ਚੰਡੀਗੜ੍ਹ: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਅਤੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚਾ ਦਿਤੀ ਹੈ। ਸ਼ ਸਿੱਧੂ ਵੱਲੋਂ ਅਸਤੀਫੇ ਦੇ ਤੁਰਤ ਪਿਛੋਂ ਸੂਬਾ ਸਿਆਸਤ ਵਿਚ ਮੁੜ ਵਾਪਸੀ ਦੇ ਐਲਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਹੋਰ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਭਾਜਪਾ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਵਿਧਾਇਕ ਪਤਨੀ ਨਵਜੋਤ ਕੌਰ ਸਿੱਧੂ ਵਲੋਂ ਭਾਵੇਂ ਕਾਫੀ ਲੰਬੇ ਸਮੇਂ ਤੋਂ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਉਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਸੀ,
ਪਰ ਤਕਰੀਬਨ ਤਿੰਨ ਮਹੀਨੇ ਪਹਿਲਾਂ ਸ਼ ਸਿੱਧੂ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਉਸ ਦਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਤਾਜ਼ਾ ਫੈਸਲੇ ਨੇ ਭਾਜਪਾ ਤੇ ਅਕਾਲੀ ਦਲ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਜੋੜਾ ਆਮ ਆਦਮੀ ਪਾਰਟੀ (ਆਪ) ਵਿਚ ਜਾਣ ਦੀ ਤਿਆਰੀ ਕਰ ਚੁੱਕਾ ਹੈ ਤੇ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਇਹ ਵੀ ਚਰਚਾ ਹੈ ਕਿ ਆਪ ਵੱਲੋਂ ਸ਼ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਇਸ ਸੂਰਤ ਵਿਚ ਪੰਜਾਬ ਦੀਆਂ ਰਵਾਇਤੀ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਹੋ ਜਾਵੇਗੀ। ਪੰਜਾਬ ਵਿਚ ‘ਆਪ’ ਚੰਗੀ ਭੱਲ਼ ਬਣਾ ਚੁੱਕੀ ਹੈ ਤੇ ਉਸ ਨੂੰ ਮੁੱਖ ਮੰਤਰੀ ਉਮੀਦਵਾਰ ਲਈ ਕਿਸੇ ਸਿੱਖ ਚਿਹਰੇ ਦੀ ਭਾਲ ਸੀ। ਇਹ ਵੀ ਚਰਚਾ ਹੈ ਸ਼ ਸਿੱਧੂ ਨੇ ‘ਆਪ’ ਦੇ ਮੁੱਖ ਮੰਤਰੀ ਦੀ ਉਮੀਦਵਾਰੀ ਲਈ ਹਰੀ ਝਮਡੀ ਮਿਲਣ ‘ਤੇ ਹੀ ਭਾਜਪਾ ਤੋਂ ਨਾਤਾ ਤੋੜਿਆ ਹੈ।
ਅਸਲ ਵਿਚ, ਲੋਕ ਸਭਾ ਚੋਣਾਂ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਵਿਚੋਂ ਬਾਹਰ ਧੱਕਣ ਪਿੱਛੋਂ ਸਿੱਧੂ ਜੋੜੇ ਦੀ ਭਾਜਪਾ ਦੇ ਅਕਾਲੀ ਦਲ ਨਾਲ ਕਾਫੀ ਵਿਗੜ ਗਈ ਸੀ। ਸ਼ ਸਿੱਧੂ ਨੇ ਵੀ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਪ੍ਰਚਾਰ ਕਰਨ ਦੀ ਥਾਂ ਦਿੱਲੀ ਡੇਰੇ ਲਾਈ ਰੱਖੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਲੋਕ ਸਭਾ ਚੋਣਾਂ ਵਿਚ ਨਵਜੋਤ ਸਿੱਧੂ ਨੂੰ ਲਾਂਭੇ ਕਰ ਕੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਪਿੱਛੋਂ ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਸੀ। ਜੇਤਲੀ ਦੀ ਨਮੋਸ਼ੀਪੂਰਨ ਹਾਰ ਅਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵੱਲੋਂ ਬਾਦਲਾਂ ਵਿਰੁੱਧ ਖੋਲ੍ਹੇ ਮੋਰਚੇ ਨੇ ਦੋਵਾਂ ਪਾਰਟੀਆਂ ਦੇ ਗੱਠਜੋੜ ਨੂੰ ਕਈ ਵਾਰ ਚੁਣੌਤੀ ਪੇਸ਼ ਕੀਤੀ।
ਬੀਬੀ ਸਿੱਧੂ ਉਸ ਦੇ ਹਲਕੇ ਨਾਲ ਵਿਕਾਸ ਕਾਰਜਾਂ ਵਿਚ ਵਿਤਕਰੇ ਸਬੰਧੀ ਵੀ ਬਾਦਲਾਂ ਤੋਂ ਖਾਸੀ ਨਾਰਾਜ਼ ਸੀ ਤੇ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਰਲ ਕੇ ਨਾ ਲੜਨ ਦਾ ਐਲਾਨ ਕੀਤਾ ਹੋਇਆ ਹੈ। ਯਾਦ ਰਹੇ ਕਿ ਇਸੇ ਸਾਲ ਪਹਿਲੀ ਅਪਰੈਲ ਨੂੰ ਬੀਬੀ ਸਿੱਧੂ ਨੇ ਵੀ ਸੋਸ਼ਲ ਮੀਡੀਆ ‘ਤੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ, ਪਰ ਪਿੱਛੋਂ ਕੁਝ ਸੀਨੀਅਰ ਆਗੂਆਂ ਦੇ ਸਮਝਾਉਣ ਕਾਰਨ ਇਸ ਐਲਾਨ ਨੂੰ ‘ਐਪਰਲ ਫੂਲ’ ਦਾ ਨਾਂ ਦੇ ਦਿਤਾ ਗਿਆ ਸੀ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਹਨ ਕਿ ਦੋਵਾਂ ਪਾਰਟੀਆਂ ਦਰਮਿਆਨ ਸਬੰਧ ਚੱਟਾਨ ਵਾਂਗੂ ਮਜ਼ਬੂਤ ਹਨ, ਪਰ ਆਪਸੀ ਕੁੜੱਤਣ ਜੱਗ-ਜ਼ਾਹਿਰ ਹੈ। ਪੰਜਾਬ ਭਾਜਪਾ ਦੇ ਵੱਡੀ ਗਿਣਤੀ ਆਗੂ ਅਕਾਲੀਆਂ ਨਾਲ ਭਾਈਵਾਲੀ ਖਤਮ ਕਰਨ ਲਈ ਦਿੱਲੀ ਹਾਈਕਮਾਨ ਕੋਲ ਪਹੁੰਚ ਕਰ ਚੁੱਕੇ ਹਨ। ਉਧਰ, ਅਕਾਲੀ ਦਲ ਵੀ ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਪੰਜਾਬ ਨਾਲ ਕੀਤੇ ਵਿਤਕਰੇ ਕਾਰਨ ਭਾਜਪਾ ਤੋਂ ਨਾਰਾਜ਼ ਹੈ। ਨੀਤੀ ਆਯੋਗ ਦੀ ਸਥਾਪਨਾ, ਕੇਂਦਰ-ਰਾਜ ਸਬੰਧਾਂ ਦੇ ਮੁੱਦੇ, ਫਸਲ ਬੀਮਾ ਤੇ ਹੜ੍ਹ-ਸੋਕੇ ਜਿਹੀਆਂ ਰਾਹਤ ਯੋਜਨਾਵਾਂ ਦੀਆਂ ਸ਼ਰਤਾਂ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨਾ, ਪੰਜਾਬ ਦੇ ਕਰਜ਼ੇ ਦੀ ਮੁਆਫੀ, ਗੁਆਂਢੀ ਪਹਾੜੀ ਰਾਜਾਂ ਨੂੰ ਰਿਆਇਤਾਂ ਜਾਰੀ ਰੱਖਣ ਅਤੇ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਨਾ ਦੇਣ ਜਿਹੇ ਕਈ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਰਾਜ਼ ਪ੍ਰਗਟ ਕਰਦਾ ਰਿਹਾ ਹੈ।
ਦੂਜੇ ਪਾਸੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਵੀ ਸ਼੍ਰੋਮਣੀ ਅਕਾਲੀ ਦਲ ਉਤੇ ਭਾਜਪਾ ਦੇ ਹਿਤਾਂ, ਇਸ ਦੇ ਸੂਬਾਈ ਆਗੂਆਂ, ਵਰਕਰਾਂ ਅਤੇ ਇਸ ਦੇ ਵੋਟ ਬੈਂਕ ਸ਼ਹਿਰਾਂ ਦੇ ਵਿਕਾਸ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਾਉਂਦੀ ਆ ਰਹੀ ਹੈ। ਉਸ ਦੇ ਬਾਵਜੂਦ ਦੋਵੇਂ ਧਿਰਾਂ ਅਣਸਰਦੀ ਦਾ ਗੱਠਜੋੜ ਨਿਭਾਉਣ ਲਈ ਮਜਬੂਰ ਹਨ।
________________________________________
ਭਾਈਵਾਲਾਂ ਨੂੰ ਲੱਗਣਗੇ ਹੋਰ ਝਟਕੇ
ਜਲੰਧਰ: ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਤੇ ਰਾਜ ਸਭਾ ਤੋਂ ਅਸਤੀਫਾ ਦੇਣ ਮਗਰੋਂ ਕੁਝ ਹੋਰ ਸੀਨੀਅਰ ਆਗੂ ਵੀ ਭਾਈਵਾਲ ਭਾਜਪਾ ਅਤੇ ਅਕਾਲੀ ਦਲ ਨੂੰ ਝਟਕੇ ਦੇਣ ਦੀ ਤਿਆਰੀ ਵਿਚ ਹਨ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਦੋ ਵਿਧਾਇਕਾਂ ਪਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਮੁਅੱਤਲ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਆਗੂਆਂ ਨੇ ਸ਼ ਸਿੱਧੂ ਦੇ ਅਸਤੀਫੇ ਪਿੱਛੋਂ ਉਨ੍ਹਾਂ ਨਾਲ ਸੰਪਰਕ ਬਣਾਇਆ ਹੋਇਆ ਸੀ। ਅਕਾਲੀ ਦਲ ਨੇ ਮੌਕਾ ਸਾਂਭਦੇ ਹੋਏ ਇਨ੍ਹਾਂ ਨੂੰ ਪਹਿਲਾਂ ਹੀ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਚਲੇ ਆ ਰਹੇ ਇਨ੍ਹਾਂ ਦੋਹਾਂ ਵਿਧਾਇਕਾਂ ਵਲੋਂ ਪਾਰਟੀ ਨੂੰ ਛੱਡਣ ਦੀਆਂ ਕਿਆਸਰਾਈਆਂ ਦਾ ਦੌਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਰਾਜਸੀ ਹਲਕਿਆਂ ‘ਚ ਚਰਚਾ ਹੈ ਕਿ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ‘ਆਪ’ ਦਾ ਝਾੜੂ ਫੜ ਸਕਦੇ ਹਨ।