ਇੰਫਾਲ: ਮਨੀਪੁਰ ਵਿਚ ‘ਅਫਸਪਾ’ ਹਟਾਉਣ ਦੀ ਮੰਗ ਲਈ 16 ਸਾਲਾਂ ਤੋਂ ਭੁੱਖ ਹੜਤਾਲ ਕਰ ਰਹੀ ਮਨੀਪੁਰ ਦੀ ‘ਲੋਹ ਮਹਿਲਾ’ ਇਰੋਮ ਸ਼ਰਮੀਲਾ ਨੇ ਐਲਾਨ ਕੀਤਾ ਹੈ ਕਿ ਉਹ ਨੌਂ ਅਗਸਤ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਰਹੀ ਹੈ ਤੇ ਵਿਧਾਨ ਸਭਾ ਦੀ ਚੋਣ ਲੜੇਗੀ।
ਇਥੇ ਅਦਾਲਤ ਦੇ ਬਾਹਰ 44 ਸਾਲਾ ਸ਼ਰਮੀਲਾ ਨੇ ਕਿਹਾ, “ਮੈਂ ਨੌਂ ਅਗਸਤ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿਆਂਗੀ ਤੇ ਚੋਣ ਲੜਾਂਗੀ। ਮੈਨੂੰ ਨਹੀਂ ਲਗਦਾ ਕਿ ਮੇਰੀ ਭੁੱਖ ਹੜਤਾਲ ਨਾਲ ਸਰਕਾਰ ‘ਅਫਸਪਾ’ ਹਟਾਏਗੀ, ਪਰ ਇਸ ਖ਼ਿਲਾਫ਼ ਮੇਰੀ ਲੜਾਈ ਜਾਰੀ ਰਹੇਗੀ।” ਮਨੀਪੁਰ ਵਿਧਾਨ ਸਭਾ ਚੋਣਾਂ 2017 ਵਿਚ ਹੋਣੀਆਂ ਹਨ। ਸਾਲ 2000 ਤੋਂ ਖਾਣਾ-ਪੀਣਾ ਤਿਆਗ ਚੁੱਕੀ ਸ਼ਰਮੀਲਾ ਨੂੰ ਇੰਫਾਲ ਦੇ ਜਵਾਹਰਲਾਲ ਨਹਿਰੂ ਹਸਪਤਾਲ ਵਿਚ ਨੱਕ ਵਿਚ ਟਿਊਬ ਪਾ ਕੇ ਜਬਰੀ ਤਰਲ ਪਦਾਰਥ ਦਿੱਤੇ ਜਾ ਰਹੇ ਹਨ। ਇਸ ਹਸਪਤਾਲ ਦਾ ਇਕ ਵਿਸ਼ੇਸ਼ ਵਾਰਡ ਉਸ ਦੀ ਜੇਲ੍ਹ ਹੈ। ਉਸ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਦੇ ਦੋਸ਼ ਵਿਚ ਵਾਰ ਵਾਰ ਗ੍ਰਿਫ਼ਤਾਰ, ਰਿਹਾਅ ਤੇ ਫਿਰ ਗ੍ਰਿਫ਼ਤਾਰ ਕੀਤਾ ਜਾਂਦਾ ਰਿਹਾ ਹੈ। ਉਸ ਨੇ 9 ਅਗਸਤ ਨੂੰ ਜੇਲ੍ਹ ਵਿਚੋਂ ਬਾਹਰ ਆਉਣ ਬਾਅਦ ਵਿਆਹ ਕਰਵਾਉਣ ਦੀ ਇੱਛਾ ਵੀ ਪ੍ਰਗਟਾਈ ਹੈ।
ਸ਼ਰਮੀਲਾ ਦੇ ਸੰਘਰਸ਼ ਦੀ ਕਹਾਣੀ 2 ਨਵੰਬਰ 2000 ਨੂੰ ਸ਼ੁਰੂ ਹੋਈ ਸੀ ਜਦੋਂ ਅਸਾਮ ਰਾਈਫਲ ਬਟਾਲੀਅਨ ਨੇ ਇੰਫਾਲ ਨੇੜੇ ਦਸ ਸ਼ਹਿਰੀਆਂ ਨੂੰ ਮਾਰ ਦਿੱਤਾ ਸੀ। ਇਸ ਘਟਨਾ ਦੇ ਤਿੰਨ ਦਿਨ ਬਾਅਦ ਸ਼ਰਮੀਲਾ ਨੇ ‘ਅਫਸਪਾ’ ਖਤਮ ਕਰਨ ਦੀ ਮੰਗ ਕੀਤੀ। ਇਸ ਕਾਨੂੰਨ ਤਹਿਤ ਸੁਰੱਖਿਆ ਦਸਤਿਆਂ ਨੂੰ ਸ਼ੱਕ ਦੇ ਆਧਾਰ ‘ਤੇ ਕਿਸੇ ਦੀ ਵੀ ਹੱਤਿਆ ਕਰਨ ਜਾਂ ਉਸ ਨੂੰ ਬਗੈਰ ਕਿਸੇ ਕਾਰਨ ਦੱਸਿਆਂ ਹਿਰਾਸਤ ਵਿਚ ਰੱਖਣ ਦਾ ਅਧਿਕਾਰ ਹੈ। ਸ਼ਰਮੀਲਾ ਦੀ ਜ਼ਿੰਦਗੀ ਉਪਰ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਤੇ ਦਸਤਾਵੇਜ਼ੀ ਫਿਲਮ ‘ਮਾਈ ਬੌਡੀ ਮਾਈ ਵੈਪਨ’ ਵੀ ਬਣ ਚੁੱਕੀ ਹੈ।