ਸਿਆਸੀ ਆਗੂਆਂ ਦੀ ਮੌਕਾਪ੍ਰਸਤੀ ਨੇ ਖਾ ਲਿਆ ਪੰਜਾਬ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੀ ਰਾਜਨੀਤੀ ਵਿਚ ਦਲ ਬਦਲੀ ਤੇ ਮੌਕਾਪ੍ਰਸਤ ਦਾ ਬੋਲਬਾਲਾ ਹੈ। ਹੁਕਮਰਾਨ ਪਾਰਟੀਆਂ ਵੱਲੋਂ ਦਲ ਬਦਲੀ ਨੂੰ ਏਨਾ ਜ਼ਿਆਦਾ ਉਤਸ਼ਾਹਤ ਕੀਤਾ ਜਾਣ ਲੱਗਾ ਹੈ ਕਿ ਸਿਆਸੀ ਬੰਦੇ ਰਾਤੋ ਰਾਤ ਆਪਣਾ ਸਿਆਸੀ ਚੋਲ਼ਾ ਬਦਲਣ ਲੱਗੇ ਹਨ। ਪਿਛਲੇ ਸਮੇਂ ਦੌਰਾਨ ਵਿਚਾਰਧਾਰਾ ਵਿਚ ਪੱਕੇ ਮੰਨੇ ਜਾਣ ਵਾਲੇ ਆਗੂਆਂ ਨੇ ਵੀ ਦਲ ਬਦਲੀ ਕੀਤੀ ਹੈ।
ਸਰਕਾਰ ਵੱਲੋਂ ਹਾਲ ਹੀ ਦੌਰਾਨ ਦਲ ਬਦਲੀ ਕਰਕੇ ਜਥੇਦਾਰ ਬਣਨ ਵਾਲੇ ਕਈ ਆਗੂਆਂ ਨੂੰ ਅਹੁਦਿਆਂ ਨਾਲ ਨਿਵਾਜਿਆ ਹੈ। ਇਨ੍ਹਾਂ ਵਿਚ ਮੋਗਾ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਜੈਨ ਨੂੰ ਪਹਿਲਾਂ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਤੇ ਫਿਰ ਟਿਕਟ, ਦੀਪਇੰਦਰ ਸਿੰਘ ਢਿੱਲੋਂ, ਮੰਗਤ ਰਾਮ ਬਾਂਸਲ ਨੂੰ ਜ਼ਿਲ੍ਹਾ ਯੋਜਨਾ ਕਮੇਟੀਆਂ ਦੀਆਂ ਚੇਅਰਮੈਨੀਆਂ ਦਿੱਤੀਆਂ ਗਈਆਂ। ਹਾਕਮ ਪਾਰਟੀ ਦੇ ਇਸ ਰੁਝਾਨ ਨਾਲ ਪਾਰਟੀ ਕਾਡਰ ਵਿਚ ਨਿਰਾਸ਼ਾ ਵੀ ਆਈ ਹੈ। ਇਸ ਦਾ ਸਬੂਤ ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਦੇਖਿਆ ਜਾ ਸਕਦਾ ਹੈ ਜਿੱਥੇ ਪਾਰਟੀ ਦੇ ਸੀਨੀਅਰ ਆਗੂ ਲੁਕਵੇਂ ਰੂਪ ਵਿਚ ਸ੍ਰੀ ਜੈਨ ਦੀ ਉਮੀਦਵਾਰੀ ਦਾ ਵਿਰੋਧ ਕਰ ਰਹੇ ਹਨ।
ਪੰਜਾਬ ਵਿਚ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੋਂਦ ਵਿਚ ਆਈ ਤਾਂ ਦਲ ਬਦਲੀਆਂ ਦਾ ਦੌਰ ਤੇਜ਼ੀ ਨਾਲ ਚੱਲਿਆ। ਕਾਂਗਰਸ ਦੇ ਕਈ ਸਾਬਕਾ ਵਿਧਾਇਕ ਜਿਨ੍ਹਾਂ ਵਿਚ ਮੰਗਤ ਰਾਮ ਬਾਂਸਲ, ਨਰੇਸ਼ ਕਟਾਰੀਆ, ਸਾਬਕਾ ਮੰਤਰੀ ਹਰਬੰਸ ਲਾਲ, ਦੀਪਿੰਦਰ ਸਿੰਘ ਢਿੱਲੋਂ ਨੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਤਾਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਨੂੰ ਵੀ ਕਈ ਪਾਸਿਆਂ ਤੋਂ ਖੋਰਾ ਲੱਗਿਆ। ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਦਲਜੀਤ ਸਿੰਘ ਸਦਰਪੁਰਾ ਮਨਪ੍ਰੀਤ ਦਾ ਸਾਥ ਛੱਡ ਕੇ ਹਾਕਮ ਪਾਰਟੀ ਵਿਚ ਚਲੇ ਗਏ।
ਸਿਮਰਨਜੀਤ ਸਿੰਘ ਮਾਨ ਦੇ ਸਾਥੀ ਰਹੇ ਚਰਨ ਸਿੰਘ ਲੁਹਾਰਾ ਨੇ ਵੀ ਹਾਕਮ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਦਲ ਬਦਲੀ ਆਮ ਜਿਹੀ ਗੱਲ ਸੀ। ਮਨਪ੍ਰੀਤ ਦੀ ਸੱਜੀ ਖੱਬੀ ਬਾਂਹ ਮੰਨੇ ਜਾਂਦੇ ਜਗਬੀਰ ਬਰਾੜ ਤੇ ਕੁਸ਼ਲਦੀਪ ਸਿੰਘ ਢਿੱਲੋਂ ਵੀ ਝੱਟਪਟ ਕਾਂਗਰਸੀ ਬਣ ਗਏ। ਜਗਦੀਸ਼ ਸਾਹਨੀ ਵਰਗੇ ਆਗੂ ਜੋ ਲਗਾਤਾਰ ਭਾਜਪਾ ਦੀ ਟਿਕਟ ‘ਤੇ ਵਿਧਾਇਕ ਬਣਦੇ ਆਏ ਨੇ ਕਾਡਰ ਆਧਾਰਤ ਮੰਨੀ ਜਾਂਦੀ ਭਾਜਪਾ ਨੂੰ ਛੱਡਣ ਵਿਚ ਦੇਰ ਨਹੀਂ ਲਾਈ।
ਸ਼੍ਰੋਮਣੀ ਅਕਾਲੀ ਦਲ ਵਿਚ ਕੈਪਟਨ ਕੰਵਲਜੀਤ ਸਿੰਘ ਦਾ ਵਿਸ਼ੇਸ਼ ਰੁਤਬਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਖਿੰਡ ਗਿਆ ਹੈ। ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਡੌਲੀ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ ਤਾਂ ਪੁੱਤਰ ਜਸਜੀਤ ਸਿੰਘ ਬਨੀ ਇਕ ਵਾਰੀ ਵਿਧਾਇਕ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਬਿਲਕੁਲ ਹਾਸ਼ੀਏ ‘ਤੇ ਚਲਾ ਗਿਆ ਹੈ। ਕਾਂਗਰਸ ਹਕੂਮਤ ਸਮੇਂ ਸੀਪੀਆਈæ ਦੇ ਦੋ ਵਿਧਾਇਕ ਨੱਥੂ ਰਾਮ ਤੇ ਗੁਰਜੰਟ ਸਿੰਘ ਕੁੱਤੀਵਾਲ ਕਾਮਰੇਡਾਂ ਨੂੰ ਛੱਡ ਕਾਂਗਰਸੀ ਬਣ ਗਏ ਸਨ।
ਇਥੋਂ ਤੱਕ ਕਿ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਿਚ ਸਰਗਰਮ ਰਹੇ ਕਈ ਆਗੂਆਂ ਨੇ ਵੀ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ ਸੀ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਮਨਜੀਤ ਸਿੰਘ ਕਲਕੱਤਾ ਵਰਗੇ ਆਗੂਆਂ ਨੇ ਵੀ ਕਾਂਗਰਸ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੰਸਦ ਮੈਂਬਰ ਕ੍ਰਿਪਾਲ ਸਿੰਘ ਲਿਬੜਾ ਨੂੰ ਕਾਂਗਰਸ ਨੂੰ ਪਾਰਟੀ ਦਾ ਵਿੱਪ ਤੋੜ ਕੇ ਸਰਕਾਰ ਦਾ ਸਾਥ ਦੇਣ ਬਦਲੇ ਟਿਕਟ ਦੇ ਕੇ ਇਨਾਮ ਦਿੱਤਾ ਸੀ।
ਹਰਿਆਣਾ ਵਿਚ ਜਦੋਂ ਮਰਹੂਮ ਚੌਧਰੀ ਭਜਨ ਲਾਲ ਆਪਣੇ ਪੂਰੇ ਮੰਤਰੀ ਮੰਡਲ ਸਮੇਤ ਹੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਤਾਂ ਉਸ ਸਮੇਂ ਤੋਂ ਇਸ ਗੁਆਂਢੀ ਰਾਜ ਵਿਚ ‘ਆਇਆ ਰਾਮ ਤੇ ਗਿਆ ਰਾਮ’ ਵਾਲਾ ਜੁਮਲਾ ਕਾਫ਼ੀ ਮਸ਼ਹੂਰ ਰਿਹਾ ਹੈ। ਇਹ ਗੱਲ ਹੁਣ ਪੰਜਾਬ ਦੇ ਸਿਆਸਤਦਾਨਾਂ ‘ਤੇ ਵੀ ਢੁਕਣ ਲੱਗੀ ਹੈ।

Be the first to comment

Leave a Reply

Your email address will not be published.