ਬੂਟਾ ਸਿੰਘ
ਫੋਨ: +91-96634-74342
ਜਦੋਂ ਦੀ ਕੇਂਦਰ ਵਿਚ ਸੰਘ ਪ੍ਰਚਾਰਕਾਂ ਦੀ ਸਰਕਾਰ ਬਣੀ ਹੈ, ਇਹ ਆਪਣਾ ਹਿੰਦੂਤਵੀ ਏਜੰਡਾ ਮੁਲਕ ਉਪਰ ਥੋਪਣ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਵਿਚ ਜੁਟੀ ਹੋਈ ਹੈ। ਅਵਾਮ ਵਲੋਂ ਇਸ ਦਾ ਵਿਰੋਧ ਵੀ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਹੋ ਰਿਹਾ ਹੈ। ਹਾਲ ਹੀ ਵਿਚ ਦੋ ਘਟਨਾਵਾਂ ਨਾਲ ਇਹ ਵਿਰੋਧ ਪੁਰਜ਼ੋਰ ਰੂਪ ‘ਚ ਸਾਹਮਣੇ ਆਇਆ ਹੈ। 11 ਜੁਲਾਈ ਨੂੰ ਗੁਜਰਾਤ ਦੇ ਊਨਾ ਖੇਤਰ ਵਿਚ ਮੁਰਦਾ ਗਾਂ ਦੀ ਖੱਲ ਲਾਹ ਰਹੇ ਦਲਿਤਾਂ ਨੂੰ ਸ਼ਿਵ ਸੈਨਾ ਦੇ ਗੌਰਕਸ਼ਾ ਦਲ ਨੇ ਅਗਵਾ ਕਰ ਕੇ ਜਿਸ ਕਦਰ ਜ਼ੁਲਮ ਦਾ ਸ਼ਿਕਾਰ ਬਣਾਇਆ ਅਤੇ ਇਨ੍ਹਾਂ ਜ਼ੁਲਮਾਂ ਨੂੰ ਫਿਲਮਾ ਕੇ ਸੋਸ਼ਲ ਮੀਡੀਆ ਉਪਰ ਪਾ ਕੇ ਪ੍ਰਚਾਰਿਆ, ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਲਈ ਕਾਫ਼ੀ ਹੈ। ਇਸ ਦਾ ਜਿਥੇ ਪੂਰੇ ਮੁਲਕ ਵਿਚ ਵਿਰੋਧ ਹੋਇਆ, ਉਥੇ ਗੁਜਰਾਤ ਵਿਚ ਦਲਿਤ ਭਾਈਚਾਰੇ ਦੇ ਬੇਮਿਸਾਲ ਵਿਰੋਧ ਨੇ ਸੱਤਾ ਦੇ ਗ਼ਰੂਰ ਵਿਚ ਅੰਨ੍ਹੇ ਹੋ ਚੁੱਕੇ ਭਗਵੇਂ ਹੁਕਮਰਾਨਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।
ਦੂਜੀ ਘਟਨਾ ਪੰਜਾਬ ਦੀ ਹੈ ਜਿਥੇ 22 ਜੁਲਾਈ ਨੂੰ ਫ਼ਗਵਾੜਾ ਵਿਚ ਮੁਸਲਿਮ ਭਾਈਚਾਰੇ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸ਼ਿਵ ਸੈਨਿਕਾਂ ਨੂੰ ਦਲਿਤ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੇ ਮਿਲ ਕੇ ਸੜਕਾਂ ਉਪਰ ਦਬੱਲਿਆ ਅਤੇ ਸਬਕ ਸਿਖਾਇਆ।
ਦੋਵਾਂ ਥਾਂਵਾਂ ਉਪਰ ਹਿੰਦੂਤਵੀ ਗਰੋਹਾਂ ਨੇ ਆਪਣੇ ਸਿੱਕੇਬੰਦ ਢੰਗ ਅਨੁਸਾਰ ਮਨਘੜਤ ਮੁੱਦੇ ਖੜ੍ਹੇ ਕਰ ਕੇ ਦਲਿਤਾਂ ਅਤੇ ਮੁਸਲਮਾਨਾਂ ਉਪਰ ਹਮਲੇ ਕੀਤੇ। ਊਨਾ ਵਿਚ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਦਾ ਕੰਮ ਕਰਨ ਵਾਲੇ ਦਲਿਤਾਂ ਉਪਰ ਹਮਲਾ ਕੋਈ ਭੁਲੇਖੇ ਦਾ ਮਾਮਲਾ ਨਹੀਂ ਸੀ। ਦਾਦਰੀ ਕਾਂਡ ਵਾਂਗ ਇਹ ਸੰਘ ਪਰਿਵਾਰ ਦੇ ਸਾਜ਼ਿਸ਼ਾਂ ਤੇ ਅਫ਼ਵਾਹਾਂ ਵਿਚ ਮਸਰੂਫ਼ ਤਾਣੇ-ਬਾਣੇ ਦੀ ਗਿਣੀ-ਮਿਥੀ ਚਾਲ ਸੀ ਜਿਨ੍ਹਾਂ ਨੇ ਮਰੀ ਹੋਈ ਗਊ ਦੇ ਬਹਾਨੇ ਦਲਿਤਾਂ ਉਪਰ ਦਹਿਸ਼ਤੀ ਕਾਂਡ ਨੂੰ ਅੰਜਾਮ ਦਿੱਤਾ। ਇਹ ਆਉਣ ਵਾਲੇ ਮਹੀਨਿਆਂ ਵਿਚ ਗੁਜਰਾਤ ਅਤੇ ਕੁਝ ਹੋਰ ਸੂਬਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਦੀ ਤਿਆਰੀ ਵਜੋਂ ਫਿਰਕੂ ਪਾਲਾਬੰਦੀ ਦੀ ਭਗਵੀਂ ਯੋਜਨਾ ਦਾ ਹਿੱਸਾ ਹੈ ਅਤੇ ਇਹ ਦਲਿਤਾਂ ਨੂੰ ਹਿੰਦੂਤਵੀ ਕੈਂਪ ਤੋਂ ਨਾਬਰ ਹੋਣ ਦੀ ਸੂਰਤ ‘ਚ ਖੌਫ਼ਨਾਕ ਪ੍ਰਤੀਕਰਮ ਦੀ ਚੇਤਾਵਨੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਗੁਜਰਾਤ ਵਿਚ ਇਸ ਵਕਤ 200 ਗੌਰੱਕਸ਼ਾ ਦਲ ਸਰਗਰਮ ਹਨ ਜੋ ਅਜਿਹੇ ਕਾਂਡ ਰਚਾਉਣ ਲਈ ਬਹਾਨੇ ਲੱਭਦੇ ਫਿਰਦੇ ਹਨ। ਸਮੁੱਚੇ ਮੁਲਕ ਅੰਦਰ ਇਸ ਤਰ੍ਹਾਂ ਦੇ ਗੌਰਕਸ਼ਾ ਦਲ ਤੇਜ਼ੀ ਨਾਲ ਉਭਰ ਰਹੇ ਹਨ। ਕੀ ਗੁਜਰਾਤ, ਕੀ ਹਰਿਆਣਾ; ਹਰ ਥਾਂ ਸਟੇਟ ਮਸ਼ੀਨਰੀ ਫਿਰਕੂ ਅਤੇ ਉਚ ਜਾਤੀ ਜ਼ਿਹਨੀਅਤ ਵਿਚ ਇਸ ਕਦਰ ਗ੍ਰਸੀ ਹੋਈ ਹੈ ਕਿ ਹਿੰਦੂਤਵੀ ਹਮਲੇ ਵਿਚ ਪੁਲਿਸ ਦੀ ਮਿਲੀਭੁਗਤ ਸਾਫ਼ ਨਜ਼ਰ ਆਉਂਦੀ ਹੈ। ਇਥੋਂ ਤਕ ਚਰਚਾ ਹੈ ਕਿ ਊਨਾ ਮਾਮਲੇ ਵਿਚ ਗਊ ਹੱਤਿਆ ਦੀ ਜਾਣਕਾਰੀ ਗੌਰਕਸ਼ਕਾਂ ਨੂੰ ਪੁਲਿਸ ਵਲੋਂ ਪਹੁੰਚਾਈ ਗਈ। ਇਹ ਇਲਜ਼ਾਮ ਨਹੀਂ ਹੈ, ਨਿਆਂ ਪ੍ਰਣਾਲੀ ਇਸ ਸਚਾਈ ਉਪਰ ਮੋਹਰ ਲਾ ਚੁੱਕੀ ਹੈ ਕਿ ਇਨ੍ਹਾਂ ਦਲਾਂ ਨੂੰ ਪੁਲਿਸ ਸਮੇਤ ਸੀਨੀਅਰ ਸਰਕਾਰੀ ਅਹਿਲਕਾਰਾਂ ਅਤੇ ਸਿਆਸੀ ਬੌਸਾਂ ਦਾ ਥਾਪੜਾ ਹਾਸਲ ਹੈ। ਪਿਛੇ ਜਿਹੇ (ਮਾਰਚ 2016) ਕੁਰੂਕਸ਼ੇਤਰ ਵਿਚ ਗੌਰਕਸ਼ਾ ਦਲ ਵਲੋਂ ਕਤਲ ਕੀਤੇ ਵਾਹਨ ਮਾਲਕ ਮਸਤਾਨ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਕਾਂਡ ਦੀ ਜਾਂਚ ਸੀæਬੀæਆਈæ ਦੇ ਸਪੁਰਦ ਕਰਦੇ ਵਕਤ ਇਸ ਮਿਲੀਭੁਗਤ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਸੀ- “ਜ਼ਾਹਰਾ ਤੌਰ ‘ਤੇ ਪੁਲਿਸ ਤੇ ਆਹਲਾ ਪ੍ਰਸ਼ਾਸਨਿਕ ਅਹਿਲਕਾਰ ਅਜਿਹੇ ਚੌਕਸੀ ਗਰੋਹਾਂ ਨਾਲ ਮਿਲੇ ਹੋਏ ਹਨ।”
ਗੁਜਰਾਤ ਵਿਚ ਇਸ ਜ਼ੁਲਮ ਦਾ ਟਾਕਰਾ ਕਰਨ ਲਈ ਦਲਿਤ ਭਾਈਚਾਰਾ ਥਾਂ-ਥਾਂ ਹਜ਼ਾਰਾਂ ਦੀ ਤਾਦਾਦ ਸੜਕਾਂ ‘ਤੇ ਨਿਕਲ ਆਇਆ। ਮਸਲਾ ਸਿਰਫ ਵਿਰੋਧ ਤਕ ਸੀਮਤ ਨਾ ਰਿਹਾ। ਦਲਿਤਾਂ ਨੇ ਮਰੇ ਹੋਏ ਪਸ਼ੂਆਂ ਦੇ ਕਰੰਗ ਸਰਕਾਰੀ ਦਫ਼ਤਰਾਂ ਅੱਗੇ ਸੁੱਟ ਦਿੱਤੇ। ਇਕ ਹਫ਼ਤੇ ਦੇ ਅੰਦਰ 30 ਦਲਿਤ ਨੌਜਵਾਨਾਂ ਵਲੋਂ ਆਤਮਦਾਹ ਕਰਨ ਦੇ ਯਤਨ ਕੀਤੇ ਗਏ। ਔਰਤਾਂ ਵਲੋਂ ਵਿਰੋਧ ਪ੍ਰਦਰਸ਼ਨਾਂ ਵਿਚ ਵੈਣ ਪਾ ਕੇ ਮੋਦੀ ਦਾ ਸਿਆਪਾ ਕੀਤਾ ਗਿਆ। ਉਚ ਜਾਤੀ ਹੰਕਾਰ ਦੇ ਡੰਗੇ ‘ਸਵਰਨਾਂ’ ਨੇ ਇਸ ਤਰ੍ਹਾਂ ਦਾ ਵਿਰੋਧ ਕਦੇ ਖ਼ਵਾਬਾਂ ਵਿਚ ਵੀ ਨਹੀਂ ਸੋਚਿਆ ਹੋਵੇਗਾ। ਕਿਉਂਕਿ ਗੁਜਰਾਤ ਵਿਚ ਹੁਣ ਤਕ ਉਹ ਦਲਿਤ ਭਾਈਚਾਰੇ ਨੂੰ ਭੜਕਾ ਕੇ ਮੁਸਲਮਾਨਾਂ ਉਪਰ ਜ਼ੁਲਮ ਢਾਹੁਣ ਅਤੇ ਆਪਣੇ ਸੌੜੇ ਮੁਫ਼ਾਦ ਲਈ ਇਸਤੇਮਾਲ ਕਰਦੇ ਆਏ ਹਨ। 2002 ਵਿਚ ਮੁਸਲਮਾਨਾਂ ਦਾ ਕਤਲੇਆਮ ਇਸ ਦੀ ਸਭ ਤੋਂ ਉਘੜਵੀਂ ਮਿਸਾਲ ਰਿਹਾ ਹੈ। ਦਲਿਤਾਂ ਨੂੰ ਅਹਿਸਾਸ ਹੋ ਗਿਆ ਕਿ ਭਗਵੀਂ ਸਿਆਸਤ ਉਨ੍ਹਾਂ ਦੀ ਹਿਤੈਸ਼ੀ ਨਹੀਂ, ਉਨ੍ਹਾਂ ਨੂੰ ਸੰਘ ਪਰਿਵਾਰ ਮਹਿਜ਼ ਮੋਹਰੇ ਬਣਾ ਕੇ ਵਰਤਦਾ ਹੈ।
ਫ਼ਗਵਾੜਾ ਵਿਚ ਸ਼ਿਵ ਸੈਨਿਕ ਹਜੂਮ ਵਲੋਂ ਕਸ਼ਮੀਰ ਵਿਚ ‘ਅਤਿਵਾਦੀਆਂ’ ਦੀ ਧੱਕੇਸ਼ਾਹੀ ਨੂੰ ਮੁੱਦਾ ਬਣਾਇਆ ਗਿਆ। ਕਸ਼ਮੀਰ ਵਿਚ ‘ਗੜਬੜ’ ਅਤੇ ਅਮਰਨਾਥ ਯਾਤਰਾ ਵਿਚ ਰੁਕਾਵਟ ਲਈ ਪਾਕਿਸਤਾਨ ਨੂੰ ਭੰਡਿਆ ਗਿਆ। ਹਿੰਦੁਸਤਾਨ-ਪਾਕਿਸਤਾਨ ਦਰਮਿਆਨ ਰਿਸ਼ਤੇ ਦਾ ਚਿੰਨ੍ਹ ‘ਸਦਾ-ਏ-ਸਰਹੱਦ’ ਬੱਸ ਰੋਕ ਕੇ ਹੁੱਲੜਬਾਜ਼ੀ ਕੀਤੀ ਗਈ। ਸ਼ਹਿਰ ਵਿਚ ਮੁਸਲਮਾਨਾਂ ਦੀਆਂ ਦੁਕਾਨਾਂ ਉਪਰ ਨਾਅਰੇ ਲਿਖ ਕੇ ਉਨ੍ਹਾਂ ਨੂੰ ਜ਼ਲੀਲ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ। ਇਸ ਖਿਲਾਫ ਜਦੋਂ ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਕੇ ਸ਼ਾਹੀ ਇਮਾਮ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦੇਣਾ ਚਾਹਿਆ ਤਾਂ ਸ਼ਿਵ ਸੈਨਿਕਾਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਇਹ ਧੱਕੇਸ਼ਾਹੀ ਦੇਖ ਕੇ ਸਿੱਖ ਅਤੇ ਦਲਿਤ ਗਰੁੱਪ ਮੁਸਲਮਾਨਾਂ ਦੀ ਹਮਾਇਤ ‘ਤੇ ਆ ਗਏ ਅਤੇ ਉਨ੍ਹਾਂ ਵਲੋਂ ਮਿਲ ਕੇ ਸ਼ਿਵ ਸੈਨਿਕਾਂ ਨੂੰ ਖਦੇੜ ਦਿੱਤਾ ਗਿਆ। ਇਨ੍ਹਾਂ ਸਾਰੇ ਭਾਈਚਾਰਿਆਂ ਦੇ ਇਕੱਠੇ ਹੋਣ ਦੀ ਵਜ੍ਹਾ ਇਹ ਹੈ ਕਿ ਸ਼ਿਵ ਸੈਨਿਕਾਂ ਦੀ ਬੁਰਛਾਗਰਦੀ ਦੀ ਇਹ ਪਹਿਲੀ ਵਾਰਦਾਤ ਨਹੀਂ ਹੈ। ਇਥੇ ਪਹਿਲਾਂ ਵੀ ਹਿੰਦੂ ਫਿਰਕਾਪ੍ਰਸਤ ਸਿੱਖ ਅਤੇ ਦਲਿਤ ਜਥੇਬੰਦੀਆਂ ਨਾਲ ਟਕਰਾਓ ਵਿਚ ਆਉਂਦੇ ਰਹੇ ਹਨ। ਡਾæ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੀਆਂ ਵਾਰਦਾਤਾਂ ਵੀ ਇਥੇ ਹੁੰਦੀਆਂ ਰਹੀਆਂ ਹਨ।
ਫਗਵਾੜਾ ਰਵਾਇਤੀ ਤੌਰ ‘ਤੇ ਸ਼ਿਵ ਸੈਨਾ ਦੀਆਂ ਸਰਗਰਮੀਆਂ ਦਾ ਗੜ੍ਹ ਰਿਹਾ ਹੈ। ਖ਼ਾਲਿਸਤਾਨ ਲਹਿਰ ਦੌਰਾਨ ਵੀ ਇਹ ਸ਼ਹਿਰ ਹਿੰਦੂ ਫਿਰਕਾਪ੍ਰਸਤੀ ਦੇ ਚੁਣਵੇਂ ਗੜ੍ਹਾਂ ਵਿਚੋਂ ਇਕ ਰਿਹਾ ਹੈ ਜਿਥੋਂ ਦੇ ਸੈਨਾ ਆਗੂ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਿਚ ਵਧ-ਚੜ੍ਹ ਕੇ ਹਿੱਸਾ ਪਾਉਂਦੇ ਰਹੇ। ਬਾਦਲ ਅਕਾਲੀ ਦਲ ਅਤੇ ਇਸ ਦੀ ਭਾਈਵਾਲ ਭਾਜਪਾ ਦੇ ਸੱਤਾਧਾਰੀ ਹੋਣ ਨੇ ਹਿੰਦੂ ਫਿਰਕਾਪ੍ਰਸਤ ਗਰੋਹਾਂ ਨੂੰ ਪ੍ਰਫੁੱਲਤ ਹੋਣ ਲਈ ਹੋਰ ਵੀ ਜ਼ਰਖੇਜ਼ ਭੋਂਇ ਮੁਹੱਈਆ ਕਰ ਦਿੱਤੀ। ਕੇਂਦਰ ਵਿਚ ਮੋਦੀ ਸਰਕਾਰ ਬਣਨ ਨਾਲ ਇਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਆਰæਐਸ਼ਐਸ਼ ਆਪਣਾ ਤਾਣਾ-ਬਾਣਾ ਫੈਲਾਉਣ ਲਈ ਗੁਪਤ ਤੇ ਵਸੀਹ ਪੈਮਾਨੇ ‘ਤੇ ਸਰਗਰਮ ਹੈ। ਇਸ ਮਾਹੌਲ ਦਾ ਲਾਹਾ ਲੈਣ ਲਈ ਉਹ ਸ਼ਿਵ ਸੈਨਾਵਾਂ ਵੀ ਸਰਗਰਮ ਹਨ ਜੋ ਸਿੱਧੇ ਤੌਰ ‘ਤੇ ਭਾਵੇਂ ਆਰæਐਸ਼ਐਸ਼ ਦੇ ਵਿੰਗ ਨਹੀਂ, ਪਰ ਵਿਹਾਰਕ ਤੌਰ ‘ਤੇ ਖ਼ੁਦ ਨੂੰ ਇਸੇ ਕੈਂਪ ਦਾ ਹਿੱਸਾ ਸਮਝਦੀਆਂ ਹਨ। ਕੁਝ ਮਹੀਨੇ ਪਹਿਲਾਂ ਫ਼ਗਵਾੜੇ ਦੇ ਸ਼ਿਵਸੈਨਾ ਆਗੂ ਦੀ ਭੇਤਭਰੇ ਢੰਗ ਨਾਲ ਮੌਤ ਪਿਛੋਂ ਜਿਵੇਂ ਭੂਤਰੇ ਹੋਏ ਸ਼ਿਵ ਸੈਨਿਕਾਂ ਨੇ ਨਵਾਂਸ਼ਹਿਰ ਵਿਚ ਸੜਕ ਜਾਮ ਕਰ ਕੇ ਸਿੱਖ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਲਲਕਾਰੇ ਮਾਰੇ, ਉਸ ਨੂੰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਸੱਤਾਧਾਰੀ ਧਿਰ ਦੇ ਦਬਾਓ ਹੇਠ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ। ਬੁਰਛਾਗਰਦੀ ਨੂੰ ਠੱਲ੍ਹ ਉਦੋਂ ਹੀ ਪਈ ਜਦੋਂ ਕੁਝ ਸਿੱਖ ਸੰਸਥਾਵਾਂ ਵਲੋਂ ਇਨ੍ਹਾਂ ਬੁਰਛਾਗਰਦਾਂ ਨੂੰ ਸਮਾਂ ਰੱਖ ਕੇ ਲਲਕਾਰਿਆ ਗਿਆ।
ਇਹ ਯਾਦ ਰੱਖਣਾ ਹੋਵੇਗਾ ਕਿ ਹਰ ਥਾਂ ਹੀ ਹਿੰਦੂਤਵੀ ਅਤੇ ਹੋਰ ਹਿੰਦੂ ਫਿਰਕਾਪ੍ਰਸਤ ਧੜਿਆਂ ਨੇ ਦਲਿਤ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਗਰੋਹਾਂ ਵਿਚ ਲਾਮਬੰਦ ਕੀਤਾ ਹੋਇਆ ਹੈ। ਦੱਬੀ-ਕੁਚਲੀ ਸਮਾਜੀ ਹੈਸੀਅਤ, ਥੁੜ੍ਹਾਂ ਮਾਰੀ ਜ਼ਿੰਦਗੀ, ਬੇਕਾਰੀ, ਗ਼ਰੀਬੀ, ਸਮਾਜੀ ਪਛੜੇਵਾਂ ਅਤੇ ਹੋਰ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰ ਕੇ ਉਹ ਸੌਖਿਆਂ ਹੀ ਇਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਹਿੰਦੂਤਵੀ ਲਾਣਾ ਭਾਵੇਂ ਦਾਅਵੇ ਕਰਦਾ ਹੈ ਕਿ ਦਲਿਤ ਹਿੰਦੂ ਸਮਾਜ ਦਾ ਹਿੱਸਾ ਹਨ, ਪਰ ਹਕੀਕਤ ਇਸ ਤੋਂ ਉਲਟ ਹੈ, ਦਲਿਤਾਂ ਨੂੰ ਹਮੇਸ਼ਾ ਵਰਣ-ਢਾਂਚੇ ਤੋਂ ਬਾਹਰ ਰੱਖਿਆ ਗਿਆ ਹੈ। ਸੰਘ ਇਕੋ ਵਕਤ ਦੋ ਧਾਰੀ ਨੀਤੀ ‘ਤੇ ਚਲਦਾ ਹੈ। ਜੀਭ ਦੇ ਜ਼ੋਰ ਦਲਿਤ ਹਿਤੈਸ਼ੀ ਹੋਣ ਦਾ ਨਾਟਕ ਅਤੇ ਵਿਹਾਰਕ ਤੌਰ ‘ਤੇ ਦਲਿਤ ਭਾਈਚਾਰੇ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੇ ਯਤਨ। ਡਾæ ਅੰਬੇਡਕਰ ਦਾ ਜ਼ਬਾਨੀ-ਕਲਾਮੀ ਗੁਣ-ਗਾਣ, ਪਰ ਉਸ ਦੇ ਵਿਚਾਰਧਾਰਾ ਦੇ ਪੈਰੋਕਾਰਾਂ ਉਪਰ ਘਾਤਕ ਹਮਲੇ। ਹਾਲ ਹੀ ਵਿਚ ਮੁੰਬਈ ਵਿਚ ਡਾæ ਅੰਬੇਡਕਰ ਦੀ ਯਾਦਗਾਰ ਨੂੰ ਢਾਹੁਣਾ ਇਸੇ ਦੋਹਰੀ ਨੀਤੀ ਦਾ ਨਤੀਜਾ ਹੈ। ਪਿਛਲੇ ਸਮੇਂ ਵਿਚ ਸੰਘ ਦੀ ਗੁਪਤ ਚਿੱਠੀ ਦਾ ਭੇਤ ਖੁੱਲ੍ਹਣ ਨਾਲ ਇਹ ਸਾਫ਼ ਹੋ ਗਿਆ ਸੀ ਕਿ ਅਸਲ ਵਿਚ ਇਨ੍ਹਾਂ ਦੇ ਇਰਾਦੇ ਕੀ ਹਨ? ਗ਼ੌਰਤਲਬ ਹੈ ਕਿ ਥੋਕ ਪੱਧਰ ‘ਤੇ ਛਪਣ ਅਤੇ ਚਰਚਾ ਵਿਚ ਆਉਣ ਤੋਂ ਬਾਅਦ ਵੀ ਸੰਘ ਦੇ ਕਿਸੇ ਤਰਜਮਾਨ ਨੇ ਇਹ ਅੰਦਰੂਨੀ ਗਸ਼ਤੀ ਚਿੱਠੀ ਰੱਦ ਨਹੀਂ ਕੀਤੀ। ਦਰਅਸਲ ਮੁਸਲਮਾਨ, ਔਰਤਾਂ ਅਤੇ ਦਲਿਤਾਂ ਨੂੰ ਦਬਾ ਕੇ ਰੱਖਣਾ ਹਿੰਦੂਤਵ ਦੀ ਮੂਲ ਫ਼ਿਲਾਸਫ਼ੀ ਹੈ। ਇਹ ਉਨ੍ਹਾਂ ਦਾ ‘ਸੁਨਹਿਰੀ ਯੁਗ’ ਹੈ ਜਿਸ ਨੂੰ ਉਹ ਵਾਪਸ ਲਿਆਉਣਾ ਚਾਹੁੰਦੇ ਹਨ। ਹਰ ਘੱਟਗਿਣਤੀ ਇਨ੍ਹਾਂ ਦੀਆਂ ਨਜ਼ਰਾਂ ਵਿਚ ਹਿੰਦੂ ਸੰਸਕ੍ਰਿਤੀ ਦੀ ਵੈਰੀ ਹੈ। ਇਹ ਮਹਿਜ਼ ਇਨ੍ਹਾਂ ਦੀ ਕੁਟਲਨੀਤੀ ਹੈ ਕਿ ਕਿਸ ਨੂੰ ‘ਆਪਣਾ’ ਦੱਸਦੇ ਹਨ ਅਤੇ ਕਿਸ ਨੂੰ ਅੱਜ ‘ਪਰਾਇਆ’ ਕਰਾਰ ਦੇ ਕੇ ਸਿੱਧਾ ਵਾਰ ਕਰਦੇ ਹਨ। ਜਿੰਨੀ ਛੇਤੀ ਹਿੰਦੁਸਤਾਨ ਦੀ ਜੂਹ ਵਿਚ ਵਸਦੇ ਸਾਰੇ ਦਬਾਏ-ਸਤਾਏ ਹੋਏ ਸਮਾਜੀ ਸਮੂਹ ਇਸ ਹਕੀਕਤ ਨੂੰ ਪਛਾਣ ਕੇ ਇਕਜੁੱਟ ਹੋ ਜਾਣਗੇ ਅਤੇ ਇਨ੍ਹਾਂ ਦੀ ਮਨੂਵਾਦੀ ਫ਼ਿਲਾਸਫ਼ੀ ਦੀ ਸ਼ਨਾਖ਼ਤ ਆਪਣੇ ਮੂਲ ਵਿਚਾਰਧਾਰਕ ਦੁਸ਼ਮਣ ਵਜੋਂ ਕਰ ਲੈਣਗੇ, ਓਨੀ ਛੇਤੀ ਹੀ ਉਨ੍ਹਾਂ ਦੀ ਇਕਜੁੱਟਤਾ ਵਿਹਾਰਕ ਤੌਰ ‘ਤੇ ਸੰਭਵ ਹੋ ਜਾਵੇਗੀ ਅਤੇ ਉਨ੍ਹਾਂ ਦੀ ਬੰਦਖ਼ਲਾਸੀ ਲਈ ਸਾਂਝੇ ਸੰਘਰਸ਼ ਦਾ ਰਸਤਾ ਖੁੱਲ੍ਹ ਜਾਵੇਗਾ। ਪੰਜਾਬ ਅਤੇ ਗੁਜਰਾਤ ਦੇ ਹਾਲੀਆ ਘਟਨਾ-ਵਿਕਾਸ ਇਸ ਪੱਖੋਂ ਵੱਡੀ ਅਹਿਮੀਅਤ ਵਾਲੇ ਹਨ। -0-