ਪਾਸ਼ ਤੇ ਪਾਤਰ ਸਕੇ ਭਰਾ

-ਗੁਲਜ਼ਾਰ ਸਿੰਘ ਸੰਧੂ
ਅਸਾਂ ਤਾਂ ਖਪ ਗਏ ਹਾਂ ਧੂੜ ਵਿਚ
ਲਥ ਪਥ ਤ੍ਰਕਾਲਾਂ ਦੇ ਢਿੱਡ ਅੰਦਰ
ਜਮਹੂਰੀਅਤ ਦੇ ਪੈਰਾਂ ਵਿਚ ਰੁਲਦੇ

ਮੇਰੇ ਦੇਸ਼ ਸਾਡਾ ਫਿਕਰ ਨਾ ਕਰਨਾ
ਹੁਣ ਸੋਚਦੇ ਹਾਂ ਤੇਰੇ ਬਾਰੇ ਮੇਰੇ ਦੇਸ਼
ਤਾਂ ਕੁਝ ਏਸ ਤਰ੍ਹਾਂ ਲੱਗਦੈ ਜਿਵੇਂ ਤੂੰ
ਸਾਊ ਧੀ ਹੋਵੇਂ ਕਿਸੇ ਬੇਸ਼ਰਮ ਵੈਲੀ ਦੀ।
ਕਿਸੇ ਪੜਾਅ ਉਤੇ ਪਾਸ਼ ਨੇ ਇਹ ਕਵਿਤਾ ਗੁਰਵੇਲ ਪੰਨੂੰ ਦੇ ਘਰ ਸੁਣਾਈ ਤਾਂ ਉਥੇ ਬੈਠੀ ਇਕ ਪਿੰ੍ਰਸੀਪਲ ਔਰਤ ਦੇ ਅਥਰੂ ਵਹਿ ਤੁਰੇ ਸਨ।
ਇਹ ਗੱਲ ਮੈਂ ਸ਼ਮਸ਼ੇਰ ਸੰਧੂ ਦੀ ਪਾਸ਼ ਬਾਰੇ ਲਿਖੀ ਪੁਸਤਕ Ḕਇਕ ਪਾਸ਼ ਇਹ ਵੀ ਹੈḔ ਵਿਚ ਪੜ੍ਹੀ ਹੈ। ਇਹ ਪੁਸਤਕ ਦੱਸਦੀ ਹੈ ਕਿ ਸ਼ਮਸ਼ੇਰ ਸੰਧੂ ਦੀ ਪਾਸ਼ ਨਾਲ ਕਿੰਨੀ ਦੋਸਤੀ ਸੀ। ਇਸ ਵਿਚ ਸ਼ਮਸ਼ੇਰ ਤੇ ਪਾਸ਼ ਸਤਲੁਜ ਦੀ ਰੇਤ ਵਿਚ ਟਹਿਲਦੇ ਦੇਖੇ ਜਾ ਸਕਦੇ ਹਨ। ਪਾਸ਼ ਦੇ ਮਾਤਾ, ਪਿਤਾ, ਭੈਣਾਂ, ਪਤਨੀ ਰਾਜਵਿੰਦਰ ਕੌਰ ਤੇ ਧੀ ਵਿੰਕਲ ਹੀ ਨਹੀਂ, ਪਾਸ਼ ਦੀ ਦੋ ਸਤਰੀ ਚਿੱਠੀ ਵੀ ਹੈ ਜੋ ਉਸ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਸ਼ਮਸ਼ੇਰ ਨੂੰ ਮਿਲੀ ਸੀ, ḔḔਮੈਂ ਕੁਝ ਦਿਨ ਰੁਕ ਗਿਆਂ। ਪਹਿਲਾਂ ਪਹਿਲਾਂ (ਅਤੇ ਛੇਤੀ) ਇਕ ਦਿਨ ਤੇ ਦੋ ਰਾਤਾਂ ਲਈ ਪਿੰਡ ਆ ਜਾ। ਅਸੀਂ ਬਹੁਤ ਜਣੇ ਉਡੀਕ ਰਹੇ ਆਂ।ḔḔ
ਪੁਸਤਕ ਵਿਚਲੀਆਂ ਗੱਲਾਂ ਪੜ੍ਹ ਕੇ ਜਾਪਦਾ ਹੈ, ਉਹ ਕਿੰਨੇ ਜਣੇ ਇੱਕ ਦਿਨ ਤੇ ਦੋ ਰਾਤਾਂ ਦੀ ਥਾਂ 31 ਦਿਨ ਤੇ 32 ਰਾਤਾਂ ਇਕੱਠੇ ਰਹੇ। ਪਾਸ਼ ਦੇ ਕਤਲ ਤੋਂ ਕਈ ਦਿਨ ਪਿੱਛੋਂ ਤੱਕ।
Ḕਬੰਦ ਕੋਠੜੀ ਦੀ ਜ਼ਿੰਦਗੀḔ ਨਾਂ ਦਾ ਕਾਂਡ ਦੱਸਦਾ ਹੈ ਕਿ ਪੁਲਿਸ ਨੇ ਪਾਸ਼ ਨੂੰ ਛੋਟੇ ਗੁਸਲਖਾਨੇ ਜਿੰਨੀ ਜਿਸ ḔਚੱਕੀḔ ਵਿਚ ਬੰਦ ਕੀਤਾ ਸੀ, ਉਹਦੇ ਇਕ ਪਾਸੇ ਪਰਤਾਪ ਸਿੰਘ ਕੈਰੋਂ ਦਾ ਕਾਤਲ ਸੁੱਚਾ ਸੀ ਤੇ ਦੂਜੇ ਪਾਸੇ ਇਕ ਪਾਕਿਸਤਾਨੀ ਸਮਗਲਰ। ਸਮਗਲਰ ਲਈ ḔਚੱਕੀḔ ਦੀਆਂ ਕੰਧਾਂ ਏਨੀਆਂ ਡਰਾਉਣੀਆਂ ਸਨ ਕਿ ਉਸ ਨੇ ਇਨ੍ਹਾਂ ਵਿਚ ਮੱਥਾ ਮਾਰ ਮਾਰ ਕੇ ਆਪਣੇ ਆਪ ਨੂੰ ਏਨਾ ਲਹੂ ਲੁਹਾਣ ਕਰ ਲਿਆ ਕਿ ਉਸ ਦੀ ਮੌਤ ਹੋ ਗਈ। ਟੱਟੀ, ਪਿਸ਼ਾਬ, ਖਟਮਲ, ਕੀੜੇ ਤੇ ਜੰਗਲ ਪਾਣੀ ਪਿਛੋਂ ਹੱਥ ਧੋਣ, ਪੀਣ ਲਈ ਕੇਵਲ ਇਕ ਹੀ ਝੱਜਰੀ। ਸੁੱਚਾ ਕਵਿਤਾ ਲਿਖਣ ਦਾ ਸ਼ੌਕੀਨ ਸੀ ਜੋ ਸੁੱਚੇ ਤੇ ਪਾਸ਼ ਨੇ ਇਕ ਦੂਜੇ ਦੀ ਸ਼ਕਲ ਦੇਖੇ ਬਿਨਾਂ ਇਕ ਦੂਜੇ ਨੂੰ ਰੋਸ਼ਨਦਾਨ ਰਾਹੀਂ ਸੁਣਾਈਆਂ।
ਜੇਲ੍ਹਾਂ ਵਿਚ ਬੰਦ ਹੋਣ ਦੀਆਂ ਹੋਰ ਵੀ ਗੱਲਾਂ ਨੇ। ਇਕ ਠਾਣੇਦਾਰ ਕਵਿਤਾ ਲਿਖਣ ਦਾ ਸ਼ੌਕੀਨ ਸੀ। ਉਸ ਨੇ ਪਾਸ਼ ਨੂੰ ਆਪਣੇ ਬਰਾਬਰ ਕੁਰਸੀ Ḕਤੇ ਬਿਠਾ ਕੇ ਆਪਣੀ ਕਵਿਤਾ ਸੁਣਾਈ:
ਹਾਏ ਨੀ ਸੱਜਣੀ ਤੇਰੀ ਯਾਦ ਆਉਂਦੀ ਹੈ।
ਕਿਵੇਂ ਦੱਸਾਂ ਕਿੰਨੀ ਤੇਰੀ, ਯਾਦ ਆਉਂਦੀ ਹੈ।
ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਹੈ।
ਤੇ ਨਾਲ ਹੀ ਇਹ ਮੱਤ ਵੀ ਦਿੱਤੀ ḔḔਤੈਨੂੰ ਏਦਾਂ ਦੀ ਕਵਿਤਾ ਲਿਖਣੀ ਚਾਹੀਦੀ ਹੈ। ਤੁਸੀਂ ਲੋਕ ਐਵੇਂ ਰੁਲਦੇ ਫਿਰਦੇ ਓਂ। ਇਨਕਲਾਬ ਕਦੇ ਕਿਸੇ ਨੇ ਵੇਖਿਆ! ਜਵਾਨੀਆਂ ਰੋਲਣ ਦੀ ਥਾਂ ਸਾਡੇ ਵਰਗਾ ਲਿਖੋ।ḔḔ
ਇਸ ਪੁਸਤਕ ਵਿਚ ਪਾਸ਼ ਦਾ ਜਸਵੰਤ ਸਿਘ ਕੰਵਲ ਦੀ ਜੀਵਨ ਸ਼ੈਲੀ ਤੇ ਰਚਨਾ ਬਾਰੇ ਭਾਵਪੂਰਤ ਲੇਖ ਹੈ: ḔḔਜਗਰਾਓਂ ਤੋਂ ਮੋਗੇ ਤੱਕḔ। ਪਿੰਡ ਦੀ ਇਕ ਧੀ ਨਾਲ ਮੋਹ ਭਰੀ ਮੁਲਾਕਾਤ ਜਿਸ ਨੂੰ ਸ਼ਮਸ਼ੇਰ ਨੇ Ḕਨਾ ਬਣ ਸਕੀ ਪਤਨੀḔ ਕਿਹਾ ਹੈ। ਦੋਵੇਂ ਪਾਸ਼ ਦੀ ਵਾਰਤਕ ਸ਼ੈਲੀ ਦੇ ਗੁਣ ਗਾਉਂਦੇ ਹਨ।
ਪਰ ਪੁਸਤਕ ਦਾ ਵੱਡਾ ਹਾਸਲ Ḕਪਾਸ਼ ਤੇ ਪਾਤਰæææਭਾਈ! ਭਾਈ!Ḕ ਹੈ। ਇਕੋ ਸਮੇਂ ਕਿਸੇ ਇਕ ਹੀ ਗੁਣ ਨੂੰ ਪ੍ਰਣਾਏ ਦੋ ਜਣੇ, ਕਿਵੇਂ ਇਕ ਦੂਜੇ ਦੇ ਨਿੰਦਕ ਵੀ ਹਨ ਤੇ ਮੱਦਾਹ ਵੀ। ਜੇ ਪਾਤਰ ਪਾਸ਼ ਦੀ ਰਚਨਾ ਨੂੰ ḔਜੰਗਲḔ ਕਹਿੰਦਾ ਹੈ ਤਾਂ ਪਾਸ਼ ਪਾਤਰ ਦੀ ਪੇਸ਼ਕਾਰੀ ਨੂੰ ਵੁੱਡਵਰਕ। ਅਰਜ਼ੋਈ ਕਦੇ ਬਿਰਖਾਂ ਵਾਲਾ। ਪਰ ਦੋਵੇਂ ਇਹ ਮੰਨ ਕੇ ਚੱਲਦੇ ਰਹੇ ਕਿ ਜੇ ਜੰਗਲ ਵਿਚ ਕੰਡੇ Ḕਤੇ ਝਾੜੀਆਂ ਹਨ ਤਾਂ ਹਰੀ ਬੂਟੀ ਤੇ ਫੁੱਲਾਂ ਦਾ ਵੀ ਅੰਤ ਨਹੀਂ ਤੇ ਜੇ ਬਿਰਖ ਅਰਜ਼ੋਈ ਕਰਦਾ ਹੈ ਤਾਂ ਠੰਢੀਆਂ ਛਾਂਵਾਂ ਵੀ ਦਿੰਦਾ ਹੈ। ਪਾਸ਼ ਨੇ ਆਪਣੀ ਇਕ ਕਵਿਤਾ ਵਿਚ ਪਾਤਰ ਨੂੰ ਆਪਣਾ ਸਕਾ ਭਰਾ ਕਿਹਾ ਹੈ। ਕਵਿਤਾ ਪੇਸ਼ ਹੈ:
ਰੇਤ ਦੇ ਟਿੱਬਿਆਂ ਵਿਚ
ਸਾਡਾ ਜਨਮ ਦੋਹਾਂ ਦਾ
ਹੋਇਆ ਸੀ।
ਸਾਨੂੰ ਦੇਖ ਮਾਂ ਦਾ ਚਿਹਰਾ
ਹੱਸਿਆ ਫੇਰ ਰੋਇਆ ਸੀ।
ਹੱਸਿਆ ਇਸ ਲਈ
ਜੱਗ ਵਿਚ ਰਹਿ ਜੂ
ਚਲਦਾ ਵੰਸ਼ ਸਾਡਾ ਇਹ।
ਰੋਇਆ ਇਸ ਲਈ
ਕਿੰਜ ਕੱਟਣਗੇ
ਜੀਵਨ ਪੰਧ ਦੁਰਾਡਾ ਇਹ।
ਨਾ ਤਾਂ ਉਸ ਦਿਨ ਸਾਡੇ ਚਾਚੇ
ਪੈਰ ਵਤਨ ਵਿਚ ਪਾਇਆ ਸੀ।
ਨਾ ਹੀ ਸਾਡਾ ਬਾਪੂ
ਜੇਲ੍ਹੋਂ ਛੁੱਟ ਕੇ ਆਇਆ ਸੀ।
ਉਸ ਨੂੰ ਰਹੀ ਉਡੀਕ ਖਤਾਂ ਦੀ
ਮੈਨੂੰ ਰਹੀ ਜਵਾਬਾਂ ਦੀ।
ਉਸ ਚਿੜੀਆਂ ਦੇ ਜਖਮ ਪਲੋਸੇ
ਮੈਂ ਰਿਹਾ ਟੋਹ ਵਿਚ ਬਾਜਾਂ ਦੀ।
ਮੈਂ ਗਾਲ੍ਹਾਂ ਦੀ ਡਿਗਰੀ ਕੀਤੀ
ਤੇ ਉਸ ਕੀਤੀ ਰਾਗਾਂ ਦੀ।
ਉਹ ਰਾਗਾਂ ਦੇ ਨਾਲ ਹੈ ਸੋਂਦਾ
ਮੈਨੂੰ ਲੋੜ ਨਾ ਸਾਜਾਂ ਦੀ।
ਮੇਰੀ ਹਿਕੜੀ ਵਿਚ ਪੱਥਰ ਉਗਦੇ
ਉਸ ਦੀ ਹਿਕੜੀ ਬਾਗਾਂ ਦੀ।
ਉਹ ਫੁੱਲਾਂ ਦੀ ਛਾਂਵੇ ਬਹਿੰਦਾ
ਤੇ ਮੈਂ ਫਨੀਅਰ ਨਾਗਾਂ ਦੀ।
ਚੱਲਦੇ ਚੱਲਦੇ ਰਾਹਾਂ ਦੇ ਵਿਚ
ਆਇਆ ਇਕ ਪੜਾਅ
ਰੁਲਦੇ ਰੁਲਦੇ ਰੁਲ ਗਏ ਯਾਰੋ।
ਮੈਂ ਤੇ ਪਾਤਰ ਸਕੇ ਭਰਾ।
ਜਦੋਂ ਮੈਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਿਆ ਤਾਂ ਸ਼ਮਸ਼ੇਰ ਇਸ ਦੇ ਸੰਪਾਦਕੀ ਅਮਲੇ ਦਾ ਚਰਚਿਤ ਮੈਂਬਰ ਸੀ। ਭੂਸ਼ਨ ਧਿਆਨਪੁਰੀ ਨੇ ਮੇਰੀ ਆਉਣ ‘ਤੇ ਸ਼ਮਸ਼ੇਰ ਕੋਲੋਂ ਜੋ ਕੁਝ ਅਖਵਾਇਆ, ਮੈਂ ਅੰਤਿਕਾ ਵਜੋਂ ਦੇਣ ਦੀ ਖੁਸ਼ੀ ਲੈਂਦਾ ਹਾਂ। ਇਹ ਟੋਟਕਾ ਮੈਂ ਉਦੋਂ ਨਹੀਂ ਸੀ ਛਾਪਿਆ।
ਅੰਤਿਕਾ: (ਭੂਸ਼ਨ ਧਿਆਨਪੁਰੀ
ਲਿਖਿਆ ਖਤ ਸ਼ਮਸ਼ੇਰ ਵਰਿਆਮ ਤਾਈਂ
ਅਸੀਂ ਸਦਾ ਹੀ ਰਹੇ ਸਰਦਾਰ ਸੰਧੂ।
ਸਾਡਾ ਸੰਤ ਸੰਧੂ, ਸਾਡਾ ਪਾਸ਼ ਸੰਧੂ
ਪੂਰਨ ਭਗਤ ਵਾਲਾ ਕਾਦਰਯਾਰ ਸੰਧੂ।
ਸਾਡੀ ਕਲਗੀ ਨੂੰ ਨਵਾਂ ਏ ਖੰਭ ਲੱਗਾ
ਆਇਆ ਜਦੋਂ ਦਾ ਏਥੇ ਗੁਲਜ਼ਾਰ ਸੰਧੂ।
ਜੱਟ ਚੜ੍ਹਿਆ ਸੁਹਾਗੇ ਨਹੀਂ ਮਾਣ ਹੁੰਦਾ
ਇਹ ਤਾਂ ਆਇਆ ਅਖਬਾਰ ਸਵਾਰ ਸੰਧੂ।

______________

ਸਭ ਤੋਂ ਖਤਰਨਾਕ
ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜ੍ਹੇ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ।
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ।
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ Ḕਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ।
ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ Ḕਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ।
ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ।
ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ।
ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ Ḕਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ Ḕਤੇ
ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ Ḕਚ ਖੁੱਭ ਜਾਵੇ।
ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ।
-ਅਵਤਾਰ ਸਿੰਘ Ḕਪਾਸ਼Ḕ