ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਆਈ ਸ਼ਾਮਤ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਉਤੇ ਲਗਾਤਾਰ ਹੋ ਰਹੀ ਪੁਲਿਸ ਕਾਰਵਾਈ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਜੂਨ 2015 ਵਿਚ ਸ਼ੁਰੂ ਹੋਈ ਇਹ ਕਾਰਵਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮਹਿਰੋਲੀ ਤੋਂ ਵਿਧਾਇਕ ਨਰੇਸ਼ ਯਾਦਵ ਖਿਲਾਫ਼ ਪੰਜਾਬ ਪੁਲਿਸ ਨੇ ਮਲੇਰਕੋਟਲਾ ਬੇਅਦਬੀ ਕਾਂਡ ਵਿਚ ਮਾਮਲਾ ਦਰਜ ਕੀਤਾ ਹੋਇਆ ਹੈ। ਪੰਜਾਬ ਪੁਲਿਸ ਨੇ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਤੋਂ ਇਲਾਵਾ ਆਪ ਦੇ ਵਿਧਾਇਕ ਅਮਾਨਤਉਲ੍ਹਾ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਖਿਲਾਫ਼ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਬਿਜਲੀ ਕੱਟਾਂ ਦਾ ਮੁੱਦਾ ਉਠਾਉਣ ਲਈ ਵਿਧਾਇਕ ਦੀ ਰਿਹਾਇਸ਼ ‘ਤੇ ਗਈ ਸੀ ਤਾਂ ਉਨ੍ਹਾਂ ਨੇ ਉਸ ਨੂੰ ਵਾਹਨ ਹੇਠ ਦਰੜਨ ਦਾ ਯਤਨ ਕੀਤਾ ਸੀ। ਇਹ ‘ਆਪ’ ਦਾ 10ਵਾਂ ਵਿਧਾਇਕ ਹੈ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਔਰਤ ਨੇ 22 ਜੁਲਾਈ ਨੂੰ ਮੈਜਿਸਟਰੇਟ ਸਾਹਮਣੇ ਬਿਆਨ ਦਿੱਤੇ ਸਨ ਕਿ ਜਦੋਂ ਉਹ ਵਿਧਾਇਕ ਦੀ ਰਿਹਾਇਸ਼ ਤੋਂ ਪਰਤ ਰਹੀ ਸੀ ਤਾਂ ਇਕ ਵਾਹਨ ਨੇ ਉਸ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਅਮਾਨਤਉਲਾ ਖਾਨ ਬੈਠਾ ਸੀ। ਇਸ ਤੋਂ ਪਹਿਲਾਂ ਇਸ ਮਹਿਲਾ ਨੇ 19 ਜੁਲਾਈ ਨੂੰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ‘ਆਪ’ ਵਿਧਾਇਕ ਦੀ ਜਾਮੀਆ ਨਗਰ ਵਿਚਲੀ ਰਿਹਾਇਸ਼ ‘ਤੇ ਇਕ ਨੌਜਵਾਨ ਨੇ ਗਾਲਾਂ ਕੱਢੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
______________________________________
ਵਿਧਾਇਕਾਂ ਖਿਲਾਫ ਕਦੋਂ-ਕਦੋਂ ਹੋਈ ਕਾਰਵਾਈ
1æ ਜਿਤੇਂਦਰ ਸਿੰਘ ਤੋਮਰ- ਫਰਜ਼ੀ ਡਿਗਰੀ ਕੇਸ ਵਿਚ ਜੂਨ 2015 ਵਿਚ ਗ੍ਰਿਫਤਾਰ
2æ ਮਨੋਜ ਕੁਮਾਰ- ਧੋਖਾਥੜੀ ਦੇ ਕੇਸ ਵਿਚ ਜੁਲਾਈ 2015 ਵਿਚ ਗ੍ਰਿਫਤਾਰ
3æ ਸੁਰਿੰਦਰ ਸਿੰਘ- ਕੁੱਟਮਾਰ ਦੇ ਕੇਸ ਵਿਚ ਅਗਸਤ 2015 ਵਿਚ ਗ੍ਰਿਫਤਾਰ
4æ ਸੋਮਨਾਥ ਭਾਰਤੀ- ਘਰੇਲੂ ਹਿੰਸਾ ਦੇ ਕੇਸ ਵਿਚ ਸਤੰਬਰ 2015 ਵਿਚ ਗ੍ਰਿਫਤਾਰ
5æ ਅਖਿਲੇਸ਼ ਤ੍ਰਿਪਾਠੀ- 2013 ‘ਚ ਦੰਗੇ ਕਰਵਾਉਣ ਦੇ ਇਲਜ਼ਾਮ ‘ਚ ਨਵੰਬਰ 2015 ‘ਚ ਗ੍ਰਿਫਤਾਰ
6æ ਮਹੇਂਦਰ ਯਾਦਵ- ਦੰਗਾ ਕਰਵਾਉਣ ਦੇ ਕੇਸ ਵਿਚ ਜਨਵਰੀ 2016 ਵਿਚ ਗ੍ਰਿਫਤਾਰ।
7æ ਜਗਦੀਪ ਸਿੰਘ- ਕੁੱਟਮਾਰ ਦੇ ਇਲਜ਼ਾਮਾਂ ਵਿਚ ਮਈ 2016 ਵਿਚ ਗ੍ਰਿਫਤਾਰ
8æ ਦਿਨੇਸ਼ ਮੋਹਨਿਆ- ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਵਿਚ ਜੂਨ 2016 ਵਿਚ ਪੁਲਿਸ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਵਿਚੋਂ ਚੁੱਕ ਕੇ ਲੈ ਗਈ ਸੀ
9æ ਅਮਾਨਤਉਲਾ ਖਾਨ- ਮਹਿਲਾ ਨੂੰ ਧਮਕੀ ਦੇ ਮਾਮਲੇ ਵਿਚ ਜੁਲਾਈ 2016 ਨੂੰ ਗ੍ਰਿਫਤਾਰ
10 ਵਿਧਾਇਕ ਨਰੇਸ਼ ਯਾਦਵ- ਮਾਲੇਰਕੋਟਲਾ ਬੇਅਦਬੀ ਕਾਂਡ ਦੇ ਦੋਸ਼ ਵਿਚ ਗ੍ਰਿਫਤਾਰ
______________________________________

ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ: ਅਰਵਿੰੰਦ ਕੇਜਰੀਵਾਲ ਨੇ ਆਪ ਦੇ ਦੋ ਵਿਧਾਇਕਾਂ ਦੀ ਗ੍ਰਿਫਤਾਰੀ ਬਾਰੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਲਕਾਰਿਆ ਕਿ ਉਹ ਗ੍ਰਿਫਤਾਰੀਆਂ ਤੋਂ ਡਰਨ ਵਾਲੇ ਨਹੀਂ ਹਨ। ਜੇਕਰ ਮੋਦੀ ਸਰਕਾਰ ਇਸੇ ਤਰ੍ਹਾਂ ਹੀ ਦਿੱਲੀ ਵਿਚ ਆਪ ਦੀ ਸਰਕਾਰ ਨੂੰ ਤੰਗ ਕਰਦੀ ਰਹੀ ਤਾਂ ਪਾਰਟੀ ਪੰਜਾਬ, ਗੋਆ ਤੇ ਗੁਜਰਾਤ ਵਿਚ ਵੀ ਚੋਣਾਂ ਜਿੱਤੇਗੀ।
ਸ੍ਰੀ ਕੇਜਰੀਵਾਲ ਨੇ ਆਪਣੇ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿਚ ਵਿਚਾਰ- ਵਟਾਂਦਰਾ ਕਰ ਲੈਣ ਕਿ ਉਨ੍ਹ੍ਹਾਂ ਨੂੰ ਕਦੇ ਵੀ ਜੇਲ੍ਹ ਜਾਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਰਵਾਇਆ ਵੀ ਜਾ ਸਕਦਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਗੁਜਰਾਤ ਮਾਡਲ ਅਜਿਹਾ ਹੈ, ਪਰ ਅਸੀਂ ਧਰਮਯੁੱਧ ਲੜ ਰਹੇ ਹਾਂ।