ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਦੇਸ਼ ਦੌਰਿਆਂ ਉਤੇ ਹੋਏ ਖਰਚ ਦੀ ਜਾਣਕਾਰੀ ਸਾਹਮਣੇ ਆਈ ਹੈ। ਮੋਦੀ ਨੇ 24 ਵਿਦੇਸ਼ੀ ਯਾਤਰਾਵਾਂ ਦੌਰਾਨ 30 ਤੋਂ ਵੱਧ ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਸਾਰੇ ਖਰਚ ਦੀ ਜਾਣਕਾਰੀ ਪੀæਐਮæਓæ ਨੇ ਆਪਣੀ ਵੈੱਬਸਾਈਟ ‘ਤੇ ਪਾਈ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਪੀæਐਮæਓæ ਨੇ ਵਿਦੇਸ਼ ਦੌਰਿਆਂ ਤੇ ਚਾਰਟਡ ਫਲਾਈਟਸ ‘ਤੇ ਆਏ ਖਰਚ ਦਾ ਪੂਰਾ ਖਾਕਾ ਵੈੱਬਸਾਈਟ ਉਤੇ ਪਾਇਆ ਹੈ।
ਸਾਲ 2014 ‘ਚ ਅਹੁਦਾ ਸੰਭਾਲਣ ਤੋਂ ਬਾਅਦ ਮੋਦੀ ਨੇ ਸੱਤ ਵਿਦੇਸ਼ੀ ਦੌਰਿਆਂ ਤਹਿਤ ਅੱਠ ਮੁਲਕਾਂ ਦੀ ਯਾਤਰਾ ਕੀਤੀ। ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਭੁਟਾਨ ਦੀ ਸੀ। ਇਸ ਤੋਂ ਬਾਅਦ ਉਹ ਬ੍ਰਾਜ਼ੀਲ, ਨੇਪਾਲ, ਜਪਾਨ, ਅਮਰੀਕਾ, ਮਿਯਾਂਮਾਰ, ਆਸਟਰੇਲੀਆ ਤੇ ਫਿਜੀ ਗਏ ਸਨ। ਵੈੱਬਸਾਈਟ ‘ਤੇ ਮੋਦੀ ਦੇ ਵਿਦੇਸ਼ ਦੌਰਿਆਂ ਲਈ ਚਾਰਟਡ ਫਲਾਈਟਾਂ ‘ਤੇ ਆਏ ਖਰਚ ਦੇ ਇਕ ਛੋਟੇ ਹਿੱਸੇ ਬਾਰੇ ਹੀ ਦੱਸਿਆ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਬਾਕੀ ਦੌਰਿਆਂ ਸਬੰਧੀ ਬਿੱਲ ਜਾਂ ਤਾਂ ਅਜੇ ਮਿਲੇ ਨਹੀਂ ਜਾਂ ਫਿਰ ਉਨ੍ਹਾਂ ਨਾਲ ਜੁੜੀ ਕਾਰਵਾਈ ਪੂਰੀ ਨਹੀਂ ਹੋਈ ਹੈ।
ਮੋਦੀ ਦੀਆਂ ਚਾਰਟਡ ਫਲਾਈਟਾਂ ਦਾ ਖਰਚ:
ਭੁਟਾਨ- 2,45,27,465 ਰੁਪਏ
ਬ੍ਰਾਜ਼ੀਲ- 20,35,48,000 ਰੁਪਏ
ਨੇਪਾਲ- 19,04,60,000 ਰੁਪਏ
ਮਿਆਂਮਾਰ, ਆਸਟਰੇਲੀਆ ਤੇ ਫਿਜੀ- 22,58,65,000 ਰੁਪਏ
_________________________________________
ਗੂਗਲ ਨੇ ਲਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਪੰਗਾ
ਨਵੀਂ ਦਿੱਲੀ: ਗੂਗਲ ਸਰਚ ਇੰਜਨ ਵਿਚ ਟਾਪ 10 ਅਪਰਾਧੀਆਂ ਦੀ ਲਿਸਟ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਨਜ਼ਰ ਆਉਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਅਲਾਹਾਬਾਦ ਦੀ ਅਦਾਲਤ ਨੇ ਇਸ ਨੂੰ ਲੈ ਕੇ ਗੂਗਲ ਦੇ ਸੀæਈæਓæ ਤੇ ਇੰਡੀਆ ਹੈੱਡ ਨੂੰ ਨੋਟਿਸ ਭੇਜਿਆ ਹੈ। ਅਦਾਲਤ ਵਿਚ ਗੂਗਲ ਤੇ ਉਸ ਦੇ ਅਫਸਰਾਂ ਖਿਲਾਫ ਅਪਰਾਧਕ ਸ਼ਿਕਾਇਤ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ 31 ਅਗਸਤ ਨੂੰ ਮਾਮਲੇ ਉਤੇ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜਵਾਬ ਦੇਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਜੂਨ ਵਿਚ ਇਹ ਮਾਮਲਾ ਸਾਹਮਣੇ ਆਇਆ ਸੀ, ਹਾਲਾਂਕਿ ਉਸ ਵੇਲੇ ਗੂਗਲ ਨੇ ਮੁਆਫੀ ਮੰਗ ਲਈ ਸੀ, ਪਰ ਕਾਰਵਾਈ ਨਹੀਂ ਕੀਤੀ ਸੀ ਤੇ ਨਾ ਹੀ ਫੋਟੋ ਨੂੰ ਲਿਸਟ ਵਿਚੋਂ ਹਟਾਇਆ ਗਿਆ ਸੀ। ਇਸ ਲਈ ਸਰਚ ਇੰਜਨ ਗੂਗਲ ਕਾਨੂੰਨੀ ਪੰਜੇ ਵਿਚ ਫਸ ਗਿਆ ਹੈ।