕੋਲ ਆ ਕੇ ਗੱਜਿਆ, “ਸ਼ਰਮ ਨੀ ਆਉਂਦੀ ਤੁਹਾਨੂੰ? ਇਹਦੀ ਮਦਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਰਹਿਮ ਤਾਂ ਕਰੋ।” ਬੱਚਿਆਂ ਨੇ ਦੇਖਿਆ, ਇਹ ਮਾੜਚੂ ਜਿਹਾ ਮੁੰਡਾ ਕਿਵੇਂ ਹੁਕਮ ਚਾੜ੍ਹ ਰਿਹਾ ਹੈ। ਪਾਗਲ ਤੋਂ ਹਟ ਕੇ ਇਸ ਵੱਲ ਹੋ ਗਏ, ਖੂਬ ਕੁਟਾਈ ਕੀਤੀ। ਘਰ ਆ ਕੇ ਮਾਂ ਨੂੰ ਦੱਸਿਆ। ਮਾਂ ਨੇ ਜ਼ਖਮ ਧੋਏ, ਦਵਾਈ ਲਾਈ, ਅਸੀਸਾਂ ਦਿੰਦਿਆਂ ਕਿਹਾ- ਤੂੰ ਉਸ ਦੀ ਆਵਾਜ਼ ਬਣਿਆਂ ਜਿਸ ਦੀ ਕੋਈ ਆਵਾਜ਼ ਨਹੀਂ ਸੀ, ਬੇਸਹਾਰੇ ਦਾ ਸਹਾਰਾ। ਰੱਬ ਤੇਰਾ ਭਲਾ ਕਰੇਗਾ ਪੁੱਤਰ, ਚੰਗੇ ਕੰਮ ਵਾਸਤੇ ਕੁੱਟ ਖਾਣੀ ਪਵੇ, ਝਿਜਕੀਂ ਨਾ।
ਪੜਾ੍ਹਈ ਵਿਚ ਚੰਗਾ ਨਾ ਨਿਕਲਿਆ। ਪੰਜ ਜਮਾਤਾਂ ਪਾਸ ਕਰ ਕੇ ਕੱਪੜੇ ਦੇ ਵਪਾਰੀ ਕੋਲ ਪੰਜ ਰੁਪਏ ਮਹੀਨੇ ਦੀ ਨੌਕਰੀ ‘ਤੇ ਲੱਗ ਗਿਆ। ਉਥੇ ਹੋਰ ਲੜਕੇ ਵੀ ਨੌਕਰ ਸਨ। ਈਦੀ ਨੇ ਦੋ ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਬਾਬਤ ਦੱਸ ਦਿਤਾ। ਉਨ੍ਹਾਂ ਵਿਚੋਂ ਇਕ ਨੇ ਕਿਹਾ- ਈਦੀ ਵੀ ਸਾਡੇ ਨਾਲ ਸ਼ਾਮਲ ਸੀ। ਸੇਠ ਗਰਜਿਆ- ਖਬਰਦਾਰ ਜੇ ਹੋਰ ਬਕਵਾਸ ਕੀਤਾ। ਹਾਜੀ ਸ਼ਕੂਰ ਦਾ ਪੁੱਤਰ ਚੋਰ ਨਹੀਂ ਹੋ ਸਕਦਾ।
ਸੋਚਦਾ- ਮੈਂ ਤੀਲਾਂ ਦੀਆਂ ਡੱਬੀਆਂ ਤੇ ਪੈਨਸਲਾਂ ਗਲੀਆਂ ਵਿਚ ਵੇਚਿਆ ਕਰਾਂਗਾ, ਆਮਦਨ ਵਿਚੋਂ ਸ਼ੇਅਰ ਖਰੀਦਾਂਗਾ, ਹੋਰ ਬਚਤ ਹੋਵੇਗੀ ਤਾਂ ਹਸਪਤਾਲ ਉਸਾਰਾਂਗਾ, ਫੈਕਟਰੀ ਵੀ, ਜਿਥੇ ਕੇਵਲ ਗਰੀਬਾਂ ਨੂੰ ਰੁਜ਼ਗਾਰ ਮਿਲੇ। ਅੰਗਹੀਣਾਂ ਵਾਸਤੇ ਵੱਖਰਾ ਪਿੰਡ ਵਸਾਵਾਂਗਾ। ਹਮਉਮਰ ਬੱਚੇ ਹੱਸਦੇ- ਤੂੰ ਸੁਫਨਸਾਜ਼ ਹਂੈ, ਸ਼ੇਖਚਿਲੀ। ਹਵਾਈ ਮਹਿਲ ਉਸਾਰਦਾ ਰਹਿੰਨੈ। ਈਦੀ ਆਖਦਾ – ਅਜੇ ਕੰਮ ਤਾਂ ਮੈਂ ਘੱਟ ਕਰ ਸਕਦਾ ਹਾਂ, ਪਰ ਘੱਟ ਸੋਚਾਂ ਕਿਉਂ? ਜਿੰਨੀ ਦੂਰ ਤੱਕ ਸੋਚਿਆ ਜਾ ਸਕਦੈ, ਸੋਚਾਂਗਾ।
ਦੇਸ ਵੰਡ ਵੇਲੇ ਮੈਮਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ। ਇਕ ਤਾਂ ਜਿਨਾਹ ਨੇ ਵਾਸਤਾ ਪਾਇਆ- ਮੈਮਨਾਂ ਬਗੈਰ ਪਾਕਿਸਤਾਨ ਦਾ ਵਪਾਰ ਠੱਪ ਹੋ ਜਾਏਗਾ; ਦੂਜੇ ਵੱਲਭ ਭਾਈ ਪਟੇਲ ਨੇ ਬੰਟਵਾ ‘ਤੇ ਹਮਲਾ ਕਰਵਾ ਦਿੱਤਾ। ਉਸ ਦਾ ਇਰਾਦਾ ਮੈਮਨਾਂ ਦਾ ਕਾਰੋਬਾਰ ਹਥਿਆਉਣ ਦਾ ਸੀ। ਦੰਗੇ ਹੋਣ ਲੱਗੇ ਤਾਂ ਅਮਨ ਪਸੰਦ ਮੈਮਨ ਹਿਜਰਤ ਕਰਨ ਲਗੇ। ਕਰਾਚੀ ਦੀ ਕਿਸੇ ਸੁੰਨੀ ਹਵੇਲੀ ਵਿਚ ਇਨ੍ਹਾਂ ਦਾ ਉਤਾਰਾ ਹੋਇਆ। ਵਧੇਰੇ ਲੋਕ ਬੇਸ਼ਕ ਉਜੜੀਆਂ ਹਿੰਦੂ ਜਾਇਦਾਦਾਂ ਉਪਰ ਕਬਜ਼ੇ ਕਰਦੇ ਗਏ। ਈਦੀ ਦਾ ਪਿਤਾ ਇਸ ਦੇ ਖਿਲਾਫ ਸੀ। ਕਮਰਾ ਕਿਰਾਏ ‘ਤੇ ਲਿਆ ਜਿਸ ਵਿਚ ਪਰਿਵਾਰ ਵਸ ਗਿਆ ਤੇ ਦੁਕਾਨ ਕਿਰਾਏ ‘ਤੇ ਲੈ ਕੇ ਆਪ ਕਮਿਸ਼ਨ ਏਜੰਟ ਦਾ ਕੰਮ ਕਰਨ ਲੱਗਾ। ਈਦੀ ਨੇ ਪਹਿਲਾਂ ਨਿਕ-ਸੁਕ ਰੇਹੜੀ ‘ਤੇ ਵੇਚਿਆ, ਮੁਨਾਫਾ ਹੋ ਗਿਆ ਤਾਂ ਪਾਨ ਦੀ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ।
ਪਿਤਾ ਨੂੰ ਲੋਕ ਆਖਦੇ- ਤੇਰੇ ਕੋਲ ਪੈਸੇ ਦੀ ਘਾਟ ਨਹੀਂ, ਮੁੰਡੇ ਨੂੰ ਚੱਜ ਦਾ ਕਾਰੋਬਾਰ ਸਿਖਾ, ਵੱਡੀ ਦੁਕਾਨ ਲੈ ਦੇਹ। ਪਿਤਾ ਆਖਦਾ- ਹੇਠਾਂ ਤੋਂ ਸ਼ੁਰੂ ਕਰੇਗਾ, ਕਾਮਯਾਬ ਹੋਏਗਾ। ਇਹਨੂੰ ਆਦਮੀ ਦੀ ਫਿਤਰਤ ਅਤੇ ਪੈਸੇ ਦੀ ਕੀਮਤ ਦਾ ਪਤਾ ਲੱਗਣਾ ਚਾਹੀਦੈ। ਪਹਿਲੋਂ ਹੀ ਉਪਰ ਚੜ੍ਹ ਜਾਵੇ ਤਾਂ ਬੱਚਾ ਹੇਠਲੀ ਸਚਾਈ ਤੋਂ ਵਾਕਫ ਨਾ ਹੋਣ ਕਾਰਨ ਫੇਲ੍ਹ ਹੋ ਜਾਂਦੈ। ਹੇਠੋਂ ਉਪਰ ਜਾਏਗਾ, ਡਿਗੇਗਾ ਨਹੀਂ।
1948 ਵਿਚ ਮੈਮਨਾਂ ਨੇ ਦਾਨ ਰਾਸ਼ੀ ਰਾਹੀਂ ਚੱਲਣ ਵਾਲੀ ਡਿਸਪੈਂਸਰੀ ਖੋਲ੍ਹੀ। ਵਾਲੰਟੀਅਰ ਮੰਗੇ ਗਏ। ਈਦੀ ਨੇ ਨਾਮ ਲਿਖਵਾ ਦਿਤਾ। ਕੁੱਲ ਅੱਠ ਵਲੰਟੀਅਰਾਂ ਵਿਚੋਂ ਈਦੀ ਸਭ ਤੋਂ ਛੋਟਾ ਸੀ। ਅੱਬੂ ਨੂੰ ਲੋਕ ਪੁੱਛਦੇ- ਤੂੰ ਕਿੰਨਾ ਦਾਨ ਦਿੱਤਾ ਭਰਾ? ਅੱਬਾ ਈਦੀ ਵੱਲ ਉਂਗਲ ਕਰ ਕੇ ਆਖਦਾ- ਸਭ ਕੁਝ।
ਈਦੀ ਨੇ ਦੇਖਿਆ, ਬਿਮਾਰਾਂ ਨਾਲ ਵਿਤਕਰਾ ਹੋ ਰਿਹਾ ਸੀ। ਮੈਮਨਾਂ ਨੂੰ ਦਵਾਈ ਦਿਤੀ ਜਾਵੇਗੀ। ਜੇ ਬਚੀ ਤਾਂ ਹੋਰਾਂ ਨੂੰ। ਈਦੀ ਸਾਰਾ ਦਿਨ ਨੌਕਰੀ ਕਰ ਕੇ ਅੱਧੀ ਰਾਤ ਤੱਕ ਡਿਸਪੈਂਸਰੀ ਵਿਚ ਮੁਫਤ ਡਿਊਟੀ ਦਿੰਦਾ, ਪਰ ਬਾਕੀ ਵਾਲੰਟੀਅਰ ਪੰਜ ਘੰਟਿਆਂ ਬਾਅਦ ਬੂਹਾ ਬੰਦ ਕਰ ਕੇ ਚਲੇ ਜਾਂਦੇ। ਐਕਸਰੇ ਕਰਨ ਵਾਲੇ ਮੁੰਡੇ ਸ਼ਰੇਆਮ ਰਿਸ਼ਵਤ ਲੈਂਦੇ। ਪ੍ਰਬੰਧਕਾਂ ਦੀ ਮੀਟਿੰਗ ਹੋਈ, ਇਕ ਅਮੀਰ ਦੂਜੇ ਨੂੰ ਵਡਿਆ ਰਿਹਾ ਸੀ। ਚਾਪਲੂਸੀ ਦੇ ਸਾਰੇ ਵਾਕ ਖਤਮ ਹੋਏ ਤਾਂ ਈਦੀ ਖਲੋ ਗਿਆ; ਕਿਹਾ, ਮੈਂ ਵੀ ਕੋਈ ਗੱਲ ਕਰਨੀ ਹੈ। ਇਹ ਕੀ ਗੱਲ ਕਰੇਗਾ? ਹੱਸਣ ਲੱਗੇ। ਤਾਹਨੇ ਦੇਣ ਲੱਗੇ। ਨਾ ਹਟਿਆ ਤਾਂ ਚੁੱਪ ਕਰ ਕੇ ਸੁਣਨ ਲੱਗੇ। ਈਦੀ ਨੇ ਸਾਰੀਆਂ ਚੋਰ-ਮੋਰੀਆਂ, ਕਮਜ਼ੋਰੀਆਂ ਦਾ ਪਰਦਾਫਾਸ਼ ਕਰ ਦਿਤਾ। ਮੁੱਕੇ ਹਵਾ ਵਿਚ ਉਲਰੇ, ਹੱਥੋਪਾਈ ਹੋਈ, ਈਦੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਤਾ। ਕੋਈ ਮਦਦਗਾਰ ਨਾ ਬਹੁੜਿਆ। ਕਿਸੇ ਨੇ ਈਦੀ ਨੂੰ ਕਿਹਾ- ਮਾੜਾ ਹੋਇਆ, ਤੇਰੀ ਬੇਇਜ਼ਤੀ ਹੋਈ ਈਦੀ। ਈਦੀ ਨੇ ਕਿਹਾ- ਬਿਲਕੁਲ ਨਹੀਂ, ਮੇਰੀ ਬੇਇਜ਼ਤੀ ਕੋਈ ਕਰ ਈ ਨੀ ਸਕਦਾ। ਮੈਨੂੰ ਕੁਝ ਪ੍ਰੇਸ਼ਾਨ ਕੀਤਾ ਹੈ ਉਨ੍ਹਾਂ ਨੇ। ਬੇਇਜ਼ਤੀ ਤਾਂ ਉਨ੍ਹਾਂ ਦੀ ਹੋਈ ਜਿਹੜੇ ਚੋਰ ਨੇ, ਝੂਠੇ ਨੇ। ਪਿਤਾ ਨੇ ਸ਼ਾਬਾਸ਼ ਦਿਤੀ ਤੇ ਕਿਹਾ- ਤੂੰ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਉਨ੍ਹਾਂ ਨੂੰ ਪਛਾੜੇਂਗਾ। ਨਜ਼ਰਅੰਦਾਜ਼ ਕਰੀ ਚੱਲ, ਆਪਣਾ ਰਸਤਾ ਨਾ ਛੱਡੀਂ।
1951 ਵਿਚ ਬੱਚਤ ਕੀਤੀ ਰਕਮ 2300 ਰੁਪਏ ਵਿਚੋਂ ਉਸ ਨੇ ਮੀਠਾਦਾਰ ਵਿਚ ਡਿਸਪੈਂਸਰੀ ਖੋਲ੍ਹੀ। ਸਿੱਧੀਆ ਕੰਪਨੀ ਤੋਂ, ਘਟ ਪੈਸੇ ਨਾਲ ਦਵਾਈਆਂ ਖਰੀਦਦਾ, ਡਾਕਟਰ ਰੱਖ ਲਿਆ ਨੌਕਰੀ ‘ਤੇ। ਖੁਦ ਫਾਰਮੇਸੀ ਅਤੇ ਵਹੀਖਾਤੇ ਦੀ ਸਿਖਲਾਈ ਲੈਂਦਾ, ਰਾਤ ਨੂੰ ਦੁਕਾਨ ਅੱਗੇ ਬੈਂਚ ਉਪਰ ਸੌਂ ਜਾਂਦਾ। ਰਾਤ ਨੂੰ ਮਰੀਜ਼ ਆਉਂਦਾ, ਫਸਟ ਏਡ ਦੇ ਦਿੰਦਾ। ਇਲਾਜ ਦੀ ਫੀਸ ਬੇਸ਼ਕ ਬਹੁਤ ਥੋੜ੍ਹੀ ਸੀ, ਪਰ ਬੱਚਤ ਹੋਣ ਲੱਗੀ। ਇਸ ਬੱਚਤ ਸਦਕਾ ਉਸ ਨੇ ਦੁਨੀਆਂ ਦੇਖਣੀ ਚਾਹੀ। ਬੱਸ ਰਾਹੀਂਂ 1956 ਵਿਚ ਇਰਾਨ, ਤੁਰਕੀ, ਯੂਨਾਨ, ਬੁਲਗਾਰੀਆਂ ਵਿਚੋਂ ਲੰਘਦਾ ਯੂਗੋਸਲਾਵੀਆ ਅੱਪੜਿਆ। ਫਰਾਂਸ ਅਤੇ ਤੁਰਕੀ ਦੇਖੇ। ਇਮੀਗਰੇਸ਼ਨ ਵਾਲੇ ਸਰਹੱਦ ‘ਤੇ ਰੋਕ ਕੇ ਤਲਾਸ਼ੀ ਲੈਂਦੇ, ਸਿਵਾਇ ਦੋ ਜੋੜੇ ਕੱਪੜਿਆਂ ਅਤੇ ਖਾਣ ਦੇ ਕੁਝ ਸਾਮਾਨ ਦੇ, ਕੱਪੜੇ ਦੇ ਝੋਲੇ ਵਿਚ ਕੁਝ ਨਾ ਹੁੰਦਾ ਤਾਂ ਗਰੀਬ ਯਾਤਰੀ ਸਮਝ ਕੇ ਦਾਨੀ ਅਫਸਰ ਪੈਸੇ ਦੇ ਦਿੰਦੇ। ਦੁਆਵਾਂ ਦਿੰਦਾ ਲੰਘ ਜਾਂਦਾ।
ਦੇਖਦਾ, ਪੱਛਮੀ ਦੇਸਾਂ ਦੇ ਲੋਕ ਕਿੰਨੀ ਤੇਜ਼ ਚਾਲ ਚਲਦੇ ਹਨ। ਕਿੰਨੀ ਸਖਤ ਮਿਹਨਤ ਕਰਦੇ ਹਨ। ਪਾਕਿਸਤਾਨ? ਪਾਕਿਸਤਾਨ ਇਨ੍ਹਾਂ ਨਾਲ ਕਿਵੇਂ ਰਲੇਗਾ? ਜਿਨਾਹ ਨੇ ਪਹਿਲੇ ਦੌਰ ਵਿਚ ਜਿਹੜੀ ਬਾਜ਼ੀ ਜਿੱਤੀ, ਦੂਜੇ ਦੌਰ ਵਿਚ ਹਾਰੀ ਜਾ ਰਹੀ ਦਿਸਦੀ ਸੀ। ਸੋਚਦਾ, ਦੇਸ ਆਪੇ ਈ ਆਪਣੇ ਖਿਲਾਫ਼ ਹੋਈ ਜਾ ਰਿਹਾ ਹੈ।
ਲੋਕ ਉਸ ਨੂੰ ਖਾਣ ਲਈ ਕੁਝ ਦੇ ਦਿੰਦੇ, ਖਾ ਲੈਂਦਾ। ਰੇਲਵੇ ਸਟੇਸ਼ਨ ‘ਤੇ ਸੌਂ ਗਿਆ। ਸਵੇਰੇ ਦੇਖਿਆ, ਬੈਂਚ ਹੇਠੋਂ ਜੁੱਤੀ ਗਾਇਬ। ਕੋਈ ਗੱਲ ਨਹੀਂ। ਨੰਗੇ ਪੈਰੀਂ ਕਿਹੜਾ ਤੁਰਿਆ ਨਹੀਂ ਜਾਂਦਾ। ਕਿਸੇ ਔਰਤ ਨੇ ਪੁਰਾਣੇ ਬੂਟਾਂ ਦਾ ਜੋੜਾ ਦੇ ਦਿਤਾ। ਵੱਡਾ ਸਾਈਜ਼ ਸੀ। ਉਸੇ ਨਾਲ ਯਾਤਰਾ ਜਾਰੀ ਰਹੀ। ਇੰਗਲੈਂਡ ਜਾ ਕੇ ਆਪਣੇ ਪੁਰਾਣੇ ਗੁਜਰਾਤੀ ਮਿੱਤਰ ਸਿਦਕ ਈਦੀ ਦਾ ਘਰ ਲੱਭ ਲਿਆ। ਉਹ ਚੰਗੀ ਨੌਕਰੀ ‘ਤੇ ਸੀ। ਈਦੀ ਨੂੰ ਕਿਹਾ- ਤੈਨੂੰ ਵੀ ਚੰਗੀ ਕਮਾਈ ਵਾਲੀ ਨੌਕਰੀ ਮਿਲ ਸਕਦੀ ਹੈ ਇਥੇ; ਜਿੰਨੀ ਮਿਹਨਤ ਕਰੋ, ਉਨੀ ਕਮਾਈ। ਈਦੀ ਨੇ ਕਿਹਾ- ਮੇਰੇ ਬਿਨਾ ਪਾਕਿਸਤਾਨ ਕਿਵੇਂ ਚੱਲੇਗਾ? ਜਿਹੋ ਜਿਹਾ ਇੰਗਲੈਂਡ ਹੈ, ਮੈਂ ਪਾਕਿਸਤਾਨ ਉਸ ਤਰ੍ਹਾਂ ਦਾ ਬਣਾਉਣਾ ਹੈ।
ਗੈਰਹਾਜ਼ਰੀ ਵਿਚ ਈਦੀ ਵਿਰੁੱਧ ਅਫਵਾਹਾਂ ਉਡਾਈਆਂ ਗਈਆਂ ਕਿ ਉਹ ਦਾਨ ਦੇ ਪੈਸੇ ਲੈ ਕੇ ਵਿਦੇਸ਼ ਭੱਜ ਗਿਆ ਹੈ। ਡਿਸਪੈਂਸਰੀ ਵਾਲਿਆਂ ਪ੍ਰਚਾਰ ਕੀਤਾ- ਤਾਂ ਹੀ ਤਾਂ ਅਸੀ ਉਸ ਚੋਰ ਨੂੰ ਕੱਢਿਆ ਸੀ। ਵਾਪਸ ਆ ਕੇ ਦੁਕਾਨ ਦੇ ਉਪਰਲਾ ਕਮਰਾ ਕਿਰਾਏ ਤੇ ਲੈ ਕੇ ਜ਼ੱਚਾ-ਬੱਚਾ ਸਿਖਲਾਈ ਕੇਂਦਰ ਖੋਲ੍ਹਣ ਦਾ ਐਲਾਨ ਕਰ ਦਿਤਾ। ਕੋਰਸ ਸਿਖਣ ਲਈ ਅਰਜ਼ੀਆਂ ਦਾ ਹੜ੍ਹ ਆ ਗਿਆ। ਆਲੋਚਕਾਂ ਨੇ ਪ੍ਰਚਾਰ ਕੀਤਾ- ਇਹ ਦੁਰਾਚਾਰੀ ਹੈ, ਮਾੜੇ ਕੰਮਾਂ ਲਈ ਨਵੀਂ ਦੁਕਾਨ ਖੋਲ੍ਹੀ ਹੈ, ਇਹ ਮੁਸਲਮਾਨ ਨਹੀਂ, ਵਗੈਰਾ ਵਗੈਰਾ। ਜਿਹੜੀਆਂ ਕੁੜੀਆਂ ਪਹਿਲੇ ਬੈਚ ਵਿਚ ਡਰਦੀਆਂ ਦਾਖਲ ਨਾ ਹੋਈਆਂ, ਉਹ ਅਗਲੇ ਬੈਚ ਵਿਚ ਆ ਗਈਆਂ। ਦਾਨ-ਡੱਬੇ ਵਿਚ ਦਾਨੀ ਲੋਕ ਵਧੀਕ ਪੈਸੇ ਪਾਉਣ ਲੱਗੇ। ਮਾਲਕੀ ਕਿਉਂਕਿ ਇਕੱਲੇ ਦੀ ਸੀ; ਸੁਸਤ, ਕਮਜ਼ੋਰ ਮੁਲਾਜ਼ਮਾਂ ਨੂੰ ਹਟਾ ਕੇ ਹਿੰਮਤੀ ਬੰਦੇ ਰੱਖ ਲੈਂਦਾ।
1951 ਵਿਚ ਹਾਂਗਕਾਂਗ ਫਲੂ ਦੀ ਬਿਮਾਰੀ ਉਠੀ, ਵੱਡੀ ਗਿਣਤੀ ਵਿਚ ਮੌਤਾਂ ਹੋਣ ਲੱਗੀਆਂ। ਸਲਾਹਕਾਰਾਂ ਦੀ ਸਲਾਹ ਦੇ ਉਲਟ, ਈਦੀ ਨੇ ਸੇਵਾ ਕਰਨ ਦਾ ਫੈਸਲਾ ਕੀਤਾ। ਸ਼ਹਿਰ ਦੇ ਚਾਰੇ ਪਾਸੇ ਤੇਰਾਂ ਟੈਂਟ ਬਾਹਰਵਾਰ ਲਾ ਕੇ ਐਲਾਨ ਕਰ ਦਿੱਤਾ ਕਿ ਮਰੀਜ਼ ਆਉਣ। ਦਵਾਈਆਂ ਦਾ ਬੰਦੋਬਸਤ ਜੋ ਹੋ ਸਕਦਾ ਸੀ, ਕੀਤਾ। ਦਾਨ-ਬਕਸੇ ਰੱਖ ਕੇ ਉਪਰ ਲਿਖਿਆ- ਦੇਣ ਲਈ ਕੁਝ ਹੈ ਤਾਂ ਦਿਉ, ਨਹੀਂ ਤਾਂ ਨਾ ਸਹੀ। ਈਦੀ ਦਾ ਸਭ ਕੁਝ ਤੁਹਾਡਾ ਹੈ। ਤੁਹਾਡਾ- ਈਦੀ।
ਕੋਈ ਮੈਮਨ ਵਪਾਰੀ ਕਈ ਦਿਨ ਈਦੀ ਦਾ ਕੰਮ ਢੰਗ ਬਰੀਕੀ ਨਾਲ ਦੇਖਦਾ ਰਿਹਾ। ਉਸ ਨੇ ਇਕੋ ਵਾਰ ਵੀਹ ਹਜ਼ਾਰ ਦਾਨ ਦੇ ਦਿੱਤਾ। ਉਸੇ ਸ਼ਾਮ ਪੁਰਾਣੀ ਵੈਗਨ ਸੱਤ ਹਜ਼ਾਰ ਰੁਪਏ ਦੀ ਲੈ ਕੇ ਪੇਂਟ ਕਰਵਾਇਆ, ਉਪਰ ਲਿਖ ਦਿੱਤਾ- ਗਰੀਬ ਦੀ ਮੋਟਰ। ਇਸ ਪਿਛੋਂ ਕਦੀ ਧਨ ਦੀ ਕਮੀ ਨਾ ਆਈ। ਸਾਰੇ ਸਿੰਧ ਵਿਚ ਪੰਜ ਐਂਬੂਲੈਂਸ ਗੱਡੀਆਂ ਸਨ। ਜੇ ਲੋੜ ਪੈਣ ‘ਤੇ ਇਹ ਨਾ ਮਿਲਦੀਆਂ, ਈਦੀ ਹਾਜ਼ਰ ਹੁੰਦਾ; ਇਥੋਂ ਤੱਕ ਕਿ ਪੁਲਿਸ ਮਹਿਕਮੇ ਨੂੰ ਵੀ ਜਵਾਬ ਨਾ ਦਿੰਦਾ। ਕਿਸੇ ਨੂੰ ਇਨਕਾਰ ਨਹੀਂ। ਹੁਣ ਤਕ ਦਾਨ ਕੇਵਲ ਗਰੀਬਾਂ ਨੇ ਦਿੱਤਾ ਸੀ, ਪਹਿਲੀ ਵਾਰ ਅਮੀਰ ਆਦਮੀ ਵਲੋਂ ਦਾਨ ਮਿਲਿਆ। ਇਸ ਪਿਛੋਂ ਤਿੰਨ ਲੱਖ ਰੁਪਏ ਕਿਸੇ ਸੇਠ ਨੇ ਦਿੱਤੇ ਜਿਸ ਨਾਲ ਪੁਰਾਣੀ ਐਕਸਰੇ ਦੀ ਮਸ਼ੀਨ ਖਰੀਦੀ, ਪਲਾਟ ਖਰੀਦਿਆ, ਦੋ ਡਾਕਟਰ ਹੋਰ ਰੱਖ ਲਏ, ਦੋ ਹਾਲ, ਤਿੰਨ ਵਰਾਂਡੇ, ਚਾਰ ਕਮਰੇ ਮੈਟਰਨਿਟੀ ਯੂਨਿਟ ਦੇ ਪਿਛੇ ਕਿਰਾਏ ‘ਤੇ ਲੈ ਲਏ।
ਉਸ ਨੇ ਫੁੱਟਪਾਥਾਂ ‘ਤੇ ਪਏ, ਸੀਵਰ ਪਾਈਪਾਂ ਵਿਚ ਪਏ ਗਰੀਬ ਲੋਕਾਂ ਨੂੰ ਛੱਤ ਹੇਠ ਲਿਆਂਦਾ। ਅਮੀਰ ਚੀਕਦੇ- ਦੇਖੋ, ਉਹ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦੈ। ਈਦੀ ਆਖਦਾ- ਤੁਸੀਂ ਇਨ੍ਹਾਂ ਨੂੰ ਆਪਣੇ ਮਹਿਲਾਂ ਵਿਚ ਲੈ ਜਾਓ, ਸੇਵਾ ਕਰੋ, ਅੱਲਾਹ ਖੁਸ਼ ਹੋਵੇਗਾ। ਮਦਦ ਨਹੀਂ ਕਰਨੀ ਨਾ ਸਹੀ, ਮੈਨੂੰ ਰੋਕੋ ਤਾਂ ਨਾ।
ਉਸ ਨੇ ਦੇਖਿਆ- ਝੁੱਗੀਆਂ ਝੌਪੜੀਆਂ ਵਿਚੋਂ ਆਉਂਦੇ ਬੰਦਿਆਂ ਵਿਚੋਂ ਬਦਬੂ ਆਉਂਦੀ ਹੈ। ਵਾਲੰਟੀਅਰ ਮਰੀਜ਼ ਨੂੰ ਨੁਹਾ ਦਿੰਦੇ ਤਾਂ ਫਟਾ-ਫਟ ਆਪ ਸਾਬਣ ਨਾਲ ਰਗੜ ਰਗੜ ਪਿੰਡਾ ਮਲ ਕੇ ਨਹਾਉਂਦੇ। ਕੱਪੜੇ ਧੋ ਕੇ ਕੀਟਨਾਸ਼ਕ ਘੋਲ ਵਿਚ ਪਾ ਦਿੰਦੇ। ਕਈ ਫਿਰ ਵੀ ਸੁੱਕੇ ਕੱਪੜੇ ਦਾਨ ਕਰ ਦਿੰਦੇ। ਈਦੀ ਨੇ ਇਸ ਐਲਰਜੀ ਤੋਂ ਛੁਟਕਾਰਾ ਪਾਉਣ ਲਈ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਦਾ ਕੰਮ ਆਰੰਭਿਆ। ਖੂਹਾਂ ਵਿਚ ਬਦਬੂ ਮਾਰਦੀਆਂ ਲਾਸ਼ਾਂ, ਸਮੁੰਦਰ ਵਿਚ ਤੈਰਦੀਆਂ ਕਾਲੀਆਂ ਲਾਸ਼ਾਂ, ਹੱਥ ਲਾਉਣ ‘ਤੇ ਹੀ ਮਾਸ ਖੁਰ ਜਾਂਦਾ। ਟੈਲੀਫੋਨ ਲੱਗ ਗਿਆ ਤਾਂ ਕੰਮ ਕਈ ਗੁਣਾਂ ਵਧ ਗਿਆ, ਦਿਨ ਰਾਤ ਚੱਲ ਸੋ ਚੱਲ। ਉਹ ਜ਼ਖਮੀਆਂ ਨੂੰ ਪਹਿਲਾਂ ਚੁਕਦਾ, ਲਾਸ਼ਾਂ ਬਾਅਦ ਵਿਚ।
ਸੇਠਾਂ ਨੇ ਪੈਸੇ ਦੀ ਦੁਰਵਰਤੋਂ ਦੇ ਫਿਰ ਸ਼ੋਸ਼ੇ ਛੱਡੇ, ਈਦੀ ਨੇ ਬਿਆਨ ਛਪਵਾਇਆ- “ਜਿਹੜਾ ਮੈਨੂੰ ਪੈਸੇ ਦਿੰਦਾ ਹੈ, ਉਹ ਮੈਥੋਂ ਹਿਸਾਬ ਮੰਗਣ ਦਾ ਹੱਕਦਾਰ ਹੈ। ਜਿਸ ਨੂੰ ਦਾਨ ਦੇਣ ਪਿਛੋਂ ਪਛਤਾਵਾ ਹੋਇਆ, ਉਹ ਆਵੇ ਤੇ ਪੈਸੇ ਵਾਪਸ ਲੈ ਜਾਵੇ। ਹਰ ਦਾਨੀ ਨੂੰ ਰਸੀਦ ਦਿਆ ਕਰਾਂਗਾ, ਰਸੀਦ ਦਿਖਾਏ ਤੇ ਪੈਸੇ ਲੈ ਜਾਵੇ। ਜਿਸ ਨੇ ਕੋਈ ਦਾਨ ਨਹੀਂ ਦਿੱਤਾ, ਉਸ ਨੂੰ ਨਾ ਹਿਸਾਬ ਦਿਆਂਗਾ, ਨਾ ਪ੍ਰਵਾਹ ਕਰਾਂਗਾ।”
1958 ਵਿਚ ਪਿਤਾ ਨੇ ਦੋਵਾਂ ਭਰਾਵਾਂ ਵਿਚ ਜਾਇਦਾਦ ਵੰਡੀ ਤਾਂ ਈਦੀ ਲੱਖਪਤੀ ਬਣ ਗਿਆ। ਬੈਂਕ ਵਿਚ ਜਮ੍ਹਾਂ ਕਰਵਾ ਕੇ ਆਪਣਾ ਨਿੱਜੀ ਖਰਚਾ ਇਸ ਦੇ ਵਿਆਜ ਵਿਚੋਂ ਕਰਨ ਲੱਗਾ। ਜੋ ਬਚ ਜਾਂਦਾ, ਸ਼ੇਅਰ ਖਰੀਦ ਲੈਂਦਾ। ਈਦੀ ਵਿਰੁੱਧ ਸਭ ਤੋਂ ਵਧੀਕ ਮੰਦਾ ਬੋਲਣ ਵਾਲੇ ਸੇਠ ਦਾ ਬੱਚਾ ਛੱਤ ਤੋਂ ਡਿੱਗ ਪਿਆ। ਐਂਬੂਲੈਂਸ ਨਾ ਮਿਲੀ। ਈਦੀ ਨੂੰ ਪਤਾ ਲੱਗਾ। ਗੱਡੀ ਦੌੜਾਈ, ਮੌਕੇ ‘ਤੇ ਪੁੱਜਾ। ਜ਼ਮੀਨ ‘ਤੇ ਪਿਆ ਬੱਚਾ ਛਾਤੀ ਨਾਲ ਲਾਇਆ, ਦੁਸ਼ਮਣਾਂ ਨੂੰ ਗੱਡੀ ਵਿਚ ਬਿਠਾ ਕੇ ਹਸਪਤਾਲ ਵੱਲ ਦੌੜਿਆ। ਹਸਪਤਾਲ ਦਾਖਲ ਕਰਵਾ ਕੇ ਪਰਤਦਿਆਂ ਮਾਂ ਦੇ ਬੋਲ ਯਾਦ ਆਏ- ਜਿੰਨਾ ਪਿਆਰ ਤੁਹਾਨੂੰ ਮੈਂ ਕੀਤਾ, ਉਨਾ ਪਿਆਰ ਕਰੀਂ ਮਨੁੱਖਾਂ ਨੂੰ। ਅੱਲਾਹ ਨੇ ਆਪਣੇ ਆਪ ਨੂੰ ਐਵੇਂ ਤਾਂ ਨਹੀਂ ਰੱਬੁੱਲਆਲਮੀਨ (ਸਾਰੇ ਸੰਸਾਰਾਂ ਦਾ ਸਾਂਝਾ ਰੱਬ) ਕਿਹਾ। ਬੱਚਾ ਬਚ ਨਾ ਸਕਿਆ। ਸੇਠ ਦੀ ਔਰਤ ਹਰ ਮਹੀਨੇ ਜ਼ਕਾਤ ਦੇ ਪੈਸੇ ਈਦੀ ਕੋਲ ਭੇਜਦੀ। ਇਕ ਦਿਨ ਈਦੀ ਬੱਸ ਵਿਚ ਸਫਰ ਕਰ ਰਿਹਾ ਸੀ। ਉਸ ਦਾ ਗੋਡਾ ਕਿਸੇ ਸੂਟਡ-ਬੂਟਡ ਬਾਬੂ ਦੇ ਗੋਡੇ ਨੂੰ ਛੁਹ ਗਿਆ। ਬਾਬੂ ਚੀਕਿਆ- ਮੁਝੇ ਮਤ ਛੂ। ਤੂੰ ਗੰਦਾ ਆਦਮੀ ਹੈਂ। ਪੰਜ ਸੱਤ ਜੁਆਨ ਉਠੇ, ਬਾਬੂ ਨੂੰ ਕਿਹਾ- ਦੁਰਭਾਗਵੱਸ ਜੇ ਤੂੰ ਲਾਵਾਰਿਸ ਮਰ ਗਿਆ, ਇਸ ਤੋਂ ਬਿਨਾਂ ਤੈਨੂੰ ਕੌਣ ਦਫਨ ਕਰੇਗਾ? ਈਦੀ ਨੇ ਸਭ ਨੂੰ ਸ਼ਾਂਤ ਕੀਤਾ।
ਈਦੀ ਦੇਖ ਰਿਹਾ ਸੀ, ਜਿਨ੍ਹਾਂ ਮੈਮਨਾਂ ਨੂੰ ਜਿਨਾਹ ਨੇ ਪਾਕਿਸਤਾਨ ਜਾਣ ਲਈ ਮਨਾਇਆ ਸੀ, ਨਹੀਂ ਤਾਂ ਵਪਾਰ ਡੁੱਬ ਜਾਵੇਗਾ, ਉਹ ਭ੍ਰਿਸ਼ਟ ਹੋ ਗਏ ਸਨ। ਧਨ ਅਤੇ ਚਾਪਲੂਸੀ ਨਾਲ ਚੋਣ ਲੜਨ ਵਾਲੇ ਲੋਕਾਂ ਦੀ ਮਦਦ ਕਰਦੇ ਤੇ ਫਿਰ ਵਪਾਰ ਵਿਚ ਹੱਥ ਰੰਗਦੇ। ਪੈਸੇ ਦੇ ਜ਼ੋਰ ਮੁਜਰਿਮ ਬਰੀ ਹੋ ਜਾਂਦੇ। ਇਸ ਹਨੇਰਨਗਰੀ ਖਿਲਾਫ ਲੜਨ ਲਈ 1962 ਦੇ ਸਾਲ ਪਾਰਲੀਮੈਂਟ ਚੋਣ ਲਈ ਕਾਗਜ਼ ਭਰ ਦਿਤੇ।
ਪਹਿਲੋਂ ਮਨਾਉਣ ਦੇ ਯਤਨ ਹੋਏ, ਫਿਰ ਧਮਕੀਆਂ ਮਿਲੀਆਂ। ਕਾਗਜ਼ ਵਾਪਸ ਨਾ ਲਏ ਤਾਂ ਕੂੜ ਪਰਚਾਰ ਦਾ ਦੌਰ ਚੱਲਿਆ। ਖਬਰਾਂ ਛਪਣੀਆਂ ਸ਼ੁਰੂ- “ਈਦੀ ਦੇ ਹਸਪਤਾਲ ਵਿਚੋਂ ਜਿਹੜੀਆਂ ਚਾਰ ਕੁੜੀਆਂ ਗਾਇਬ ਹੋਈਆਂ ਸਨ, ਪਤੈ ਉਹ ਕਿਸ ਕਿਸ ਨੂੰ ਕਿੰਨੇ ਕਿੰਨੇ ਦੀਆਂ ਵੇਚੀਆਂ? ਪਤੈ ਈਦੀ ਨੇ ਕਿੰਨੇ ਲੱਖ ਦਾ ਗਬਨ ਕੀਤਾ।”
ਈਦੀ ਸੁੰਨ ਹੋ ਗਿਆ। ਇਹ ਕੀ ਹੋਇਆ? ਜਾਣਨ ਲਈ ਕਿ ਕੋਈ ਮੈਨੂੰ ਪਸੰਦ ਕਰਦਾ ਹੈ ਕਿ ਨਾ, ਕਾਗਜ਼ ਭਰੇ। ਇਹ ਤਾਂ ਨੇਕੀ ਵਾਲਾ ਕਾਰੋਬਾਰ ਹੀ ਬੰਦ ਕਰ ਦੇਣਗੇ। ਉਸ ਨੂੰ ਨਾਸਤਕ, ਚੋਰ, ਵਿਭਚਾਰੀ ਅਤੇ ਅਨਪੜ੍ਹ, ਮੂਰਖ ਦੇ ਖਿਤਾਬ ਮਿਲੇ। ਨਾ ਉਸ ਦੀ ਕੋਈ ਪਾਰਟੀ, ਨਾ ਉਸ ਨੇ ਪਰਚਾਰ ਕੀਤਾ, ਕਿਉਂ ਖਾਹਮਖਾਹ ਪੈਸਾ ਰੋਹੜੇ? ਵੋਟਾਂ ਪਈਆਂ, ਨਤੀਜਾ ਆਇਆ, 29 ਸਾਲ ਦਾ ਜੁਆਨ ਰਿਕਾਰਡ ਤੋੜ ਵੋਟ ਲੈ ਕੇ ਜਿੱਤਿਆ।
(ਚੱਲਦਾ)