ਜ਼ੁਬਾਨ-ਜਖ਼ੀਰਾ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਇਸ ਤੋਂ ਪਹਿਲਾਂ ਨੈਣਾਂ ਦੇ ਤੀਰ ਚਲਾ ਚੁਕੇ ਹਨ ਅਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ ਅਤੇ ਕਈਆਂ ਦੇ ਕੰਨਾਂ ‘ਚ ਫੂਕ ਮਾਰ ਚੁਕੇ ਹਨ, ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੀ ਬਾਤ ਸੁਣਾ ਚੁਕੇ ਹਨ।

ਪਿਛਲੇ ਹਫਤੇ ਦੇ ਲੇਖ ਵਿਚ ਉਨ੍ਹਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਨੂੰ ਇਹ ਨਸੀਹਤ ਦਿੱਤੀ ਸੀ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣਾ, ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕੀਤੀ ਹੈ। ਉਨ੍ਹਾਂ ਨਸੀਹਤ ਕੀਤੀ ਹੈ, ਯਾਦ ਰੱਖਣਾ! ਬੋਲਾਂ ‘ਤੇ ਪਹਿਰਾ ਦੇਣ ਅਤੇ ਬੋਲ ਪੁਗਾਉਣ ਵਾਲੇ ਲੋਕ ਹੀ ਮਨੁੱਖੀ ਇਤਿਹਾਸ ਬਣਦੇ ਨੇ। ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ, ਅੱਗਾਂ ਲਾਉਂਦੇ, ਘਰਾਂ ਦੇ ਘਰ ਉਜਾੜਦੇ ਅਤੇ ਵਿਨਾਸ਼ਤਾ ਦਾ ਰੂਪ ਧਾਰਦੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਜ਼ੁਬਾਨ, ਸਭ ਤੋਂ ਜੋਰਾਵਰ ਤੇ ਤੇਜ-ਤਰਾਰ। ਨਿੱਕਾ ਜਿਹਾ ਮਾਸ ਦਾ ਲੋਥੜਾ, ਸੰਸਾਰ ਨੂੰ ਉਂਗਲੀਆਂ ‘ਤੇ ਨਚਾਉਂਦਾ ਅਤੇ ਆਪਣਾ ਜ਼ਰ-ਖਰੀਦ ਗੁਲਾਮ ਬਣਾਉਂਦਾ।
ਜੀਭ ਵਿਚ ਕੋਈ ਹੱਡੀ ਨਹੀਂ ਹੁੰਦੀ ਪਰ ਸਭ ਤੋਂ ਮਜਬੂਤ ਹੱਡੀਆਂ ਤੋਂ ਵੀ ਮਜਬੂਤ। ਇਸ ਦਾ ਇਕ ਹੀ ਬੋਲ ਹੱਡੀਆਂ ਨੂੰ ਕਰ ਦਿੰਦਾ ਏ ਚੂਰੋ-ਚੂਰ।
ਜ਼ੁਬਾਨ ਨਾਲ ਉਚਰਿਆ ਹਰ ਬੋਲ, ਸਾਡੀ ਮਾਨਸਿਕ ਤੇ ਸਰੀਰਕ ਸਿਹਤਮੰਦੀ ਅਤੇ ਚੌਗਿਰਦੇ ਤੇ ਹਾਲਤਾਂ ‘ਤੇ ਨਿਰਭਰ ਕਰਦਾ। ਡਰ, ਖੁਸ਼ੀ, ਅਸੁਰੱਖਿਆ, ਪ੍ਰਾਪਤੀ, ਮਿਲਾਪ, ਵਿਛੋੜਾ, ਗਮੀ-ਹਾਸੀ, ਹੇਰਵਾ-ਹਾੜਾ, ਚਸਕ-ਪੀੜਾ ਆਦਿ ਹਰ ਮੌਕੇ ‘ਤੇ ਨਿਕਲਿਆ ਬੋਲ ਸਾਡੀ ਮਨੋਦਸ਼ਾ ਦਾ ਪ੍ਰਗਟਾਵਾ ਅਤੇ ਨਿਭਾ।
ਜ਼ੁਬਾਨ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਸਰੋਕਾਰਾਂ ਨੂੰ ਆਪਣੇ ਹਿੱਤ ਵਿਚ ਕਰਨ ਅਤੇ ਨਿਜੀ ਮੁਫਾਦ ਲਈ ਵਰਤਣ ਵਾਸਤੇ ਸਭ ਤੋਂ ਕਾਰਗਾਰ ਸਾਧਨ। ਜੁਬਾਨ ਸਮਾਜ ਵਿਚ ਸਾਡਾ ਮਾਣ ਵਧਾਉਂਦੀ। ਵਪਾਰੀ ਜ਼ੁਬਾਨ-ਜੁਗਤ ਨਾਲ ਹੀ ਜ਼ਿਆਦਾ ਕਮਾਈ ਕਰਦਾ। ਰਾਜਨੀਤੀ ਵਿਚ ਜੁਬਾਨ ਹੀ ਸਭ ਕੁਝ। ਝੂਠ, ਫਰੇਬ, ਦੁਸ਼ਣਬਾਜੀ, ਲਾਰੇ ਲਾਉਣੇ, ਹਵਾਈ ਕਿੱਲੇ ਉਸਾਰਨਾ ਅਤੇ ਸੁਪਨੇ ਦਿਖਾ ਕੇ ਲੋਕਾਂ ਨੂੰ ਭਰਮਾਉਣਾ ਤੇ ਮਗਰ ਲਾਉਣਾ, ਸਭ ਜੁਬਾਨ ਦਾ ਕ੍ਰਿਸ਼ਮਾ। ਧਾਰਮਿਕ ਦਾਇਰਿਆਂ ਵਿਚ ਤਾਂ ਜੁਬਾਨ ਦੀ ਮਹਿਮਾ ਹੋਰ ਵੀ ਜ਼ਿਆਦਾ ਏ ਜਿਹੜੀ ਲੋਕਾਂ ਵਿਚ ਅੰਨ੍ਹੀ ਧਾਰਮਿਕਤਾ ਉਪਜਾਉਂਦੀ। ਅਖੌਤੀ ਧਾਰਮਿਕ ਆਗੂ ਨਿਜੀ ਮੁਫਾਦ ਲਈ, ਭੋਲੇ-ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ ਦੇ ਮੱਕੜ-ਜਾਲ ਵਿਚ ਅਜਿਹਾ ਫਸਾਉਂਦੇ ਨੇ ਕਿ ਮਨੁੱਖ ਫੜਫੜਾਉਂਦਾ ਹੀ ਆਖਰੀ ਸਦਮਾ ਬਣ ਜਾਂਦਾ ਏ।
ਜ਼ੁਬਾਨ ਦਾ ਰਸ ਹੀ ਹੁੰਦਾ ਜੋ ਅਸੀਂ ਸਮਾਜ ਜਾਂ ਮਿੱਤਰ-ਦਾਇਰਿਆਂ ਵਿਚ ਚੱਖਦੇ ਹਾਂ। ਜੁਬਾਨ ਦੀ ਕੁੜੱਤਣ ਹੀ ਹੁੰਦੀ ਜੋ ਸਾਡੇ ਲਈ ਨਮੋਸ਼ੀ ਵੀ ਬਣਦੀ ਅਤੇ ਹਰ ਦਰ ਤੋਂ ਦੁਰਕਾਰੇ ਜਾਣ ਦਾ ਕਾਰਨ ਵੀ। ਜ਼ੁਬਾਨ ਹੀ ਹੁੰਦੀ ਜੋ ਕਿਸੇ ਸ਼ਖਸ ਲਈ ਸਮਾਜਿਕ-ਰੁਤਬਾ ਬਣਦੀ, ਸਲਾਮਾਂ ਹੁੰਦੀਆਂ ਅਤੇ ਸਿਫਤ-ਸਾਲਾਹ ਦਾ ਗੁਣਗਾਨ ਹੁੰਦਾ।
ਜ਼ੁਬਾਨ ਵਿਚੋਂ ਨਿਕਲਿਆ ਹਰ ਬੋਲ, ਜੇਕਰ ਦਿਮਾਗ ਤੇ ਦਿਲ ਦਾ ਸੰਤੁਲਨ ਪ੍ਰਗਟਾਵੇ ਤਾਂ ਇਸ ਦੀ ਸੋਭਾ ਜੱਗ ਗਾਵੇ, ਮਹਿਕ ਚੌਗਿਰਦੇ ‘ਚੋਂ ਆਵੇ ਅਤੇ ਨਵੀਆਂ ਪਰਤਾਂ ਦਾ ਆਧਾਰ ਬਣ ਜਾਵੇ।
ਜ਼ੁਬਾਨ ਦੀ ਹਰਕਤ, ਅੰਤਰੀਵੀ ਬੋਲ, ਸਵੈ-ਪ੍ਰਗਟਾਵੇ ਦਾ ਸਾਧਨ, ਆਲੇ-ਦੁਆਲੇ ‘ਚ ਵਾਪਰ ਰਹੇ ਵਰਤਾਰਿਆਂ ਨੂੰ ਸਮਝਣਾ ਅਤੇ ਸਮਝਾਉਣਾ। ਜ਼ੁਬਾਨ ਹੀ ਗਿਆਨ ਪ੍ਰਗਟਾਵੇ ਅਤੇ ਗਿਆਨ-ਚਾਨਣ ਨੂੰ ਵੰਡਣ ਦਾ ਸਭ ਤੋਂ ਕਾਰਗਾਰ ਸਾਧਨ। ਤੁਸੀਂ ਕਿਹੜੇ ਅਲਫਾਜ਼, ਅੰਦਾਜ਼, ਠਹਿਰਾਓ/ਕਾਹਲ, ਧੀਮੀ/ਉਚੀ ਸੁਰ ਵਿਚ ਬੋਲਦੇ ਹੋ, ਵਿਸ਼ੇ ਦੀ ਅਹਿਮੀਅਤ ਮੁਤਾਬਕ ਉਚਾਰਨ ਨੂੰ ਸਾਜਗਾਰ ਮੋੜ ਦੇ ਕੇ ਧਿਆਨ ਆਕਰਸ਼ਤ ਕਰਦੇ ਹੋ, ਆਦਿ ਗਿਆਨ-ਦਾਨੀ ਦੀਆਂ ਨਿਸ਼ਾਨੀਆਂ ਹਨ।
ਜਿਉਂਦੇ ਜੀਅ ਜ਼ੁਬਾਨ ਦੀ ਜੂਹੇ ਕਦੇ ਨਹੀਂ ਹੁੰਦਾ ਚੁੱਪ ਦਾ ਵਾਸਾ, ਹਰ ਦਮ ਕੁਝ ਨਾ ਕੁਝ ਕਹਿਣਾ ਹੀ ਇਸ ਦਾ ਖਾਸਾ ਅਤੇ ਇਹ ਮਨੁੱਖ ਨੂੰ ਕਦੇ ਕਰਦੀ ਏ ਤੋਲਾ ਤੇ ਕਦੇ ਕਰਦੀ ਮਾਸਾ। ਜੁæਬਾਨ ਸਿਰਫ ਮਰ ਕੇ ਬੋਲਣਾ ਬੰਦ ਕਰਦੀ ਏ।
ਜੁæਬਾਨ ਜ਼ਿਆਦਾਤਰ ਬੋਲ ਕੇ ਬਹੁਤ ਕੁਝ ਪ੍ਰਗਟਾਉਂਦੀ ਪਰ ਕਈ ਵਾਰ ਅਬੋਲ ਰਹਿ ਕੇ ਵੀ ਅਜਿਹਾ ਕੁਝ ਪ੍ਰਗਟਾਅ ਜਾਂਦੀ ਜਿਹੜਾ ਬੋਲਾਂ ਦਾ ਮੁਥਾਜ ਨਹੀਂ ਹੁੰਦਾ। ਪੱਥਰਾਈਆਂ ਅੱਖਾਂ ਤੇ ਤਾੜੇ ਲੱਗੇ ਦੀਦੇ, ਵਿਛੜਨ ਦੀ ਪੀੜਾ ਜਾਂ ਚਿਰਾਂ ਬਾਅਦ ਮਿਲਾਪ, ਬੇਵਫਾਈ ਦਾ ਲੱਗਿਆ ਡੂੰਘਾ ਜਖ਼ਮ ਜਾਂ ਮੁਹੱਬਤ ਦੀ ਕੋਸੀ ਕੋਸੀ ਟਕੋਰ, ਚੌਰਾਹੇ ‘ਚ ਰੋਲੀ ਜਾਂਦੀ ਪੱਤ ਸਮੇਂ ਬੁੱਲਾਂ ‘ਤੇ ਨਪੀੜੀ ਉਦਾਸੀ ਜਾਂ ਸਿਰ ‘ਤੇ ਪੱਲੂ ਧਰਨਾ, ਧੀਆਂ ਨੂੰ ਵਿਦਾਅ ਕਰੇਂਦੇ ਮਾਪੇ ਜਾਂ ਨੂੰਹ-ਪੁੱਤ ਦੇ ਸਿਰ ਤੋਂ ਪਾਣੀ ਵਾਰਦੀ ਸੱਸ, ਆਦਿ ਮੌਕਿਆਂ ‘ਤੇ ਬੋਲ ਦੜ੍ਹ ਵੱਟ ਜਾਂਦੇ ਅਤੇ ਚੁੱਪ ਦੀ ਬੁੱਕਲ ‘ਚ ਠਾਹਰ ਲੈਂਦੇ।
ਜ਼ੁਬਾਨ ਵਿਚੋਂ ਨਿਕਲੇ ਬੋਲ ਸਿਰਫ ਦਿਮਾਗ ਵਿਚੋਂ ਹੀ ਨਿਕਲਣ ਤਾਂ ਇਨ੍ਹਾਂ ਵਿਚ ਭਾਵੁਕਤਾ ਭਾਰੂ, ਰੂਹ ਦੀਆਂ ਬਾਤਾਂ, ਸੁਖਨ, ਸਹਿਜ ਤੇ ਸਕੂਨ ਨਾਲ ਤਰੰਗਤ ਅਲਫਾਜ਼, ਪਾਕੀਜ਼ਗੀ ਤੇ ਨਿਰਛਲਤਾ ਦਾ ਵਾਸਾ ਅਤੇ ਹਰ ਹਰਫ ਵਿਚ ਹੀ ਗੁੰਨਿਆ ਹੁੰਦਾ ਏ ਅਪਣੱਤ ਦਾ ਖਾਸਾ। ਜਦ ਅਸੀਂ ਦਿਮਾਗ ਦੀ ਬੋਲੀ ਬੋਲਦੇ ਤਾਂ ਗਿਣਤੀਆਂ-ਮਿਣਤੀਆਂ ਦਾ ਬੋਲਬਾਲਾ, ਘਾਟੇ-ਵਾਧੇ ਦੀ ਸੋਚਣੀ, ਤੋਲਵੇਂ ਤੇ ਮਿਣਵੇਂ ਬੋਲ ਅਤੇ ਸੰਜਮੀ ਸੁਰ ਵਿਚ ਸੁਆਰਥ, ਸਿਆਣਪ ਅਤੇ ਸਵੈ-ਵਿਸ਼ਵਾਸ਼ ਦਾ ਝਲਕਾਰਾ। ਕਦੇ-ਕਦਾਈਂ ਹੀ ਬੀਬੇ ਜਿਹੇ ਮੁੱਖੜੇ ‘ਤੇ ਲੱਗਦਾ ਅਕਲਾਂ ਦਾ ਠੱਪਾ।
ਆਪਣਿਆਂ ਦੀ ਸੰਗਤ ਹੋਵੇ ਤਾਂ ਬੋਲਾਂ ਵਿਚ ਬੇਤਕੱਲਫੀ, ਖੁੱਲ੍ਹਾਪਣ, ਬੇਪ੍ਰਵਾਹੀ ਅਤੇ ਲੜੀ ਨਾਲ ਲੜੀ ਜੁੱੜਦੀ। ਹਰੇਕ ਨੂੰ ਪ੍ਰਗਟਾਵੇ ਦੀ ਖੁੱਲ੍ਹ ਵਿਚਾਰ ਪੇਸ਼ ਕਰਨ ਦੀ ਆਜ਼ਾਦੀ, ਮਖੌਲ, ਟਿਚਰ, ਹਾਸੇ-ਮਜਾਕ ਵਿਚ ਸਮੇਂ ਦੀ ਕੰਨੀਂ ‘ਚ ਅਵਾਰਗੀ ਦੀ ਲਾਪ੍ਰਵਾਹੀ। ਇਸੇ ਲਈ ਆਪਣਿਆਂ ਕੋਲ ਬਹਿ ਕੇ ਬਿਤਾਇਆ ਸਮਾਂ ਪਲਾਂ ਵਿਚ ਹੀ ਗੁਜਰ ਜਾਂਦਾ ਅਤੇ ਸੋਚਦੇ ਹੀ ਰਹਿ ਜਾਂਦੇ ਕਿ ਕਾਸ਼! ਸਮਾਂ ਹੋਰ ਹੁੰਦਾ।
ਰਸਮੀ ਮੁਲਾਕਾਤ ਵਿਚ ਰਸਮੀ ਜਿਹੀਆਂ ਗੱਲਬਾਤਾਂ, ਹਾਂ-ਨਾਂਹ ਵਿਚ ਹੁੰਗਾਰਾ, ਸੰਖੇਪ ਜੁਆਬ, ਸਮਾਜਿਕ ਰੁਤਬੇ ਦਾ ਖਿਆਲ, ਕੁਝ ਅਣਚਾਹਿਆ ਕਹੇ ਜਾਣ ਦਾ ਡਰ, ਅਣਮੰਨੇ ਜਿਹੇ ਮਨ ਨਾਲ ਸਮਾਂ ਲੰਘਾਉਣ ਦੀ ਮਜਬੂਰੀ ਅਤੇ ਕੋਲ ਬੈਠਿਆਂ ਵੀ ਹੁੰਦੀ ਕਈ ਕੋਹਾਂ ਦੀ ਦੂਰੀ।
ਦੋ ਰੂਹਾਂ ਵਿਚ ਜਦ ਬੋਲਾਂ ਦੀ ਸਾਂਝ ਹੋਵੇ, ਵਿਚਾਰਾਂ ਦੀ ਸਾਂਝ ਹੋਵੇ ਤਾਂ ਸਾਥ ਵਿਚ ਨਿੱਘ ਤੇ ਅਪਣੱਤ ਪਨਪਦੀ। ਅਜਿਹੀ ਸੰਗਤ ਵਿਚੋਂ ਹੀ ਜੀਵਨ ਦੇ ਸੁੱਖਦ ਅਹਿਸਾਸ ਜਨਮ ਲੈਂਦੇ। ਅਜਿਹੇ ਸਾਥੀ ਸੱਤ ਸਮੁੰਦਰ ਪਾਰ ਹੁੰਦਿਆਂ ਵੀ ਤੁਹਾਡੀ ਰੂਹ ਦੇ ਕੋਲ ਰਹਿੰਦੇ ਅਤੇ ਹਰ ਵਾਰ ਹਾਕ-ਹੁੰਗਾਰਾ ਬਣਦੇ।
ਬੋਲਾਂ ਵਿਚ ਇਕਸਾਰਤਾ, ਧੀਮਾਪਣ, ਇਕਸੁਰਤਾ, ਸਰੋਕਾਰ, ਸਪੱਸ਼ਤਾ, ਰਵਾਨਗੀ ਅਤੇ ਵਿਚਾਰਾਂ ਵਿਚ ਮੌਲਿਕਤਾ ਹੋਵੇ ਤਾਂ ਹਰ ਬੋਲ ਵਿਚੋਂ ਸਿਆਣਪ ਮੌਲਦੀ, ਸ਼ਹਿਦ ਚੋਂਦਾ, ਮੁਹੱਬਤੀ ਫਿਜ਼ਾ ਸਿਰਜੀ ਜਾਂਦੀ। ਅਜਿਹੇ ਬੋਲ ਸੁਣਦਿਆਂ ਨਾ ਅਕੇਵਾਂ ਅਤੇ ਨਾ ਹੀ ਥਕੇਵਾਂ। ਅਜਿਹੇ ਬੋਲ ਵਾਰ-ਵਾਰ ਸੁਣਨ ਨੂੰ ਜੀਅ ਕਰਦਾ।
ਬੋਲਾਂ ਵਿਚ ਸੁਰ-ਸੰਗੀਤ ਦਾ ਵਾਸਾ ਹੁੰਦਾ, ਸਮੁੱਚੀ ਕਾਇਨਾਤ ਮੰਤਰ ਮੁਗਧ ਹੋ ਜਾਂਦੀ। ਬਿਰਖ-ਜੂਹ, ਪੰਛੀਆਂ ਦੇ ਆਲ੍ਹਣੇ ਅਤੇ ਪੌਣ-ਪ੍ਰਕਰਮਾ ਅਲੌਕਿਕਤਾ ਦਾ ਨਜ਼ਾਰਾ।
ਜ਼ੁਬਾਨ ਵਿਚੋਂ ਨਿਕਲੇ ਹਰ ਬੋਲ ਦਾ ਆਪਣਾ ਰੰਗ-ਢੰਗ, ਅੰਦਾਜ਼, ਰਾਜ਼, ਤੇ ਰੂਪ-ਰਵਾਨਗੀ। ਕੁਝ ਬੋਲ ਡੰਗਦੇ, ਕੁਝ ਮੰਗਦੇ। ਕੁਝ ਰੋਅਬ ਜਮਾਉਂਦੇ, ਕੁਝ ਪੈਰੀਂ ਹੱਥ ਲਾਉਂਦੇ। ਕੁਝ ਰਵਾਉਂਦੇ, ਕੁਝ ਵਰਾਉਂਦੇ। ਕੁਝ ਆਸ-ਧਰਵਾਸ, ਕੁਝ ਗੁੰਮ-ਸੁੰਮ ਉਦਾਸ। ਕੁਝ ਮਿਲਣ ਦਾ ਸਬੱਬ, ਕੁਝ ਵਿਛੜਨ ਦਾ ਕਾਰਨ। ਕੁਝ ਰੂਹ ਦੀ ਖੁਰਾਕ, ਕੁਝ ਸਿਵਿਆਂ ਦੀ ਰਾਖ। ਕੁਝ ਪੋਹ ਦੀ ਠਰੀ ਰਾਤ, ਕੁਝ ਸਿਆਲ ਦੀ ਨਿੱਘੀ ਸਵੇਰ। ਕੁਝ ਚੌਮਾਸੇ, ਕੁਝ ਹਾਸੇ। ਕੁਝ ਜਖਮਾਂ ਦੀ ਲੋਰ, ਕੁਝ ਮਰਹਮ ਤੇ ਟਕੋਰ। ਕੁਝ ਦੱਬੀਆਂ ਭਾਵਨਾਵਾਂ ਦੀ ਤਸ਼ਬੀਹ, ਕੁਝ ਪਾਟਦੀ ਲੀਹ।
ਕੁਝ ਲੋਕ ਸਿਰਫ ਬੋਲਣ ਲਈ ਹੀ ਬੋਲਦੇ। ਉਨ੍ਹਾਂ ਦੇ ਬੋਲਣ ਦੇ ਕੋਈ ਨਹੀਂ ਅਰਥ ਜਾਂ ਸਰੋਕਾਰ। ਬੋਲਣਾ, ਹਉਮੈ ਨੂੰ ਪੱਠੇ। ਅਜਿਹੇ ਲੋਕਾਂ ਲਈ ਜਲਸੇ-ਜਲੂਸ, ਇਕੱਠ, ਭੋਗ, ਸਮਾਗਮ, ਵਿਆਹ-ਸ਼ਾਦੀ ਦੌਰਾਨ ਬੋਲ ਕੇ ਆਪਣੀ ਹਾਜਰੀ ਲਵਾਉਣ ਤੱਕ ਸੀਮਤ। ਕਈ ਵਾਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਕੌਣ ਸਮਾਗਮ ਕਰਵਾ ਰਿਹਾ ਏ ਅਤੇ ਕਿਸ ਲਈ ਕਰਵਾ ਰਿਹਾ ਏ।
ਬੋਲਾਂ ਵਿਚ ਲਲਕਾਰਾ, ਹੰਕਾਰ ਦੀ ਤੂਤੀ। ਬੁਲਬੁਲੀ ਚੀਕ, ਦੱਬੀਆਂ ਭਾਵਨਾਵਾਂ ਨੂੰ ਜੁਬਾਨ। ਬੇਲਿਆਂ ਵਿਚ ਫੈਲਦੀ ਹੂਕ, ਵੇਦਨਾ ਦਾ ਪ੍ਰਗਟਾਵਾ। ਚੀਖ, ਬੇਵਸੀ ਦੀ ਝੋਲ। ਚਹਿਕਣ, ਅਸੀਮਤ ਖੁਸ਼ੀ ਦਾ ਜਲੋਅ। ਰੋਣਾ, ਲੋੜਾਂ-ਥੋੜਾਂ ਦੀ ਪੂਰਤੀ ਲਈ ਆਹ। ਹੂੰਗਰ, ਦਰਦ ਭਿੱਜੀ ਦਾਸਤਾਨ। ਅਰਦਾਸ, ਰਹਿਮਤਾਂ ਦੀ ਮੰਗ ਤੇ ਸ਼ੁਕਰੀਆ। ਕੂਕ, ਮਿੱਤਰ-ਮਿਲਣੀ ਦੀ ਅਰਾਧਨਾ। ਚੁੱਪ-ਲਾਚਾਰੀ, ਸਵੈ ਦਾ ਸਮਰਪਣ ਤੇ ਸਮੁੱਚ ਦਾ ਇਜ਼ਹਾਰ, ਜਿਸ ਦੇ ਅਸੀਮਤ ਦਾਇਰੇ ਅਤੇ ਅਸਹਿ ਤੇ ਗਹਿਰੇ ਘਾਅ।
ਜੁਬਾਨ ਰਿਸ਼ਤੇ ਬਣਾਉਂਦੀ ਵੀ ਅਤੇ ਢਾਹੁੰਦੀ ਵੀ। ਯੁੱਧਾਂ, ਜੰਗਾਂ, ਬਰਬਾਦੀਆਂ, ਸਲਤਨਤਾਂ ਦਾ ਨਾਸ਼, ਸਭਿਅਤਾ ਦਾ ਵਿਨਾਸ਼, ਕੌਮਾਂ ਦੀ ਬਰਬਾਦੀ ਅਤੇ ਪੈਰਾਂ ਵਿਚ ਰੁਲਦੀ ਮਨੁੱਖੀ ਆਜ਼ਾਦੀ ਆਦਿ ਦਾ ਕਾਰਨ ਬਹੁਤੀ ਵਾਰ ਜੁਬਾਨ ਵਿਚੋਂ ਨਿਕਲੇ ਕੁਬੋਲ ਹੀ ਹੁੰਦੇ।
ਜ਼ੁਬਾਨ ਵਿਚੋਂ ਕੇਰਾਂ ਨਿਕਲੇ ਬੋਲ ਪਰਤ ਕੇ ਨਹੀਂ ਆਉਂਦੇ, ਇਸੇ ਲਈ ਸਿਆਣੇ ਕਹਿੰਦੇ ਨੇ ਬੋਲਣ ਤੋਂ ਪਹਿਲਾਂ ਸੌ ਵਾਰ ਸੋਚੋ ਕਿ ਤੁਸੀਂ ਕਿਉਂ ਤੇ ਕੀ ਬੋਲਣਾ ਹੈ, ਕਿਹੜੇ ਮੁੱਦਿਆਂ ਨੂੰ ਕਿਸ ਰੂਪ ਵਿਚ ਉਠਾਉਣਾ ਏ, ਇਨ੍ਹਾਂ ਦਾ ਸਰੋਤਿਆਂ ‘ਤੇ ਕੀ ਅਸਰ ਹੋਵੇਗਾ, ਦੂਰਰਸੀ ਸਿੱਟੇ ਕਿਹੜੇ ਹੋਣਗੇ, ਸਮਾਜਿਕ ਬਣਤਰ ਨੂੰ ਕਿਵੇਂ ਪ੍ਰਭਾਵਤ ਕਰਨਗੇ ਅਤੇ ਇਸ ਨਾਲ ਤੁਹਾਡੀ ਸ਼ਖਸੀਅਤ ਦਾ ਕਿਹੜਾ ਰੂਪ ਪ੍ਰਗਟ ਹੋਵੇਗਾ? ਕੀ ਤੁਸੀਂ ਸਿਆਣਪੀ-ਉਭਾਰ ਜਾਂ ਨਿਘਾਰ ਦਾ ਸਬੱਬ ਬਣੋਗੇ? ਬਹੁਤ ਕੁਝ ਹੁੰਦਾ ਏ ਬੋਲਣ ਤੋਂ ਪਹਿਲਾਂ ਸੋਚਣ ਲਈ। ਸੌ ਲੋਕਾਂ ਸਾਹਵੇਂ ਤੁਹਾਡਾ ਇਕ ਮਿੰਟ ਦਾ ਬੋਲਣਾ, ਸੌ ਮਿੰਟ ਦੇ ਬਰਾਬਰ ਹੈ। ਕੀ ਤੁਸੀਂ ਇਸ ਮੁਤਾਬਕ ਤਿਆਰੀ ਕੀਤੀ ਹੈ?
ਚਾਤਰ ਜ਼ੁਬਾਨ ਵਿਚੋਂ ਬੋਲਿਆ ਹਰ ਬੋਲ ਬਹੁ-ਪਰਤੀ, ਬਹੁ-ਅਰਥੀ ਅਤੇ ਬਹੁ- ਦਿਸ਼ਾਵੀ। ਸਿਆਣੇ/ਚਲਾਕ ਲੋਕ ਇਕ ਹੀ ਬੋਲ ਨਾਲ ਕਈ ਨਿਸ਼ਾਨੇ ਸਾਧ ਜਾਂਦੇ।
ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ, ਅੱਗਾਂ ਲਾਉਂਦੇ, ਘਰਾਂ ਦੇ ਘਰ ਉਜਾੜਦੇ ਅਤੇ ਵਿਨਾਸ਼ਤਾ ਦਾ ਰੂਪ ਧਾਰਦੇ। ਅਜੋਕੇ ਸਮਿਆਂ ਧਾਰਮਿਕ ਸੰਕੀਰਨਤਾ ਕਾਰਨ ਹੀ ਖੇਡੀ ਜਾ ਰਹੀ ਏ ਖੂਨ ਦੀ ਹੋਲੀ। ਘਾਗ ਲੋਕਾਂ ਵਲੋਂ ਭਰਾ-ਮਾਰੂ ਖਾਨਾ-ਜੰਗੀ ਦੇ ਤਿਆਰ ਕੀਤੇ ਜਾ ਰਹੇ ਖਾਕੇ, ਦਰਅਸਲ ਮਨੁੱਖੀ ਮਨ ਵਿਚ ਭਰੀ ਕੁੜੱਤਣ ਅਤੇ ਤੁਅੱਸਬੀ ਵਿਚਾਰ ਨੇ ਜੋ ਬੋਲਾਂ ਰਾਹੀਂ ਪ੍ਰਗਟ ਹੋ, ਕਾਲੀ-ਬੋਲੀ ਹਨੇਰੀ ਦਾ ਰੂਪ ਧਾਰਦੇ ਨੇ।
ਜ਼ੁਬਾਨ ਦਾ ਫੱਟ ਸਭ ਤੋਂ ਗਹਿਰਾ, ਅਸਹਿ ਜਿਹੜਾ ਕਦੇ ਨਹੀਂ ਮਿਲਦਾ। ਜਖਮ ਭਰਨ ‘ਤੇ ਵੀ ਨਿਸ਼ਾਨ ਬਾਕੀ ਰਹਿ ਜਾਂਦੇ ਨੇ। ਬੋਲਾਂ ਦੇ ਦਰਦ ਨਾਲ ਛਲਨੀ ਹੋਏ ਸੀਨਿਆਂ ਵਿਚ ਰੋਸ ਜਾਗਦਾ ਜਿਹੜਾ ਹੌਲੀ-ਹੌਲੀ ਜਵਾਲਾ ਬਣ ਜਾਂਦਾ। ਜ਼ਿਆਦਾਤਰ ਸਤਿਆਗ੍ਰਹਿ, ਖਾਨਾਜੰਗੀ, ਭਰਾ-ਮਾਰੂ ਜੰਗ ਆਦਿ ਅਜਿਹੇ ਬੋਲਾਂ ਦੀ ਉਪਜ ਨੇ ਜਿਨ੍ਹਾਂ ਨੇ ਬਲਦੀ ‘ਤੇ ਤੇਲ ਪਾਇਆ।
ਕੌੜੇ-ਕੁਸੈਲੇ, ਕਪਟੀ, ਕੋਝੇ ਅਤੇ ਕੁਲਹਿਣੇ ਬੋਲ ਹੀ ਹੁੰਦੇ ਜੋ ਸ਼ਾਹਾਂ ਦੇ ਸ਼ਾਹ ਨੂੰ ਵੀ ਸੂਲੀ ‘ਤੇ ਟੰਗ ਦਿੰਦੇ। ਇਸੇ ਲਈ ਤਾਂ ਬਾਬਾ ਫਰੀਦ ਜੀ ਫੁਰਮਾਉਂਦੇ ਨੇ, “ਇਕੁ ਫਿਕਾ ਨ ਗਾਲਾਇ ਸਭਨਾ ਮੈ ਸੱਚਾ ਧਣੀ।”
ਸਮਾਜਿਕ ਤਾਣੇ-ਬਾਣੇ ਵਿਚ ਜ਼ਿਆਦਾਤਰ ਗੰਢਾਂ, ਜ਼ੁਬਾਨ ਦੀ ਪੈਦਾਇਸ਼ ਅਤੇ ਜ਼ੁਬਾਨ ਦੀਆਂ ਪਾਈਆਂ ਗਲਤ ਫਹਿਮੀਆਂ ਦੀ ਉਪਜ। ਸੱਸ-ਨੂੰਹ, ਨਣਾਨ-ਭਰਜਾਈ, ਮੀਆਂ-ਬੀਵੀ, ਮਾਪੇ-ਬੱਚੇ, ਭੈਣ-ਭਰਾ, ਦੋਸਤ-ਮਿੱਤਰ ਜਾਂ ਰਿਸ਼ਤੇਦਾਰੀਆਂ ਵਿਚ ਰੱਫੜ ਜ਼ੁਬਾਨ ਦੀ ਬਦਕਲਾਮੀ ਵਿਚੋਂ ਹੀ ਪੈਦਾ ਹੁੰਦੇ। ਜ਼ੁਬਾਨ ਵਿਚ ਮਿਸ਼ਰੀ ਘੁਲੀ ਹੋਵੇ ਤਾਂ ਇਨ੍ਹਾਂ ਸਬੰਧਾਂ ਵਿਚ ਸਦੀਵਤਾ ਦਾ ਵਾਸਾ ਹੁੰਦਾ।
ਬੋਲ, ਸਮੁੱਚੀਆਂ ਭਾਵਨਾਵਾਂ ਨੂੰ ਜੁæਬਾਨ ਅਤੇ ਇਨ੍ਹਾਂ ਵਿਚੋਂ ਉਦੈਮਾਨ ਹੁੰਦੀ ਮਨੁੱਖੀ-ਪਛਾਣ। ਜਰਾ ਗੁੰਗੇ ਨੂੰ ਪੁੱਛਣਾ! ਬੋਲਾਂ ਦੇ ਕੀ ਅਰਥ ਅਤੇ ਜ਼ੁਬਾਨ ਦੀ ਕੀ ਅਹਿਮੀਅਤ ਹੁੰਦੀ ਏ ਜਿਨ੍ਹਾਂ ਨੂੰ ਸਵੈ-ਪ੍ਰਗਟਾਵੇ ਲਈ ਕਈ ਪਾਪੜ ਵੇਲਣੇ ਪੈਂਦੇ।
ਤੋਤਲੇ ਬੋਲਾਂ ਵਿਚ ਸਾਫਗੋਈ, ਪਾਕੀਜ਼ਗੀ ਅਤੇ ਸੱਚ ਦਾ ਵਾਸਾ। ਜਿਉਂ ਜਿਉਂ ਮਨੁੱਖ ਸਿਆਣਾ ਹੋਈ ਜਾਂਦਾ, ਉਸ ਦੀ ਬੋਲ-ਬਾਣੀ ਵਿਚ ਚਤੁਰਾਈ, ਫਰੇਬ, ਮਖੌਟੇ ਅਤੇ ਬਹੁ-ਪਰਤਾਂ ਉਗ ਆਉਂਦੀਆਂ ਜਿਨ੍ਹਾਂ ਦੀ ਆੜ ਵਿਚ ਉਹ ਸਭ ਕੁਝ ਨੂੰ ਆਪਣੇ ਤੀਕ ਸੀਮਤ ਕਰਦਾ। ਸ਼ਾਇਦ ਇਸੇ ਕਰਕੇ ਅਨਪੜ੍ਹ ਬਜੁਰਗ, ਅਜੋਕੇ ਪੜ੍ਹਿਆਂ-ਲਿਖਿਆਂ ਨਾਲੋਂ ਜ਼ਿਆਦਾ ਸਾਫ-ਗੋ ਹਨ।
ਜੁæਬਾਨ ‘ਚੋਂ ਨਿਕਲੇ ਬੋਲ ਆਤਮ ਵਿਸ਼ਵਾਸ਼, ਸਿਆਣਪ, ਸਲੀਕਾ, ਸਦਭਾਵਨਾ, ਸੂਖਮਤਾ ਅਤੇ ਸ਼ਖਸੀਅਤ ਦੇ ਵਿਭਿੰਨ ਪਹਿਲੂਆਂ ਨੂੰ ਸਭ ਦੇ ਸਨਮੁੱਖ ਕਰਦੇ। ਜ਼ੁਬਾਨ ਮਨੁੱਖ ਨੂੰ ਕੱਦਾਵਰ ਵੀ ਬਣਾਉਂਦੀ ਅਤੇ ਬੌਣਾ ਵੀ ਬਣਾਉਂਦੀ। ਇਹ ਤਾਂ ਮੂੰਹ ‘ਚੋਂ ਨਿਕਲੇ ਬੋਲ ਹੀ ਨਿਰਧਰਤ ਕਰਦੇ। ਕਈ ਵਾਰ ਮਹਾਨ ਜਾਪਦੇ ਲੋਕ, ਆਪਣੇ ਬੋਲਾਂ ਨਾਲ ਬੌਣੀ ਸੋਚ ਤੇ ਧਾਰਨਾ ਨੂੰ ਪਰਪੱਕ ਕਰ ਜਾਂਦੇ।
ਜੁæਬਾਨ ‘ਤੇ ਸੋਚ, ਸਾਦਗੀ ਤੇ ਸੁਹਜ ਦਾ ਵਾਸਾ ਹੋਵੇ ਤਾਂ ਬੋਲ ਥਿੜਕਦੇ ਨਹੀਂ। ਵਿਅਕਤੀ ਗੁੰਗਾ ਨਹੀਂ ਹੁੰਦਾ, ਨਾ ਹੀ ਥਥਲਾਉਂਦਾ। ਯਾਦ ਰੱਖਣਾ! ਬੋਲਾਂ ‘ਤੇ ਪਹਿਰਾ ਦੇਣ ਅਤੇ ਬੋਲ ਪੁਗਾਉਣ ਵਾਲੇ ਲੋਕ ਹੀ ਮਨੁੱਖੀ ਇਤਿਹਾਸ ਬਣਦੇ ਨੇ।
ਬੋਲ, ਬੋਲਾਂ ਦੇ ਬਹਿੰਦੇ ਕੋਲ, ਬੋਲ ਬੋਲਾਂ ਦੀ ਭਰਦੇ ਝੋਲ। ਬੋਲ ਮੁਹੱਬਤ, ਮੋਹ-ਸਰੂਪ, ਬੋਲ ਸੋਹਲ ਤੇ ਬੋਲ ਮਲੂਕ। ਬੋਲ ਹੀ ਕਰਮੀ ਬੋਲ ਹੀ ਧਰਮੀ, ਬੋਲ ਹੀ ਚੋਭਾਂ ਬੋਲ ਹੀ ਵਰਮੀ। ਬੋਲ ਹੀ ਰਾਹ-ਮੰਜ਼ਲ ਬਣਦੇ, ਗਮ-ਬਰਸਾਤੀਂ ਛੱਤਰੀ ਤਣਦੇ। ਬੋਲ ਹੀ ਧੁੱਪਾਂ, ਬੋਲ ਹੀ ਛਾਂਵਾਂ, ਬੋਲ ਮਤੇਰਾਂ ਤੇ ਬੋਲ ਹੀ ਮਾਂਵਾਂ। ਬੋਲ ਹੀ ਕੁੱਜਾ, ਬੋਲ ਹੀ ਤੌੜੀ, ਬੋਲ ਹੀ ਪੀਹੜੀ ਬੋਲ ਹੀ ਫਹੁੜੀ। ਬੋਲ ਹੀ ਹੁੰਦਾ ਚਾਰ-ਚੁਫੇਰਾ, ਕਦੇ ਚਾਨਣ ਤੇ ਕਦੇ ਹਨੇਰਾ। ਬੋਲ ਹੀ ਰੂਹ ਦਾ ਸਾਜ਼ ਵਜਾਉਂਦੇ, ਜੀਅ-ਜਾਨ ਸੁਰਤਾਲ ਬਣਾਉਂਦੇ। ਬੋਲਾਂ ਨੂੰ ਸਦਾ ਹਿੱਕ ਨਾ ਲਾਵੋ, ਇਸ ‘ਚੋਂ ਸੁਗਮ-ਸੰਗੀਤ ਉਪਜਾਓ। ਇਨ੍ਹਾਂ ਨੇ ਹੀ ਸਦ-ਜੀਣਾ, ਬਿਨ ਇਸ ਦੇ ਸਭ ਹੀਣਾ।