ਸ਼ਿਵ ਬਟਾਲਵੀ ‘ਤੇ ਬਣੇਗੀ ਫਿਲਮ

‘ਹੈਪੀ ਭਾਗ ਜਾਏਗੀ’ ਦੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਨੇ ਇੱਛਾ ਪ੍ਰਗਟਾਈ ਹੈ ਕਿ ਉਹ ਪੰਜਾਬੀ ਦੇ ਮਿਸਾਲੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਉਤੇ ਆਧਾਰਿਤ ਫਿਲਮ ਬਣਾਉਣਾ ਚਾਹੁੰਦਾ ਹੈ। ਸ਼ਿਵ ਕੁਮਾਰ ਪੰਜਾਬੀ ਜ਼ਬਾਨ ਦਾ ਬੜਾ ਲਾਡਲਾ ਅਤੇ ਰੁਮਾਂਟਕ ਕਵੀ ਮੰਨਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਬਿਰਹਾ ਸਿਰ ਚੜ੍ਹ ਕੇ ਬੋਲਦਾ ਹੈ। ਇਸੇ ਕਰ ਕੇ ਉਸ ਨੂੰ ਅਕਸਰ ਬਿਰਹਾ ਦਾ ਸ਼ਾਇਰ ਵੀ ਆਖਿਆ ਜਾਂਦਾ ਹੈ। ਹਾਲ ਹੀ ਵਿਚ ਆਈ ਚਰਚਿਤ ਫਿਲਮ ‘ਉੜਤਾ ਪੰਜਾਬ’ ਵਿਚ ਸ਼ਿਵ ਕੁਮਾਰ ਦਾ ਗੀਤ ‘ਇਕ ਕੁੜੀ’ ਪੇਸ਼ ਕੀਤਾ ਗਿਆ ਸੀ ਜਿਸ ਨੂੰ ਖੁਬ ਹੁੰਗਾਰਾ ਮਿਲਿਆ।

ਇਹ ਗੀਤ ਪੰਜਾਬੀ ਗਾਇਕ ਦਲਜੀਤ ਦੁਸਾਂਝ ਅਤੇ ਸ਼ਾਹਿਦ ਮਾਲਿਆ ਨੇ ਗਾਇਆ ਹੈ। ਇਸ ਤੋਂ ਪਹਿਲਾਂ ਸੈਫ ਅਲੀ ਖਾਨ ਤੇ ਦੀਪਿਕਾ ਪਾਦੂਕੋਣ ਦੀ ਫਿਲਮ ‘ਲਵ ਆਜ ਕਲ੍ਹ’ ਵਿਚ ਸ਼ਿਵ ਦਾ ਗੀਤ ‘ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ’ ਪੇਸ਼ ਕੀਤਾ ਗਿਆ ਸੀ। ਇਹ ਗੀਤ ਵੀ ਖੂਬ ਹਿੱਟ ਹੋਇਆ ਸੀ।
ਸ਼ਿਵ ਕੁਮਾਰ ਹਰ ਉਮਰ ਵਰਗ ਦਾ ਪਸੰਦੀਦਾ ਸ਼ਾਇਰ ਰਿਹਾ ਹੈ ਅਤੇ ਉਸ ਦੇ ਬਹੁਤ ਸਾਰੇ ਗੀਤ ਚੋਟੀ ਦੇ ਕਲਾਕਾਰਾਂ ਨੇ ਗਾਏ ਹਨ। ਉਸ ਦੇ ਕਈ ਗੀਤਾਂ ਬਾਰੇ ਤਾਂ ਲੋਕ ਗੀਤ ਹੋਣ ਦਾ ਭੁਲੇਖਾ ਵੀ ਪੈਂਦਾ ਹੈ। ਸ਼ਿਵ ਕੁਮਾਰ ਨੇ ਆਪਣੀਆਂ ਰਚਨਾਵਾਂ ਵਿਚ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ, ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਉਸ ਦੀਆਂ ਰਚਨਾਵਾਂ ਵੀ ਪੰਜਾਬੀ ਵਿਰਾਸਤ ਦੇ ਝਲਕਾਰੇ ਪੈਂਦੇ ਹਨ। ਸ਼ਿਵ ਦੀ ਮੌਤ ਮਹਿਜ਼ 36 ਸਾਲ ਦੀ ਉਮਰ ਵਿਚ ਹੋ ਗਈ ਸੀ। ਸ਼ਿਵ ਦੀ ਪਤਨੀ ਅਰੁਣਾ, ਪੁੱਤਰ ਮਿਹਰਬਾਨ ਅਤੇ ਪੁੱਤਰੀ ਪੂਜਾ ਅੱਜ ਕੱਲ੍ਹ ਅਮਰੀਕਾ ਵਿਚ ਰਹਿੰਦੇ ਹਨ। -0-
___________________________________________

‘1084 ਦੀ ਮਾਂ’ ਵਾਲੀ ਮਹਾਸ਼ਵੇਤਾ
ਸਿਮਰਨ ਕੌਰ
ਬੰਗਲਾ ਲਿਖਾਰੀ ਮਹਾਸ਼ਵੇਤਾ ਦੇਵੀ ਦੀਆਂ ਰਚਨਾਵਾਂ ਜਿਨ੍ਹਾਂ ਵਿਚ ਆਮ ਬੰਦੇ ਦੀ ਕਹਾਣੀ ਬਹੁਤ ਸੂਖਮ ਢੰਗ ਨਾਲ ਬਿਆਨ ਕੀਤੀ ਗਈ ਹੈ, ਦੀਆਂ ਕਈ ਰਚਨਾਵਾਂ ਉਤੇ ਫਿਲਮਾਂ ਬਣੀਆਂ ਹਨ। ਇਨ੍ਹਾਂ ਵਿਚੋਂ 1998 ਵਿਚ ਬਣੀ ਫਿਲਮ ‘ਹਜ਼ਾਰ ਚੁਰਾਸੀ ਕੀ ਮਾਂ’ ਬੜੀ ਚਰਚਿਤ ਹੋਈ ਸੀ। ਸਭ ਤੋਂ ਪਹਿਲਾਂ ਉਸ ਦੀ ਕਹਾਣੀ ‘ਲਾਇਲੀ ਅਸਮਾਨਰ ਆਈਨਾ’ ਉਤੇ 1968 ਵਿਚ ਫਿਲਮਸਾਜ਼ ਐਚæਐਸ਼ ਰਵੇਲ ਨੇ ਫਿਲਮ ਬਣਾਈ ਸੀ। ਇਸ ਫਿਲਮ ਵਿਚ ਦਲੀਪ ਕੁਮਾਰ, ਵੈਯੰਤੀ ਮਾਲਾ, ਬਲਰਾਜ ਸਾਹਨੀ ਅਤੇ ਸੰਜੀਵ ਕੁਮਾਰ ਵਰਗੇ ਚੋਟੀ ਦੇ ਕਲਾਕਾਰਾਂ ਨੇ ਅਦਾਕਾਰੀ ਕੀਤੀ ਸੀ। ਸਾਲ 1993 ਵਿਚ ਫਿਲਮਸਾਜ਼ ਕਲਪਨਾ ਲਾਜ਼ਮੀ ਨੇ ਮਹਾਸ਼ਵੇਤਾ ਦੀ ਕਹਾਣੀ ਉਤੇ ਆਧਾਰਤ ਫਿਲਮ ‘ਰੁਦਾਲੀ’ ਦਾ ਨਿਰਮਾਣ ਕੀਤਾ ਜਿਸ ਵਿਚ ਮੁੱਖ ਭੂਮਿਕਾ ਡਿੰਪਲ ਕਪਾਡੀਆ ਨੇ ਨਿਭਾਈ। ਉਸ ਤੋਂ ਇਲਾਵਾ ਫਿਲਮ ਵਿਚ ਰਾਜ ਬੱਬਰ, ਰਾਖੀ ਅਤੇ ਅਮਜਦ ਖ਼ਾਨ ਦੇ ਵੀ ਅਹਿਮ ਕਿਰਦਾਰ ਸਨ। 1997 ਵਿਚ ਫਿਲਮਸਾਜ਼ ਗੌਤਮ ਘੋਸ਼ ਨੇ ਮਹਾਸ਼ਵੇਤਾ ਦੇਵੀ ਦੇ ਨਾਟਕ ਨੂੰ ਆਧਾਰ ਬਣਾ ਕੇ ਫਿਲਮ ‘ਗੁੜੀਆ’ ਬਣਾਈ ਜਿਸ ਨੂੰ ਆਪਣੀ ਉਮਦਾ ਅਦਾਕਾਰੀ ਨਾਲ ਚਾਰ ਚੰਨ, ਮਿਥੁਨ ਚੱਕਰਵਰਤੀ ਨੇ ਲਾਏ। ਇਹ ਫਿਲਮ ਬੰਗਲਾ ਵਿਚ ਤਿਆਰ ਕੀਤੀ ਗਈ ਸੀ।
ਫਿਰ 1998 ਵਿਚ ਫਿਲਮਸਾਜ਼ ਗੋਵਿੰਦ ਨਿਹਲਾਨੀ ਨੇ ਮਹਾਸ਼ਵੇਤਾ ਦੇਵੀ ਦੇ ਸੰਸਾਰ ਪ੍ਰਸਿੱਧ ਨਾਵਲ ‘ਹਜ਼ਾਰ ਚੁਰਾਸੀ ਕੀ ਮਾਂ’ ਉਤੇ ਆਧਾਰਤ ਇਸੇ ਨਾਂ ਵਾਲੀ ਫਿਲਮ ਬਣਾਈ। ਇਹ ਨਾਵਲ ਪੰਜਾਬੀ ਵਿਚ ਵੀ ਅਨੁਵਾਦ ਹੋ ਚੁੱਕਾ ਹੈ। ਫਿਲਮ ਵਿਚ ਜਯਾ ਬਚਨ, ਨੰਦਿਤਾ ਦਾਸ ਅਤੇ ਅਨੂਪਮ ਖੇਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਇਹ ਫਿਲਮ 1967 ਵਿਚ ਪੱਛਮੀ ਬੰਗਾਲ ਵਿਚੋਂ ਉਠੀ ਨਕਸਲਵਾੜੀ ਲਹਿਰ ‘ਤੇ ਆਧਾਰਿਤ ਸੀ। ਇਸ ਵਿਚ ਮਾਂ ਦਾ ਕਿਰਦਾਰ ਬਹੁਤ ਜ਼ੋਰਦਾਰ ਹੈ। ਫਿਲਮ ਵਿਚ ਮਾਂ, ਪੁਲਿਸ ਹੱਥੋਂ ਕਤਲ ਹੋਏ ਆਪਣੇ ਪੁੱਤਰ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖ ਜਾਣਨ ਲਈ ਉਸ ਦੇ ਦੋਸਤਾਂ-ਮਿੱਤਰਾਂ ਨੂੰ ਮਿਲਦੀ ਹੈ। ਮਾਂ ਆਪਣੇ ਪੁੱਤਰ ਦੀ ਮੁਹੱਬਤ ਨਾਲ ਗੱਲਾਂ ਕਰਦੀ ਹੈ ਤਾਂ ਹੈਰਾਨ ਹੁੰਦੀ ਹੈ ਕਿ ਉਸ ਨੂੰ ਤਾਂ ਆਪਣੇ ਪੁੱਤਰ ਦੀਆਂ ਇਨ੍ਹਾਂ ਗੱਲਾਂ ਦਾ ਉਕਾ ਹੀ ਕੋਈ ਇਲਮ ਨਹੀਂ ਸੀ। ਫਿਲਮ ਵਿਚ ਪੁੱਤਰ ਦੀ ਪ੍ਰੇਮਿਕਾ ਵਾਲਾ ਕਿਰਦਾਰ ਨੰਦਿਤਾ ਦਾਸ ਨੇ ਨਿਭਾਇਆ ਹੈ। ਇਸ ਤੋਂ ਬਾਅਦ 2007 ਵਿਚ ‘ਮਾਤੀ ਮਾਏ’ ਨਾਂ ਦੀ ਫਿਲਮ ਬਣਾਈ ਗਈ। ਇਸ ਫਿਲਮ ਵਿਚ ਨੰਦਿਤਾ ਦਾਸ ਦੀ ਅਦਾਕਾਰੀ ਕਮਾਲ ਦੀ ਸੀ। ਸਾਲ 2010 ਵਿਚ ਫਿਲਮਸਾਜ਼ ਇਤਾਲੋ ਸਪੀਨੀਲੀ ਨੇ ‘ਗੰਗੋਰ’ ਫਿਲਮ ਬਣਾਈ। ‘ਮਾਤੀ ਮਾਏ’ ਤੇ ‘ਗੰਗੋਰ’ ਬੰਗਲਾ ਵਿਚ ਬਣਾਈਆਂ ਗਈਆਂ ਹਨ। ‘ਗੰਗੋਰ’ ਦਾ ਆਧਾਰ ਮਹਾਸ਼ਵੇਤਾ ਦੇਵੀ ਦੀ ਕਹਾਣੀ ‘ਚੋਲੀ ਕੇ ਪੀਛੇ’ ਹੈ।
ਮਹਾਸ਼ਵੇਤਾ ਦੇਵੀ ਦੀ ਜ਼ਿੰਦਗੀ ਉਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਮਹਾਸ਼ਵੇਤਾ ਦੇਵੀ: ਵਿਟਨੈਸ, ਐਡਵੋਕੇਟ, ਰਾਈਟਰ’ ਵੀ ਤਿਆਰ ਕੀਤੀ ਗਈ। ਸਾਲ 2001 ਵਿਚ ਸ਼ਾਸ਼ਵਤੀ ਤਾਲੁਕਦਾਰ ਵੱਲੋਂ ਬਣਾਈ ਸਤਾਈ ਮਿੰਟਾਂ ਦੀ ਇਸ ਫਿਲਮ ਵਿਚ ਉਸ ਦੀ ਜ਼ਿੰਦਗੀ ਦੇ ਕਈ ਅਣਛੋਹੇ ਪੱਖਾਂ ਦੀ ਝਲਕ ਦਿਖਾਈ ਗਈ ਹੈ। ਹੁਣ ਅਦਾਕਾਰ ਇਰਫਾਨ ਖਾਨ ਨੇ ਐਲਾਨ ਕੀਤਾ ਕਿ ਉਹ ਮਹਾਸ਼ਵੇਤਾ ਦੇਵੀ ਦੀ ਜ਼ਿੰਦਗੀ ਉਤੇ ਫਿਲਮ ਬਣਾਈ ਚਾਹੁੰਦਾ ਹੈ। ਉਹ ਆਖਦਾ ਹੈ ਕਿ ਮਹਾਸ਼ਵੇਤਾ ਦੇਵੀ ਦੀ ਮੌਤ ਨੇ ਉਸ ਨੂੰ ਝੰਜੋੜ ਸੁੱਟਿਆ ਹੈ। ਇਸ ਲਿਖਾਰੀ ਨੇ ਆਮ ਬੰਦੇ ਦੀ ਬਾਤ ਆਪਣੀਆਂ ਰਚਨਾਵਾਂ ਵਿਚ ਪਾਈ ਹੈ ਜਿਨ੍ਹਾਂ ਨੂੰ ਸਿਸਟਮ ਨੇ ਹਾਸ਼ੀਏ ਉਤੇ ਧੱਕ ਦਿਤਾ ਹੋਇਆ ਹੈ। ਇਰਫਾਨ ਮੁਤਾਬਕ ਸਾਨੂੰ ਅਜਿਹੀਆਂ ਸ਼ਖਸੀਅਤਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖ ਲੋਕਾਂ ਸਾਹਮਣੇ ਪੇਸ਼ ਕਰਨੇ ਚਾਹੀਦੇ ਹਨ। -0-