ਤਾ ਕਿਛੁ ਘਾਲਿ ਪਵੈ ਦਰਿ ਲੇਖੈ

ਡਾæ ਗੁਰਨਾਮ ਕੌਰ ਕੈਨੇਡਾ
ਅਸੀਂ ਇਤਿਹਾਸ ਵਿਚ ਅਤੇ ਜਨਮ ਸਾਖੀਆਂ ਵਿਚ ਵੀ ਪੜ੍ਹਦੇ ਆਏ ਹਾਂ ਕਿ Ḕਵੇਈਂ ਨਦੀḔ ਪ੍ਰਵੇਸ਼ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸਹੀ ਰਸਤਾ ਦਿਖਾਉਣ ਅਤੇ ਧਰਮ ਦੀ ਅਸਲੀਅਤ ਸਮਝਾਉਣ ਲਈ ਵੱਡੇ ਪੱਧਰ ‘ਤੇ ਸੰਸਾਰ ਯਾਤਰਾ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਭਾਈ ਗੁਰਦਾਸ ਨੇ ਪਿਛਲੀ ਪਉੜੀ ਵਿਚ Ḕਚੜ੍ਹਿਆ ਸੋਧਣ ਧਰਤਿ ਲੁਕਾਈḔ ਕਿਹਾ ਹੈ। ਚਾਰ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਸਮੇਂ ਗੁਰੂ ਨਾਨਕ ਸਹਿਬ ਵੱਖ ਵੱਖ ਧਰਮਾਂ ਦੇ ਪ੍ਰਚਲਨ ਨੂੰ ਸਮਝਣ ਲਈ ਅਤੇ ਧਾਰਮਿਕ ਆਗੂਆਂ ਨਾਲ ਵਿਚਾਰ-ਚਰਚਾ ਕਰਨ ਲਈ ਵੱਖ ਵੱਖ ਤੀਰਥ ਸਥਾਨਾਂ ‘ਤੇ ਗਏ। ਅਸੀਂ ਸਾਰੇ ਇਸ ਤੱਥ ਤੋਂ ਵਾਕਿਫ ਹਾਂ ਕਿ ਤੀਰਥ ਸਥਾਨਾਂ ‘ਤੇ ਵੱਧ ਤੋਂ ਵੱਧ ਆਮ ਲੋਕ ਇਕੱਠੇ ਹੋਏ ਹੁੰਦੇ ਹਨ ਅਤੇ ਕਿਸੇ ਵੀ ਧਰਮ ਦੇ ਆਗੂ ਵੀ ਅਜਿਹੇ ਮੌਕਿਆਂ ‘ਤੇ ਹੀ ਇੱਕ ਥਾਂ ਇਕੱਠੇ ਮਿਲ ਸਕਣੇ ਸੰਭਵ ਹੁੰਦੇ ਹਨ।

ਗੁਰੂ ਨਾਨਕ ਸਾਹਿਬ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿਚ ਆਉਣਾ ਅਤੇ ਵਿਚਾਰ-ਵਟਾਂਦਰਾ ਕਰਨਾ ਸੀ ਤਾਂ ਕਿ ਧਰਮ ਦਾ ਸਹੀ ਮਕਸਦ ਅਤੇ ਅਰਥ ਕੀ ਹੈ, ਇਹ ਆਮ ਲੋਕਾਂ ਨੂੰ ਸਮਝਾਇਆ ਜਾ ਸਕੇ। ਇਸ 25ਵੀਂ ਪਉੜੀ ਵਿਚ ਭਾਈ ਗੁਰਦਾਸ ਇਹੀ ਬਿਆਨ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਧਰਮ ਦੇ ਪ੍ਰਚਲਿਤ ਵਰਤਾਰੇ ਨੂੰ ਦੇਖਣ ਲਈ ਤੀਰਥਾਂ ‘ਤੇ ਗਏ ਅਤੇ ਉਨ੍ਹਾਂ ਨੇ ਸਾਰੇ ਤੀਰਥਾਂ ਤੇ ਮਨਾਏ ਜਾਂਦੇ ਦਿਨ ਦਿਹਾਰਾਂ ਵਿਚ ਹਿੱਸਾ ਲਿਆ, ਸਾਰੇ ਵਰਤਾਰੇ ਨੂੰ ਚੰਗੀ ਤਰ੍ਹਾਂ ਘੋਖਿਆ। ਤੀਰਥਾਂ ਅਤੇ ਦਿਨ-ਦਿਹਾਰਾਂ ਦੇ ਮੰਨਣ ਵਿਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਖਾਸ ਗੱਲ ਮਹਿਸੂਸ ਕੀਤੀ, ਉਹ ਇਹ ਸੀ ਕਿ ਲੋਕ ਹਰ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਨਿਭਾ ਰਹੇ ਹਨ, ਕਰਮ-ਕਾਂਡ ਕਰ ਰਹੇ ਹਨ ਪਰ ਇਨ੍ਹਾਂ ਰਸਮਾਂ ਅਤੇ ਕਰਮ-ਕਾਂਡ ਵਿਚ ਕਾਦਰ ਅਤੇ ਉਸ ਦੀ ਕੁਦਰਤਿ ਲਈ ਕੋਈ ਪ੍ਰੇਮ ਦੀ ਭਾਵਨਾ ਨਹੀਂ ਹੈ, ਭਾਉ ਅਤੇ ਭਗਤੀ ਅਰਥਾਤ ਪ੍ਰੇਮ ਅਤੇ ਅਕਾਲ ਪੁਰਖ ਨਾਲ ਲਗਾਉ ਦੋਵੇਂ ਚੀਜ਼ਾਂ ਮਨਫੀ ਹਨ। ਇਨ੍ਹਾਂ ਦੋਵਾਂ ਤੋਂ ਬਿਨਾ ਸਭ ਪੂਜਾ, ਪਾਠ, ਰਸਮਾਂ ਕਰਮ-ਕਾਂਡ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਅਰਥਹੀਣ ਹੋ ਜਾਂਦੀਆਂ ਹਨ, ਇਨ੍ਹਾਂ ਨੂੰ ਕਰਨ ਦਾ ਕੋਈ ਮਾਅਨਾ ਨਹੀਂ ਰਹਿ ਜਾਂਦਾ। 23 ਜੁਲਾਈ ਦੇ ਪੰਜਾਬ ਟਾਈਮਜ਼ ਵਿਚ ਬੀਬੀ ਗੁਰਜੀਤ ਕੌਰ ਨੇ ਮਹਿਜ ਰਸਮ ਬਣ ਚੁੱਕੇ Ḕਅਖੰਡ ਪਾਠḔ ਦੇ ਕਾਰਜ ‘ਤੇ ਚਾਨਣਾ ਪਾਇਆ ਹੈ। ਕਿਸੇ ਵੀ ਧਰਮ ਨੂੰ ਜਦੋਂ ਰਸਮਾਂ ਨਿਭਾਉਣ ਤੱਕ ਮਹਿਦੂਦ ਕਰ ਦਿੱਤਾ ਜਾਂਦਾ ਹੈ ਤਾਂ ਧਰਮ ਦੇ ਅਸਲੀ ਅਰਥ ਗੁਆਚ ਜਾਂਦੇ ਹਨ ਅਤੇ ਕਰਮ-ਕਾਂਡ ਪ੍ਰਧਾਨ ਹੋ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਿੱਛੋਂ ਸਿੱਖ ਜਗਤ ਨੂੰ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤਾਂ ਕਿ ਸਿੱਖ ਬਾਣੀ ਨੂੰ ਪੜ੍ਹੇ, ਸੁਣੇ ਅਤੇ ਇਸ ਦਾ ਮਨਨ ਕਰਕੇ ਜੀਵਨ ਨੂੰ ਸਿੱਖੀ ਆਸ਼ੇ ਅਨੁਸਾਰ ਜਿਉਣ ਲਈ ਉਦਮ ਕਰੇ। ਅਸੀਂ ਇਹ ਕਾਰਜ ਕਰਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਅਖੰਡ ਪਾਠ ਕਰਾਉਣ ਤੱਕ ਮਹਿਦੂਦ ਕਰ ਦਿੱਤਾ ਹੈ। ਕਸੂਰ ਆਮ ਲੋਕਾਂ ਨਾਲੋਂ ਧਾਰਮਿਕ ਆਗੂਆਂ ਦਾ ਹੋਇਆ ਕਰਦਾ ਹੈ ਜਿਨ੍ਹਾਂ ਨੇ ਗਾਹੇ-ਵਗਾਹੇ ਸੰਗਤਿ ਦੀ ਅਗਵਾਈ ਕਰਨੀ ਹੁੰਦੀ ਹੈ। ਪੈਸੇ ਦੇ ਕੇ ਕਈ ਕਈ ਸ਼ਰਧਾਲੂਆਂ ਵੱਲੋਂ ਕਈ ਕਈ ਇਕੱਠੇ ਅਖੰਡ ਪਾਠਾਂ ਦਾ ਸਿਲਸਿਲਾ ਪਹਿਲਾਂ ਡੇਰਿਆਂ ਵੱਲੋਂ ਸ਼ੁਰੁ ਕੀਤਾ ਗਿਆ, ਫਿਰ ਹੌਲੀ ਹੌਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿਚ ਇਹ ਸਿਲਸਿਲਾ ਸ਼ੁਰੂ ਹੋ ਗਿਆ। ਹੁਣ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨਾਂ ‘ਤੇ ਕਈ ਕਈ ਸਾਲਾਂ ਤੱਕ ਦੀ ਬੁਕਿੰਗ ਹੋ ਗਈ ਹੋਈ ਹੈ। ਲੰਬੀਆਂ ਲਿਸਟਾਂ ਹਨ। ਕੀ ਮੌਜੂਦਾ ਧਾਰਮਿਕ ਆਗੂਆਂ ਵਿਚੋਂ ਕੋਈ ਵੀ ਇਸ ਗੱਲ ‘ਤੇ ਚਾਨਣਾ ਪਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਿੱਥੇ ਇਸ ਕਿਸਮ ਦੀਆਂ ਰਸਮਾਂ ਲਈ ਸਿੱਖ ਨੂੰ ਪ੍ਰੇਰਨਾ ਕੀਤੀ ਹੈ। ਜਦੋਂ ਜਿਸ ਲਈ ਪਾਠ ਕੀਤਾ ਜਾ ਰਿਹਾ ਹੈ, ਉਹ ਇਨਸਾਨ ਉਸ ਨੂੰ ਲਗਾਤਾਰ ਸੁਣ ਨਹੀਂ ਰਿਹਾ ਤਾਂ ਉਸ ਦਾ ਕੀ ਮਹੱਤਵ ਹੈ? ਬਾਣੀ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਹੈ, ਜਿਸ ਨੇ ਮਨੁੱਖ ਦੀ ਅਗਵਾਈ ਕਰਨੀ ਹੈ। ਗੁਰੂ ਨਾਨਕ ਨੇ ਤਾਂ ਕਿਹਾ ਹੈ, “ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਜਾਇ॥” ਤੇ ਅਸੀਂ ਇਸ ਦਾ ਵਪਾਰੀਕਰਨ ਕਰ ਦਿੱਤਾ ਹੈ। ਭਾਵ ਜਿੱਥੋਂ ਬਾਬੇ ਨਾਨਕ ਨੇ ਸਾਨੂੰ ਬਾਹਰ ਕੱਢਿਆ ਸੀ, ਅਸੀਂ ਮੁੜ ਉਸੇ ਕਰਮ-ਕਾਂਡ ਵਿਚ ਵੜਦੇ ਜਾ ਰਹੇ ਹਾਂ।
ਹਿੰਦੂ ਸ਼ਾਸਤਰਾਂ ਅਨੁਸਾਰ ਇਹ ਮੰਨਿਆ ਗਿਆ ਹੈ ਕਿ ਹਰ ਸੰਸਾਰ ਚੱਕਰ ਦੇ ਸ਼ੁਰੁ ਹੋਣ ਸਮੇਂ ਪਰਮਾਤਮਾ ਵੱਲੋਂ ਬ੍ਰਹਮਾ ਨੂੰ ਚਾਰੇ ਵੇਦ ਸੌਂਪੇ ਜਾਂਦੇ ਹਨ। ਇਸ ਤਰ੍ਹਾਂ ਵੇਦ ਬ੍ਰਹਮਾ ਦੁਆਰਾ ਅਵਤਰਣ ਹੋਏ ਮੰਨੇ ਗਏ ਹਨ। ਭਾਈ ਗੁਰਦਾਸ, ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਦੱਸਦੇ ਹਨ ਕਿ ਜੇ ਚਾਰੇ ਵੇਦਾਂ ਨੂੰ ਫਰੋਲ ਲਿਆ ਜਾਵੇ ਅਤੇ ਸਿਮਰਤੀਆਂ ਨੂੰ ਵਾਚਿਆ ਜਾਵੇ (ਸਿਮਰਤੀਆਂ ਵਿਚ ਹਿੰਦੂ ਧਰਮ ਦਾ Ḕਕੋਡ ਆਫ ਕੰਡਕਟḔ ਅਰਥਾਤ ਰਹਿਤ ਦੱਸੀ ਹੋਈ ਹੈ) ਤਾਂ ਪਤਾ ਲੱਗਦਾ ਹੈ ਕਿ ਬ੍ਰਹਮਾ ਨੇ ਵੀ ਕਿਤੇ ਭਾਉ ਅਰਥਾਤ ਪ੍ਰਭੂ-ਪ੍ਰੇਮ ਦੀ ਗੱਲ ਨਹੀਂ ਕੀਤੀ ਹੋਈ; ਕਰਮ ਕਾਂਡ ਹੀ ਦੱਸਿਆ ਹੋਇਆ ਹੈ। (ਬਾਬਾ ਨਾਨਕ ਨੇ ਤਾਂ ਸਿੱਖੀ ਦੇ ਮਾਰਗ ਨੂੰ Ḕਪ੍ਰੇਮ ਖੇਲਣ ਕਾ ਚਾਉḔ ਕਿਹਾ ਹੈ)।
ਬਾਬਾ ਨਾਨਕ ਨੇ ਸਾਰੀ ਪ੍ਰਿਥਵੀ ਦੀ ਖੋਜ ਕਰਕੇ ਦੇਖੀ, ਸਤਿਯੁਗ, ਦੁਆਪਰ, ਤ੍ਰੇਤਾ, ਸਾਰੇ ਯੁਗਾਂ ਬਾਰੇ ਜਾਣਕਾਰੀ ਲਈ ਅਤੇ ਇਸ ਨਤੀਜੇ ‘ਤੇ ਪਹੁੰਚੇ ਕੇ ਕਲਿਯੁਗ ਦਾ ਸਮਾਂ ਅਗਿਆਨ ਦਾ ਯੁੱਗ ਹੈ, ਹਨੇਰੇ ਨਾਲ ਭਰਿਆ ਹੋਇਆ ਹੈ ਕਿਉਂਕਿ ਇਸ ਵਿਚ ਬਹੁਤ ਤਰ੍ਹਾਂ ਦੇ ਭੇਖ ਪ੍ਰਚਲਿਤ ਹੋ ਗਏ ਹਨ, ਕਈ ਕਿਸਮ ਦੇ ਭਰਮ-ਭੁਲੇਖੇ ਪੈਦਾ ਕਰਨ ਵਾਲਾ ਕਰਮ-ਕਾਂਡ ਅਤੇ ਰਸਮਾਂ ਚਾਲੂ ਹੋ ਗਈਆਂ ਹਨ। ਲੋਕਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਭੇਖਧਾਰੀਆਂ ਨੇ ਉਲਝਾਇਆ ਹੋਇਆ ਹੈ। ਅੱਗੇ ਦੱਸਿਆ ਗਿਆ ਹੈ ਕਿ ਉਸ ਪਰਮਾਤਮਾ ਨੂੰ ਅਲੱਗ ਅਲੱਗ ਭੇਖ ਧਾਰਨ ਕਰਕੇ ਜਾਂ ਕਰਮਕਾਂਡ ਰਾਹੀਂ ਨਹੀਂ ਪਾਇਆ ਜਾ ਸਕਦਾ। ਉਸ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਹੈ, ਆਪਣੇ ਅੰਦਰੋਂ ਆਪਾ-ਭਾਵ ਗੁਆ ਕੇ ਅਰਥਾਤ ਹਉਮੈ ਦੂਰ ਕਰਕੇ ਪ੍ਰੇਮ ਵਿਚ ਸਮਰਪਣ ਕਰਨਾ। ਗੁਰਮੁਖ ਅਰਥਾਤ ਗੁਰੂ ਦੇ ਸਿੱਖ ਦਾ ਰਸਤਾ ਕੀ ਹੈ? ਜਾਤ-ਪਾਤ ਅਤੇ ਵਰਣ ਆਦਿ ਦੇ ਬੰਧਨ ਤੋਂ ਉਤੇ ਉਠ ਕੇ ਨਿਮਰਤਾ ਨਾਲ ਵਿਚਰਨਾ ਹੈ; ਕਿਸੇ ਕਿਸਮ ਦੇ ਵੀ ਅਹੰਕਾਰ ਨੂੰ ਮਨ ਵਿਚੋਂ ਕੱਢ ਕੇ ਹਲੀਮੀ ਨੂੰ ਧਾਰਨ ਕਰਨਾ ਹੀ ਗੁਰਸਿੱਖ ਦੀ ਵਿਸ਼ੇਸ਼ਤਾ ਹੈ, ਉਸ ਦਾ ਰਸਤਾ ਹੈ। (ਅੱਜ ਹਲੀਮੀ ਕਿੱਥੇ ਗਈ ਭਾਈ? ਜੇ ਅਸੀਂ ਅੰਮ੍ਰਿਤਧਾਰੀ ਹਾਂ ਤਾਂ ਦੂਸਰਿਆਂ ਨੂੰ ਤੁਛ ਸਮਝਦੇ ਹਾਂ ਅਤੇ ਹਲੀਮੀ ਨੂੰ ਆਪਣੇ ਨੇੜੇ ਨਹੀਂ ਢੁਕਣ ਦਿੰਦੇ। ਇਸੇ ਹਉਮੈ ਕਾਰਨ ਹੀ ਰੋਜ਼ ਗੋਲਕ ‘ਤੇ ਕਬਜ਼ੇ ਪਿੱਛੇ ਗੁਰੂ ਦੀ ਹਜ਼ੂਰੀ ਵਿਚ ਪੱਗਾਂ ਲੱਥਦੀਆਂ ਹਨ ਅਤੇ ਡਾਂਗੋ-ਡਾਂਗੀ ਹੁੰਦੇ ਹਾਂ)। ਜਦੋਂ ਹਲੀਮ ਹੋ ਕੇ ਗੁਰੂ ਦਾ ਸਿੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ ਤਾਂ ਹੀ ਉਸ ਦੀ ਕੀਤੀ ਹੋਈ ਘਾਲ ਕਮਾਈ ਲੇਖੇ ਲੱਗਦੀ ਹੈ, ਉਸ ਦੀ ਮਿਹਨਤ ਨੂੰ ਫਲ ਪੈਂਦਾ ਹੈ:
ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੈ।
ਪੁਰਬ ਧਰਮਿ ਬਹੁ ਕਰਮਿ ਕਰਿ ਭਾਉ ਭਗਤਿ ਬਿਨੁ ਕਿਤੈ ਨ ਲੇਖੈ।
ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦ ਸਿੰਮ੍ਰਿਤਿ ਪੜ੍ਹਿ ਪੇਖੈ।
ਢੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤ੍ਰੇਤੈ।
ਕਲਿਜੁਗਿ ਧੁੰਧੂਕਾਰੁ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ।
ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪੁ ਨ ਰੇਖੈ।
ਤਾ ਕਿਛੁ ਘਾਲਿ ਪਵੈ ਦਰਿ ਲੇਖੈ॥੨੫॥
ਗੁਰੂ ਨਾਨਕ ਸਾਹਿਬ ਤੀਰਥਾਂ ‘ਤੇ ਜਾਣ ਬਾਰੇ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਭੇਖ ਕਰਨ ਦੀ ਨਿਰਾਰਥਕਤਾ ਦੱਸਦੇ ਹਨ ਕਿ ਵਿੱਦਿਆ ਪੜ੍ਹ ਪੜ੍ਹ ਕੇ ਵੀ ਮਨੁੱਖ ਕੁਰਾਹੇ ਹੀ ਪੈਂਦਾ ਹੈ ਕਿਉਂਕਿ ਉਸ ਨੂੰ ਅਹੰਕਾਰ ਹੋ ਜਾਂਦਾ ਹੈ ਕਿ ਮੈਂ ਬਹੁਤ ਵੱਡਾ ਵਿਦਵਾਨ ਹਾਂ। ਇਸੇ ਤਰ੍ਹਾਂ ਗ੍ਰਹਿਸਥ ਨੂੰ ਤਿਆਗ ਕੇ ਭੇਖ ਧਾਰਨ ਵਾਲਿਆਂ ਦੇ ਮਨ ਵਿਚ ਵੀ ਆਪਣੇ ਆਪ ਨੂੰ ਵੱਡੇ ਤਿਆਗੀ ਸਮਝ ਕੇ ਮਾਣ ਹੋ ਜਾਂਦਾ ਹੈ। ਤੀਰਥਾਂ ‘ਤੇ ਇਸ਼ਨਾਨ ਕਰਨ ਨਾਲ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਉਸ ਦੇ ਮਨ ਵਿਚੋਂ ਅਹੰਕਾਰ ਦੀ ਮੈਲ ਨਹੀਂ ਧੁਲਦੀ, ਉਸ ਨੂੰ ਇਸ ਗੱਲ ਦਾ ਅਭਿਮਾਨ ਹੁੰਦਾ ਹੈ ਕਿ ਉਹ ਵੱਡਾ ਤੀਰਥ-ਇਸ਼ਨਾਨੀ ਹੈ। ਇਸ ਤਰ੍ਹਾਂ ਇਨ੍ਹਾਂ ਭਟਕੇ ਹੋਏ ਰਸਤਿਆਂ ਵਿਚ ਮਨ ਆਪਣੇ ਆਪ ਨੂੰ ਇਸ ਸਰੀਰ-ਰੂਪੀ ਨਗਰੀ ਦਾ ਰਾਜਾ ਮੰਨ ਲੈਂਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਅਸਲ ਗੱਲ ਮਨ ਨੂੰ ਸਮਝਾਉਣ ਦੀ ਹੁੰਦੀ ਹੈ ਅਤੇ ਗੁਰੂ ਤੋਂ ਬਿਨਾ ਹੋਰ ਕਿਸੇ ਨੇ ਮਨ ਨੂੰ ਮਤਿ ਨਹੀਂ ਦਿੱਤੀ। ਗੁਰੂ ਸਾਹਿਬ ਅਨੁਸਾਰ ਭੇਖਾਂ ਰਾਹੀਂ ਇਸ ਮਨ ਨੂੰ ਸਮਝਾਇਆ ਨਹੀਂ ਜਾ ਸਕਦਾ:
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥੪॥ (ਪੰਨਾ 61)
ਹੁਣ ਤੀਰਥਾਂ ‘ਤੇ ਜਾ ਕੇ ਬਾਬੇ ਨਾਨਕ ਨੇ ਜੋ ਕੁਝ ਵੇਖਿਆ, ਸੁਣਿਆ ਤੇ ਸਮਝਿਆ ਅਤੇ ਇਸ ਸਾਰੀ ਪੜਚੋਲ ਤੋਂ ਪਿਛੋਂ ਗੁਰੂ ਨਾਨਕ ਸਾਹਿਬ ਨੇ ਜੋ ਨਤੀਜਾ ਕੱਢਿਆ, ਉਸ ਦਾ ਜ਼ਿਕਰ ਭਾਈ ਗੁਰਦਾਸ ਅਗਲੀ ਪਉੜੀ ਵਿਚ ਕਰ ਰਹੇ ਹਨ। ਬਾਬਾ ਨਾਨਕ ਨੇ ਦੇਖਿਆ ਕਿ ਆਪਣੇ ਆਪ ਨੂੰ ਜਤੀ ਕਹਾਉਣ ਵਾਲੇ ਅਰਥਾਤ ਤਿਆਗੀ ਲੋਕ ਜਤ ਰੱਖਣ ਵਾਲੇ, ਸੰਨਿਆਸੀ ਜਿਨ੍ਹਾਂ ਨੇ ਸੰਸਾਰ ਦਾ ਤਿਆਗ ਕਰ ਦਿੱਤਾ ਹੈ, ਯੋਗ ਵਗੈਰਾ ਰਾਹੀਂ ਜਿਹੜੇ ਇਹ ਦਾਅਵਾ ਕਰਦੇ ਹਨ ਕਿ ਉਹ ਬਹੁਤ ਲੰਬੇ ਸਮੇਂ ਤੱਕ ਜੀਵਤ ਰਹਿਣ ਵਾਲੇ ਹਨ (ਇਹ ਸਭ ਹਿੰਦੂ ਧਰਮ ਦੇ ਵੱਖ ਵੱਖ ਫਿਰਕੇ ਹਨ), ਸਿੱਧ, ਨਾਥ (ਇਹ ਸਭ ਯੋਗੀਆਂ ਦੇ ਫਿਰਕੇ ਹਨ), ਵੱਖ ਵੱਖ ਭੇਖਾਂ ਦੇ ਗੁਰੂਆਂ/ਆਚਾਰੀਆਂ ਵੱਲੋਂ ਸਿੱਖਿਅਤ ਕੀਤੇ ਹੋਏ ਇਨ੍ਹਾਂ ਦੇ ਚੇਲੇ ਬੇਸ਼ੁਮਾਰ ਗਿਣਤੀ ਵਿਚ ਇਨ੍ਹਾਂ ਤੀਰਥਾਂ ‘ਤੇ ਦੇਖਣ ਨੂੰ ਮਿਲਦੇ ਹਨ। ਅਨੇਕ ਕਿਸਮ ਦੇ ਦੇਵੀ-ਦੇਵਤੇ ਪੂਜਣ ਵਾਲੇ (ਕਿਹਾ ਜਾਂਦਾ ਹੈ ਕਿ ਹਿੰਦੂ ਮਿਥਿਹਾਸ ਅਨੁਸਾਰ ਤੇਤੀ ਕਰੋੜ ਦੇਵੀ-ਦੇਵਤੇ ਮੰਨੇ ਗਏ ਹਨ ਅਤੇ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ), ਰਿਸ਼ੀਆਂ ਦੇ ਸਿਰਮੌਰ, ਭੈਰਉ ਅਰਥਾਤ ਸ਼ਿਵਜੀ ਨੂੰ ਮੰਨਣ ਵਾਲੇ, ਖੇਤਰਪਾਲ (ਭੈਰਵ ਦੇਵਤਾ ਦਾ ਹੀ ਇੱਕ ਭੇਦ), ਅਨੇਕਾਂ ਕਿਸਮ ਦੇ ਲੋਕ ਇਕੱਠੇ ਹੋਏ ਦੇਖੇ। ਗਣ (ਸ਼ਿਵ ਜੀ ਦੇ), ਗੰਧਰਵ (ਸਵਰਗ ਦੇ ਗਵੱਈਏ) ਅਰਥਾਤ ਦੇਵ ਲੋਕ ਦੇ ਸੰਗੀਤਕਾਰ, ਪਰੀਆਂ, ਕਿੰਨਰ ਕੁਬੇਰ ਦੀ ਸਭਾ ਵਿਚ ਨੱਚਣ ਵਾਲੇ, ਯਕਸ਼ ਅਤੇ ਇਨ੍ਹਾਂ ਸਾਰਿਆਂ ਦੇ ਨਾਮ ਹੇਠਾਂ ਅਨੇਕਾਂ ਕਿਸਮ ਦੇ ਨਾਟਕ ਕੀਤੇ ਜਾਂਦੇ ਦੇਖੇ। ਰਾਕਸ਼ਾਂ, ਦੇਵਤਿਆਂ, ਦੈਂਤਾਂ ਦੀ ਕਲਪਨਾ ਨੂੰ ਮਨਾਂ ਵਿਚ ਵਸਾ ਕੇ ਲੋਕ ਦਵੈਤ ਵਿਚ ਫਸੇ ਹੋਏ ਸਨ। ਇਨ੍ਹਾਂ ਵੱਖਰੀ ਵੱਖਰੀ ਕਿਸਮ ਦੇ ਦੇਵੀ-ਦੇਵਤਿਆਂ ਨੂੰ ਮੰਨਣ ਵਾਲਿਆਂ, ਅਲੱਗ ਅਲੱਗ ਭੇਖ ਧਾਰਨ ਵਾਲਿਆਂ-ਸਭ ਅੰਦਰ ਅਹੰਕਾਰ ਸੀ, ਹਉਮੈ ਨਾਲ ਭਰੇ ਹੋਏ ਸਨ; ਸਮੇਤ ਗੁਰੂ ਅਤੇ ਚੇਲਿਆਂ ਦੇ ਸਭ ਆਪਣੀ ਹਉਮੈ ਕਾਰਨ ਸੰਸਾਰ-ਰੂਪੀ ਸਾਗਰ ਵਿਚ ਡੁੱਬ ਰਹੇ ਸਨ।
ਬਾਬੇ ਨਾਨਕ ਨੇ ਸਾਰੇ ਤੀਰਥਾਂ, ਧਾਰਮਿਕ ਸਥਾਨਾਂ ‘ਤੇ ਘੁੰਮ ਕੇ ਵੱਖੋ ਵੱਖਰੇ ਯਾਤਰੀਆਂ ਨੂੰ ਦੇਖਿਆ, ਚੰਗੀ ਤਰ੍ਹਾਂ ਛਾਣ-ਬੀਣ ਕਰਕੇ ਇਸ ਨਤੀਜੇ ‘ਤੇ ਪਹੁੰਚੇ ਕਿ ਕੋਈ ਵੀ ਗੁਰਮੁਖਿ ਭਾਵ ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਾ ਨਜ਼ਰ ਨਹੀਂ ਆਇਆ; ਚਾਰੇ ਪਾਸੇ ਪਖੰਡ ਹੀ ਪਖੰਡ ਸੀ। ਹਿੰਦੂ ਅਤੇ ਤੁਰਕ ਅਰਥਾਤ ਮੁਸਲਮਾਨਾਂ ਸਭ ਨੂੰ ਹੀ ਦੇਖਿਆ, ਪੀਰਾਂ, ਪੈਗੰਬਰਾਂ ਦੀ ਛਾਣ-ਬੀਣ ਕੀਤੀ, ਕਾਤਲ ਵੇਖੇ। ਸਾਰੇ ਅਗਿਆਨ ਨਾਲ ਅੰਨ੍ਹੇ ਹੋਏ ਦੂਸਰੇ ਗਿਆਨਹੀਣਾਂ ਨੂੰ ਅੰਨੇ ਖੂਹ ਵਿਚ ਭਾਵ ਹੋਰ ਅਗਿਆਨ ਵਿਚ ਧੱਕਾ ਦੇ ਰਹੇ ਸੀ:
ਜਤੀ ਸਤੀ ਚਿਰੁਜੀਵਣੇ ਸਾਧਿਕ ਸਿਧ ਨਾਥ ਗੁਰ ਚੇਲੇ।
ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲਿ ਬਹੁ ਮੇਲੇ।
ਗਣ ਗੰਧਰਬ ਅਪਸਰਾ ਕਿੰਨਰ ਜੱਖ ਚਲਿਤਿ ਬਹੁ ਖੇਲੇ।
ਰਾਕਸਿ ਦਾਨੋ ਦੈਤ ਲਖਿ ਅੰਦਰਿ ਦੂਜਾ ਭਾਉ ਦੁਹੇਲੇ।
ਹਉਮੈ ਅੰਦਰਿ ਸਭਿ ਕੋ ਡੁਬੇ ਗੁਰੂ ਸਣੇ ਬਹੁ ਚੇਲੇ।
ਗੁਰਮੁਖਿ ਕੋਇ ਨ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ।
ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ
ਅੰਧੀ ਅੰਧੇ ਖੂਹੇ ਠੇਲੇ॥੨੬॥
ਇਸੇ ਕਿਸਮ ਦੇ ਵਰਤਾਰੇ ਲਈ ਆਸਾ ਦੀ ਵਾਰ ਵਿਚ ਗੁਰੂ ਨਾਨਕ ਕਹਿੰਦੇ ਹਨ ਕਿ ਰਾਮ ਅਤੇ ਕ੍ਰਿਸ਼ਨ ਦੇ ਨਾਂ ‘ਤੇ ਰਾਸਾਂ ਪਾਈਆਂ ਜਾਂਦੀਆਂ ਹਨ, ਸਵਾਂਗ ਰਚਾਏ ਜਾਂਦੇ ਹਨ। ਇਨ੍ਹਾਂ ਰਾਸਾਂ ਵਿਚ ਚੇਲੇ ਸਾਜ ਵਜਾਉਂਦੇ ਹਨ ਅਤੇ ਉਨ੍ਹਾਂ ਚੇਲਿਆਂ ਦੇ ਗੁਰੂ ਇਨ੍ਹਾਂ ਸਾਜ਼ਾਂ ਦੀ ਤਾਲ ‘ਤੇ ਨੱਚਦੇ ਹਨ। ਨੱਚਣ ਵੇਲੇ ਪੈਰ ਹਿਲਾਉਂਦੇ ਅਤੇ ਸਿਰ ਫੇਰਦੇ ਹਨ। ਇਸ ਤਰ੍ਹਾਂ ਪੈਰਾਂ ਦੇ ਹਿੱਲਣ ਨਾਲ ਧਰਤੀ ਤੋਂ ਧੂੜ ਉਡਦੀ ਹੈ ਅਤੇ ਉਨ੍ਹਾਂ ਦੇ ਝਾਟਿਆਂ (ਵਾਲਾਂ) ਵਿਚ ਪੈਂਦੀ ਹੈ। ਉਥੇ ਰਾਸ ਵੇਖਣ ਲਈ ਇਕੱਠੇ ਹੋਏ ਲੋਕ ਉਨ੍ਹਾਂ ਨੂੰ ਦੇਖ ਦੇਖ ਹੱਸਦੇ ਹਨ।
ਗੁਰੂ ਨਾਨਕ ਅਨੁਸਾਰ ਇਹ ਕੋਈ ਧਾਰਮਿਕ ਕਰਮ ਨਹੀਂ ਹੈ; ਇਹ ਤਾਂ ਰੋਟੀ ਕਮਾਉਣ ਖਾਤਰ ਇਹ ਸਾਰਾ ਕੁਝ ਕਰ ਰਹੇ ਹਨ। ਧਾਰਮਿਕ ਕਰਮਕਾਂਡ ਉਨ੍ਹਾਂ ਦੀ ਰੋਟੀ-ਰੋਜ਼ੀ ਜ਼ਰੀਆ ਬਣ ਗਿਆ ਹੋਇਆ ਹੈ। ਰਾਸਧਾਰੀਏ ਰੋਜ਼ੀ ਦੀ ਖ਼ਾਤਰ ਨੱਚਦੇ ਅਤੇ ਆਪਣੇ ਆਪ ਨੂੰ ਜ਼ਮੀਨ ‘ਤੇ ਪਟਕਾ ਪਟਕਾ ਮਾਰਦੇ ਹਨ। ਗੋਪੀਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ, ਕ੍ਰਿਸ਼ਨ ਦੇ ਸਾਂਗ ਬਣਾ ਕੇ ਗਾਉਂਦੇ ਹਨ; ਸੀਤਾ, ਰਾਮ ਅਤੇ ਹੋਰ ਰਾਜਿਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ। ਗੁਰੂ ਨਾਨਕ ਸਮਝਾਉਂਦੇ ਹਨ ਕਿ ਜਿਸ ਅਕਾਲ ਪੁਰਖ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ, ਉਹ ਭੈ-ਰਹਿਤ, ਅਕਾਰ-ਰਹਿਤ ਹੈ ਅਤੇ ਉਸ ਦਾ ਨਾਂ ਸਦੀਵੀ ਕਾਇਮ ਰਹਿਣ ਵਾਲਾ ਹੈ ਅਤੇ ਉਸ ਦੇ ਨਾਮ ਦਾ ਸਿਮਰਨ ਉਹ ਕਰਦੇ ਹਨ ਜਿਨ੍ਹਾਂ ‘ਤੇ ਉਸ ਦੀ ਮਿਹਰ ਹੁੰਦੀ ਹੈ, ਮਨ ਵਿਚ ਉਤਸ਼ਾਹ ਰਹਿੰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਫਿਰ ਸੌਖਿਆਂ ਗੁਜ਼ਰ ਜਾਂਦੀ ਹੈ। ਅਜਿਹੀ ਸਿੱਖਿਆ ਜੋ ਗੁਰੂ ਰਾਹੀਂ ਪ੍ਰਾਪਤ ਕਰ ਲੈਂਦੇ ਹਨ, ਉਹ ਅਕਾਲ ਪੁਰਖ ਦੀ ਮਿਹਰ ਸਦਕਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਜੇ ਨੱਚਣ ਜਾਂ ਫੇਰੀਆਂ ਲੈਣ ਨਾਲ ਕੋਈ ਤਰ ਸਕਦਾ ਹੁੰਦਾ, ਤਾਂ ਅਨੇਕਾਂ ਚੀਜ਼ਾਂ ਹਨ ਸੰਸਾਰ ‘ਤੇ ਜੋ ਘੁੰਮਦੀਆਂ ਹਨ ਜਿਵੇਂ ਕੋਹਲੂ, ਚਰਖਾ, ਚੱਕੀ, ਚੱਕ, ਥਲਾਂ ਦੇ ਬੇਅੰਤ ਵਰੋਲੇ, ਲਾਟੂ, ਮਧਾਣੀਆਂ, ਫਲ੍ਹੇ, ਪੰਛੀ, ਭੰਬੀਰੀਆਂ ਵਗੈਰਾ ਇਹ ਸਭ ਚੀਜ਼ਾਂ ਸਾਰਾ ਦਿਨ ਘੁੰਮਦੀਆਂ ਰਹਿੰਦੀਆਂ ਹਨ। ਅਜਿਹੀਆਂ ਚੀਜ਼ਾਂ ਦਾ ਕੋਈ ਅੰਤ ਨਹੀਂ ਪੈ ਸਕਦਾ। ਉਹ ਪਰਵਰਦਗਾਰ ਮਨੁੱਖ ਨੂੰ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਭਵਾਉਂਦਾ ਹੈ। ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਅੰਤ ਨੂੰ ਇਥੋਂ ਰੋ ਕੇ ਜਾਂਦੇ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਨੱਚਣਾ-ਕੁੱਦਣਾ ਮਨ ਦਾ ਸ਼ੌਕ ਹੈ ਪਰ ਪ੍ਰੇਮ ਕੇਵਲ ਉਨ੍ਹਾਂ ਦੇ ਮਨ ਵਿਚ ਹੈ ਜਿਨ੍ਹਾਂ ਦੇ ਮਨ ਵਿਚ ਉਸ ਕਰਤਾਰ ਦਾ ਭੈ ਹੈ:
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨ੍ਹ॥
ਗਾਵਨਿ ਸੀਤਾ ਰਾਜੇ ਰਾਮ॥ (ਪੰਨਾ 465)