ਕੁਲਦੀਪ ਕੌਰ
ਅਭਿਸ਼ੇਕ ਬੱਚਨ ਦਾ ਫਿਲਮੀ ਗਰਾਫ ਉਸ ਦੇ ਪਿਤਾ ਅਮਿਤਾਭ ਬੱਚਨ ਦੀਆਂ ਦੁਆਵਾਂ ਦੇ ਬਾਵਜੂਦ ਜ਼ਿਆਦਾ ਚੰਗਾ ਨਹੀਂ ਰਿਹਾ। ਉਸ ਦੀ ਅਦਾਕਾਰੀ ਦੀ ਆਲੋਚਨਾ ਹੁੰਦੀ ਰਹੀ ਹੈ, ਪਰ ਇਹੀ ਅਦਾਕਾਰ ਜਦੋਂ ਮਣੀ ਰਤਨਮ ਵਰਗੇ ਨਿਰਦੇਸ਼ਕ ਦੇ ਹੱਥਾਂ ਵਿਚ ਆਉਂਦਾ ਹੈ ਤਾਂ ਦਰਸ਼ਕ ਹੈਰਾਨ ਹੋ ਜਾਂਦਾ ਹੈ। ਮਣੀ ਦੀ ਫਿਲਮ ‘ਯੁਵਾ’ ਅਭਿਸ਼ੇਕ ਦੀ ਫਿਲਮ ਹੈ। ਅਫਸੋਸ, ਉਹ ਇਹ ਮਿਆਰ ਆਪਣੀਆਂ ਅਗਲੀਆਂ ਫਿਲਮਾਂ ਵਿਚ ਬਰਕਰਾਰ ਨਹੀਂ ਰੱਖ ਸਕਿਆ!
‘ਯੁਵਾ’ 2004 ਵਿਚ ਰਿਲੀਜ਼ ਹੋਈ। ਇਸ ਫਿਲਮ ਦੇ ਪਹਿਲੇ ਕੁਝ ਸੈਕਿੰਡ ਹੀ ਦਰਸ਼ਕ ਨੂੰ ਫਿਲਮ ਦੀ ਗੁੰਝਲਦਾਰ ਪਟਕਥਾ ਨਾਲ ਵਾਕਿਫ ਕਰਵਾ ਦਿੰਦੇ ਹਨ।
ਫਿਲਮ ਤਿੰਨ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਆਸ-ਪਾਸ ਘੁੰਮਦੀ ਹੈ। ਕਲਕੱਤੇ ਦੇ ਹਾਵੜਾ ਪੁਲ ‘ਤੇ ਨੌਜਵਾਨ ਅਰਜੁਨ (ਵਿਵੇਕ ਉਬਰਾਏ) ਆਪਣੀ ਪ੍ਰੇਮਿਕਾ ਮੀਰਾ (ਕਰੀਨਾ ਕਪੂਰ) ਨੂੰ ਮਨਾਉਣ ਅਤੇ ਉਸ ਦਾ ਪਿੱਛਾ ਕਰਨ ਲਈ ਕਿਸੇ ਅਣਜਾਣ ਨੌਜਵਾਨ ਮਾਈਕਲ ਮੁਖਰਜੀ (ਅਜੇ ਦੇਵਗਨ) ਤੋਂ ਮੋਟਰ ਸਾਈਕਲ ‘ਤੇ ਲਿਫਟ ਮੰਗਦਾ ਹੈ। ਅਜੇ ਉਹ ਕੁਝ ਦੂਰ ਹੀ ਅੱਗੇ ਜਾਂਦੇ ਹਨ ਕਿ ਤੀਸਰੇ ਨੌਜਵਾਨ ਲੱਲਨ (ਅਭਿਸ਼ੇਕ ਬੱਚਨ) ਦੇ ਪਿਸਤੌਲ ਦੀ ਗੋਲੀ ਨਾਲ ਮਾਈਕਲ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਇਸ ਤੋਂ ਬਾਅਦ ਕੈਮਰਾ ਦਰਸ਼ਕਾਂ ਨੂੰ ਮਾਈਕਲ ਜਾਂ ਅਰਜੁਨ ਦੀ ਕਹਾਣੀ ਦੀ ਦੱਸਣ ਥਾਂ, ਬਿਲਕੁੱਲ ਅਣਕਿਆਸੇ ਦ੍ਰਿਸ਼ਾਂ ਤੱਕ ਲੈ ਜਾਂਦਾ ਹੈ ਜਿਨ੍ਹਾਂ ਰਾਹੀ ਲੱਲਨ ਦੇ ਕਿਰਦਾਰ ਦੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ। ਲੱਲਨ ਤੇ ਉਸ ਦਾ ਭਰਾ (ਸੋਨੂ ਸੂਦ) ਬਿਹਾਰ ਦੇ ਕਿਸੇ ਪਿੰਡ ਦੀ ਭੁੱਖਮਰੀ ਅਤੇ ਬੇਕਾਰੀ ਤੋਂ ਪਰੇਸ਼ਾਨ ਹੋ ਕੇ ਕਲਕੱਤੇ ਆਏ ਹਨ। ਲੱਲਨ ਨੂੰ ਇਹ ਗੱਲ ਲਗਾਤਾਰ ਛਿੱਲਦੀ ਹੈ ਕਿ ਕਿਸੇ ਦਿਨ ਉਸ ਦਾ ਭਰਾ ਉਸ ਨੂੰ ਬੇਸਹਾਰਾ ਛੱਡ ਕੇ ਭੁੱਖਾ ਮਰਨ ਲਈ ਛੱਡ ਗਿਆ ਸੀ। ਇਸ ਕਾਰਨ ਉਹ ਕਿਸੇ ਵੀ ਬੰਦੇ ਉਤੇ ਭਰੋਸਾ ਨਹੀਂ ਕਰਦਾ। ਉਸ ਦੀ ਸ਼ਖਸੀਅਤ ਵਿਚ ਬੇਗਰਜ਼ੀ ਅਤੇ ਕਰੂਰਤਾ ਸ਼ਾਮਿਲ ਹੋ ਜਾਂਦੀ ਹੈ ਜਿਹੜੀ ਇੰਨੀ ਮੂੰਹ-ਜ਼ੋਰ ਹੈ ਕਿ ਆਪਣੀ ਪਤਨੀ ਸ਼ੁਸੀ (ਰਾਣੀ ਮੁਖਰਜੀ) ਨੂੰ ਬੇਹੱਦ ਪਿਆਰ ਕਰਨ ਦੇ ਬਾਵਜੂਦ ਉਹ ਉਸ ਨੂੰ ਬੇਦਰਦੀ ਨਾਲ ਮਾਰਦਾ-ਕੁੱਟਦਾ ਰਹਿੰਦਾ ਹੈ। ਲੱਲਨ ਨੇਤਾ ਪ੍ਰਸੂਨਜੀਤ ਮੁਖਰਜੀ (ਓਮਪੁਰੀ) ਲਈ ਕੰਮ ਕਰਦਾ ਹੈ। ਮੁਖਰਜੀ ਬੰਗਲਾ ਪਛਾਣ ਦੀ ਸਿਆਸਤ ਕਰਦਾ ਹੈ। ਉਹ ਕਿਸੇ ਵੀ ਸਥਾਨਕ ਨੇਤਾ ਨੂੰ ਆਪਣੇ ਖਿਲਾਫ ਚੋਣ ਲੜਨ ਜੋਗਾ ਨਹੀਂ ਛੱਡਣਾ ਚਾਹੁੰਦਾ। ਇਸ ਲਈ ਉਹ ‘ਬਲ, ਛਲ, ਕਪਟ ਤੇ ਮੋਹਰਿਆਂ’ ਦੀ ਸਹਾਇਤਾ ਨਾਲ ਆਪਣੀ ਦਹਿਸ਼ਤ ਬਣਾਈ ਰੱਖਦਾ ਹੈ ਜਿਸ ਦਾ ਖੁੱਲ੍ਹਾ ਵਿਰੋਧ ਮਾਈਕਲ ਕਰਦਾ ਹੈ। ਮਾਈਕਲ ਵਿਦਿਆਰਥੀ ਨੇਤਾ ਹੈ ਅਤੇ ਉਹ ਮੁਖਰਜੀ ਦੀ ਗੁੰਡਾਗਰਦੀ ਦਾ ਜਵਾਬ ਗੁੰਡਾਗਰਦੀ ਨਾਲ ਹੀ ਦੇਣ ਵਿਚ ਵਿਸ਼ਵਾਸ ਕਰਦਾ ਹੈ। ਮਾਈਕਲ ਦਾ ਵਿਸ਼ਵਾਸ ਹੈ ਕਿ ਜੇ ਵੇਲੇ ਸਿਰ ਇਸ ਤਰ੍ਹਾਂ ਦੀ ਸਿਆਸਤ ਦਾ ਮੂੰਹ ਨਾ ਭੰਨਿਆ ਗਿਆ ਤਾਂ ਇਹ ਸਾਡੇ ਸੁਪਨਿਆਂ ਨੂੰ ਸਿਓਂਕ ਵਾਂਗ ਚਟਮ ਕਰ ਜਾਵੇਗੀ। ਮਾਈਕਲ, ਮੁਖਰਜੀ ਦੇ ਮੁੱਖ ਗੁੰਡੇ ਗੋਪਾਲ ਨੂੰ ਜਦੋਂ ਕੁੱਟਦਾ ਹੈ ਤਾਂ ਉਸ ਦਾ ਤੋੜ ਲੱਭਣ ਲਈ ਮੁਖਰਜੀ ਲੱਲਨ ਨੂੰ ਭਾੜੇ ‘ਤੇ ਲੈ ਆਉਂਦਾ ਹੈ। ਇਸੇ ਕਾਰਣ ਲੱਲਨ ਹਾਵੜਾ ਪੁਲ ‘ਤੇ ਮਾਈਕਲ ਨੂੰ ਗੋਲੀ ਮਾਰਦਾ ਹੈ ਜਿਥੇ ਅਰਜੁਨ, ਮਾਈਕਲ ਦੀ ਜਾਨ ਬਚਾਉਂਦਾ ਹੈ। ਮਾਈਕਲ ਨੂੰ ਮਿਲਣ ਤੋਂ ਬਾਅਦ ਅਰਜੁਨ ਨੂੰ ਵੀ ਆਪਣੀ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਹੈ। ਜਵਾਨੀ ਵਿਚ ਅਕਸਰ ‘ਮਕਸਦ’ ਦੀ ਬਹੁਤ ਮਹੱਤਤਾ ਮੰਨੀ ਜਾਂਦੀ ਹੈ। ਇਸ ਨੂੰ ਸਫਲਤਾ ਦਾ ਮੂਲ-ਮੰਤਰ ਗਿਣਿਆ ਜਾਂਦਾ ਹੈ। ਸਫਲਤਾ ਦਾ ਮਾਪ ਪੈਸਾ, ਅਹੁਦਾ, ਸ਼ੋਹਰਤ ਅਤੇ ਸੱਤਾ ਦੀ ਪ੍ਰਾਪਤੀ ਗਿਣਿਆ ਜਾਂਦਾ ਹੈ। ਫਿਲਮਸਾਜ਼ ਮਣੀ ਰਤਨਮ ਇਸ ਤਰ੍ਹਾਂ ਦੀ ‘ਸਫਲਤਾ’ ਤੋਂ ਪਾਰ ਜਾਣ ਦੀ ਸਲਾਹ ਦਿੰਦਾ ਹੈ। ਕੀ ਹੁੰਦਾ ਹੈ ਜਦੋਂ ਆਪਣੀ ਭਰ ਜਵਾਨੀ ਵਿਚ ਕੋਈ ਮੁੰਡਾ ਜਾਂ ਕੁੜੀ ਨਿੱਜੀ ਮਜਬੂਰੀਆਂ ਅਤੇ ਟੀਚਿਆਂ ਤੋਂ ਪਾਰ ਜਾ ਕੇ ਸਮੂਹਿਕ ਇਨਸਾਫ ਤੇ ਬਰਾਬਰੀ ਲਈ ਲੜਨ ਦਾ ਅਹਿਦ ਲੈਂਦਾ ਹੈ? ਅਖੌਤੀ ‘ਸਫਲਤਾ’ ਦੇ ਅੰਧਰਾਤੇ ਦੀ ਸ਼ਿਕਾਰ ਦੁਨੀਆ ਕਿਵੇਂ ਉਸ ਉਤੇ ‘ਅਸਫਲਤਾ’ ਦਾ ਠੱਪਾ ਲਗਾਉਣ ਲਈ ਪੱਬਾਂ ਭਾਰ ਹੋ ਜਾਂਦੀ ਹੈ? ਪਰ ਜਵਾਨੀ ਉਹੀ ਜਿਹੜੀ ਅਜਿਹੀ ਨਿੱਜਤਾ ਨੂੰ ਠੂਠਾ ਦਿਖਾAਂਦਿਆਂ ਦੁਨੀਆ ਨੂੰ ਬਿਹਤਰ ਬਣਾਉਣ ਦੀ ਜ਼ਿਦ ‘ਤੇ ਅੜੀ ਰਹਿੰਦੀ ਹੈ ਤੇ ਹਾਰ ਕੇ ਵੀ ਜਿੱਤ ਜਾਂਦੀ ਹੈ। ਸਦੀਆਂ ਤੋ ਮਾਨਵਤਾ ਇਸ ਵਰਤਾਰੇ ਦੀ ਗਵਾਹ ਰਹੀ ਹੈ। ਮੁਖਰਜੀ ਆਪਣੀ ਆਖਰੀ ਚਾਲ ਵਜੋਂ ਮਾਈਕਲ ਦੇ ਦੋਸਤਾਂ ਜਿਨ੍ਹਾਂ ਵਿਚ ਅਰਜੁਨ ਵੀ ਸ਼ਾਮਿਲ ਹੈ, ਨੂੰ ਅਗਵਾ ਕਰ ਲੈਂਦਾ ਹੈ। ਮਾਈਕਲ ਤੇ ਉਸ ਦੇ ਦੋਸਤਾਂ ਦਾ ਹੁਣ ਸਿੱਧਾ ਟਕਰਾਓ ਲੱਲਨ ਤੇ ਉਸ ਦੇ ਗੁੰਡਿਆਂ ਨਾਲ ਹੁੰਦਾ ਹੈ। ਅੰਤ ਵਿਚ ਮਾਈਕਲ ਚੋਣ ਵੀ ਜਿੱਤ ਜਾਂਦਾ ਹੈ ਅਤੇ ਲੱਲਨ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ। ਫਿਲਮ ਦਾ ਸੰਗੀਤ ਹਿੰਸਾ ਦੀ ਰਫਤਾਰ ਨੂੰ ਮੱਧਮ ਕਰਦਾ ਹੈ, ਪਰ ਗਾਣੇ ਔਸਤ ਹੀ ਹਨ। -0-