ਦਿੱਲੀ ਤੋਂ ਬਾਅਦ ਹੁਣ ਮੋਗਾ ਵਿਚ ਆਇਆ ਸਿਆਸੀ ਉਬਾਲ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਵਿਚ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਦਾ ਕੰਮ ਨਿਬੜਨ ਤੋਂ ਬਾਅਦ ਸਿਆਸੀ ਆਗੂਆਂ ਨੇ ਮੋਗਾ ਡੇਰੇ ਲਾ ਰਹੇ ਹਨ। ਸਿਆਸੀ ਸਰਗਰਮੀਆਂ ਤੇਜ਼ ਹੋਣ ਨਾਲ ਦਿੱਲੀ ਤੋਂ ਬਾਅਦ ਹੁਣ ਮੋਗਾ ਦੇ ਮਾਹੌਲ ਵਿਚ ਉਬਾਲਾ ਆਇਆ ਹੈ। ਇਸ ਚੋਣ ਦਾ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ‘ਤੇ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵ ਪੈਣਾ ਹੈ। ਇਸ ਲਈ ਸਾਰੀਆਂ ਧਿਰਾਂ ਸਿਰ ਧੜ ਦੀ ਬਾਜ਼ੀ ਲਾ ਰਹੀਆਂ ਹਨ।
ਪੰਜਾਬ ਦੀ ਸਿਆਸਤ ਵਿਚ ਜ਼ਿਮਨੀ ਚੋਣਾਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਿਆਸਤ ‘ਤੇ ਹੀ ਡੂੰਘਾ ਅਸਰ ਨਹੀਂ ਛੱਡਿਆ ਸਗੋਂ ਸਰਕਾਰਾਂ ਵੀ ਪ੍ਰਭਾਵਿਤ ਹੋਈਆਂ ਹਨ। ਲੰਮਾ ਸਮਾਂ ਪਹਿਲਾਂ ਵਿਧਾਨ ਸਭਾ ਹਲਕਿਆਂ ਅਜਨਾਲਾ, ਗਿੱਦੜਬਾਹਾ ਤੇ ਆਦਮਪੁਰ ਵਿਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਕਿਸ ਤਰ੍ਹਾਂ ਸੂਬੇ ਦੀ ਸਿਆਸਤ ‘ਤੇ ਅਸਰ ਛੱਡਿਆ, ਉਸ ਦੀ ਚਰਚਾ ਅੱਜ ਵੀ ਲੋਕਾਂ ਵਿਚ ਹੁੰਦੀ ਹੈ।
ਰਾਜ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਦੂਜੀ ਵਾਰੀ ਕਿਸੇ ਵਿਧਾਨ ਸਭਾ ਹਲਕੇ ਦੀ ਉਪ ਚੋਣ ਹੋਣ ਜਾ ਰਹੀ ਹੈ। ਪਿਛਲੇ ਸਾਲ ਹੁਸ਼ਿਆਰਪੁਰ ਦੇ ਦਸੂਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਦੀ ਮੌਤ ਹੋਣ ਕਾਰਨ ਖਾਲੀ ਹੋਈ ਸੀਟ ਲਈ ਹੋਈ ਸੀ। ਹਲਕੇ ਤੋਂ ਭਾਜਪਾ ਉਮੀਦਵਾਰ ਸੁਖਜੀਤ ਕੌਰ ਸਾਹੀ ਨੇ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਨਤੀਜੇ ਨੇ ਵਿਰੋਧੀ ਧਿਰ ਕਾਂਗਰਸ ਨੂੰ ਨਿਰਾਸ਼ਾ ਵਿਚ ਧੱਕ ਦਿੱਤਾ ਸੀ।
ਹੁਣ 23 ਫਰਵਰੀ ਨੂੰ ਹੋਣ ਵਾਲੀ ਮੋਗਾ ਵਿਧਾਨ ਸਭਾ ਹਲਕੇ ਦੀ ਉਪ ਚੋਣ ‘ਤੇ ਸਾਰੀਆਂ ਸਿਆਸੀ ਧਿਰਾਂ ਨੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਇਸ ਨੂੰ ਜ਼ਿਮਨੀ ਚੋਣ ਦਾ ਵੱਕਾਰ ਹੀ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨ ਕਰਨਾ ਪਿਆ ਕਿ ਉਹ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਮੋਗਾ ਹਲਕੇ ਵਿਚ ਡੇਰੇ ਲਾਉਣਗੇ। ਅਕਸਰ ਮੰਨਿਆ ਜਾਂਦਾ ਹੈ ਕਿ ਕੈਪਟਨ ਸੱਤਾਹੀਣ ਹੋ ਕੇ ਲੋਕਾਂ ਵਿਚ ਘੱਟ ਵਿਚਰਦੇ ਹਨ ਪਰ ਜ਼ਿਮਨੀ ਚੋਣ ਨੇ ਉਨ੍ਹਾਂ ਨੂੰ ਜਨਤਾ ਵਿਚ ਲੈ ਆਂਦਾ ਹੈ।
ਉਂਝ, ਪੰਜਾਬ ਵਿਚ ਪਿਛਲੇ ਦਹਾਕੇ ਤੋਂ ਇਹ ਰੁਝਾਨ ਹੀ ਬਣ ਗਿਆ ਹੈ ਕਿ ਉਪ ਚੋਣ ਹਾਕਮ ਧਿਰ ਨੇ ਹੀ ਜਿੱਤਣੀ ਹੁੰਦੀ ਹੈ। ਫਿਰ ਵੀ ਵੋਟਰਾਂ ਵਿਚ ਆਪਣੀ ਹੋਂਦ ਕਾਇਮ ਰੱਖਣ ਲਈ ਸਿਆਸੀ ਜ਼ੋਰ ਅਜ਼ਮਾਈ ਸਾਰੀਆਂ ਧਿਰਾਂ ਹੀ ਕਰਦੀਆਂ ਹਨ। ਇਸੇ ਲਈ ਸਰਕਾਰ ਵੱਲੋਂ ਜ਼ਿਮਨੀ ਚੋਣ ਜਿੱਤਣ ਲਈ ਸਮੁੱਚੀ ਸਰਕਾਰੀ ਮਸ਼ੀਨੀਰੀ ਨੂੰ ਹੀ ਚੋਣ ਪ੍ਰਚਾਰ ਵਿਚ ਝੋਕ ਦਿੱਤਾ ਜਾਂਦਾ ਹੈ ਤੇ ਵੋਟਰਾਂ ਨੂੰ ਹਰ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਹੈ। ਮੋਗਾ ਹਲਕੇ ਵਿਚ ਵੀ ਸਰਕਾਰੀ ਪ੍ਰਭਾਵ ਦਿਖਾਈ ਦੇਣ ਲੱਗਿਆ ਹੈ।
____________________________________________
ਜ਼ਿਮਨੀ ਚੋਣਾਂ ਦਾ ਦਿਲਚਸਪ ਇਤਿਹਾਸ
ਚੰਡੀਗੜ੍ਹ: ਦੋ ਦਹਾਕਿਆਂ ਦੇ ਜ਼ਿਮਨੀ ਚੋਣਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਜਨਾਲਾ ਜ਼ਿਮਨੀ ਚੋਣ ਮਰਹੂਮ ਬੇਅੰਤ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹੋਈ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾæ ਰਤਨ ਸਿੰਘ ਅਜਨਾਲਾ ਨੇ ਚੋਣ ਜਿੱਤ ਲਈ। ਹਾਲਾਂਕਿ ਬਾਕੀ ਅਕਾਲੀ ਦਲਾਂ ਨੇ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ ਪਰ ਸ਼ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਉਮੀਦਵਾਰ ਜਿੱਤਣ ਕਾਰਨ ਸਰਕਾਰ ਦੇ ਵੱਕਾਰ ਨੂੰ ਹੀ ਢਾਅ ਨਹੀਂ ਲੱਗੀ ਸਗੋਂ ਪੰਥਕ ਧਿਰਾਂ ਵਿਚ ਵੀ ਸ਼ ਬਾਦਲ ਦਾ ਕੱਦ ਉਚਾ ਹੋ ਗਿਆ ਸੀ।
ਇਹ ਉਹ ਸਮਾਂ ਸੀ ਜਦੋਂ ਖਾੜਕੂਵਾਦ ਦੇ ਲੰਮੇ ਦੌਰ ਤੋਂ ਬਾਅਦ ਅਕਾਲੀ ਦਲ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲੱਗਿਆ ਸੀ। ਉਸ ਤੋਂ ਬਾਅਦ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਤਾਂ ਉਦੋਂ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਵਿਚ ਜਾ ਕੇ ਚੁਣੌਤੀ ਦਿੱਤੀ ਤੇ ਸਾਰੇ ਮੰਤਰੀਆਂ ਨੂੰ ਪਿੰਡਾਂ ਵਿਚ ਤਾਇਨਾਤ ਕੀਤਾ। ਅਖੀਰ ਜਿੱਤ ਵਿਰੋਧੀ ਧਿਰ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹੋਈ। ਇਹ ਜ਼ਿਮਨੀ ਚੋਣ ਇਸ ਕਰਕੇ ਵੀ ਲੋਕਾਂ ਵਿਚ ਚਰਚਿਤ ਰਹਿੰਦੀ ਹੈ ਕਿਉਂਕਿ ਵੋਟਾਂ ਦੀ ਖਰੀਦੋ ਫਰੋਖ਼ਤ ਖੁੱਲ੍ਹਮ ਖੁੱਲ੍ਹੀ ਹੋਈ ਸੀ। ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਨੂੰ ਤਾਂ ਕਿਸੇ  ਹਾਲਤ ਵਿਚ ਭੁੱਲਿਆ ਨਹੀਂ ਜਾ ਸਕਦਾ। ਇਸ ਚੋਣ ਵਿਚ ਉਸ ਵੇਲੇ ਦੀ ਹਾਕਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਰ ਹੋ ਗਈ ਸੀ। ਕਾਂਗਰਸ ਦੇ ਕਮਲਜੀਤ ਸਿੰਘ ਲਾਲੀ ਗਿਣਤੀ ਦੀਆਂ ਵੋਟਾਂ ‘ਤੇ ਹੀ ਜਿੱਤੇ ਸਨ। ਇਸ ਹਾਰ ਤੋਂ ਬਾਅਦ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕੀਤੀ ਰਾਜਸੀ ਟਿੱਪਣੀ ਏਨੀ ਮਹਿੰਗੀ ਪਈ ਕਿ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਵਿਚੋਂ ਹੀ ਕੱਢ ਦਿੱਤਾ ਗਿਆ।ਇੱਥੋਂ ਤੱਕ ਕਿ ਅਕਾਲ ਤਖ਼ਤ ਦੇ ਜਥੇਦਾਰ ਤੱਕ ਬਦਲ ਗਏ। ਆਦਮਪੁਰ ਦੇ ਨਤੀਜੇ ਤੋਂ ਬਾਅਦ ਹਾਕਮ ਪਾਰਟੀ ਹਰ ਜ਼ਿਮਨੀ ਚੋਣ ਵਿਚ ਹੀ ਜੇਤੂ ਹੋ ਕੇ ਨਿਕਲੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕਪੂਰਥਲਾ, ਗੜ੍ਹਸ਼ੰਕਰ, ਅਜਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਕਾਂਗਰਸ ਨੇ ਜਿੱਤੀਆਂ ਤੇ ਅਕਾਲੀ ਭਾਜਪਾ ਗਠਜੋੜ ਦੇ ਪਿਛਲੇ ਸ਼ਾਸਨ ਦੌਰਾਨ ਕਾਹਨੂਵਾਨ, ਨੂਰਮਹਿਲ, ਬਨੂੜ, ਜਲਾਲਾਬਾਦ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਈਆਂ ਸਨ।

Be the first to comment

Leave a Reply

Your email address will not be published.