ਭਾਜਪਾ ਨੂੰ ਵੀ ਲੱਗਾ ਫਿਰਕੂ ਸੋਚ ਦਾ ਸੇਕ

ਨਵੀਂ ਦਿੱਲੀ: ਦੋ ਸਾਲਾਂ ਤੋਂ ਕੇਂਦਰ ਵਿਚ ਸੱਤਾ ਸੁੱਖ ਮਾਣ ਰਹੀ ਭਾਜਪਾ ਨੂੰ ਵੀ ਹਿੰਦੂ ਕੱਟੜਪੰਥੀਆਂ ਨੂੰ ਖੁੱਲ੍ਹ ਦੇਣ ਦਾ ਸੇਕ ਲੱਗ ਗਿਆ ਹੈ। ਪਾਰਟੀ ਦੀ ਫਿਰਕੂ ਸੋਚ ਖਿਲਾਫ ਦੇਸ਼ ਭਰ ਵਿਚ ਵਿਰੋਧ ਸ਼ੁਰੂ ਹੋਣ ਪਿੱਛੋਂ ਭਾਜਪਾ ਪਿਛਲੇ ਪੈਰੀਂ ਆਉਣ ਲਈ ਮਜਬੂਰ ਹੋਈ ਹੈ। ਦੇਸ਼ ਵਿਚ ਗਊ ਭਗਤੀ, ਪਾਰਟੀ ਲਈ ਸਭ ਤੋਂ ਵੱਡੀ ਵੰਗਾਰ ਬਣ ਰਹੀ ਹੈ। ਗੁਜਰਾਤ ਵਿਚ ਕੁਝ ਗਊ ਭਗਤਾਂ ਨੇ ਮਰੀ ਹੋਈ ਗਊ ਦੀ ਖੱਲ੍ਹ ਲਾਹ ਰਹੇ ਕੁਝ ਲੋਕਾਂ ਦੀ ਕੁੱਟ ਮਾਰ ਨੇ ਦੇਸ਼ ਭਰ ਵਿਚ ਕੱਟੜ ਸੋਚ ਵਿਰੁੱਧ ਰੋਹ ਫੈਲਾਅ ਦਿੱਤਾ ਹੈ। ਇਸ ‘ਤੇ ਦੇਸ਼ ਦੀ ਸਿਆਸਤ ਭਖੀ ਹੋਈ ਹੈ।

ਭਾਜਪਾ ਅਜੇ ਇਸ ਰੋਹ ਦਾ ਸਾਹਮਣਾ ਕਰ ਹੀ ਰਹੀ ਸੀ ਕਿ ਉਤਰ ਪ੍ਰਦੇਸ਼ ਵਿਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦਯਾਸ਼ੰਕਰ ਸਿੰਘ ਵੱਲੋਂ ਮਾਇਆਵਤੀ ਵਿਰੁੱਧ ਬੇਹੱਦ ਇਤਰਾਜ਼ਯੋਗ ਟਿੱਪਣੀ ਨੇ ਰੋਹ ਹੋਰ ਭੜਕਾ ਦਿੱਤਾ। ਪਾਰਟੀ ਵੱਲੋਂ ਨਾ ਸਿਰਫ ਦਯਾਸ਼ੰਕਰ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਪਿਆ, ਸਗੋਂ ਉਸ ਨੂੰ ਪਾਰਟੀ ਵਿਚੋਂ ਕੱਢਣ ਦਾ ਵੀ ਐਲਾਨ ਕਰ ਦਿੱਤਾ ਗਿਆ ਅਤੇ ਰਾਜ ਸਭਾ ਵਿਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੁਆਫੀ ਮੰਗਣੀ ਪਈ। ਨਵੇਂ ਵਿਵਾਦਾਂ ਪਿੱਛੋਂ ਭਾਜਪਾ ਵੀ ਮਹਿਸੂਸ ਕਰਨ ਲਈ ਮਜਬੂਰ ਹੋਣ ਲੱਗੀ ਹੈ ਫਿਰਕੂ ਸੋਚ ਉਸ ਦੇ ਰਾਹ ਵਿਚ ਰੋੜਾ ਬਣ ਸਕਦੀ ਹੈ।
ਅਸਲ ਵਿਚ ‘ਗਊ ਬਚਾਉ ਭਗਤਾਂ’ ਵੱਲੋਂ ਦਲਿਤ ਭਾਈਚਾਰੇ ਦੇ ਨੌਜਵਾਨਾਂ ਦੀ ਕੀਤੀ ਕੁੱਟਮਾਰ ਇਸ ਗੱਲ ਦੀ ਗਵਾਹ ਹੈ ਕਿ ਗਊ ਰੱਖਿਆ ਦੇ ਨਾਂ ‘ਤੇ ਇਨ੍ਹਾਂ ਗਰੁੱਪਾਂ ਨੂੰ ਕੁਝ ਵੀ ਕਰਨ ਦੀ ਖੁੱਲ੍ਹੀ ਛੁੱਟੀ ਹੈ। ਅਜਿਹੇ ਹੀ ਗਊ ਭਗਤਾਂ ਨੇ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਕਸਬਾ ਦਾਦਰੀ ਵਿਚ ਮੁਹੰਮਦ ਅਖ਼ਲਾਕ ਨੂੰ ਉਸ ਦੀ ਰਸੋਈ ਵਿਚ ਗਊ ਦਾ ਮਾਸ ਹੋਣ ਦੇ ਸ਼ੱਕ ਵਿਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਗੁਜਰਾਤ ਅਤੇ ਉਤਰ ਪ੍ਰਦੇਸ਼ ਵਿਚ ਨਹੀਂ, ਪੰਜਾਬ ਵਿਚ ਵੀ ਗਊ ਭਗਤਾਂ ਨੇ ਕਿਸਾਨਾਂ, ਡੇਅਰੀ ਕਾਰੋਬਾਰੀਆਂ, ਟਰੱਕ ਡਰਾਈਵਰਾਂ, ਪਸ਼ੂ ਵਪਾਰੀਆਂ ਅਤੇ ਸਾਬਣ-ਚਮੜੇ ਦੇ ਸਨਅਤਕਾਰਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਕੁਝ ਸਿਆਸੀ ਮਾਹਰ ਆਜ਼ਾਦੀ ਦੇ 67 ਸਾਲਾਂ ਪਿੱਛੋਂ ਕੇਂਦਰ ਵਿਚ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਉਣ ਪਿੱਛੋਂ ਜਾਗੀ ਗਾਊ ਭਗਤੀ ‘ਤੇ ਵੀ ਸਵਾਲ ਚੁੱਕ ਰਹੇ ਹਨ। ਪੰਜਾਬ ਸਮੇਤ ਭਾਜਪਾ ਦੀ ਅਗਵਾਈ ਜਾਂ ਭਾਈਵਾਲੀ ਵਾਲੀਆਂ ਸਰਕਾਰਾਂ ਨੇ ਤਾਂ ਗਊ ਰੱਖਿਆ ਨੂੰ ਮਹੱਤਵਪੂਰਨ ਸਰਕਾਰੀ ਕਾਰਜ ਬਣਾ ਦਿੱਤਾ ਹੈ ਅਤੇ ਇਸ ਮੰਤਵ ਲਈ ਬਾਕਾਇਦਾ ‘ਪੰਜਾਬ ਗਊ ਸੇਵਾ ਕਮਿਸ਼ਨ’ ਵੀ ਬਣਾ ਦਿੱਤਾ ਹੈ। ਗਊਆਂ ਦੀ ਰੱਖਿਆ ਲਈ 22 ਜ਼ਿਲ੍ਹਿਆਂ ਵਿਚ ਸਰਕਾਰੀ ਤੌਰ ‘ਤੇ ਗਊਸ਼ਾਲਾ ਬਣਾਉਣ ਦਾ ਕਾਰਜ ਮਿੱਥ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਇਸ ਮੰਤਵ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ, ਪੰਚਾਇਤ ਦੀ ਜ਼ਮੀਨ, ਉਸਾਰੀ ਲਈ ਮਦਦ ਅਤੇ ਪਹਿਲ ਦੇ ਆਧਾਰ ਉਤੇ ਬਿਜਲੀ ਕੁਨੈਕਸ਼ਨ ਦੇਣ ਜਿਹੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਫੈਸਲਾ ਕਰ ਲਿਆ ਹੈ।
ਹਾਲ ਹੀ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਦਾ ਭਾਜਪਾ ਨੂੰ ਉਤਰ ਪ੍ਰਦੇਸ਼ ਅਤੇ ਪੰਜਾਬ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਮੌਕੇ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦੂਜੇ ਪਾਸੇ ਦਯਾਸ਼ੰਕਰ ਸਿੰਘ ਦੇ ਮਾੜੇ ਬੋਲਾਂ ਨੇ ਬਸਪਾ ਨੂੰ ਉਹ ਫਾਇਦਾ ਪਹੁੰਚਾ ਦਿੱਤਾ ਹੈ ਜਿਸ ਦਾ ਉਸ ਨੂੰ ਧੂੰਆਂਧਾਰ ਪ੍ਰਚਾਰ ਕਰ ਕੇ ਵੀ ਨਹੀਂ ਸੀ ਹੋ ਸਕਦਾ।
__________________________________
ਦਲਿਤਾਂ ਨਾਲ ਹੇਜ ਦੀ ਖੁੱਲ੍ਹ ਗਈ ਪੋਲ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਾਲ ਹੀ ਵਿਚ ਮੰਤਰੀ ਮੰਡਲ ਵਿਚ ਵਾਧੇ ਸਮੇਂ ਪੰਜ ਦਲਿਤਾਂ ਨੂੰ ਮੰਤਰੀ ਬਣਾ ਕੇ ਉਤਰ ਪ੍ਰਦੇਸ਼ ਵਿਚ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਨੂੰ ਵੀ ਇਨ੍ਹਾਂ ਘਟਨਾਵਾਂ ਨੇ ਮਿੱਟੀ ਵਿਚ ਮਿਲਾ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਪਿਛਲੇ ਕੁਝ ਸਮੇਂ ਤੋਂ ਉਤਰ ਪ੍ਰਦੇਸ਼ ਵਿਚ ਭਗਵਾ ਝੰਡਾ ਲਹਿਰਾਉਣ ਲਈ ਦਲਿਤ ਭਾਈਚਾਰੇ ਨਾਲ ਮੇਲ-ਜੋਲ ਵਧਾਉਣ ਵਿਚ ਲੱਗੇ ਹੋਏ ਸਨ, ਪਰ ਇਸ ਘਟਨਾਕ੍ਰਮ ਨੇ ਸਭ ਕੁਝ ਉਲਟਾ-ਪੁਲਟਾ ਕਰ ਦਿੱਤਾ ਹੈ। ਰੋਹਿਤ ਵੇਮੁਲਾ ਦੇ ਮਾਮਲੇ ਸਮੇਤ ਮੁਲਕ ਭਰ ਵਿਚ ਦਲਿਤਾਂ ਵਿਰੁੱਧ ਵਧ ਰਹੇ ਜ਼ਿਆਦਤੀਆਂ ਦੇ ਮਾਮਲਿਆਂ ਕਾਰਨ ਭਾਜਪਾ ਦਾ ਅਕਸ ਭਾਵੇਂ ਪਹਿਲਾਂ ਹੀ ਦਲਿਤ ਵਿਰੋਧੀ ਮੰਨਿਆ ਜਾ ਰਿਹਾ ਹੈ, ਪਰ ਇਨ੍ਹਾਂ ਘਟਨਾਵਾਂ ਨੇ ਬਲਦੀ ‘ਤੇ ਤੇਲ ਪਾਉਣ ਵਾਲਾ ਕੰਮ ਕਰ ਦਿੱਤਾ ਹੈ।