ਸੰਸਦੀ ਭੂਲ-ਭੁਲੱਈਆ ਵਿਚ ਉਲਝੀ ‘ਆਪ’

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤ ਦੀਆਂ ਰਵਾਇਤੀ ਸਿਆਸੀ ਧਿਰਾਂ ਨੂੰ ਖੂੰਜੇ ਲਾ ਕੇ ਇਕਦਮ ਉਭਰੀ ਆਮ ਆਦਮੀ ਪਾਰਟੀ (ਆਪ) ਇਸ ਸਮੇਂ ਬੁਰੀ ਤਰ੍ਹਾਂ ਘਿਰੀ ਹੋਈ ਹੈ। ਆਪ ਦੇ ਚੁਣੇ ਹੋਏ ਲੋਕ ਨੁਮਾਇੰਦੇ ਇਸ ਸਮੇਂ ਰਵਾਇਤੀ ਧਿਰਾਂ ਦੀ ਕੁੜਿੱਕੀ ਵਿਚ ਫਸੇ ਹੋਏ ਹਨ। ਆਪ ਦਾ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਪਾਰਟੀ ਲਈ ਨਮੋਸ਼ੀ ਬਣਿਆ ਹੋਇਆ ਹੈ। ਭਗਵੰਤ ਮਾਨ ਉਤੇ ਸੰਸਦ ਦੀ ਸੁਰੱਖਿਆ ਸਬੰਧੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਉਣ ਦੀ ‘ਗੁਸਤਾਖ਼ੀ’ ਕਰਨ ਦਾ ਦੋਸ਼ ਲੱਗਾ ਹੈ ਜਿਸ ਲਈ ਉਸ ਵੱਲੋਂ ਭਾਵੇਂ ਮੁਆਫੀ ਵੀ ਮੰਗ ਲਈ ਗਈ ਹੈ, ਪਰ

ਸੰਸਦ ਵਿਚ ਇਹ ਮੁਆਫੀ ਸਵੀਕਾਰ ਨਹੀਂ ਕੀਤੀ ਗਈ ਅਤੇ ਉਸ ਨੂੰ ਦਸ ਦਿਨ ਲਈ ਸੰਸਦ ਵਿਚ ਕਾਰਵਾਈ ਲੇਣ ਤੋਂ ਰੋਕ ਦਿੱਤਾ ਗਿਆ।
‘ਆਪ’ ਦੇ ਇਸ ਸੰਸਦ ਮੈਂਬਰ ‘ਤੇ ਸ਼ਰਾਬ ਪੀ ਕੇ ਸੰਸਦ ਵਿਚ ਆਉਣ ਦੇ ਦੋਸ਼ ਵੀ ਲੱਗੇ ਹਨ। ਇਥੋਂ ਤੱਕ ਕਿ ‘ਆਪ’ ਦੇ ਹੀ ਪੰਜਾਬ ਤੋਂ ਪਾਰਟੀ ਵਿਚੋਂ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਵੱਲੋਂ ਉਸ ਤੋਂ ਸ਼ਰਾਬ ਦੀ ਬੋ ਆਉਣ ਕਾਰਨ ਸੀਟ ਬਦਲਣ ਦੀ ਮੰਗ ਨੇ ਮਾਮਲਾ ਭਖਾ ਦਿੱਤਾ ਹੈ। ਭਗਵੰਤ ਮਾਨ ਵਿਰੁੱਧ 9 ਮੈਂਬਰੀ ਕਮੇਟੀ ਬਣਾ ਕੇ ਉਸ ਨੂੰ ਲੋਕ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਸ਼ ਮਾਨ ਦੀ ਇਹ ‘ਗੁਸਤਾਖ਼ੀ’ ਪਾਰਟੀ ਲਈ ਵੱਡੀ ਨਮੋਸ਼ੀ ਬਣ ਗਈ ਹੈ। ‘ਆਪ’ ਵੱਲੋਂ ਭਾਵੇਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ, ਪਰ ਸਿਆਸੀ ਮਾਹਰਾਂ ਵੱਲੋਂ ਵਿਰੋਧੀ ਧਿਰਾਂ ਨੂੰ ਅਜਿਹੇ ਮੌਕੇ ਦੇਣ ‘ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
‘ਆਪ’ ਲਈ ਇਹ ਵਿਵਾਦ ਕੋਈ ਨਵਾਂ ਨਹੀਂ ਹੈ। ਪਾਰਟੀ ਦੇ ਦਿੱਲੀ ਤੋਂ 10 ਵਿਧਾਇਕ ਜੇਲ੍ਹ ਦੀ ਹਵਾ ਖਾ ਚੁੱਕੇ ਹਨ। 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਉਣ ਦੇ ਮਾਮਲੇ ਵਿਚ ਪਾਰਟੀ, ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਪਾਰਟੀ ਦਾ ‘ਨਿਆਣਾਪਣ’ ਹੀ ਹੈ ਕਿ ਇਹ ਵਾਰ-ਵਾਰ ਰਵਾਇਤੀ ਧਿਰਾਂ ਦੇ ਦਾਅ ਹੇਠ ਆ ਰਹੀ ਹੈ। ਅਸਲ ਵਿਚ, ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬੇ ਹੈ ਜਿਥੋਂ ਆਪ ਨੂੰ ਵੱਡੀਆਂ ਉਮੀਦਾਂ ਹਨ। ਲੋਕ ਸਭਾ ਚੋਣਾਂ ਵਿਚ ਪੂਰੇ ਦੇਸ਼ ਵਿਚੋਂ ਸਿਰਫ ਪੰਜਾਬ ਨੇ ਹੀ ਇਸ ਨਵੀਂ ਪਾਰਟੀ ਨੂੰ ਚਾਰ ਲੋਕ ਸਭਾ ਮੈਂਬਰ ਦਿੱਤੇ ਸਨ, ਪਰ ਇਨ੍ਹਾਂ ਵਿਚੋਂ ਦੋ ਸੰਸਦ ਮੈਂਬਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਸਮੇਂ ਸਿਰਫ ਸੰਸਦ ਮੈਂਬਰ ਭਗਵੰਤ ਮਾਨ ਨੂੰ ਹੀ ਸੂਬੇ ਵਿਚ ਪਾਰਟੀ ਦਾ ਮੁੱਖ ਚਿਹਰਾ ਮੰਨਿਆ ਜਾ ਰਿਹਾ ਸੀ, ਇਥੋਂ ਤੱਕ ਕਿ ਉਸ ਨੂੰ ਅਗਲੇ ਵਰ੍ਹੇ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਸੰਭਾਵੀ ਮੁੱਖ ਮੰਤਰੀ ਉਮੀਦਵਾਰ ਵਜੋਂ ਵੀ ਵੇਖਿਆ ਜਾ ਰਿਹਾ ਸੀ, ਪਰ ਇਸ ਸੀਨੀਅਰ ਆਗੂ ਦੀਆਂ ਕਾਰਵਾਈਆਂ ਨੇ ਪਾਰਟੀ ਨੂੰ ਵੱਡੇ ਸਿਆਸੀ ਸੰਕਟ ਵਿਚ ਫਸਾ ਦਿੱਤਾ ਹੈ। ਉਸ ਉਤੇ ਇਕ ਧਾਰਮਿਕ ਇਕੱਠ ਵਿਚ ਦਾਰੂ ਪੀ ਕੇ ਜਾਣ ਦੇ ਦੋਸ਼ ਲੱਗੇ ਸਨ।
___________________________________________
ਮਾਨ ਵਲੋਂ ਮੋਦੀ ਨੂੰ ਲਪੇਟਾ
ਨਵੀਂ ਦਿੱਲੀ: ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਘੇਰ ਲਿਆ ਹੈ। ਸ਼ ਮਾਨ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦਾ ਦਾਇਰਾ ਵਧਾਇਆ ਜਾਵੇ। ਇਸ ਦਾਇਰੇ ਵਿਚ ਪ੍ਰਧਾਨ ਮੰਤਰੀ ਨੂੰ ਵੀ ਲਿਆਂਦਾ ਜਾਵੇ ਕਿਉਂਕਿ 2001 ਵਿਚ ਆਈæਐਸ਼ਆਈæ ਨੇ ਸੰਸਦ ‘ਤੇ ਹਮਲਾ ਕੀਤਾ ਸੀ। ਫਿਰ 2016 ਵਿਚ ਆਈæਐਸ਼ਆਈæ ਨੇ ਪਠਾਨਕੋਟ ਏਅਰਬੇਸ ‘ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਉਸੇ ਆਈæਐਸ਼ਆਈæ ਦੇ ਅਫਸਰ ਨੂੰ ਪਠਾਨਕੋਟ ਏਅਰਬੇਸ ਵਿਚ ਜਾਣ ਦੀ ਆਗਿਆ ਦਿੱਤੀ। ਕੀ ਇਸ ਨਾਲ ਪੂਰੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ?
_____________________________________________
ਪੰਜਾਬ ਦੀਆਂ ਵਿਰੋਧੀ ਧਿਰਾਂ ਬਾਗੋ-ਬਾਗ
ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਤੀਜੀ ਧਿਰ ਵਜੋਂ ਵੇਖਿਆ ਜਾ ਰਿਹਾ ਹੈ। ਇਸ ਪਾਰਟੀ ਨੇ ਥੋੜ੍ਹੇ ਸਮੇਂ ਵਿਚ ਹੀ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸਾਰਾ ਧਿਆਨ ਸੂਬੇ ਦੀ ਸਿਆਸਤ ‘ਤੇ ਕੇਂਦਰਤ ਕੀਤਾ ਹੋਇਆ ਹੈ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ- ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਸ ਗੱਲ ਨੂੰ ਮੰਨ ਚੁੱਕੀਆਂ ਹਨ ਕਿ ਆਪ ਉਨ੍ਹਾਂ ਨੂੰ ਵੱਡੀ ਚੁਣੌਤੀ ਦੇਵੇਗੀ। ਹੁਣ ਪਾਰਟੀ ਵਿਚ ਅੰਦਰੂਨੀ ਕਲੇਸ਼ ਤੇ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਨੇ ਇਨ੍ਹਾਂ ਰਵਾਇਤੀ ਧਿਰਾਂ ਨੂੰ ਕੁੱਝ ਰਾਹਤ ਦਿੱਤੀ ਹੈ।