ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਰੋਸ ਮੁਜ਼ਾਹਰਾ ਕਰ ਰਹੇ ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿਚ ਘੱਟ ਤੋਂ ਘੱਟ 85 ਲੋਕ ਮਾਰੇ ਗਏ ਅਤੇ 231 ਫੱਟੜ ਹੋਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਜਨ ਸਿਹਤ ਮੰਤਰਾਲੇ ਲਈ ਕੌਮਾਂਤਰੀ ਸਬੰਧਾਂ ਦੇ ਮੁਖੀ ਵਾਹਿਦ ਮਜਰੂਹ ਨੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।
ਗੌਰਤਲਬ ਹੈ ਕਿ ਅਫਗਾਨਿਸਤਾਨ ਦੇ ਸਹੂਲਤਾਂ ਤੋਂ ਵਾਂਝੇ ਇਲਾਕਿਆਂ ਵਿਚੋਂ ਇਕ ਸੂਬਾ ਬਾਮਿਆਨ, ਜਿਥੇ ਹਜ਼ਾਰਾ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ, ਵਿਚੋਂ ਬਹੁ-ਕਰੋੜੀ ਬਿਜਲੀ ਲਾਈਨ ਲੰਘਾਉਣ ਦੀ ਮੰਗ ਵਾਸਤੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਤਰ ਹੋਏ ਸਨ। ਇਸ ਮੁਲਕ ਵਿਚ ਸੈਂਕੜੇ ਜਾਨਾਂ ਅਤਿਵਾਦ ਦੀ ਭੇਟ ਚੜ੍ਹ ਗਈਆਂ ਹਨ ਅਤੇ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਤਰਜਮਾਨ ਹਾਰੂਨ ਚੈਖਨਸੁਰੀ ਨੇ ਦੱਸਿਆ ਕਿ ਸਰਕਾਰ ਨੂੰ ਸੂਹੀਆਤੰਤਰ ਤੋਂ ਜਾਣਕਾਰੀ ਮਿਲੀ ਸੀ ਕਿ ਹਮਲਾ ਹੋ ਸਕਦਾ ਹੈ ਅਤੇ ਰੋਸ ਮਾਰਚ ਦੇ ਆਗੂਆਂ ਨੂੰ ਇਸ ਬਾਰੇ ਚਿਤਾਵਨੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਦੋ ਫਿਦਾਈਨ ਹਮਲਾਵਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ, ਜੋ ਡੈਮਜ਼ਾਂਗ ਚੌਕ ਵਿਚ ਇਕੱਤਰ ਹੋ ਰਹੇ ਸਨ। ਇਕ ਫਿਦਾਈਨ ਨੂੰ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਸ ਚੌਕ ਵਿਚ ਤਿੰਨ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਤਾਇਨਾਤ ਸਨ, ਜੋ ਇਸ ਹਮਲੇ ਵਿਚ ਜ਼ਖ਼ਮੀ ਹੋਏ ਹਨ ਜਦੋਂ ਕਿ ਤਿੰਨ ਹੋਰ ਸੁਰੱਖਿਆ ਕਰਮੀ ਹਲਾਕ ਹੋ ਗਏ ਹਨ। ਰੋਸ ਮਾਰਚ ਦੇ ਆਗੂਆਂ ਵਿਚੋਂ ਇਕ ਲੈਲਾ ਮੁਹੰਮਦੀ ਨੇ ਦੱਸਿਆ ਕਿ ਧਮਾਕੇ ਦੇ ਤੁਰਤ ਬਾਅਦ ਉਹ ਘਟਨਾ ਸਥਾਨ ਤਾਂ ਪਹੁੰਚੀ ਤਾਂ ਲਾਸ਼ਾਂ ਅਤੇ ਜ਼ਖ਼ਮੀ ਹੀ ਨਜ਼ਰ ਆ ਰਹੇ ਸਨ।
____________________________________________________
ਅਫਗਾਨਿਸਤਾਨ ‘ਚ ਅਗਵਾ ਭਾਰਤੀ ਔਰਤ ਨੂੰ ਰਿਹਾ ਕਰਵਾਇਆ
ਨਵੀਂ ਦਿੱਲੀ: ਭਾਰਤੀ ਸਹਾਇਤਾ ਕਾਰਕੁਨ ਜੁਦਿਤ ਡਿਸੂਜ਼ਾ ਜਿਸ ਨੂੰ ਪਿਛਲੇ ਮਹੀਨੇ ਕਾਬੁਲ ‘ਚ ਸ਼ੱਕੀ ਅਤਿਵਾਦੀਆਂ ਨੇ ਅਗਵਾ ਕਰ ਲਿਆ ਸੀ, ਨੂੰ ਰਿਹਾ ਕਰਵਾ ਲਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿੱਟਰ ‘ਤੇ ਕਿਹਾ ਕਿ ਉਹ ਤੁਹਾਨੂੰ ਜਾਣਕਾਰੀ ਦੇ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ ਕਿ ਡਿਸੂਜ਼ਾ ਨੂੰ ਛੁਡਾ ਲਿਆ ਹੈ।
ਡਿਸੂਜ਼ਾ ਅਫ਼ਗਾਨਿਸਤਾਨ ਵਿਚ ਭਾਰਤੀ ਰਾਜਦੂਤ ਮਨਪ੍ਰੀਤ ਵੋਹਰਾ ਨਾਲ ਦਿੱਲੀ ਪੁੱਜੀ, ਜਿਥੇ ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। 40 ਸਾਲਾ ਭਾਰਤੀ ਔਰਤ ਡਿਸੂਜ਼ਾ ਜਿਹੜੀ ਆਗਾ ਖਾਨ ਫਾਊਂਡੇਸ਼ਨ ਲਈ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਦੀ ਹੈ, ਨੂੰ 9 ਜੂਨ ਨੂੰ ਕਾਬੁਲ ਵਿਚ ਉਸ ਦੇ ਦਫਤਰ ਸਾਹਮਣਿਓਂ ਅਗਵਾ ਕਰ ਲਿਆ ਸੀ। ਉਨ੍ਹਾਂ ਅਫਗਾਨ ਅਧਿਕਾਰੀਆਂ ਦਾ ਉਸ ਦੀ ਸੁਰੱਖਿਅਤ ਰਿਹਾਈ ਲਈ ਧੰਨਵਾਦ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਜੁਦਿਤ ਜਿਹੜੀ ਕੋਲਕਾਤਾ ਦੀ ਰਹਿਣ ਵਾਲੀ ਹੈ, ਦੀ ਸੁਰੱਖਿਅਤ ਰਿਹਾਈ ਲਈ ਅਫਗਾਨ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੁਦਿਤ ਡਿਸੂਜ਼ਾ ਸਾਡੇ ਨਾਲ ਸੁਰੱਖਿਅਤ ਹੈ ਅਤੇ ਚੜ੍ਹਦੀ ਕਲਾ ਵਿਚ ਹੈ।