ਜੰਗਲਨਾਮਾ-13
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।
ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਖ਼ੇਮੇ ਤੋਂ ਤੁਰਿਆਂ ਤਿੰਨ ਦਿਨ ਹੋ ਚੁੱਕੇ ਹਨ। ਸ਼ਾਮ ਦਾ ਵਕਤ ਹੈ। ਜੰਗਲ ਜੰਗਲ ਫਿਰਦਿਆਂ ਇੰਜ ਲਗਦਾ ਹੈ ਜਿਵੇਂ ਇਹ ਅਮੁੱਕ ਹੈ। ਕਿਸੇ ਵੀ ਪਾਸੇ ਰੁਖ਼ ਕਰ ਲਵੋ, ਇਸ ਦਾ ਕੋਈ ਸਿਰਾ ਨਹੀਂ ਆਉਂਦਾ। ਕਿਤੇ ਦਸ ਘਰ ਵਸ ਗਏ ਤਾਂ ਮਨੁੱਖ ਨੇ ਵਸੇਬਾ ਕਰ ਲਿਆ, ਨਹੀਂ ਤਾਂ ਮਨੁੱਖ ਨਾਂ ਦੀ ਚੀਜ਼ ਦਿਖਾਈ ਨਹੀਂ ਦਿੰਦੀ। ਮਜ਼ੇਦਾਰ ਗੱਲ ਇਹ ਹੈ ਕਿ ਜੰਗਲੀ ਜਾਨਵਰ ਤੱਕ ਦਿਖਾਈ ਨਹੀਂ ਦਿੰਦੇ। ਕਮਾਂਡਰ ਨੇ ਸ਼ਾਇਦ ਜਾਣ-ਬੁੱਝ ਕੇ ਉਹ ਰਸਤੇ ਚੁਣੇ ਹਨ ਜਿਧਰੋਂ ਮਨੁੱਖੀ ਆਉਣ ਜਾਣ ਨਹੀਂ ਹੈ। ਫਿਰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜ਼ਮੀਨ ਉਤੇ ਰਸਤਿਆਂ ਦਾ ਜਾਲ ਵਿਛਿਆ ਹੋਇਆ ਹੈ। ਸਾਰੇ ਪਾਸੇ ਪਗਡੰਡੀਆਂ ਅਤੇ ਪਹੇ ਹਨ, ਪਰ ਪੈਰਾਂ ਦੇ ਨਿਸ਼ਾਨ ਕਿਤੇ ਵੀ ਨਹੀਂ ਹਨ। ਸਵੇਰ ਤੋਂ ਅਸੀਂ ਥੋੜ੍ਹੇ ਥੋੜ੍ਹੇ ਆਰਾਮ ਤੋਂ ਬਾਅਦ ਤੁਰਦੇ ਹੀ ਆ ਰਹੇ ਹਾਂ। ਕਈ ਨਾਲਿਆਂ ਵਿਚੋਂ ਗੁਜ਼ਰੇ ਹਾਂ, ਕਈ ਕੁਦਰਤੀ ਝੀਲਾਂ ਨੂੰ ਵਗਲਿਆ ਹੈ। ਸ਼ਾਮ ਪਈ ਤਾਂ ਕਮਾਂਡਰ ਨੇ ਰੁਕਣ ਦੀ ਆਵਾਜ਼ ਦਿੱਤੀ। ਅਸੀਂ ਦਰਖ਼ਤਾਂ ਦੇ ਝੁੰਡ ਵਿਚ ਖੜ੍ਹੇ ਹਾਂ। ਇਹ ਝੁੰਡ ਚਾਰੇ ਪਾਸੇ ਫ਼ੈਲੇ ਹੋਏ ਹਨ। ਇਕ ਵਿਚੋਂ ਇਹ ਨਹੀਂ ਦਿਸਦਾ ਕਿ ਦੂਸਰੇ ਵਿਚ ਕੀ ਹੈ। ਮੈਂ ਹੈਰਾਨ ਹਾਂ ਕਿ ਇਥੇ ਰੁਕਣ ਦਾ ਕੀ ਮਕਸਦ ਹੈ। ਆਰਾਮ ਕੀਤਿਆਂ ਅਜੇ ਸਾਨੂੰ ਮਸਾਂ ਅੱਧਾ ਕੁ ਘੰਟਾ ਹੀ ਬੀਤਿਆ ਹੈ। ਰਾਤ ਵੀ ਨਹੀਂ ਪਈ; ਸੋ ਪੜਾਅ ਕਰਨ ਦਾ ਵੀ ਸਵਾਲ ਨਹੀਂ। ਤਦੇ ਸਾਡੀ ਟੁਕੜੀ ਵਿਚੋਂ ਇਕ ਜਣਾ ਇਕ ਪਾਸੇ ਵੱਲ ਮੂੰਹ ਕਰ ਕੇ “ਕੂਅ” ਦੀ ਆਵਾਜ਼ ਕੱਢਦਾ ਹੈ। ਦੂਸਰੇ ਝੁੰਡ ਵਿਚੋਂ ਵੀ ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਆਵਾਜ਼ ਆਉਂਦੀ ਹੈ। ਕੁਝ ਮਿੰਟਾਂ ਬਾਅਦ ਤੇੜ ਪਰਨਾ ਬੰਨ੍ਹੀ ਨੌਜਵਾਨ ਤੁਰਿਆ ਆਉਂਦਾ ਦਿਖਾਈ ਦਿੰਦਾ ਹੈ। ਉਸ ਦੇ ਇਕ ਹੱਥ ਵਿਚ ਕਮਾਨ ਫੜੀ ਹੋਈ ਹੈ ਅਤੇ ਦੂਸਰੇ ਵਿਚ ਤੀਰ। ਤੀਰ ਦੂਰੋਂ ਹੀ ਲਿਸ਼ਕਾਂ ਮਾਰਦੇ ਦਿਖਾਈ ਦਿੰਦੇ ਹਨ, ਜਿਵੇਂ ਹੁਣੇ ਹੀ ਰਗੜ ਕੇ ਸਾਫ਼ ਕੀਤੇ ਹੋਣ ਅਤੇ ਉਨ੍ਹਾਂ ਉਤੇ ਤੇਲ ਲਗਾਇਆ ਗਿਆ ਹੋਵੇ। ਉਹ ਸਾਡੇ ਨੇੜੇ ਨਹੀਂ ਆਉਂਦਾ। ਦੂਰ ਹੀ ਰੁਕ ਜਾਂਦਾ ਹੈ ਅਤੇ ਇਕ ਪਾਸੇ ਵੱਲ ਮੁੜਨ ਦਾ ਇਸ਼ਾਰਾ ਕਰਦਾ ਹੈ। ਖ਼ੁਦ ਉਹ ਵਾਪਸ ਆਪਣੇ ਝੁੰਡ ਵੱਲ ਮੁੜ ਜਾਂਦਾ ਹੈ ਅਤੇ ਗੁੰਮ ਹੋ ਜਾਂਦਾ ਹੈ। ਅਸੀਂ ਦੂਸਰੀ ਸੇਧ ਵੱਲ ਮੁੜਦੇ ਹਾਂ। ਤੁਰਨਾ ਜਾਰੀ ਹੈ। ਵੀਹ ਮਿੰਟ ਇਸੇ ਤਰ੍ਹਾਂ ਗੁਜ਼ਰਦੇ ਹਨ ਤੇ ਅਸੀਂ ਬਹੁਤ ਹੀ ਸੰਘਣੇ ਝੁੰਡ ਦੇ ਬਾਹਰ ਪਹੁੰਚ ਕੇ ਰੁਕ ਜਾਂਦੇ ਹਾਂ। ਕੁਝ ਮਿੰਟਾਂ ਦੀ ਉਡੀਕ ਬਾਅਦ ਦੋ ਜਣੇ ਸਾਨੂੰ ਆਪਣੇ ਵੱਲ ਆਉਂਦੇ ਦਿਸਦੇ ਹਨ।
“ਸੋ ਅਸੀਂ ਕਿਸੇ ਦਸਤੇ ਨੂੰ ਮਿਲ ਰਹੇ ਹਾਂ?” ਮੈਂ ਕਮਾਂਡਰ ਕੁੜੀ ਨੂੰ ਪੁੱਛਦਾ ਹਾਂ।
“ਹਾਂ।”
ਗੁਰੀਲਿਆਂ ਦਾ ਇਹ ਆਵਾ-ਗੌਣ ਵੀ ਬਹੁਤ ਅਜੀਬ ਹੈ। ਇਕ ਮਿਲਦਾ ਹੈ ਤਾਂ ਦੂਸਰਾ ਕਿਸੇ ਹੋਰ ਪਾਸੇ ਤੁਰ ਜਾਂਦਾ ਹੈ। ਜਦ ਤੱਕ ਤੁਸੀਂ ਇਕ ਨੂੰ ਸਮਝਣ ਲੱਗਦੇ ਹੋ, ਉਸ ਨੂੰ ਕਿਤਿਓਂ ਹੋਰ ਬੁਲਾਵਾ ਆ ਜਾਂਦਾ ਹੈ ਅਤੇ ਉਹ ਚਲਾ ਜਾਂਦਾ ਹੈ। ਤੁਸੀਂ ਫਿਰ ਨਵੇਂ ਨਾਲ ਸਾਂਝ ਪੈਦਾ ਕਰਨ ਲੱਗਦੇ ਹੋ। ਕੁਝ ਦੇਰ ਬਾਅਦ ਫਿਰ ਉਹੀ ਕੁਝ ਵਾਪਰਦਾ ਹੈ। ਤਿੰਨ ਦਿਨਾਂ ਦੇ ਸਾਥ ਨਾਲ ਜਿਨ੍ਹਾਂ ਨੂੰ ਮੈਂ ਜਾਣਨ ਲੱਗ ਪਿਆ ਸਾਂ, ਉਹ ਬਦਲ ਗਏ ਅਤੇ ਨਵੇਂ ਆਣ ਸਾਹਮਣੇ ਹੋਏ।
—
ਇਹ ਨਵਾਂ ਗਰੁੱਪ ਅਲੱਗ ਤਰ੍ਹਾਂ ਦਾ ਹੈ। ਕੁੱਲ ਚੌਦਾਂ ਜਣਿਆਂ ਵਿਚ ਚਾਰ ਕੁੜੀਆਂ ਹਨ। ਹਥਿਆਰ ਕਿਸੇ ਕੋਲ ਨਹੀਂ। ਇਨ੍ਹਾਂ ਸਭ ਦੀ ਔਸਤ ਉਮਰ 18-19 ਹੋਵੇਗੀ ਜਿਨ੍ਹਾਂ ‘ਚੋਂ ਕੁਝ ਤਾਂ ਮਸਾਂ ਹੀ 14 ਕੁ ਸਾਲ ਦੇ ਦਿਖਾਈ ਦਿੰਦੇ ਹਨ।
“ਮੈਂ ਤੁਹਾਡੇ ਲਈ ਟਰਾਂਸਲੇਸ਼ਨ ਕਰਾਂਗਾ।” ਚੌਵੀ ਕੁ ਸਾਲ ਦਾ ਨੌਜਵਾਨ ਮੇਰੇ ਕੋਲ ਆ ਕੇ ਕਹਿੰਦਾ ਹੈ।
“ਕਮਾਂਡਰ ਕੌਣ ਹੈ?”
“ਮੈਂ ਹੀ ਹਾਂ, ਚੰਦਨ”।
“ਤੇਰੇ ਦਸਤੇ ਕੋਲ ਤਾਂ ਲੋੜੀਂਦੇ ਹਥਿਆਰ ਵੀ ਨਹੀਂ। ਲੜੋਗੇ ਕਿਵੇਂ?”
“ਅਰੇ ਭਾਈ, ਨੋ ਨੋ ਨੋ! ਲੜਨਾ ਨਹੀਂ ਹੈ। ਗਾਨਾ, ਗਾਨਾ! ਕਲਚਰਲ ਟੀਮ! ਚੇਤਨਾ ਨਾਟਯ ਮੰਚ। ਡਰਾਮਾ! ਡਾਂਸ! ਗੀਤ!”
ਚੇਤਨਾ ਨਾਟਯ ਮੰਚ ਨੌਜਵਾਨ ਮੁੰਡੇ ਕੁੜੀਆਂ ਦੀ ਸਭਿਆਚਾਰਕ ਟੋਲੀ ਹੈ। ਕਮਾਂਡਰ ਤੋਂ ਬਿਨਾਂ ਸੱਭੇ ਗੌਂਡ ਹਨ। ਹਿੰਦੀ ਦੋ-ਤਿੰਨ ਜਣੇ ਹੀ ਬੋਲ ਸਕਦੇ ਹਨ, ਉਹ ਵੀ ਗੁਜ਼ਾਰੇ ਜੋਗੀ। ਬੰਦੂਕਾਂ ਉਨ੍ਹਾਂ ਕੋਲ ਦਿਖਾਈ ਮਾਤਰ ਹਨ, ਨਿਰੋਲ ਲੱਕੜ ‘ਚੋਂ ਤਰਾਸ਼ੀਆਂ ਹੋਈਆਂ। ਹੈ ਤਾਂ ਸਭਿਆਚਾਰਕ ਮੰਡਲੀ, ਪਰ ਸਾਰੇ ਹੀ ਫ਼ੌਜੀ ਵਰਦੀ ਵਿਚ ਰਹਿੰਦੇ ਹਨ। ਉਵੇਂ ਹੀ ਲੱਕ ਨਾਲ ਪੇਟੀ ਬੰਨ੍ਹੀ ਹੋਈ, ਉਸੇ ਤਰ੍ਹਾਂ ਮੋਢਿਆਂ ਉਪਰ ਕਿੱਟ, ਸਿਰ ਉਪਰ ਮਾਓ ਕੈਪ ਅਤੇ ਹੱਥ ਵਿਚ ਉਪਰ ਬਿਆਨ ਕੀਤੀ ਬੰਦੁਕ। ਗੁਰੀਲਾ ਸਭਿਆਚਾਰਕ ਦਸਤਾ! ਨਾਜ਼ੁਕ, ਹਸਮੁੱਖ, ਮਨਮੌਜੀ ਅਤੇ ਚਹਿਕਦੇ ਰਹਿਣ ਵਾਲਾ।
“ਸੋ ਤੁਹਾਡੇ ਕੋਲ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ।” ਮੈਂ ਉਸ ਨੂੰ ਕਿਹਾ।
“ਨਹੀਂ ਹੈ। ਹੋ ਵੀ ਨਹੀਂ ਸਕਦਾ। ਜ਼ਰੂਰਤ ਵੀ ਨਹੀਂ। ਜੇ ਸਰਕਾਰ ਮਾਰਨਾ ਚਾਹੇ ਤਾਂ ਆਸਾਨੀ ਨਾਲ ਮਾਰ ਦੇਵੇਗੀ। ਪਹਿਲਾਂ ਕਈ ਕਲਾਕਾਰਾਂ ਨੂੰ ਮਾਰ ਚੁੱਕੀ ਹੈ, ਪਰ ਸਾਨੂੰ ਇਸ ਦੀ ਪਰਵਾਹ ਨਹੀਂ। ਅਸੀਂ ਇਸੇ ਤਰ੍ਹਾਂ ਹੀ ਆਪਣਾ ਕੰਮ ਕਰਦੇ ਹਾਂ, ਕਰਦੇ ਰਹਾਂਗੇ।” ਉਸ ਨੇ ਆਪਣੀ ਟੀਮ ਦੇ ਹੌਸਲੇ, ਨਿਡਰਤਾ ਅਤੇ ਕਾਜ਼ ਨੂੰ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ।
ਉਸ ਦੀ ਸਮੁੱਚੀ ਟੀਮ ਹੀ ਅਜਿਹੇ ਕਾਰਕੁਨਾਂ ਦੀ ਹੈ ਜਿਹੜੇ ਘਰ-ਬਾਰ ਛੱਡ ਸਾਰਾ ਸਮਾਂ ਗੌਂਡ ਪਿੰਡਾਂ ਵਿਚ ਘੁੰਮਦਿਆਂ ਅਤੇ ਨਾਟਕ ਖੇਡਦਿਆਂ ਬਿਤਾਉਂਦੇ ਹਨ। ਨੱਚਣਾ, ਗਾਉਣਾ ਅਤੇ ਪਿੰਡ ਪਿੰਡ ਵਿਚ ਚੇਤਨਤਾ ਨੂੰ ਵੰਡਣਾ। ਉਹ ਜਨਤਾ ਦੇ ਘਰਾਂ ਤੋਂ ਹੀ ਖਾਣਾ ਖਾਂਦੇ ਹਨ। ਉਨ੍ਹਾਂ ਤੋ ਹੀ ਆਪਣੀਆਂ ਸੱਭੇ ਜ਼ਰੁਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਵਿਚ ਹੀ ਰਹਿੰਦੇ ਹਨ। ਅਜਿਹੇ ਦਸਤੇ ਵਿਚ ਮੇਰੇ ਵਾਸਤੇ ਗਾਰਡ ਦੀ ਉਂਜ ਹੀ ਜ਼ਰੂਰਤ ਨਹੀਂ ਸੀ, ਪਰ ਇਹ ਉਨ੍ਹਾਂ ਦਾ ਫ਼ੈਸਲਾ ਸੀ, ਕਿਉਂਕਿ ਉਹ ਕਿਸੇ ਮਹਿਮਾਨ ਦਾ ਨੁਕਸਾਨ ਹੋਇਆ ਨਹੀਂ ਸਨ ਦੇਖਣਾ ਚਾਹੁੰਦੇ, ਪਰ ਉਥੋਂ ਦੀ ਹਕੀਕਤ ਅਜਿਹੀ ਸੀ ਕਿ ਕਿਸੇ ਬੁਰੀ ਸੂਰਤ ਵਿਚ ਮੇਰਾ ਤਾਂ ਕੀ, ਸਗੋਂ ਸਮੁੱਚੀ ਟੀਮ ਦਾ ਨੁਕਸਾਨ ਹੋਣੋਂ ਨਹੀਂ ਸੀ ਰੋਕਿਆ ਜਾ ਸਕਦਾ। ਮੈਨੂੰ ਉਹ ‘ਮੁਕਾਬਲੇ’ ਯਾਦ ਆਏ ਜਿਨ੍ਹਾਂ ਵਿਚ ਮੰਚ ਕਲਾਕਾਰਾਂ ਨੂੰ “ਖ਼ਤਰਨਾਕ ਨਕਸਲੀ” ਗਰਦਾਨ ਕੇ ਮਾਰ ਮੁਕਾਇਆ ਗਿਆ ਸੀ (ਸੀæਐੱਨæਐੱਮæ ਦੀ ਟੀਮ ਦੇ ਕਮਾਂਡਰ ਨਾਲ ਹੋਈ ਉਪਰੋਕਤ ਗੱਲਬਾਤ ਦੇ ਐਨ ਇਕ ਸਾਲ ਪਿੱਛੋਂ ਆਂਧਰਾ ਪੁਲਿਸ ਨੇ ਇਲਾਪੁਰਮ ਇਲਾਕੇ ਵਿਚ ਚੱਲ ਰਹੇ ਸਭਿਆਚਾਰਕ ਕੈਂਪ ਦੇ ਪੰਜ ਕਲਾਕਾਰਾਂ, ਜਿਨ੍ਹਾਂ ਵਿਚ ਨਵੇਂ ਕਲਾਕਾਰ ਵੀ ਸ਼ਾਮਲ ਸਨ, ਨੂੰ ਅਖੌਤੀ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ)। ਜੰਗਲ ਦੇ ਇਹ ਜ਼ਿੰਦਾ-ਦਿਲ ਸਭਿਆਚਾਰਕ ਕਲਾਕਾਰ ਵਾਕਈ ਖ਼ਤਰਨਾਕ ਹਨ। ਉਨ੍ਹਾਂ ਦੇ ਨਾਚ, ਗੀਤ, ਨਾਟਕ, ਭਾਸ਼ਣ ਸੱਭੇ ਹੀ ਹੱਕ ਅਤੇ ਸੱਚ ਦਾ ਸੁਨੇਹਾ ਦਿੰਦੇ ਹਨ ਅਤੇ ਜਨਤਾ ਨੂੰ ਉਸ ਦੀ ਅਣ-ਮਨੁੱਖੀ ਜ਼ਿੰਦਗੀ ਦਾ ਅਹਿਸਾਸ ਦੁਆ ਕੇ ਇਸ ਨੂੰ ਬਦਲ ਦੇਣ ਵਾਸਤੇ ਉਕਸਾਉਂਦੇ ਹਨ। ਕਲਾਕਾਰਾਂ ਦੇ ਗਰੇਅ ਹਾਊਂਡਜ਼ ਰਾਹੀਂ ਹੋਏ ਕਤਲਾਂ ਨੂੰ ਹਕੂਮਤ ਨੇ “ਮੁਕਾਬਲਿਆਂ” ਦਾ ਨਾਂ ਦੇਣ ਦੀ ਬਜਾਏ “ਭੇਤਭਰੇ ਕਤਲ” ਕਹਿਣ ਦਾ ਨਵਾਂ ਜੁਮਰਾ ਈਜਾਦ ਕੀਤਾ ਹੈ। ਕਲਾਕਾਰਾਂ ਤੋਂ ਇਲਾਵਾ ਕੁਝ ਪੱਤਰਕਾਰਾਂ ਅਤੇ ਜਮਹੁਰੀ ਹੱਕਾਂ ਦੀ ਲਹਿਰ ਦੇ ਕਾਰਕੁਨਾਂ ਨੂੰ ਵੀ ਇਸੇ ਤਰ੍ਹਾਂ ਕਤਲ ਕੀਤਾ ਗਿਆ ਹੈ। ਚੇਤਨਾ ਨਾਟਕ ਮੰਚ ਦੀ ਟੀਮ ਦਾ ਲੀਡਰ ਕਹਿੰਦਾ ਹੈ ਕਿ ਸਾਡੇ ਦੇਸ਼ ਵਿਚ ਕਲਮ ਅਤੇ ਸਭਿਆਚਾਰਕ ਤਰੀਕਿਆਂ ਨਾਲ ਲੋਕਾਂ ਨੂੰ ਜਾਗਰਿਤ ਕਰਨ ਦਾ ਹੱਕ ਵੀ ਨਹੀਂ ਦਿੱਤਾ ਗਿਆ। ਜਿਹੜੀ ਹਕੁਮਤ ਨਾਟਕਾਂ, ਗੀਤਾਂ ਅਤੇ ਲੇਖਾਂ ਤੋਂ ਖੌਫ਼ਜ਼ਦਾ ਹੋ ਕੇ ਜਬਰ ਉਤੇ ਉਤਰ ਪਵੇ, ਉਹ ਟਿਕੀ ਨਹੀਂ ਰਹਿ ਸਕਦੀ, ਜ਼ਰੂਰ ਡਿੱਗੇਗੀ। ਸ਼ਹਿਰੀ ਆਜ਼ਾਦੀਆਂ ਬਾਰੇ ਸੱਚ ਦਾ ਖ਼ੁਲਾਸਾ ਕਰਦਿਆਂ ਉਹ ਕਹਿੰਦਾ ਹੈ:
“ਅਰੇ ਭਾਈ, ਕੈਸੀ ਆਜ਼ਾਦੀ? ਬੋਲਣਾ ਬੰਦ, ਲਿਖਣਾ ਬੰਦ, ਸੜਕ ਉਤੇ ਰੋਸ ਕਰਨਾ ਬੰਦ। ਜਾਂ ਤਾਂ ਤੁਹਾਨੂੰ ਜੇਲ੍ਹ ਹੋਵੇਗੀ, ਜਾਂ ਗੋਲੀ ਆਏਗੀ। ਦੇਖਿਆ ਗ਼ਦਰ ਦਾ ਹਾਲ! ਘਰ ਵਿਚ ਹੀ ਗੋਲੀ ਨਾਲ ਮਾਰ ਦੇਣਾ ਚਾਹਿਆ। ਪੁਲਿਸ ਕਦੇ ਮੰਨੇਗੀ ਕਿ ਉਸ ਨੇ ਇਹ ਕੰਮ ਕੀਤਾ ਹੈ? ਕਦੇ ਨਹੀਂ। ਹਕੂਮਤ ਉਸ ਦੇ ਪੈਰਾਂ ਦੀ ਧਮਕ ਤੋਂ ਹੀ ਡਰ ਰਹੀ ਹੈ। ਉਸ ਦੇ ਘੁੰਗਰੂਆਂ ਦੀ ਛਨ ਛਨ ਤੋਂ ਬੌਖ਼ਲਾ ਰਹੀ ਹੈ। ਅਰੇ ਭਾਈ, ਉਨ ਕੀ ਭੀ ਤੋਂ ਬੰਬਈ ਚਲਤੀ ਹੈ, ਵਹਾਂ ਕੀ ਗਲਾਜ਼ਤ ਔਰ ਨੰਗੇਪਨ ਸੇ ਉਨਹੇਂ ਕੋਈ ਕੋਫ਼ਤ ਨਹੀਂ ਹੋਤੀ, ਕੋਈ ਤਕਲੀਫ਼ ਨਹੀਂ ਹੋਤੀ। ਔਰ ਯਹਾਂ ਜਬ ਹਮ ਲੋਗੋਂ ਕੀ ਜਿੰਦਗੀ ਕੀ ਬਾਤ ਕਰਤੇ ਹੈਂ ਤੋ ਹੰਗਾਮਾ ਖੜ੍ਹਾ ਹੋ ਜਾਤਾ ਹੈ, ਕਯਾਮਤ ਆ ਜਾਤੀ ਹੈ।”
“ਪਰ ਤੁਹਾਡੇ ਗੀਤ ਤਾਂ ਬਗਾਵਤ ਦੇ ਭਰੇ ਹੋਏ ਨੇ। ਇਨ੍ਹਾਂ ਨੂੰ ਕੌਣ ਝੱਲੇਗਾ? ਕੋਈ ਵੀ ਹਕੂਮਤ ਬਗ਼ਾਵਤ ਉਠਣ ਦਿੰਦੀ ਹੈ ਕਿਤੇ?”
“ਸਹੀ ਹੈ। ਗੀਤਾਂ ‘ਚੋਂ ਬਗ਼ਾਵਤ ਦੀ ਆਵਾਜ਼ ਨਿਕਲਦੀ ਹੈ, ਪਰ ਗੋਲੀ ਤਾਂ ਨਹੀਂ ਨਿਕਲਦੀ! ਇਹ ਗੀਤ ਤਾਂ ਹਾਲਤ ਦੀ ਪੈਦਾਵਾਰ ਨੇ। ਜਦ ਤਕ ਇਹ ਹਾਲਤ ਰਹੇਗੀ, ਇਸ ਆਵਾਜ਼ ਨੂੰ ਕਿਵੇਂ ਬੰਦ ਕਰ ਲੈਣਗੇ ਉਹ! ਆਵਾਜ਼ ਤਾਂ ਆਵਾਜ਼ ਹੈ ਜਿਸ ਨੇ ਚਾਰੇ ਪਾਸੇ ਫੈਲ ਹੀ ਜਾਣੈ। ਇਸ ਨੂੰ ਨਾ ਰੋਕਿਆ ਜਾ ਸਕਦਾ, ਨਾ ਬੰਦ ਕੀਤਾ ਜਾ ਸਕਦਾ। ਲਿਖਣ, ਛਪਣ ਉਤੇ ਪਾਬੰਦੀ ਲੱਗ ਜਾਵੇ ਤਾਂ ਲੱਗ ਜਾਵੇ, ਗਾਉਣ ਨੂੰ ਨਹੀਂ ਰੋਕਿਆ ਜਾ ਸਕਦਾ। ਜ਼ੁਬਾਨ ਕੱਟਣਗੇ ਤਾਂ ਗੁਣ-ਗੁਣਾ ਲਵਾਂਗੇ। ਗਲਾ ਹੀ ਕੱਟ ਸਕਦੇ ਨੇ, ਪਰ ਕਿੰਨਿਆਂ ਦਾ ਕੱਟ ਲੈਣਗੇ? ਕਿੰਨਿਆਂ ਕੁ ਦਾ? ਇਥੇ ਤਾਂ ਹਰ ਕੋਈ ਗਾਉਂਦੈ। ਹਰ ਕੋਈ ਨੱਚਦਾ ਹੈ।”
“ਪਰ ਗਲੇ ਤਾਂ ਉਹ ਕੱਟਦੇ ਹੀ ਰਹਿਣਗੇ।”
“ਅਸੀਂ ਫਿਰ ਵੀ ਗਾਉਂਦੇ ਰਹਾਂਗੇ। ਹਵਾ ਵਿਚ ਫੈਲੇ ਗੀਤ ਗਲੇ ਕੱਟਣ ਨਾਲ ਨਹੀਂ ਖ਼ਤਮ ਹੁੰਦੇ। ਤੁਸੀਂ ਸੁਣਿਐ ਉਹ ਜੰਗਲ ਦਾ ਗੀਤ? ਨਹੀਂ ਸੁਣਿਆ! ਇਸ ਨੂੰ ਜੰਗਲ ਦਾ ਹਰ ਵਾਸੀ ਗਾਉਂਦੈ।”
ਫਿਰ ਉਹ ਗਾਉਣ ਲੱਗਾ:
ਜੁੰਬਕ ਜੁੰਬਕ ਜੁੰਬਕ ਬਾਲਾ
ਜੁੰਬਕ ਜੁੰਬਕ ਜੁੰਬæææ
ਬੋਲੋ! ਜੰਗਲ ਕੀ ਜੈ ਬੋਲੋ! ਓæææ ਮਾਂ!
ਓ ਯਾਯਾ! ਜੰਗਲ ਕੀ ਜੈ ਬੋਲੋ! ਓæææ ਮਾਂ!
ਓ ਜੰਗਲ ਮਈਆ ਕੀ ਜੈ ਬੋਲੋ! ਓæææ ਮਾਂ!
“ਇਸ ਗੀਤ ਨੂੰ ਕੌਣ ਮਾਰ ਸਕਦੈ? ਇਹਨੂੰ ਗਾਉਣ ਵਾਲੀ ਆਵਾਜ਼ ਨੂੰ ਕੌਣ ਮਾਰ ਸਕਦੈ? ਇਹ ਗੀਤ ਤਾਂ ਗੂੰਜ ਹੈ। ਸਰਵ-ਵਿਆਪਕ, ਅਨੰਤ ਗੂੰਜ! ਇਹ ਜੰਗਲ ਦੇ ਹਰ ਰੁੱਖ, ਹਰ ਝਾੜੀ, ਹਰ ਪੱਤੀ ਵਿਚੋਂ ਗੂੰਜਦੀ ਹੈ। ਇਹ ਹਵਾ ਵਿਚ ਹੈ, ਨਦੀਆਂ ਦੀ ਕਲ ਕਲ ਵਿਚ ਹੈ, ਧਰਤੀ ਦੇ ਹਰ ਟੁਕੜੇ, ਹਰ ਜ਼ੱਰੇ ਵਿਚ ਹੈ। ਇਹਨੂੰ ਕੌਣ ਮਾਰੇਗਾ? ਕੋਈ ਨਹੀਂ ਮਾਰ ਸਕਦਾ। ਕੋਈ ਵੀ ਨਹੀਂ। ਜੰਗਲ ਦੀ ਜੈ। ਜੰਗਲ ਉਪਰ ਜੰਗਲ ਵਾਲਿਆਂ ਦਾ ਹੱਕ। ਇਸ ਦੇ ਪਾਣੀਆਂ, ਖਣਿਜਾਂ, ਇਸ ਦੀ ਹਰ ਉਪਜ ਉਪਰ ਹੱਕ। ਇਹ ਜੰਗਲ ਦੇ ਵਸਨੀਕਾਂ ਦੀ ਗੂੰਜ ਹੈ। ਜੰਗਲ ਦੀ ਹਰ ਸ਼ੈਅ ਇਸ ਗੂੰਜ ਨਾਲ ਸਰਾਬੋਰ ਹੈ। ਇਹ ਗੂੰਜ ਮਰ ਨਹੀਂ ਸਕਦੀ।”
—
ਚੰਦਨ ਦੀ ਟੀਮ ਭਾਵੇਂ ਧੁਰ ਜੰਗਲ ਵਿਚ ਡੇਰਾ ਲਾਈ ਬੈਠੀ ਹੈ, ਪਰ ਉਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਪਹੁੰਚੇ ਹੋਏ ਹਨ। ਰਾਤ ਡੂੰਘੀ ਪਸਰਦੀ ਜਾ ਰਹੀ ਹੈ। ਥਾਂ ਥਾਂ ਧੂਣੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦੁਆਲੇ ਟੋਲੀਆਂ ਬੈਠੀਆਂ ਦਿਖਾਈ ਦੇ ਰਹੀਆਂ ਹਨ। ਉਹ ਇਸ ਤਰ੍ਹਾਂ ਬੈਠੇ ਹਨ ਜਿਵੇਂ ਉਨ੍ਹਾਂ ਦਾ ਆਪਣੇ ਘਰੀਂ ਪਰਤਣ ਦਾ ਕੋਈ ਇਰਾਦਾ ਨਾ ਹੋਵੇ। ਕਿਸੇ ਟੋਲੀ ਵਿਚ ਗੀਤ ਚੱਲ ਰਹੇ ਹਨ, ਕਿਸੇ ਵਿਚ ਨਾਟਕਾਂ ਉਤੇ ਬਹਿਸ ਚੱਲ ਰਹੀ ਹੈ ਅਤੇ ਕਿਤੇ ਕਿਤੇ ਕੋਈ ਅੱਗ ਦੀ ਰੌਸ਼ਨੀ ਵਿਚ ਐਕਟਿੰਗ ਕਰ ਕੇ ਦਿਖਾਉਂਦਾ ਨਜ਼ਰ ਆ ਰਿਹਾ ਹੈ। ਸਭ ਪਾਸੇ ਮੌਜ-ਮੇਲੇ ਜਿਹਾ ਰੰਗ ਹੈ। ਜੰਗਲ ਦਾ ਅਜਿਹਾ ਦ੍ਰਿਸ਼ ਦੇਖਿਆਂ ਹੀ ਬਣਦਾ ਹੈ। ਪਿੰਡਾਂ ਦੀਆਂ ਸੱਥਾਂ ਵਿਚ ਲੱਗੀਆਂ ਧੂਣੀਆਂ ਅਤੇ ਜੰਗਲ ਵਿਚ ਜੁੜੀਆਂ ਸੱਥਾਂ ਦਾ ਨਜ਼ਾਰਾ ਅਲੱਗ ਅਲੱਗ ਹੈ। ਕੋਈ ਵੀ ਚਾਹੇਗਾ ਕਿ ਇਕ ਉਮਰ ਇਥੋਂ ਦੇ ਮਾਹੌਲ ਵਿਚ ਬੀਤ ਜਾਵੇ ਤੇ ਜ਼ਿੰਦਗੀ ਦਾ ਮਜ਼ਾ ਆ ਜਾਵੇ।
“ਈਸ਼ਵਰ ਭਾਈ, ਨੂਕਾ ਤਿਆਰ ਹੈ।”
“ਇਹ ਨੁਕਾ ਕੀ ਚੀਜ਼ ਹੈ? ਤੇ ਮੇਰਾ ਨਾਂ ਈਸ਼ਵਰ ਨਹੀਂ ਹੈ।” ਮੈਂ ਚੰਦਨ ਨੂੰ ਕਹਿੰਦਾ ਹਾਂ ਜਿਸ ਨੇ ਇਸ ਅਜੀਬ ਸ਼ੈਅ ਦਾ ਨਾਂ ਲਿਆ ਸੀ।
“ਨਾਂ ਤਾਂ ਈਸ਼ਵਰ ਭਾਈ ਕੋਈ ਵੀ ਹੋ ਸਕਦੈ। ਇਹਦੇ ਨਾਲ ਇਨਸਾਨ ਬਦਲ ਨਹੀਂ ਜਾਂਦਾ। ਬੁਰਾ ਤਾਂ ਨਹੀਂ?”
ਮੈਂ ਮੁਸਕਰਾ ਦਿੱਤਾ।
ਫਿਰ ਉਹ ਬੋਲਦਾ ਹੈ- “ਨੂਕਾ ਚੌਲਾਂ ਦੇ ਟੋਟੇ ਨੂੰ ਕਹਿੰਦੇ ਨੇ। ਛੋਟੇ ਛੋਟੇ ਬਾਰੀਕ ਟੁਕੜੇ। ਇਥੋਂ ਦੇ ਲੋਕ ਇਹੀ ਖਾਂਦੇ ਨੇ ਅਤੇ ਇਹੀ ਸਾਡੇ ਵਾਸਤੇ ਵੀ ਲੈ ਕੇ ਆਏ ਨੇ। ਖਾਣ ਦਾ ਮਜ਼ਾ ਆ ਜਾਵੇਗਾ, ਕਿਉਂਕਿ ਹਰ ਘਰ ਤੋਂ ਇਕ ਇਕ ਲੱਪ ਇਕੱਠੀ ਕਰ ਕੇ ਬਣਾਏ ਗਏ ਨੇ। ਸਾਡੀ ਟੀਮ ਇਸੇ ਤਰ੍ਹਾਂ ਕਰਦੀ ਹੈ। ਬੱਸ ਜ਼ਰਾ ਧਿਆਨ ਨਾਲ ਚਬਾਉਣਾ, ਇਹ ਪਹਿਲਾਂ ਹੀ ਬਹੁਤ ਛੋਟੇ ਨੇ, ਵਿਚਾਰੇ ਮਿੱਧੇ ਜਾਣਗੇ!”
ਨੂਕਾ ਰੋੜਾਂ ਨਾਲ ਭਰਿਆ ਹੋਇਆ ਸੀ। ਧਿਆਨ ਨਾਲ ਚਬਾਉਣ ਦੀ ਗੱਲ ਚੰਦਨ ਨੇ ਇਸੇ ਲਈ ਕਹੀ ਸੀ। ਨੂਕਾ ਤੇ ਬੁਰਕਾ (ਲੌਕੀ) ਬਸਤਰ ਵਿਚ ਆਮ ਹੈ। ਇਸ ਦੀ ਸਬਜ਼ੀ ਹਰ ਘਰ ਵਿਚ ‘ਚਾਅ’ ਨਾਲ ਖਾਧੀ ਜਾਂਦੀ ਹੈ। ਘਰਾਂ ਦੇ ਵਿਹੜਿਆਂ ਵਿਚ ਲੋਕ ਇਸ ਦੇ ਬੀਜ ਸੁੱਟ ਦਿੰਦੇ ਹਨ। ਜਦ ਇਹ ਉਗਦੇ ਹਨ ਤਾਂ ਬੁਰਕੇ ਦੀਆਂ ਵੇਲਾਂ ਹਰ ਰੁੱਖ ਉਪਰ ਚੜ੍ਹੀਆਂ ਨਜ਼ਰ ਆਉਂਦੀਆਂ ਹਨ। ਲੋਕ ਇਨ੍ਹਾਂ ਨੂੰ ਸੁਕਾ ਕੇ ਤੁੰਬੇ ਬਣਾਉਂਦੇ ਹਨ ਜਿਨ੍ਹਾਂ ਨੂੰ ਉਹ ਤਾੜੀ ਦਾ ਰਸ ਅਤੇ ਪਾਣੀ ਸਾਂਭਣ ਵਾਸਤੇ ਵਰਤਦੇ ਹਨ। ਬਸਤਰ ਦੀ ਲੌਕੀ ਵਿਸ਼ੇਸ਼ ਕਿਸਮ ਦੀ ਹੈ, ਦੂਹਰੇ ਤੁੰਬੇ ਵਾਲੀ। ਹੇਠਾਂ ਵੱਡਾ, ਉਪਰ ਨਿੱਕਾ। ਜਿਵੇਂ ਕਈ ਵਾਰ ਬਿੱਜੜੇ ਦਾ ਆਲ੍ਹਣਾ ਹੁੰਦਾ ਹੈ, ਦੋ ਕਮਰਿਆਂ ਵਾਲਾ। ਦੋ ਤੂੰੰਬਿਆਂ ਵਾਲੀ ਲੌਕੀ ਪਹਿਲੀ ਨਜ਼ਰੇ ਅਜੀਬ ਤਰ੍ਹਾਂ ਦੀ ਲਗਦੀ ਹੈ।
“ਈਸ਼ਵਰ ਭਾਈ! ਨੂਕਾ ਕਿਵੇਂ ਲੱਗਾ?”
“ਇਕ ਦਮ ਨੰਬਰ ਇਕ! ਪਰ ਮੈਂ ਹੈਰਾਨ ਹਾਂ ਕਿ ਲੋਕ ਨੂਕੇ ਨੂੰ ਸਾਫ਼ ਕਿਉਂ ਨਹੀਂ ਕਰਦੇ? ਕੰਕਰ ਕਿਉਂ ਨਹੀਂ ਕੱਢਦੇ?”
“ਕਿਉਂਕਿ ਇਹ ਕੋਈ ਤਕਲੀਫ਼ ਨਹੀਂ ਦਿੰਦੇ। ਸਬਜ਼ੀ ਦੀ ਤਰੀ ਨਾਲ ਸਭ ਕੁਝ ਰਚ ਮਿਚ ਕੇ ਅੰਦਰ ਚਲਾ ਜਾਂਦਾ ਹੈ। ਮੈਂ ਇਸ ਉਤੇ ਡਰਾਮਾ ਲਿਖਣ ਦੀ ਸੋਚ ਰਿਹਾਂ ਤਾਂ ਕਿ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਨੂਕਾ ਸਾਫ਼ ਕਰਨਾ ਅਤੇ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ। ਵੈਸੇ ਹੀ ਕਹਿ ਦੇਣ ਨਾਲ ਗੱਲ ਨਹੀਂ ਬਣੇਗੀ। ਛੋਟੇ ਛੋਟੇ ਨਾਟਕ ਲੋਕਾਂ ਦੇ ਧੁਰ ਅੰਦਰ ਲਹਿ ਜਾਂਦੇ ਨੇ। ਅਸੀਂ ਇਵੇਂ ਹੀ ਕਰਾਂਗੇ।” ਚੰਦਨ ਨੂਕੇ ਨੂੰ ਇਸ ਤਰ੍ਹਾਂ ਮਜ਼ੇ ਨਾਲ ਖਾ ਰਿਹਾ ਸੀ ਜਿਵੇਂ ਕੋਈ ਆਹਲਾ ਤੇ ਸਵਾਦ ਭਰਪੂਰ ਖਾਣਾ ਖਾ ਰਿਹਾ ਹੋਵੇ।
ਮੈਨੂੰ ਸ਼ਹਿਰਾਂ ਦੀਆਂ ਵੱਡੀਆਂ ਵੱਡੀਆਂ ਪੰਸਾਰੀ ਦੀਆਂ ਦੁਕਾਨਾਂ ਚੇਤੇ ਆ ਗਈਆਂ ਜਿਥੇ ਦਸ ਦਸ ਔਰਤਾਂ ਸਾਰਾ ਦਿਨ ਦਾਲਾਂ ਵਿਚੋਂ ਕੰਕਰ ਚੁਗਦੀਆਂ ਰਹਿੰਦੀਆਂ ਹਨ ਤਾਂ ਕਿ ਗਾਹਕ ਸ਼ਿਕਾਇਤ ਨਾ ਕਰੇ ਕਿ ਦਾਲ, ਚੌਲ ਜਾਂ ਅਜਵਾਇਣ ਵਿਚਲਾ ਕੋਈ ਰੋੜ ਉਨ੍ਹਾਂ ਦੇ ਖਾਣੇ ਦਾ ਸਵਾਦ ਕਿਰਕਿਰਾ ਕਰ ਗਿਆ। ਜਿਥੇ ਇਨਸਾਨ ਕੰਦ-ਮੁਲ ਤੋਂ ਮਿੱਟੀ ਝਾੜ ਕੇ ਉਸ ਨੂੰ ਸਿੱਧਾ ਹੀ ਖਾ ਜਾਣ ਦਾ ਆਦੀ ਹੋਵੇ, ਉਥੇ ਚੌਲਾਂ ਵਿਚਲੇ ਕੰਕਰ ਉਸ ਨੂੰ ਬਹੁਤਾ ਨਹੀਂ ਚੁਭਦੇ। ਕਿਰਕਿਰੇਪਨ ਦਾ ਅਹਿਸਾਸ ਕਰਨ ਦੀ ਜਾਚ ਸ਼ਾਇਦ ਇਨਸਾਨ ਨੇ ਵਿਕਾਸ ਦੀਆਂ ਕਈ ਮੰਜ਼ਲਾਂ ਤੈਅ ਕਰਨ ਤੋਂ ਬਾਅਦ ਸਿੱਖੀ ਹੋਵੇਗੀ ਜਦੋਂ ਢਿੱਡ ਭਰਨਾ ਉਸ ਦੀ ਮਜਬੂਰੀ ਨਾ ਰਿਹਾ ਹੋਵੇਗਾ ਅਤੇ ਉਹ ਆਪਣੇ ਖਾਣੇ ਨੂੰ ਸਵਾਦਾਂ ਦਾ ਰੂਪ ਦੇਣ ਲੱਗਿਆ ਹੋਵੇਗਾ। ਅਜੇ ਵੀ ਗ਼ਰੀਬ ਲੋਕਾਂ ਦੇ ਭੋਜਨ ਵਿਚ ਕਿਰਕ ਦੀ ਮੌਜੂਦਗੀ ਆਮ ਜਿਹੀ ਗੱਲ ਹੈ। ਉਹ ਆਪਣਾ ਖਾਣਾ ਸੁੱਟ ਨਹੀਂ ਦਿੰਦੇ, ਸਗੋਂ ਖਾ ਕੇ ਸ਼ੁਕਰ ਮਨਾਉਂਦੇ ਹਨ। ਲਜ਼ੀਜ਼ ਖਾਣਿਆਂ ਵਾਸਤੇ ਬਹੁਤਾਤ ਜ਼ਰੂਰੀ ਹੈ, ਸੋ ਇਸ ਨੂੰ ਸਮਾਜ ਦਾ ਖ਼ਾਸ ਹਿੱਸਾ ਹੀ ਮਾਣਦਾ ਹੈ। ਬਾਕੀ ਦੇ ਲੋਕ ਬਿਨਾਂ ਤਕਲੀਫ਼ ਮਹਿਸੂਸ ਕੀਤਿਆਂ ਜੋ ਕੁਝ ਮਿਲੇ, ਉਸ ਨੂੰ ਗਲੇ ‘ਚੋਂ ਹੇਠਾਂ ਉਤਾਰ ਲੈਂਦੇ ਹਨ। ਨੱਕ ਮਾਰਨ ਦੀ ਅੱਯਾਸ਼ੀ ਸਿਰਫ਼ ਉਪਰਲੇ ਤਬਕੇ ਹੀ ਕਰਦੇ ਹਨ। ਚੰਦਨ ਦਾ ਨਾਟਕ ਲਿਖਣਾ ਤੇ ਖੇਡਣਾ ਕਬਾਇਲੀ ਸਵਾਦ ਨੂੰ ਕਿੰਨਾ ਕੁ ਬਦਲ ਦੇਵੇਗਾ, ਇਸ ਉਪਰ ਮੈਨੂੰ ਸ਼ੱਕ ਹੋਇਆ।
“ਚੰਦਨ ਭਾਈ! ਕਬਾਇਲੀ ਲੋਕ ਚੌਲਾਂ ਦੀ ਹੋਰ ਕੀ ਕੀ ਵਰਤੋਂ ਕਰਦੇ ਨੇ?” ਮੈਂ ਉਸ ਤੋਂ ਜਾਨਣਾ ਚਾਹਿਆ।
“ਸਵੇਰ ਦਾ ਨਾਸ਼ਤਾ ਚੌਲਾਂ ਦੀ ਪਿੱਛ ਦਾ ਹੋਵੇਗਾ। ਕਬਾਇਲੀ ਇਸ ਨੂੰ ਜਾਵਾ ਕਹਿੰਦੇ ਨੇ। ਮੁੱਠੀ ਭਰ ਚੌਲਾਂ ਨੂੰ ਢੇਰ ਸਾਰੇ ਪਾਣੀ ਵਿਚ ਕਾੜ੍ਹ ਕੇ ਜਾਵਾ ਤਿਆਰ ਹੁੰਦਾ ਹੈ। ਇਸ ਨੂੰ ਪੀ ਕੇ ਸਾਰਾ ਟੱਬਰ ਨਾਸ਼ਤਾ ਕਰਦਾ ਹੈ। ਜੇ ਤੁਸੀਂ ਇਸ ਨੂੰ ਹੋਰ ਵਧੀਆ ਬਣਾਉਣਾ ਚਾਹੋ ਤਾਂ ਬਾਜਰੇ ਦੀ ਵੀ ਮੁੱਠ ਪਾ ਲਵੋ। ਇਥੇ ਹੋਰ ਕੁਝ ਨਹੀਂ ਮਿਲਦਾ। ਚੌਲਾਂ ਤੋਂ ਚਿੜਵੇ ਵੀ ਤਿਆਰ ਹੁੰਦੇ ਹਨ ਜਿਨ੍ਹਾਂ ਨੂੰ ਤੇਲ ਦਾ ਤੜਕਾ ਲਾ ਕੇ ਤੇ ਲੂਣ ਮਿਰਚ ਪਾ ਕੇ ਖਾਧਾ ਜਾਂਦਾ ਹੈ।”
ਸਵੇਰ ਦਾ ਨਾਸ਼ਤਾ ਸੱਚੀਂ ਹੀ ਜਾਵੇ ਦਾ ਮਿਲਿਆ। ਪਤਲੀ ਫਿੱਕੀ ਪਿੱਛ। ਕਬਾਇਲੀ ਇਸ ਵਿਚ ਨਮਕ ਨਹੀਂ ਪਾਉਂਦੇ ਤੇ ਫਿੱਕੀ ਹੀ ਪੀਂਦੇ ਹਨ। ਚੌਲ ਬਸਤਰ ਵਿਚ ਅਨੇਕਾਂ ਕਿਸਮਾਂ ਦੇ ਪੈਦਾ ਹੁੰਦੇ ਹਨ, ਪਰ ਪੈਦਾਵਾਰ ਬਹੁਤ ਘੱਟ ਹੈ। ਕਬਾਇਲੀ ਕਿਸਾਨ ਨੂੰ ਦੂਸਰੀਆਂ ਸਭ ਥਾਵਾਂ ਦੇ ਗਰੀਬ ਕਿਸਾਨਾਂ ਵਾਂਗ, ਅਗਲੀ ਫ਼ਸਲ ਆਉਣ ਤੋਂ ਕਈ ਮਹੀਨੇ ਪਹਿਲਾਂ ਅਕਸਰ ਹੀ ਹਾਟ ਬਾਜ਼ਾਰਾਂ ਤੋਂ ਚੌਲ ਮੁੱਲ ਲੈ ਕੇ ਖਾਣੇ ਪੈਂਦੇ ਹਨ। ਗਰੀਬੀ ਦੀ ਅੱਤ ਕਿੰਨੀ ਕੁ ਹੈ, ਇਸ ਦਾ ਅੰਦਾਜ਼ਾ ਉਨ੍ਹਾਂ ਖ਼ਬਰਾਂ ਤੋਂ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਵਿਚ ਕਬਾਇਲੀਆਂ ਵੱਲੋਂ ਭੋਜਨ ਖ਼ਾਤਰ ਬੱਚੇ ਵੇਚ ਦੇਣ ਦਾ ਜ਼ਿਕਰ ਹੁੰਦਾ ਹੈ। ਭੁੱਖ ਨਾਲ ਹੁੰਦੀਆਂ ਮੌਤਾਂ ਬਾਰੇ ਸਰਕਾਰੀ ਚੀਕ-ਚਿਹਾੜਾ ਭਾਵੇਂ ਕੁਝ ਵੀ ਕਹੀ ਜਾਵੇ, ਪਰ ਇਹ ਉਨ੍ਹਾਂ ਇਲਾਕਿਆਂ ਵਿਚ ਆਮ ਵਰਤਾਰਾ ਹੈ ਜਿਥੇ ਗੁਰੀਲਿਆਂ ਦਾ ਅਸਰ ਅਜੇ ਨਹੀਂ ਪਹੁੰਚਿਆ। ਇਸ ਦਾ ਅੰਦਾਜ਼ਾ ਨਾਲ ਲਗਵੇਂ ਸ਼ਹਿਰਾਂ ਦੇ ਚਕਲਿਆਂ ਤੋਂ ਵੀ ਲਗਾਇਆ ਜਾ ਸਕਦਾ ਹੈ ਜਿਥੇ ਕਬਾਇਲੀ ਔਰਤਾਂ ਜਿਸਮ-ਫ਼ਰੋਸ਼ੀ ਵਾਸਤੇ ਪਹੁੰਚਦੀਆਂ ਹਨ। ਬਿਨਾ ਸ਼ੱਕ, ਜਿਸਮ-ਫ਼ਰੋਸ਼ੀ ਅਤੇ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ, ਗੁਰੀਲਾ ਖੇਤਰਾਂ ਤੋਂ ਬਾਹਰ ਦਾ ਵਰਤਾਰਾ ਹਨ।
ਕਾਲ ਦੀ ਹਾਲਤ ਬਣਦੀ ਹੈ ਤਾਂ ਕਬਾਇਲੀ ਪਿੰਡਾਂ ਦੇ ਪਿੰਡ ਗੁਰੀਲਿਆਂ ਦੇ ਸਾਥ ਨਾਲ ਵੱਡੇ ਪਿੰਡਾਂ ਤੇ ਕਸਬਿਆਂ ਵਿਚਲੇ ਗੁਦਾਮਾਂ ਨੂੰ ਕਬਜ਼ੇ ਵਿਚ ਕਰ ਲੈਂਦੇ ਹਨ ਅਤੇ ਹਰ ਕਿਸੇ ਨੂੰ ਅਨਾਜ ਵੰਡ ਦਿੰਦੇ ਹਨ। ਇਸ ਤਰ੍ਹਾਂ ਅਨਾਜ ਪੈਦਾ ਕਰਨ ਵਾਲਾ ਅਨਾਜ ਉਤੇ ਕਬਜ਼ਾ ਕਰ ਕੇ ਕਾਲ ਦੀ ਮਾਰ ਤੋਂ ਬਚਦਾ ਹੈ। ਜੇ ਗੁਰੀਲਾ ਲਹਿਰ ਉਥੇ ਵਿਕਸਤ ਨਾ ਹੋਈ ਹੁੰਦੀ ਤਾਂ ਅਜਿਹਾ ਨਾ ਸਿਰਫ਼ ਅਸੰਭਵ ਹੀ ਹੁੰਦਾ, ਸਗੋਂ ਮੌਤਾਂ ਦੀ ਖ਼ਬਰ ਤੱਕ ਵੀ ਉਨ੍ਹਾਂ ਦੂਰ-ਦਰਾਜ਼ ਦੇ ਜੰਗਲਾਂ ਵਿਚੋਂ ਬਾਹਰ ਨਾ ਨਿਕਲਦੀ। ਅਜਿਹੀ ਖ਼ਬਰ ਤਾਂ ਕਦੇ ਕਦੇ ਸਿਰਫ਼ ਉਦੋਂ ਬਾਹਰ ਨਿਕਲਦੀ ਹੈ ਜਦੋਂ ਸੰਕਟ ਭਿਆਨਕ ਰੂਪ ਧਾਰਨ ਕਰ ਚੁੱਕਾ ਹੁੰਦਾ ਹੈ, ਜਦੋਂ ਹਕੀਕਤ ਨੂੰ ਛੁਪਾਉਣਾ ਅਸੰਭਵ ਹੋ ਜਾਂਦਾ ਹੈ। ਫਿਰ ਵੀ ਉਨ੍ਹਾਂ ਇੱਕਾ-ਦੁੱਕਾ ਖ਼ਬਰਾਂ ਉਪਰ ਅਜਿਹੀ ਅਣ-ਮਨੁੱਖੀ ਬਹਿਸ ਹੁੰਦੀ ਹੈ ਕਿ ਆਮ ਇਨਸਾਨ ਬੇਵਸੀ ਵਿਚ ਹਾਕਮਾਂ ਨੂੰ ਗਾਲ੍ਹ ਕੱਢਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾਉਂਦਾ; ਜਿਵੇਂ: ‘ਮੌਤਾਂ ਭੁੱਖ ਨਾਲ ਨਹੀਂ, ਪੇਟ ਦੀ ਬਿਮਾਰੀ ਕਾਰਨ ਹੋਈਆਂ ਹਨ; ਭੁੱਖ ਨਾਲ ਨਹੀਂ, ਸਗੋਂ ਅੰਬਾਂ ਦੀਆਂ ਸੜੀਆਂ ਗੁਠਲੀਆਂ ਖਾਣ ਨਾਲ ਹੋਈਆਂ ਹਨ; ਭੁੱਖ ਨਾਲ ਨਹੀਂ, ਖਾਣਾ ਨਾ ਖਾਣ ਕਾਰਨ ਹੋਈਆਂ ਹਨ, ਕਿਉਂਕਿ ਮਰਨ ਵਾਲੇ ਪਰਿਵਾਰ ਦੇ ਘਰ ਵਿਚ ਅਜੇ ਵੀ ਦਾਣਿਆਂ ਦਾ ਇਕ ਕਟੋਰਾ ਮੌਜੂਦ ਸੀ; ਭੁੱਖ ਨਾਲ ਨਹੀਂ ਸਗੋਂæææ।’
ਤੁਸੀਂ ਹਰ ਤਰ੍ਹਾਂ ਦੀ ਕਮੀਨਗੀ ਭਰੀ ਬਹਿਸ ਸੁਣੋਗੇ। ਪ੍ਰਧਾਨ ਮੰਤਰੀ ਤੱਕ ਦਾ ਇਸ ਉਪਰ ਭਾਸ਼ਨ ਕਿ ‘ਭੁੱਖ ਤੋਂ ਹੋਣ ਵਾਲੀਆਂ ਮੌਤਾਂ ਦੀ ਖ਼ਬਰ ਝੂਠੀ ਹੈ, ਕਿਉਂਕਿ ਦੇਸ਼ ਕੋਲ ਵਾਧੂ ਅਨਾਜ ਦਾ ਬਹੁਤ ਵੱਡਾ ਭੰਡਾਰ ਮੌਜੂਦ ਹੈ, ਜੇ ਲੋਕਾਂ ਤੱਕ ਅਨਾਜ ਨਹੀਂ ਪਹੁੰਚ ਰਿਹਾ ਤਾਂ ਸਰਕਾਰੀ ਅਮਲਾ ਫ਼ੈਲਾ ਇਸ ਨੂੰ ਪਹੁੰਚਾ ਦੇਵੇ’æææ ਵਗ਼ੈਰਾ, ਵਗ਼ੈਰਾ, ਵਗ਼ੈਰਾ। ਸੋ ਗੁਰੀਲੇ ਅਜਿਹੀ ਤਿਕੜਮ ਸੁਣਨ ਦੀ ਬਜਾਏ ਅਤੇ ਅਮਲੇ-ਫ਼ੈਲੇ ਦੀ ‘ਮਿਹਰ’ ਉਡੀਕਣ ਦੀ ਬਜਾਇ ਲੋਕਾਂ ਨੂੰ ਖ਼ੁਦ ਹੀ ਗੋਦਾਮਾਂ ਤਕ ਪਹੁੰਚ ਜਾਣ ਵਾਸਤੇ ਉਭਾਰਦੇ ਹਨ। ਤੇ ਫਿਰ ਉਡੀਕ ਕਰਦੇ ਹਨ ਕਿ ਖ਼ਬਰ ਆਵੇ ਤੇ ਦੱਸੇ ਕਿ ਜੰਗਲ ਦੇ “ਲੁਟੇਰੇ” ਅਨਾਜ ਲੁੱਟ ਕੇ ਲੈ ਗਏ। ‘ਲੁਟੇਰੇ’ ਜਦ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਦੇ ਹਨ ਤਾਂ ਇਹ ਬਗ਼ਾਵਤੀ ਲਹਿਰ ਬਣ ਜਾਂਦੀ ਹੈ, ਲੁੱੱਟ-ਖਸੁੱਟ ਕਰਨ ਵਾਲੇ ਲੁੱਟ ਲਏ ਜਾਂਦੇ ਹਨ।
(ਚਲਦਾ)