ਹੁਣ ਮੋਮਲ ਸ਼ੇਖ ਦੀ ਵਾਰੀ

ਆਮਨਾ ਸਿਦੀਕੀ
ਪਿਛਲੇ ਸਮੇਂ ਦੌਰਾਨ ਹਿੰਦੀ ਫਿਲਮਾਂ ਵਿਚ ਪਾਕਿਸਤਾਨੀ ਕਲਾਕਾਰਾਂ ਦੀ ਖੂਬ ਆਮਦ ਹੋ ਰਹੀ ਹੈ। ਇਸ ਲੜੀ ਵਿਚ ਨਵਾਂ ਨਾਂ ਮੋਮਲ ਸ਼ੇਖ਼ ਦਾ ਹੈ ਜਿਸ ਦੀ ਫਿਲਮ ‘ਹੈਪੀ ਭਾਗ ਜਾਏਗੀ’ ਸਤੰਬਰ ਵਿਚ ਰਿਲੀਜ਼ ਹੋ ਰਹੀ ਹੈ। ਅਭੈ ਦਿਓਲ, ਡਿਆਨਾ ਪੈਂਟੀ, ਅਲੀ ਫਜ਼ਲ ਤੇ ਜਿੰਮੀ ਸ਼ੇਰਗਿਲ ਵੀ ਫਿਲਮ ਵਿਚ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ।

ਮੋਮਲ ਸ਼ੇਖ ਨੂੰ ਅਦਾਕਾਰੀ ਵਿਰਾਸਤ ਵਿਚ ਮਿਲੀ ਹੈ। ਉਸ ਦਾ ਅੱਬਾ ਜਾਵੇਦ ਸ਼ੇਖ ਪਾਕਿਸਤਾਨ ਦਾ ਮਸ਼ਹੂਰ ਕਲਾਕਾਰ ਹੈ। ਉਸ ਨੇ ‘ਨਮਸਤੇ ਲੰਡਨ’, ‘ਓਮ ਸ਼ਾਂਤੀ ਓਮ’ ਅਤੇ ‘ਤਮਾਸ਼ਾ’ ਵਰਗੀਆਂ ਹਿੰਦੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਮੋਮਲ ਆਖਦੀ ਹੈ ਕਿ ਫਿਲਮ ‘ਹੈਪੀ ਭਾਗ ਜਾਏਗੀ’ ਵਿਚ ਉਸ ਨੂੰ ਅਭੈ ਦਿਓਲ ਅਤੇ ਜਿੰਮੀ ਸ਼ੇਰਗਿਲ ਨਾਲ ਕੰਮ ਕਰ ਕੇ ਬੜਾ ਚੰਗਾ ਲੱਗਾ ਹੈ, ਪਰ ਉਸ ਦੀ ਇੱਛਾ ਰਣਵੀਰ ਸਿੰਘ ਨਾਲ ਕੰਮ ਕਰਨ ਦੀ ਹੈ। ਉਸ ਨੇ ਰਣਵੀਰ ਸਿੰਘ ਦੀਆਂ ਸਾਰੀਆਂ ਫਿਲਮਾਂ ਧਿਆਨ ਨਾਲ ਦੇਖੀਆਂ ਹਨ। ਉਸ ਦਾ ਆਖਣਾ ਹੈ ਕਿ ਰਣਵੀਰ ਸਿੰਘ ਬੜਾ ਜੁਝਾਰੂ ਕਲਾਕਾਰ ਹੈ ਅਤੇ ਉਹ ਉਸ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਤ ਹੋਈ ਹੈ। ਉਂਜ, ਸ਼ਾਹਰੁਖ ਖ਼ਾਨ ਅਤੇ ਸਲਮਾਨ ਖਾਨ ਉਸ ਦੇ ਪਸੰਦੀਦਾ ਕਲਾਕਾਰ ਹਨ। ਆਪਣੇ ਮਿੱਤਰਾਂ-ਦੋਸਤਾਂ ਦੀ ਸੂਚੀ ਵਿਚ ਉਹ ਸਭ ਤੋਂ ਪਹਿਲਾਂ ਮਹੀਰਾ ਖਾਨ ਦਾ ਨਾਂ ਲੈਂਦੀ ਹੈ ਜਿਹੜੀ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਰਾਹੀਂ ਹਿੰਦੀ ਫਿਲਮ ਜਗਤ ਵਿਚ ਦਾਖ਼ਲ ਹੋ ਰਹੀ ਹੈ। ਪਾਕਿਸਤਾਨੀ ਕਲਾਕਾਰਾਂ ਦੀ ਹਿੰਦੀ ਫਿਲਮ ਜਗਤ ਵਿਚ ਆਮਦ ਨੂੰ ਉਹ ਦੋਹਾਂ ਮੁਲਕਾਂ ਲਈ ਸ਼ੁਭ ਸ਼ਗਨ ਆਖ਼ਦੀ ਹੈ। ਉਸ ਮੁਤਾਬਕ, ਪਹਿਲਾਂ ਵੀ ਦੋਵੇਂ ਮੁਲਕ ਇਕ ਹੀ ਸਨ ਅਤੇ ਦੋਹਾਂ ਦਾ ਇਤਿਹਾਸ ਤੇ ਸਭਿਆਚਾਰ ਸਾਂਝਾ ਹੈ। ਇਸ ਲਈ ਹੁਣ ਫਿਲਮ ਜਗਤ ਦੇ ਮਿਲਾਪ ਨੂੰ ਵੀ ਇਸੇ ਕੜੀ ਵਿਚ ਦੇਖਣਾ ਚਾਹੀਦਾ ਹੈ। ਮੋਮਲ ਸ਼ੇਖ ਦਾ ਜਨਮ ਕਰਾਚੀ ਵਿਚ 6 ਅਪਰੈਲ 1982 ਨੂੰ ਹੋਇਆ ਸੀ। ਉਸ ਦਾ ਟੱਬਰ ਭਾਵੇਂ ਸਿੰਧ ਦੀ ਰਾਜਧਾਨੀ ਕਰਾਚੀ ਵਿਚ ਰਹਿੰਦਾ ਹੈ, ਇਹ ਟੱਬਰ ਪੰਜਾਬੀ ਹੈ। ਟੈਲੀਵਿਜ਼ਨ ਲੜੀਵਾਰਾਂ ਵਿਚ ਕੰਮ ਕਰਨ ਕਰ ਕੇ ਉਸਦਾ ਅੱਬਾ ਜਾਵੇਦ ਸ਼ੇਖ ਕਰਾਚੀ ਜਾ ਵਸਿਆ ਸੀ। ਮੋਮਲ ਸ਼ੇਖ ਦਾ ਵਿਆਹ 2012 ਵਿਚ ਲਾਹੌਰ ਦੇ ਨਾਵੇਦ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇਕ ਪੁੱਤਰ ਹੈ ਜਿਸ ਦਾ ਨਾਂ ਉਨ੍ਹਾਂ ਇਬਰਾਹਿਮ ਰੱਖਿਆ ਹੈ। ਮੋਮਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫੈਸ਼ਨ ਸਨਅਤ ਤੋਂ ਕੀਤੀ ਸੀ। ਇਸ ਤੋਂ ਬਾਅਦ ‘ਫਰੀਕੁਐਂਸੀ’, ‘ਏਤਰਾਫ਼’ ਤੇ ‘ਯਿਹ ਜ਼ਿੰਦਗੀ ਹੈ’ ਵਰਗੇ ਲੜੀਵਾਰਾਂ ਨਾਲ ਉਹ ਟੈਲੀਵਿਜ਼ਨ ਦੀ ਦੁਨੀਆਂ ਵਿਚ ਆ ਗਈ। ਉਸ ਨੇ ਕਈ ਚਰਚਿਤ ਟੈਲੀਵਿਜ਼ਨ ਲੜੀਵਾਰਾਂ ਵਿਚ ਕੰਮ ਕੀਤਾ ਹੈ। ਸਾਲ 2013 ਵਿਚ ਉਸ ਨੂੰ ਫਿਲਮਸਾਜ਼ ਸ਼ਾਨ ਸ਼ਾਹਿਦ ਦੀ ਫਿਲਮ ‘ਨਾਚ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਪਰ ਇਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ। -0-