ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਅਗਲੇ ਮਹੀਨੇ ਕਈ ਵੱਡੇ ਧਮਾਕੇ ਹੋ ਸਕਦੇ ਹਨ। ਸੱਤਾ ਧਿਰ ਅਕਾਲੀ ਦਲ ਦੇ ਕਈ ਆਗੂ ਤੇ ਵਿਧਾਇਕ ਅਸਤੀਫੇ ਦੇ ਕੇ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦਾ ਲੜ ਫੜ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਧੜੇਬੰਦੀ ਤੋਂ ਅੱਕੇ ਕਈ ਕਾਂਗਰਸੀ ਲੀਡਰ ਵੀ ਪਾਰਟੀ ਨੂੰ ਅਲਵਿਦਾ ਕਹਿਣ ਦੀ ਤਿਆਰੀ ਵਿਚ ਹਨ। ਇਹ ਦਲਬਦਲੀ ਦੀ ਖੇਡ ਹੀ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਤੇ ਦਸ਼ਾ ਤੈਅ ਕਰੇਗੀ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਇਸ ਦਲਬਦਲੀ ਦੀ ਖੇਡ ਦਾ ਸਭ ਤੋਂ ਜ਼ਿਆਦਾ ਲਾਹਾ ਆਮ ਆਦਮੀ ਪਾਰਟੀ ਨੂੰ ਹੋਣ ਵਾਲਾ ਹੈ।
ਨਵੀਂ ਪਾਰਟੀ ਹੋਣ ਕਰ ਕੇ ‘ਆਪ’ ਨੂੰ ਛੱਡਣ ਵਾਲੇ ਘੱਟ ਤੇ ਜੁੜਨ ਵਾਲੇ ਜ਼ਿਆਦਾ ਹੋਣਗੇ। ਇਸ ਦੀ ਮਿਸਾਲ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਹਨ ਜੋ ‘ਆਪ’ ਵਿਚ ਜਾਣ ਦਾ ਮਨ ਬਣਾ ਚੁੱਕੇ ਹਨ।
ਪਟਿਆਲਾ ਜ਼ਿਲ੍ਹੇ ‘ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜਸਦੇਵ ਸਿੰਘ ਸੰਧੂ ਦਾ ਪਰਿਵਾਰ ਦੀ ਪਾਰਟੀ ਨਾਲ ਨਾਰਾਜ਼ ਚੱਲ ਰਿਹਾ ਹੈ। ਦੁਆਬੇ ਵਿਚ ਸਰਵਨ ਸਿੰਘ ਫਿਲੌਰ ਅਤੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਰਮਿਆਨ ਤਿੱਖੀ ਸ਼ਬਦੀ ਜੰਗ ਚੱਲ ਰਹੀ ਹੈ। ਬਠਿੰਡਾ ‘ਚ ਜਨਮੇਜਾ ਸਿੰਘ ਸੇਖੋਂ ਅਤੇ ਸਿਕੰਦਰ ਸਿੰਘ ਮਲੂਕਾ ਦੇ ਧੜਿਆਂ ਦਰਮਿਆਨ ਖਹਿਬਾਜ਼ੀ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ। ਮਾਝੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਕਾਲੀ ਦਲ ਦੇ ਆਗੂਆਂ ਵੱਲੋਂ ਹੀ ਜਨਤਕ ਤੌਰ ‘ਤੇ ‘ਬੇਇੱਜ਼ਤੀ’ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਜਥੇਦਾਰ ਟੌਹੜਾ ਅਤੇ ਹੋਰ ਟਕਸਾਲੀ ਪਰਿਵਾਰਾਂ ਦਾ ਮਾਣ ਸਨਮਾਨ ਪਹਿਲਾਂ ਦੀ ਤਰ੍ਹਾਂ ਕਾਇਮ ਰੱਖਣ ਦੀ ਵਕਾਲਤ ਵੀ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀ ਚਰਚਾ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ-ਭਾਜਪਾ ਚੌਕਸ ਹੋ ਗਏ ਹਨ। ਇਨ੍ਹਾਂ ਪਾਰਟੀਆਂ ਵਲੋਂ ਜਿਥੇ ਪਾਰਟੀਆਂ ਛੱਡ ਸਕਣ ਵਾਲੇ ਆਪਣੇ ਲੀਡਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਉਥੇ ਵਿਰੋਧੀਆਂ ਦੇ ਲੀਡਰਾਂ ਨੂੰ ਪੱਟਣ ਦੀ ਵੀ ਕਵਾਇਦ ਵਿੱਢ ਦਿੱਤੀ ਹੈ। ਕਾਂਗਰਸ ਤਾਂ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਨੂੰ ਵੀ ਪਾਰਟੀ ਵਿਚ ਲਿਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਇਸ ਲਈ ਅਗਸਤ ਤੋਂ ਅਸਲੀ ਸਿਆਸੀ ਖੇਡ ਸ਼ੁਰੂ ਹੋ ਰਹੀ ਹੈ ਜਿਹੜੀ ਪੰਜਾਬ ਦਾ ਅਸਲ ਸਿਆਸੀ ਦ੍ਰਿਸ਼ ਸਪਸ਼ਟ ਕਰ ਦੇਵੇਗੀ।
_______________________________________
ਬਾਗੀਆਂ ਨੂੰ ਖਿੱਚਣ ਲਈ ਲੱਗੀ ਦੌੜ
ਅੰਮ੍ਰਿਤਸਰ: ਅਕਾਲੀ ਦਲ ਤੇ ਭਾਜਪਾ ਦੇ ਬਾਗੀ ਲੀਡਰਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਤਰਲੋ-ਮੱਛੀ ਹੋ ਰਹੀਆਂ ਹਨ। ਬੇਸ਼ੱਕ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਤੇ ਅਕਾਲੀ ਦਲ ਤੋਂ ਮੁਅੱਤਲ ਵਿਧਾਇਕ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ, ਪਰ ਦੋਵੇਂ ਪਾਰਟੀਆਂ ਉਨ੍ਹਾਂ ਦਾ ਖੁੱਲ੍ਹ ਕੇ ਸਵਾਗਤ ਕਰ ਰਹੀਆਂ ਹਨ। ਕਾਂਗਰਸ ਦੀ ਸੀਨੀਅਰ ਆਗੂ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਵਿਚ ਹਰ ਕਿਸੇ ਦਾ ਸਵਾਗਤ ਹੈ। ਉਨ੍ਹਾਂ ਸਿੱਧੂ ਬਾਰੇ ਕਿਹਾ ਕਿ ਉਨ੍ਹਾਂ ਹਾਲੇ ਰਾਜ ਸਭ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ, ਭਾਜਪਾ ਤੋਂ ਨਹੀਂ। ਇਸ ਲਈ ਉਨ੍ਹਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਗਏ ਪਰਗਟ ਸਿੰਘ ਤੇ ਇੰਦਰਬੀਰ ਬੁਲਾਰੀਆ ਨੂੰ ਸ਼ਾਮਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਹਰ ਕਿਸੇ ਦਾ ਸਵਾਗਤ ਹੈ। ਉਧਰ, ਅਕਾਲੀ ਦਲ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਗਟ ਸਿੰਘ ਉਤੇ ਆਮ ਆਦਮੀ ਪਾਰਟੀ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਪਰਗਟ ਨੇ ਆਪਣੀ ਨਵੀਂ ਸਿਆਸੀ ਪਾਰੀ ਬਾਰੇ ਅਜੇ ਕੁਝ ਵੀ ਖੁਲਾਸਾ ਨਹੀਂ ਕੀਤਾ, ਪਰ ਆਮ ਆਦਮੀ ਪਾਰਟੀ ਨੇ ਪਰਗਟ ਸਿੰਘ ਲਈ ਪਾਰਟੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਆਖਿਆ ਕਿ ਪਰਗਟ ਸਿੰਘ ਇਮਾਨਦਾਰ ਤੇ ਬੇਦਾਗ ਆਗੂ ਹਨ। ਅਜਿਹੇ ਆਗੂ ਜੇਕਰ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਮਜ਼ਬੂਤੀ ਮਿਲੇਗੀ।
________________________________________
ਬੁਲਾਰੀਆ ਨੇ ਖੋਲ੍ਹੇ ਮਜੀਠੀਏ ਦੇ ਰਾਜ਼
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿਚੋਂ ਮੁਅੱਤਲ ਕੀਤੇ ਗਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਰਾਜਨੀਤੀ ਬਾਰੇ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਨੂੰ ਸਿਰਫ ਸੁਖਬੀਰ ਬਾਦਲ ਦੀ ਪਤਨੀ ਦਾ ਭਰਾ ਹੋਣ ਕਰ ਕੇ ਰਾਜਨੀਤੀ ਵਿੱਚ ਲਿਆਂਦਾ ਗਿਆ ਹੈ। ਬੁਲਾਰੀਆ ਨੇ ਕਿਹਾ ਕਿ ਮਜੀਠੀਆ ਤਾਂ ਸੁਖਬੀਰ ਬਾਦਲ ਦੇ ਦਹੇਜ ਨਾਲ ਆਏ ਹਨ। ਦਰਅਸਲ, ਬੁਲਾਰੀਆ ਵੱਲੋਂ ਪਿਛਲੇ ਸਮੇਂ ਵਿਚ ਮਜੀਠੀਆ ਬਾਰੇ ਕੀਤੀ ਗਈ ਬਿਆਨਬਾਜ਼ੀ ਤੇ ਅਕਾਲੀ ਦਲ ਖਿਲਾਫ ਖੋਲ੍ਹੇ ਗਏ ਮੋਰਚੇ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਬੁਲਾਰੀਆ ਨੂੰ ਰਾਜਨੀਤੀ ਵਿਚ ਉਨ੍ਹਾਂ ਦੇ ਪਿਤਾ ਕਰ ਕੇ ਲਿਆਂਦਾ ਗਿਆ ਸੀ। ਇਸੇ ਕਰ ਕੇ ਹੀ ਕਈ ਅਹੁਦਿਆਂ ਨਾਲ ਨਿਵਾਜਿਆ ਗਿਆ ਸੀ। ਬੁਲਾਰੀਆ ਨੇ ਕਿਹਾ ਕਿ 2012 ਦੀਆਂ ਚੋਣਾਂ ਦੌਰਾਨ ਮਜੀਠੀਆ ਨੇ ਉਨ੍ਹਾਂ ਦੀ ਸੀਟ ਦਾ ਕਾਂਗਰਸ ਨਾਲ ਸੌਦਾ ਕੀਤਾ ਸੀ। ਚੌਟਾਲਿਆਂ ਦੇ ਬੇਹੱਦ ਕਰੀਬੀ ਜਸਬੀਰ ਸਿੰਘ ਡਿੰਪਾ ਨੂੰ ਜਿਤਾਉਣ ਲਈ ਮਜੀਠੀਆ ਤੇ ਬਾਦਲਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ, ਪਰ ਉਹ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇ।
______________________________________
ਜ਼ਿਮਨੀ ਚੋਣ ਦੇ ਡਰੋਂ ਅਸਤੀਫੇ ਦੇਣੋਂ ਟਲ ਰਹੇ ਨੇ ਵਿਧਾਇਕ
ਚੰਡੀਗੜ੍ਹ: ਪੰਜਾਬ ਦੀਆਂ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਅਸਤੀਫੇ ਦੇਣ ਦੇ ਰੌਂਅ ਵਿਚ ਹਨ, ਪਰ ਜ਼ਿਮਨੀ ਚੋਣ ਦੇ ਡਰੋਂ ਇਨ੍ਹਾਂ ਵਿਧਾਇਕਾਂ ਵੱਲੋਂ ਅਸਤੀਫੇ ਦੇਣ ਦੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਚਾਰ ਅਕਾਲੀ ਅਤੇ ਇੰਨੇ ਹੀ ਕਾਂਗਰਸੀ ਵਿਧਾਇਕ ਅਜਿਹੇ ਹਨ ਜਿਹੜੇ ਪਾਰਟੀ ਛੱਡਣਾ ਚਾਹੁੰਦੇ ਹਨ। ਇਨ੍ਹਾਂ ਵਿਧਾਇਕਾਂ ਵੱਲੋਂ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣ ਹੁੰਦੀ ਹੈ ਤਾਂ ਹਾਕਮ ਪਾਰਟੀ ਗਰਾਂਟਾਂ ਦੇ ‘ਜ਼ੋਰ’ ਨਾਲ ਵੋਟਰਾਂ ਦਾ ਰੁਖ਼ ਬਦਲ ਸਕਦੀ ਹੈ। ਉਕਤ ਦੋਹਾਂ ਅਕਾਲੀ ਵਿਧਾਇਕਾਂ ਸਮੇਤ ਭਾਜਪਾ ਦੀ ਵਿਧਾਇਕਾ ਡਾæ ਨਵਜੋਤ ਕੌਰ ਸਿੱਧੂ ਬਾਰੇ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਉਪ ਚੋਣ ਦੇ ਡਰੋਂ ਵਿਧਾਇਕ ਵਜੋਂ ਅਸਤੀਫਾ ਨਹੀਂ ਦੇ ਰਹੇ।
_________________________________________
ਕਾਂਗਰਸ ਵਿਚ ਵੀ ਸਭ ਅੱਛਾ ਨਹੀਂ
ਜਲੰਧਰ: ਕਾਂਗਰਸ ਵਿਚ ਵੀ ਸਭ ਅੱਛਾ ਨਹੀਂ ਹੈ। ਕਾਂਗਰਸੀ ਹਲਕਿਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਨੂੰ ਦਿੱਤੇ ਝਟਕੇ ਤੋਂ ਬਾਅਦ ਕਾਂਗਰਸ ਨੂੰ ਪੰਜਾਬ ਵਿਚ ਸੱਤਾ ਹੱਥ ਆਉਂਦੀ ਦਿਖਾਈ ਨਹੀਂ ਦੇ ਰਹੀ। ਇਸ ਲਈ ਕਾਂਗਰਸ ਦੇ ਕਈ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਆਪਣੇ ਸਿਆਸੀ ਭਵਿੱਖ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ 4 ਵਿਧਾਇਕ ਅਸਤੀਫੇ ਦੇਣ ਦੇ ਰੌਂਅ ‘ਚ ਹਨ। ਉਧਰ, ਕਾਂਗਰਸ ਅਤੇ ਆਪ ਵੱਲੋਂ ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ ਤੇ ਟੌਹੜਾ ਪਰਿਵਾਰ ਨੂੰ ਆਪਣੇ ਨਾਲ ਰਲਾਉਣ ਦੇ ਯਤਨ ਕੀਤੇ ਜਾ ਰਹੇ ਹਨ।