ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਅਖਾੜਾ ਭਖਿਆ

ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਰਿਪਬਲਿਕਨ ਪਾਰਟੀ ਵੱਲੋਂ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਵਰਜੀਨੀਆ ਤੋਂ ਸੈਨੇਟਰ ਟਿਮੋਥੀ ਟਿਮ ਕੇਨ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਟਿਮੋਥੀ ਭਾਰਤ-ਅਮਰੀਕਾ ਮਜ਼ਬੂਤ ਸਬੰਧਾਂ ਦੀ ਸਮੇਂ ਸਮੇਂ ਉਤੇ ਵਕਾਲਤ ਕਰਦੇ ਰਹੇ ਹਨ। ਮੋਦੀ ਸਰਕਾਰ ਦੌਰਾਨ ਧਾਰਮਿਕ ਅਸਹਿਣਸ਼ੀਲਤਾ ਖਿਲਾਫ਼ ਵੀ ਉਨ੍ਹਾਂ ਨੇ ਆਪਣੀ ਆਵਾਜ਼ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਹਿਲੇਰੀ ਕਲਿੰਟਨ ਨੇ ਟਵੀਟ ਕਰ ਕੇ ਦਿੱਤੀ ਜਿਸ ਵਿਚ ਉਨ੍ਹਾਂ ਆਖਿਆ ਕਿ ਮੈਨੂੰ ਦੱਸਣ ਵਿਚ ਇਹ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਟਿਮੋਥੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਟਿਮੋਥੀ ਨੇ ਟਵੀਟ ਕਰ ਕੇ ਆਖਿਆ ਕਿ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਹਿਲੇਰੀ ਦਾ ਫੋਨ ਆਇਆ ਸੀ ਜਿਸ ਵਿਚ ਉਨ੍ਹਾਂ ਮੈਨੂੰ ਨਵੀਂ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ। ਅਸਲ ਵਿਚ ਟਿਮੋਥੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਪਿੱਛੇ ਵੀ ਵੋਟ ਬੈਂਕ ਦੀ ਰਾਜਨੀਤੀ ਹੈ। ਵਰਜੀਨੀਆ ਵਿਚ ਜ਼ਿਆਦਾਤਰ ਭਾਰਤ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਨ੍ਹਾਂ ਲੋਕਾਂ ਦੇ ਵੱਡੇ-ਵੱਡੇ ਕਾਰੋਬਾਰ ਹਨ। ਇਸ ਲਈ ਹਿਲੇਰੀ ਟਿਮੋਥੀ ਦੇ ਜ਼ਰੀਏ ਭਾਰਤੀ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਭਾਰਤੀ ਭਾਈਚਾਰੇ ਵਿਚ ਟਿਮੋਥੀ ਦਾ ਤਕੜਾ ਆਧਾਰ ਵੀ ਹੈ।
_________________________________________
ਟਰੰਪ ਵੱਲੋਂ ਅਮਰੀਕੀਆਂ ਨੂੰ ਵੱਧ ਤਰਜੀਹ ਦੇਣ ਦਾ ਅਹਿਦ
ਕਲੀਵਲੈਂਡ: ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰਦਿਆਂ ਡੋਨਲਡ ਟਰੰਪ ਨੇ ਅਮਰੀਕਾ ਵਾਸੀਆਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਗੋਲੀਬਾਰੀ ਤੇ ਹਮਲਿਆਂ ਨਾਲ ਜੂਝ ਰਹੇ ਮੁਲਕ ਵਿਚ ‘ਕਾਨੂੰਨ ਵਿਵਸਥਾ’ ਮੁੜ ਸਥਾਪਤ ਕਰਨ, ਗੈਰਕਾਨੂੰਨੀ ਪਰਵਾਸ ਰੋਕਣ, ਨੌਕਰੀਆਂ ਵਾਪਸ ਲਿਆਉਣ ਅਤੇ ਅਮਰੀਕਾ ਨੂੰ ਤਰਜੀਹ ਵਿਚ ਸਭ ਤੋਂ ਅੱਗੇ ਰੱਖਣ ਦਾ ਅਹਿਦ ਲਿਆ। 70 ਸਾਲਾ ਰੀਅਲ ਅਸਟੇਟ ਕਾਰੋਬਾਰੀ ਨੇ ਕਿਹਾ ਕਿ ਉਹ ‘ਅਮਰੀਕਾ ਨੂੰ ਮੁੜ ਮਹਾਨ’ ਬਣਾਏਗਾ। ਉਨ੍ਹਾਂ ਆਈæਐਸ਼ਆਈæਐਸ਼ ਨੂੰ ਹਰਾਉਣ ਅਤੇ ਮੈਕਸਿਕੋ ਦੀ ਸਰਹੱਦ ‘ਤੇ ਕੰਧ ਉਸਾਰਨ ਦਾ ਅਹਿਦ ਮੁੜ ਦੁਹਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਦੇ ਮਾਮਲੇ ਵਿਚ ਸਮਝੌਤਾ ਕਰਨ ਵਾਲੇ ਮੁਲਕਾਂ ਵਿਚੋਂ ਪਰਵਾਸ ‘ਤੇ ਤੁਰਤ ਰੋਕ ਲਾਈ ਜਾਣੀ ਚਾਹੀਦੀ ਹੈ, ਪਰ ਇਸ ਦੌਰਾਨ ਉਨ੍ਹਾਂ ਮੁਲਕ ਵਿਚ ਮੁਸਲਮਾਨਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਰੋਕ ਲਾਏ ਜਾਣ ਦੇ ਆਪਣੇ ਪਹਿਲੇ ਸਟੈਂਡ ਨੂੰ ਥੋੜ੍ਹਾ ਨਰਮ ਰੱਖਿਆ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਸਿਧਾਂਤ ਹੋਵੇਗਾ, ਅਮਰੀਕਾ ਪਹਿਲਾਂ ਅਤੇ ਦੁਨੀਆਂ ਬਾਅਦ ਵਿਚ।
____________________________________________
ਮੁਸਲਿਮ ਭਾਈਚਾਰਾ ਅਮਰੀਕਾ ਦਾ ਅਟੁੱਟ ਅੰਗ: ਓਬਾਮਾ
ਕਲੀਵਲੈਂਡ: ਅਮਰੀਕੀ ਮੁਸਲਮਾਨਾਂ ਨੂੰ ਹਾਸ਼ੀਏ ‘ਤੇ ਧੱਕਣ ਵਾਲੀਆਂ ਗੱਲਾਂ ਕਰਨ ਵਾਲੇ ਰਿਪਬਲਿਕਨ ਆਗੂਆਂ ਦੀ ਆਲੋਚਨਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਹ ਘੱਟ ਗਿਣਤੀ ਭਾਈਚਾਰਾ ਹਮੇਸ਼ਾ ਅਮਰੀਕਾ ਦਾ ਹਿੱਸਾ ਰਿਹਾ ਹੈ। ਇਸ ਭਾਈਚਾਰੇ ਨੂੰ ਸਭ ਤੋਂ ਵੱਧ ਡਰ ਇਸ ਗੱਲ ਦਾ ਹੈ ਕਿ ਉਨ੍ਹਾਂ ਨੂੰ ਕਿਤੇ ਕੁਝ ਅਜਿਹੇ ਲੋਕਾਂ ਦੇ ਹਿੰਸਕ ਕਾਰਿਆਂ ਲਈ ਦੋਸ਼ੀ ਨਾ ਠਹਿਰਾਇਆ ਜਾਵੇ, ਜੋ ਉਨ੍ਹਾਂ ਦੇ ਅਕੀਦੇ ਦੇ ਨੁਮਾਇੰਦੇ ਵੀ ਨਹੀਂ ਹਨ।