ਬਲਜੀਤ ਬਾਸੀ
Ḕਫਜ਼ੂਲ ਦਾ ਬੋਲਣਾḔ ਦੇ ਅਰਥਾਂ ਵਿਚ ਪੰਜਾਬੀ ਤੇ ਹੋਰ ਬੋਲੀਆਂ ਵਿਚ ਅਨੇਕਾਂ ਸ਼ਬਦ, ਵਾਕਾਂਸ਼, ਮੁਹਾਵਰੇ ਆਦਿ ਮਿਲਦੇ ਹਨ। ਮਿਸਾਲ ਵਜੋਂ ਬਕਵਾਸ ਕਰਨਾ, ਬਕ ਬਕ ਕਰਨਾ, ਉਰਲੀਆਂ ਪਰਲੀਆਂ ਮਾਰਨਾ, ਭਸੜ ਭਸੜ ਕਰਨਾ, ਲੁਤਰ ਲੁਤਰ ਕਰਨਾ, ਉਲਟਾ ਸਿਧਾ ਬੋਲਣਾ, ਗਲਤ ਮਲਤ ਬੋਲਣਾ, ਭੌਂਕਣਾ, ਉਚਾ ਨੀਵਾਂ ਬੋਲਣਾ ਆਦਿ। ਹਰ ਉਕਤੀ ਦਾ ਆਪਣਾ ਹੀ ਰੰਗ ਹੈ, ਆਪਣਾ ਹੀ ਲੁਤਫ ਤੇ ਦੂਜੇ ਨਾਲੋਂ ਹਵਾ ਕੁ ਭਰ ਅਰਥਾਂ ਦਾ ਫਰਕ ਵੀ, ਪਰ ਮੋਟੇ ਤੌਰ ‘ਤੇ ਸਾਰੀਆਂ ਜ਼ੁਬਾਨ ਨੂੰ ਬੇਲਗਾਮ ਚਲਾਉਣ ਵੱਲ ਹੀ ਸੰਕੇਤ ਕਰਦੀਆਂ ਹਨ।
ਇਨ੍ਹਾਂ ਵਿਚੋਂ ਇਕ ਹੈ, ਅਵਾ ਤਵਾ ਬੋਲਣਾ। ਇਹ ਉਕਤੀ ਆਮ ਤੌਰ ‘ਤੇ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਖਿਝ, ਉਨਮਾਦ, ਸਟਪਟਾਹਟ, ਬੌਖਲਾਹਟ ਆਦਿ ਵਿਚ ਲਗਾਤਾਰ ਬੋਲਦਾ ਜਾਵੇ। ਮਿਸਾਲ ਵਜੋਂ ਕੋਈ ਬੁੱਢਾ ਸਠਿਆ ਗਿਆ ਹੋਵੇ, ਕੋਈ ਆਪੇ ਤੋਂ ਬਾਹਰ ਹੋ ਗਿਆ ਹੋਵੇ, ਕੋਈ ਸ਼ਰਾਬ ਦੇ ਨਸ਼ੇ ਵਿਚ ਧੁੱਤ ਪਿਆ ਹੋਵੇ ਜਾਂ ਕੋਈ ਪੁਲਿਸ ਦੀ ਕੁੱਟ ਸਹਿ ਰਿਹਾ ਹੋਵੇ ਤਾਂ ਅਜਿਹੇ ਬੰਦੇ ਦੇ ਬੇਲਗਾਮ ਤੇ ਕਈ ਵਾਰੀ ਬੇਸਿਰ ਪੈਰ ਪ੍ਰਗਟਾਵੇ ਨੂੰ ਅਸੀਂ ਅਵਾ ਤੋਵਾ ਬੋਲਣਾ ਹੀ ਕਹਿੰਦੇ ਹਾਂ। Ḕਆਮ ਆਦਮੀ ਪਾਰਟੀḔ ਦੀ ਚੜ੍ਹਤ ਕਾਰਨ ਅਕਾਲੀਆਂ ਦੀ ਬੇਚੈਨੀ ਇਕ ਅਖਬਾਰ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ, “ਇਨ੍ਹਾਂ ‘ਕਾਲੀਆਂ ਨੂੰ ਪੰਜਾਬ ਵਿਚ ਆਪਣੀ ਹਾਰ ਦਾ ਅਹਿਸਾਸ ਪੂਰੀ ਤਰ੍ਹਾਂ ਹੋ ਚੁਕਾ ਹੈ। ਇਸ ਲਈ ਇਨ੍ਹਾਂ ਕੋਲ ਅਵਾ ਤਵਾ ਬੋਲਣ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ। ਕੋਈ ਵੀ ਮੁੱਦਾ ਇਨ੍ਹਾਂ ਕੋਲ ਹੈ ਨਹੀਂ।” ਜ਼ਰਾ ਕਵਿਤਾ ਵਿਚ ਵੀ ਅਵਾ ਤਵਾ ਬੋਲ ਕੇ ਦੇਖ ਲਈਏ,
ਸੱਥ ਵਿਚ ਜਾ ਕੇ ਕਦੇ, ਅਵਾ ਤਵਾ ਬੋਲੀਏ ਨਾ
ਵੱਡਿਆਂ ਦੇ ਸਾਹਵੇਂ, ਕਦੇ ਧੌਣ ਅਕੜਾਈਏ ਨਾ।
ਦੁੱਖ ਵਿਚ ਸਭ ਦੇ, ਸ਼ਰੀਕ ਹੋਣਾ ਚਾਹੀਦੈ,
ਖੁਸ਼ੀ ‘ਚ ਬੇਸ਼ੱਕ ਆਪਾਂ, ਘਰ ਉਹਦੇ ਜਾਈਏ ਨਾ।
ਕੁਝ ਸੋਚ ਵਿਚਾਰ ਪਿਛੋਂ ਮੈਂ ਇਸ ਸਿੱਟੇ ‘ਤੇ ਪਹੁੰਚਿਆ ਹਾਂ ਕਿ ਇਹ ਉਕਤੀ ਹਿੰਦੀ ਦੀ ‘ਅਬੇ ਤੁਬੇ ਕਰਨਾ’ ਤੋਂ ਪੰਜਾਬੀ ਵਿਚ ‘ਅਵਾ ਤਵਾ ਬੋਲਣਾ’ ਦੇ ਰੂਪ ਵਿਚ ਢਲੀ ਹੋਵੇਗੀ। ਕਈ ਇਲਾਕਿਆਂ ਵਿਚ ‘ਅਵਾ ਤਵਾ’ ਦਾ ਉਚਾਰਣ ‘ਅਬਾ ਤਬਾ’ ਵੀ ਕੀਤਾ ਜਾਂਦਾ ਹੈ। ਹਿੰਦੀ ਭਾਸ਼ੀ ਲੋਕ ‘ਅਬੇ’ ਸ਼ਬਦ ਆਪਣੇ ਤੋਂ ਛੋਟੇ ਨੂੰ ਬੁਲਾਉਣ ਲਈ ਵਰਤਦੇ ਹਨ, ਖਾਸ ਤੌਰ ‘ਤੇ ਤ੍ਰਿਸਕਾਰ ਦੇ ਅੰਦਾਜ਼ ਵਿਚ, “ਅਬੇ ਸੁਨਤਾ ਨਹੀਂ ਕਬ ਸੇ ਪੁਕਾਰ ਰਹੀ ਹੂੰ।” ਬੱਚਿਆਂ ਜਾਂ ਪਤਨੀ ਤੋਂ ਛੁੱਟ ਇਹ ਸ਼ਬਦ ਵਧੇਰੇ ਤੌਰ ‘ਤੇ ਨੌਕਰਾਂ ਜਾਂ ਅਖੌਤੀ ਨੀਚਾਂ ਉਤੇ ਰੋਹਬ ਜਤਾਉਣ ਲਈ ਵਰਤਿਆ ਜਾਂਦਾ ਹੈ। ਭਾਈ ਵੀਰ ਸਿੰਘ ਦੇ ‘ਗੁਰੂ ਗ੍ਰੰਥ ਕੋਸ਼’ ਅਨੁਸਾਰ, “ਛੋਟੇ ਨੂੰ ਹਾਕ ਮਾਰਦੇ ਹਨ ਅਬੇ, ਪੰਜਾਬੀ ਵਿਚ ਅਬੇ ਤਬੇ ਗਾਲ੍ਹਾਂ ਅਰ ਨਿਖੇਧੀ ਅਰਥ ਵਿਚ ਬੋਲਦੇ ਹਨ।” ਇਸ ਤੋਂ ਇਲਾਵਾ ਇਸ ਕੋਸ਼ ਨੇ ‘ਅਬੇ ਤਬੇ’ ਸ਼ਬਦ-ਜੁੱਟ ਦਾ ਅਰਥ ‘ਜਣਾ ਖਣਾ’ ‘ਨੀਚ, ਨੌਕਰਾਂ ਨੂੰ ਅਬੇ ਤਬੇ ਕਹਿ ਕੇ ਪੁਕਾਰਨ ਵਾਲੇ ਅਭਿਮਾਨੀ ਵੀ ਦਿੱਤਾ ਹੈ। ਮੇਰਾ ਖਿਆਲ ਹੈ ਕਿ ਅਬੇ ਤੁਬੇ ਦਾ ਅਰਥ ਜਣਾ ਖਣਾ ਤੋਂ ਖਿੱਚ ਕੇ ਕਢਿਆ ਗਿਆ ਹੈ।
ਨਿਰਮਲੇ ਵਿਦਵਾਨ ਤਾਰਾ ਸਿੰਘ ਨਰੋਤਮ ਰਚਿਤ ‘ਗੁਰੂ ਗਿਰਾਰਥ ਕੋਸ਼’ ਵਿਚ ਇਸ ਦਾ ਇੰਦਰਾਜ ਇਸ ਤਰ੍ਹਾਂ ਲਿਆ ਗਿਆ ਹੈ, “ਅਬੇ ਤੁਬੇ ਵਾ ਅਬੇ ਤੁਬੇ ਕਹਨੇ ਵਾਲੇ ਅਭਿਮਾਨੀ ਰਾਜਾ ਲੋਗੋ ਕੀ ਤਥਾ ਔਰ ਧਨਾਢ ਪੁਰਸ਼ੋਂ ਕੀ ਯ ਅਬੇ ਤਬੇ ਕੀ ਚਾਕਰੀ ਜੈਸੇ ਸੰਸਕ੍ਰਿਤ ਮੇਂ ਨੀਚ ਕੇ ਬੁਲਾਨੇ ਮੇਂ ਅਰੇ ਰੇ ਸੰਬੋਧਨ ਹੈ ਬੈਸੇ ਉੜਦੂ ਮੇਂ ਅਬੇ ਹੈ ਪੰਜਾਬ ਦੋਹਰੀ ਬੋਲੀ ਬੋਲਨੇ ਕਾ ਪ੍ਰਚਾਰ ਹੈ ਯਾ ਤੇ ਅਬੇ ਤੁਬੇ ਕਹਾ ਜਾਤਾ ਹੈ।” ਨਰੋਤਮ ਦੀ ਇਹ ਟਿੱਪਣੀ ਦਰੁਸਤ ਨਹੀਂ ਕਿ ਇਹ ਸ਼ਬਦ ਜੁੱਟ ਪੰਜਾਬੀਆਂ ਦੀ ਕਾਢ ਹੈ, ਦਰਅਸਲ ਅਬੇ ਤਬੇ ਜਾਂ ਅਬੇ ਤੁਬੇ ਹਿੰਦੀ-ਉਰਦੂ ਵਿਚ ਹੀ ਬੋਲਿਆ ਜਾਂਦਾ ਹੈ ਤੇ ਉਥੋਂ ਹੀ ਪੰਜਾਬੀ ਵਿਚ ਆਇਆ ਹੈ। ਫੈਲਨ ਨੇ ਇਸ ਦੀ ਬਹੁਤ ਸੁੰਦਰ ਵਰਤਣੀ ਦਿੱਤੀ ਹੈ, “ਅਬੇ ਤੁਬੇ ਸੇ ਵੋਹੀ ਲੋਗ ਪੇਸ਼ ਆਤੇ ਹੈ ਜੋ ਸੁਬਹ ਸ਼ਾਮ ਕੋ ਉਠ ਕਰ ਸਲਾਮ ਕਰਤੇ ਥੇਂ।”
ਗੁਰੂ ਗ੍ਰੰਥ ਸਾਹਿਬ ਵਿਚ ‘ਅਬਾ ਤਬਾ’ ਸ਼ਬਦ ਜੁੱਟ ਕੁਝ ਇਕ ਵਾਰੀ ਆਇਆ ਹੈ, ਜਿਵੇਂ ‘ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ’ (ਗੁਰੂ ਨਾਨਕ ਦੇਵ)। ਸਾਹਿਬ ਸਿੰਘ ਨੇ ‘ਅਬੇ ਤਬੇ ਕੀ’ ਦਾ ਅਰਥ ਕੀਤਾ ਹੈ ਧਿਰ ਧਿਰ ਕੀ- (ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ। ਇਥੇ ਅਬੇ ਤਬੇ ਦਾ ਅਰਥ ਜਣਾ ਖਣਾ ਜਿਹਾ ਕੀਤਾ ਗਿਆ ਹੈ। ਪਰ ਮੇਰੀ ਜਾਚੇ ਭਾਵ ਬਣਦਾ ਹੈ, ਫਜ਼ੂਲ ਦਾ ਰੋਹਬ ਪਾਉਣ ਵਾਲਿਆਂ (ਅਬੇ ਤੁਬੇ ਕਰਨ ਵਾਲੇ) ਦੀ ਚਾਕਰੀ ਕਰਨ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਗੁਰੂ ਨਾਨਕ ਦੇਵ ਦੀ ਇਕ ਹੋਰ ਤੁਕ ਹੈ, “ਖਾਨੁ ਮਲੂਕੁ ਕਹਾਵਉ ਰਾਜਾ, ਅਬੇ ਤਬੇ ਕੂੜੇ ਹੈ ਪਾਜਾ, ਬਿਨੁ ਗੁਰ ਸਬਦ ਨ ਸਵਰਸਿ ਕਾਜਾ।” ਇਸ ਪ੍ਰਸੰਗ ਵਿਚ ‘ਅਬੇ ਤਬੇ’ ਦਾ ਅਰਥ ਨੌਕਰਾਂ ਜਾਂ ਕਥਿਤ ਨੀਚਾਂ ਨੂੰ ਝਿੜਕ ਦੇਣ ਵਾਲਾ ਹੀ ਸਹੀ ਹੁੰਦਾ ਹੈ।
ਇਹ ਗੱਲ ਸਪਸ਼ਟ ਹੋ ਗਈ ਹੋਵੇਗੀ ਕਿ ਇਸ ਉਕਤੀ ਵਿਚ ਤਬੇ ਜਾਂ ਤੁਬੇ ਤਾਂ ਅਬੇ ਦਾ ਸਾਥ ਨਿਭਾ ਰਿਹਾ ਅਖੌਤੀ ਨਿਰਾਰਥਕ ਸ਼ਬਦ ਹੀ ਹੈ, ਜਿਵੇਂ ਪਾਣੀ ਧਾਣੀ ਵਿਚ ਧਾਣੀ। ਅਜਿਤ ਵਡਨੇਰਕਰ ਨੇ ਭੋਲਾ ਨਾਥ ਤਿਵਾੜੀ ਅਤੇ ਆਪਟੇ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ‘ਅਬੇ’ ਸੰਬੋਧਨਵਾਚੀ ਸ਼ਬਦ ਹੈ ਜੋ ਸੰਸਕ੍ਰਿਤ ਦੇ ‘ਅਯਿ’ ਸ਼ਬਦ ਤੋਂ ਆ ਰਿਹਾ ਹੈ। ਪੰਜਾਬੀ ਵਿਚ ਵੀ Ḕਐ’ ਜਾਂ ḔਏḔ ਸ਼ਬਦ ਸੰਬੋਧਨਵਾਚੀ ਹਨ ਪਰ ਇਹ ਏਨੇ ਤ੍ਰਿਸਕਾਰਮਈ ਜਾਂ ਨਿਖੇਧੀਸੂਚਕ ਨਹੀਂ ਹਨ। ਪੰਜਾਬੀ ਦੇ ‘ਓਇ/ਉਇ’ ਸ਼ਬਦ ਵਿਚ ਜ਼ਰੂਰ ਅਜਿਹੇ ਭਾਵ ਝਲਕਦੇ ਹਨ। ਇਹ ਸ਼ਬਦ ਆਮ ਤੌਰ ‘ਤੇ ਛੋਟੀ ਉਮਰ ਵਾਲੇ ਜਾਂ ਕਥਿਤ ਨੀਚ ਬੰਦੇ ਲਈ ਵਰਤਿਆ ਜਾਂਦਾ ਹੈ। ਪੰਜਾਬੀ ਵਿਚ ਰਲਦਾ ਮਿਲਦਾ ਮੁਹਾਵਰਾ ਹੈ, ਕਿਸੇ ਤੋਂ ਉਏ ਨਾ ਕਹਾਉਣਾ।
ਹਿੰਦੀ-ਉਰਦੂ ਮੁਹਾਵਰਾ ‘ਅਬੇ ਤੁਬੇ ਕਰਨਾ’ ਪੰਜਾਬੀ ਵਿਚ ਆ ਕੇ ਸਮੇਂ ਦੇ ਗੇੜ ਨਾਲ ਅਵਾ ਤਵਾ ਬੋਲਣਾ ਬਣ ਗਿਆ ਤਾਂ ਇਸ ਦੇ ਰੂਪ ਅਤੇ ਅਰਥਾਂ ਵਿਚ ਵੀ ਥੋੜਾ ਪਰਿਵਰਤਨ ਆ ਗਿਆ। ਪੰਜਾਬੀ ਵਿਚ ਇਹ ਵੱਡੇ ਲੋਕਾਂ ਵਲੋਂ ਛੋਟੇ ਲੋਕਾਂ ਨੂੰ ਥੱਲੇ ਲਾਉਣ ਦੇ ਆਸ਼ੇ ਵਾਲਾ ਨਾ ਰਿਹਾ ਬਲਕਿ ਕਿਸੇ ਵੀ ਵਿਅਕਤੀ ਵਲੋਂ ਲਗਾਤਾਰ ‘ਫਜ਼ੂਲ’ ਬੋਲਦੇ ਜਾਣ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ। ਇਹ ਫਜ਼ੂਲ ਬੋਲ ਛੋਟੇ ਬੰਦੇ ਵਲੋਂ ਵੱਡੇ ਬੰਦੇ ਲਈ ਵੀ ਹੋ ਸਕਦੇ ਹਨ। ਪਰ ਅਵਾ ਤਵਾ ਬੋਲਣ ਵਾਲੇ ਬੋਲਣਹਾਰੇ ਪਿਛੇ ਕਿਸੇ ਪ੍ਰਕਾਰ ਦੀ ਮਜਬੂਰੀ ਹੁੰਦੀ ਹੈ। ਜਿਵੇਂ ਪਹਿਲਾਂ ਸੰਕੇਤ ਆ ਚੁੱਕਾ ਹੈ, ‘ਅਬੇ ਤੁਬੇ’ ਦਾ ਕਈ ਵਿਦਵਾਨ ‘ਜਣਾ ਖਣਾ’ ਅਰਥ ਕਰਦੇ ਹਨ ਪਰ ਇਹ ਸਹੀ ਨਹੀਂ ਹੈ। ਉਲਟੇ ਇਹ ਸ਼ਬਦ ਅਬੇ ਤੁਬੇ ਕਰਨ ਵਾਲੇ ਅਰਥਾਤ ਕਥਿਤ ਨੀਚਾਂ ‘ਤੇ ਰੋਹਬ ਪਾਉਣ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਹੈ। ਗੁਰਬਾਣੀ ਵਿਚ ਇਸ ਦਾ ਅਰਥ ਜਣਾ ਖਣਾ ਇਸ ਭਾਵ ਵਿਚ ਹੀ ਅਜਿਹਾ ਹੈ ਕਿ ਅਬੇ ਤੁਬੇ ਕਰਨ ਵਾਲੇ ਅਭਿਮਾਨੀ ਲੋਕ ਸਰਬਸ਼ਕਤੀਮਾਨ ਪਰਮਾਤਮਾ ਦੇ ਟਾਕਰੇ ‘ਤੇ ਜਣੇ ਖਣੇ ਹੀ ਹਨ।
ਕੁਝ ਵਿਦਵਾਨਾਂ ਨੇ ‘ਅਬੇ’ ਸ਼ਬਦ ਨੂੰ ਸੰਬੋਧਨੀ ਸ਼ਬਦ ‘ਅਰੇ’ (ਅਰੇ ਕਿਆ ਕਰ ਰਹੇ ਹੋ!) ਨਾਲ ਜੋੜਿਆ ਹੈ ਪਰ ਦੋਨੋਂ ਵਖਰੇ ਮੂਲਾਂ ਤੋਂ ਆ ਰਹੇ ਹਨ। ਸੰਖੇਪ ਵਿਚ ਏਨਾ ਕਹਿ ਸਕਦਾ ਹਾਂ ਕਿ ਅਰੇ ਸ਼ਬਦ ਸੰਸਕ੍ਰਿਤ ਦੇ ਸਵਰ ‘ਰਿ’ ਤੋਂ ਆ ਰਿਹਾ ਹੈ ਜਿਸ ਵਿਚ ਸੰਬੋਧਨਕਾਰੀ ਭਾਵ ਵੀ ਹੈ। ਪੰਜਾਬੀ ਵਿਚ ਅਰੇ ਨਹੀਂ ਬੋਲਿਆ ਜਾਂਦਾ ਪਰ ਇਸ ਦਾ ਰੁਪਾਂਤਰ ‘ਰੀ’ ਗੁਰੂ ਗ੍ਰੰਥ ਸਾਹਿਬ ਵਿਚ ਜ਼ਰੂਰ ਮਿਲਦਾ ਹੈ, “ਬੇਢੀ ਕੇ ਗੁਨ, ਸੁਨਿ ਰੀ ਬਾਈ’ (ਭਗਤ ਨਾਮਦੇਵ)।
ਬਹੁਤ ਸਾਰੇ ਸੰਬੋਧਨੀ ਸ਼ਬਦ ਆਮ ਤੌਰ ‘ਤੇ ਕਈ ਮਾਨਸਿਕ ਸਥਿਤੀਆਂ ਵਿਚ ਉਚਾਰੇ ਜਾਂਦੇ ਹਨ। ਇਕੋ ਸ਼ਬਦ ਨਿਮਰਤਾ ਭਰੀ ਪੁਕਾਰ, ਹੈਰਾਨੀ, ਮਾਨਸਿਕ ਜਾਂ ਸਰੀਰਕ ਪੀੜਾ, ਬੇਵਸੀ, ਗੁੱਸਾ, ਡਰ, ਕਲੇਸ਼ ਆਦਿ ਨੂੰ ਪ੍ਰਗਟਾਉਣ ਲਈ ਉਚਾਰਿਆ ਜਾਂਦਾ ਹੈ। ਸੰਬੋਧਨੀ ਸ਼ਬਦਾਂ ਬਾਰੇ ਕਦੀ ਵਖਰੇ ਤੌਰ ‘ਤੇ ਲਿਖਾਂਗੇ।