ਪਿੰ੍ਰæ ਸਰਵਣ ਸਿੰਘ
ਦੋ ਕਹਾਵਤਾਂ ਹਨ। ਪਹਿਲੀ ਕੁੱਬੇ ਨੂੰ ਲੱਤ ਰਾਸ ਆਉਣ ਵਾਲੀ ਤੇ ਦੂਜੀ ਕਵੱਲੀਆਂ ਕਰਨ ਵਾਲੇ ਦੀਆਂ ਸਿੱਧੀਆਂ ਪੈਣ ਵਾਲੀ। ਪਹਿਲੀ ਕਹਾਵਤ ਮੁਤਾਬਿਕ ਕੁੱਬੇ ਨੂੰ ਲੱਤ ਵੱਜੀ ਤਾਂ ਉਹਦਾ ਕੁੱਬ ਨਿਕਲ ਗਿਆ ਤੇ ਉਹ ਨੌਂ-ਬਰ-ਨੌਂ ਹੋ ਗਿਆ! ਦੂਜੀ ਮੁਤਾਬਿਕ ਲੱਲੂ ਦੀਆਂ ਕਵੱਲੀਆਂ ਵੀ ਸਵੱਲੀਆਂ ਪੈ ਗਈਆਂ।
ਭਗਵੰਤ ਮਾਨ ਦੀ ਇਕ ਐਲਬਮ ਹੈ-ਲੱਲੂ ਕਰੇ ਕਵੱਲੀਆਂ। ਮਾਨ ਦੀ ਗੱਲ ਕਰਨ ਤੋਂ ਪਹਿਲਾਂ ਲੱਲੂ ਦੀ ਗੱਲ ਹੀ ਕਰ ਲਈਏ ਜਿਸ ਨਾਲ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇਗੀ। ਨਾਲੇ ਜਦੋਂ ਮਾਨ ਦੀ ਗੱਲ ਕਰਨੀ ਹੋਵੇ ਤਾਂ ਉਹਦੇ ਵਾਂਗ ਹਾਸ ਵਿਅੰਗ ਵਿਚ ਕਰਨੀ ਹੀ ਜੱਚਦੀ ਹੈ। ਅਗਲਾ ਗੁੱਸਾ ਨਹੀਂ ਕਰਦਾ, ਬਚਾਅ ਹੋ ਜਾਂਦੈ। ਮਾਨ ਦੀ ਮਿਸਾਲ ਸਾਡੇ ਸਾਹਮਣੇ ਹੈ। ਲੋਕ ਸਭਾ ਦਾ ਮੈਂਬਰ ਤਾਂ ਬਣ ਈ ਗਿਐ, ਕੀ ਪਤਾ ਮੁੱਖ ਮੰਤਰੀ ਬਣਨ ਦਾ ਦਾਅ ਵੀ ਲੱਗ’ਜੇ?
ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਨ੍ਹਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ, ਹਰੜ, ਬਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ਼ ਖੁੱਲ੍ਹ ਜਾਂਦੀ ਐ। ਕਬਜ਼ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਜਦੋਂ ਵੀ ਕੋਈ ਕਸਰ ਹੋਵੇ, ਇਹਦੀ ਪੁੜੀ ਲੈ ਲਓ। ਜੀਹਨੂੰ ਕਬਜ਼ ਨਾ ਹੋਵੇ ਉਹਨੂੰ ਕੁਝ ਨੀ ਹੁੰਦਾ!”
ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ੍ਹ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ, ਹਰੜ, ਬਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ। ਆਪਣੀ ਦੁਕਾਨ ਖੋਲ੍ਹ ਲਈ। ਬੋਰਡ ਉਤੇ ਲਿਖ ਕੇ ਲਾ ਦਿੱਤਾ: ਇਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦੈ। ਮਰੀਜ਼ ਆਉਂਦੇ, ਪੁੜੀਆਂ ਲੈਂਦੇ, ਠੀਕ ਹੋ ਜਾਂਦੇ। ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ। ਉਧਰ ਇਕ ਘੁਮਿਆਰੀ ਦਾ ਗਧਾ ਗੁਆਚ ਗਿਆ ਜੋ ਕਿਤੋਂ ਨਾ ਲੱਭਾ। ਕਿਸੇ ਨੇ ਮਸ਼ਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ, ਉਹਦੇ ਕੋਲ ਸਾਰੀਆਂ ਅਹੁਰਾਂ ਦਾ ਇਲਾਜ ਐ। ਘੁਮਿਆਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਧਾ ਗੁਆਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਘੁਮਿਆਰੀ ਨੂੰ ਪੁੜੀ ਦੇ ਕੇ ਕਿਹਾ, “ਆਹ ਲੈ, ਜਾਹ ਗਧਾ ਲੱਭਜੂ!”
ਘੁਮਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰਤ ਹਾਜਤ ਹੋਈ। ਉਦੋਂ ਕਿਹੜਾ ਘਰਾਂ ‘ਚ ਟਾਇਲਟਾਂ ਸਨ? ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ। ਉਹ ਫਟਾਫਟ ਘਰ ਦੇ ਪਿਛਵਾੜੇ ਖੋਲ਼ਿਆਂ ਵਿਚ ਗਈ ਤਾਂ ਉਥੇ ਰੂੜੀ ‘ਤੇ ਗਧਾ ਲੇਟਿਆ ਹੋਇਆ ਸੀ। ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਿਆ ਗਧਾ ਲਭਾ ਦਿੱਤਾ! ਪਿੰਡ ‘ਚ ਡੌਂਡੀ ਪਿੱਟੀ ਗਈ। ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ। ਇਹੋ ਜਿਹੀਆਂ ਦੋ ਚਾਰ ਕਵੱਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤਕ ਪਹੁੰਚ ਗਈ। ਉਧਰ ਗੁਆਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਚਾੜ੍ਹ ਦਿੱਤੀਆਂ। ਵਜ਼ੀਰਾਂ ਨੇ ਟਿੱਡੇ ਸ਼ਾਹ ਤਕ ਪਹੁੰਚ ਕੀਤੀ, “ਹਕੀਮ ਜੀ ਦੱਸੋ, ਹੁਣ ਕੀ ਕਰੀਏ?”
ਟਿੱਡਾ ਰਾਜੇ ਦੇ ਦਰਬਾਰ ਵਿਚ ਗਿਆ। ਕਹਿਣ ਲੱਗਾ, “ਚੜ੍ਹੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ।” ਘਬਰਾਏ ਰਾਜੇ ਨੇ ਕਿਹਾ, “ਛੇਤੀ ਦੱਸ।” ਕਹਿੰਦਾ, “ਆਪਣੀ ਸਾਰੀ ਫੌਜ ਨੂੰ ਪੁੜੀਆਂ ਦੇਣੀਆਂ ਪੈਣਗੀਆਂ!”
ਲਓ ਜੀ ਸ਼ਹਿਰ ਦੇ ਸਾਰੇ ਪੰਸਾਰੀਆਂ ਦੀਆਂ ਹੱਟੀਆਂ ਦੇ ਔਲੇ, ਹਰੜ, ਬਹੇੜੇ ‘ਕੱਠੇ ਕਰ ਲਏ। ਪੀਹਣ ਨੂੰ ਖਰਾਸ ਜੋੜ ਲਏ। ਸਾਰੇ ਹਲਵਾਈਆਂ ਦਾ ਦੁੱਧ ‘ਕੱਠਾ ਕਰ ਲਿਆ। ਫੌਜ ਸੱਦ ਲਈ। ਤੰਬੂ ਲੱਗ ਗਏ। ਸਵੇਰ ਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ। ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਈ ਹਰੇਕ ਫੌਜੀ ਨੂੰ ਗਰਮਾ ਗਰਮ ਦੁੱਧ ਦੇ ਗਲਾਸ ਨਾਲ ਇਕ ਇਕ ਪੁੜੀ ਦਿਓ। ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ। ਸਵੱਖਤੇ ਉਠਦਿਆਂ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ। ਓਧਰ ਹਮਲਾਵਰ ਫੌਜ ਚੜ੍ਹੀ ਆਵੇ। ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ, “ਕੋਈ ਹਾਜਤ ਨਾ ਜਾਵੇ। ਟਾਈਮ ਨਾ ਗੁਆਵੇ। ਅੱਗੇ ਵਧੋ, ਬਹਾਦਰੀ ਨਾਲ ਮੁਕਾਬਲਾ ਕਰੋ।” ਫੌਜਾਂ ਆਹਮੋ ਸਾਹਮਣੇ ਆ ਖੜ੍ਹੀਆਂ। ਓਧਰ ਹਾਜਤ ਦਾ ਜ਼ੋਰ!
ਕੋਈ ਵਾਹ ਨਾ ਚਲਦੀ ਵੇਖ ਲੱਲੂ ਦੀ ਫੌਜ ਨੇ ‘ਪੁਜ਼ੀਸ਼ਨਾਂ’ ਲੈ ਲਈਆਂ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਹੇ ਆ? ਉਹਨੇ ਲੱਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾਣ ਡਹੇ ਆ! ਅੱਗੇ ਵਧੇ ਤਾਂ ਭੰਗ ਦੇ ਭਾੜੇ ਸਾਰੀ ਫੌਜ ਮਰਵਾ ਬਹਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਦੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬੱਲ ਸਕਦਾ ਕਿਤੇ ਮੈਨੂੰ ਨਾ ਪੈ ਜਾਵੇ?
ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ। ਰਾਜੇ ਨੇ ਮੁੱਠੀ ‘ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ, “ਹਕੀਮ ਜੀ, ਮੈਂ ਥੋਡਾ ਟੈਸਟ ਲੈਣਾ। ਜੇ ਤੁਸੀਂ ਦੱਸ’ਤਾ ਬਈ ਮੇਰੀ ਮੁੱਠੀ ‘ਚ ਕੀ ਐ ਤਾਂ ਮੇਰਾ ਅੱਧਾ ਰਾਜ ਥੋਡਾ। ਜੇ ਨਾ ਦੱਸਿਆ ਗਿਆ ਤਾਂ ਸਣੇ ਬੱਚੇ ਘਾਣੀ ਪੀੜ ਦੂੰ।”
ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ। ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, “ਮਹਾਰਾਜ, ਥੋਡੇ ਹੱਥ ‘ਚ ਟਿੱਡੇ ਦੀ ਜਾਨ ਐਂ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।” ਰਾਜਾ ਹੈਰਾਨ ਰਹਿ ਗਿਆ! ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸ ਨੇ ਅੱਧਾ ਰਾਜ ਦੇ ਕੇ ਹੱਥਕੜੀ ਲਾਉਣ ਦੀ ਭੁੱਲ ਬਖਸ਼ਾਈ। ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ। ਉਹਦੇ ਤੋਂ ਹੀ ਕਹਾਵਤ ਬਣੀ: ਲੱਲੂ ਕਰੇ ਵਲੱਲੀਆਂæææ।
ਇਨ੍ਹੀਂ ਦਿਨੀਂ ਮੀਡੀਏ ‘ਚ ਪਈ ਮਾਨ-ਮਾਨ ਹੋ ਰਹੀ ਹੈ। ਜੇ ਨਵਜੋਤ ਸਿੱਧੂ ਰਾਜ ਸਭਾ ਤੋਂ ਅਸਤੀਫਾ ਦੇ ਕੇ ਸਾਰੇ ਦੇਸ਼ ਵਿਚ ਸਿੱਧੂ-ਸਿੱਧੂ ਕਰਾ ਸਕਦੈ ਤਾਂ ਭਗਵੰਤ ਮਾਨ ਪਾਰਲੀਮੈਂਟ ਵਿਚ ਪਧਾਰਨ ਦੀ ਵੀਡੀਓ ਬਣਾ ਕੇ ਮਾਨ-ਮਾਨ ਕਿਉਂ ਨਾ ਕਰਾਵੇ? ਏਨੀ ਮਸ਼ਹੂਰੀ ਤਾਂ ਲੱਖਾਂ ਕਰੋੜਾਂ ਰੁਪਏ ਖਰਚ ਕੇ ਵੀ ਨਹੀਂ ਮਿਲਦੀ! ਇੰਜ ਕਰ ਕੇ ਉਹਨੇ ਮਹਿੰਗੇ ਤੋਂ ਮਹਿੰਗਾ ਮੀਡੀਆ ਮੁਫਤੋ-ਮੁਫਤੀ ਖਰੀਦ ਲਿਐ ਤੇ ਆਪਣੇ ਮਗਰ ਲਾ ਲਿਐ। ਦੇਸ਼ ਦਾ ਬੱਚਾ-ਬੱਚਾ ਉਹਨੂੰ ਜਾਣ ਗਿਐ। ਲੋਕ ਸਭਾ ਤੇ ਰਾਜ ਸਭਾ ਆਪਣਾ ਸਾਰਾ ਟਾਈਮ ਈ ਉਹਦੀ ਇਕੋ ਕਵੱਲੀ ‘ਤੇ ਲਾਉਣ ਡਹੀ ਐ! ਹੋਰ ਉਹਨੂੰ ਕੀ ਚਾਹੀਦੈ? ਪਤੰਦਰ ਨੇ ਉਹ ਸਾਰੀਆਂ ਚੋਰ ਮੋਰੀਆਂ ਦਿਖਾ’ਤੀਆਂ ਜਿਥੋਂ ਦੀ ਪਾਰਲੀਮੈਂਟ ‘ਤੇ ‘ਅਟੈਕ’ ਹੋ ਸਕਦਾ ਸੀ! ਹੁਣ ਸੁਰੱਖਿਆ ਦਸਤੇ ਚੁਕੰਨੇ ਰਹਿਣਗੇ। ਕਿੰਨਾ ਕੰਮ ਕੀਤਾ ਉਹਦੀ ਕਵੱਲੀ ਨੇ? ਕੀ ਪਤਾ ਉਹਨੂੰ ਪਦਮਸ੍ਰੀ ਹੀ ਮਿਲ ਜਾਵੇ?
ਕਦੇ ਮਨੋਰੰਜਨ ਦੀ ਮੰਡੀ ਵਿਚ ਮਾਨ ਦੀ ਝੰਡੀ ਸੀ। ਉਹਦਾ ਇਕ-ਇਕ ਸ਼ੋਅ ਲੱਖਾਂ ‘ਚ ਵਿਕਦਾ ਸੀ। ਕੁਲਫੀ ਗਰਮਾ ਗਰਮ, ਮਿੱਠੀਆਂ ਮਿਰਚਾਂ, ਗੋਭੀ ਦੀਏ ਕੱਚੀਏ ਵਪਾਰਨੇ, ਧੱਕਾ ਸਟਾਰਟ, ਕੀ ਮੈਂ ਝੂਠ ਬੋਲਿਆ, ਸਾਡੀ ਬਿੱਲੀ ਸਾਨੂੰ ਮਿਆਊਂ, ਜਾਗਦੇ ਰਹੋ, ਝੰਡਾ ਅਮਲੀ ਕਚਹਿਰੀ ਵਿਚ ਤੇ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਵਰਗੀਆਂ ਉਹ ਕੈਸਟਾਂ ਕੱਢਦਾ। ਉਹ ਭ੍ਰਿਸ਼ਟਾਚਾਰੀਆਂ, ਪਟਵਾਰੀਆਂ, ਕਾਨੂੰਗੋਆਂ, ਕਲਰਕਾਂ, ਪੁਲਸੀਆਂ, ਐਲ ਐਮ ਏ, ਮੰਤਰੀਆਂ ਸੰਤਰੀਆਂ, ਸ਼ਰਾਬੀਆਂ ਕਬਾਬੀਆਂ, ਅਮਲੀਆਂ ਤੇ ਪੰਚਾਂ-ਸਰਪੰਚਾਂ ‘ਤੇ ਅਜਿਹੇ ਵਿਅੰਗ ਕਸਦਾ ਕਿ ਉਹ ਉਤੋਂ-ਉਤੋਂ ਤਾਂ ਹੱਸਦੇ ਪਰ ਅੰਦਰੋਂ ਕਚੀਚੀਆਂ ਵੱਟਦੇ।
ਉਦੋਂ ਮੈਂ ਲਿਖਿਆ ਸੀ, “ਜੇ ਭੰਡਾਂ ਦਾ ਵਰਲਡ ਕੱਪ ਹੋਵੇ ਤਾਂ ਭਾਰਤ ਦਾ ਭਗਵੰਤ ਮਾਨ ਗੋਲਡ ਮੈਡਲ ਜਿੱਤ ਕੇ ਤਿਰੰਗਾ ਲਹਿਰਾ ਸਕਦੈ। ਫੇਰ ਮੈਨੂੰ ਵੀ ਉਹਦਾ ਰੇਖਾ ਚਿੱਤਰ ਲਿਖਣਾ ਪੈ ਸਕਦੈ-ਭੰਡਾਂ ਦਾ ਚੈਂਪੀਅਨ ਭਗਵੰਤ ਮਾਨ!” ਮੈਂ ਉਹਦਾ ਰੇਖਾ ਚਿੱਤਰ ਇੰਜ ਸ਼ੁਰੂ ਕਰਦਾ, “ਬੰਦਾ ਤਾਂ ਉਹ ਬੂਟਾਂ ਸਣੇ ਸਾਢੇ ਪੰਜ ਕੁ ਫੁਟ ਦਾ ਈ ਐ ਤੇ ਵਜ਼ਨ ਹੋਵੇਗਾ ਲੀੜੇ ਲੱਤੇ ਸਮੇਤ ਡੂਢ ਕੁ ਮਣ। ਪਰ ਪਤਾ ਨੀ ਪਿਉ ਦੇ ਪੁੱਤ ਨੂੰ ਮਾਂ ਨੇ ਕੀ ਖਾ ਕੇ ਜੰਮਿਐਂ? ਹਾਸੇ ਦਾ ਇਹੋ ਜਿਹਾ ਪਟਾਕਾ ਪਾਉਂਦੈ ਬਈ ਬੰਦਾ ਹੱਸਦਾ-ਹੱਸਦਾ ਮਰਨ ਹਾਕਾ ਹੋ ਜਾਂਦੈæææ।”
ਉਹ ਪਿੰਡ ਸਤੌਜ, ਤਹਿਸੀਲ ਸੁਨਾਮ ‘ਚ 17 ਅਕਤੂਬਰ 1972 ਨੂੰ ਜੰਮਿਆ ਸੀ। ਉਸ ਦੇ ਪਿਤਾ ਮਰਹੂਮ ਮਹਿੰਦਰ ਸਿੰਘ ਸਾਇੰਸ ਮਾਸਟਰ ਸਨ। ਭਗਵੰਤ ਨੇ ਸਕੂਲੇ ਪੜ੍ਹਦਿਆਂ ਰੱਜ ਕੇ ਸ਼ਰਾਰਤਾਂ ਕੀਤੀਆਂ। ਮਾਸਟਰਾਂ ਤੋਂ ਬਣਦੀ-ਸਰਦੀ ਕੁੱਟ ਵੀ ਖਾਧੀ। ਉਹਦੀ ਫੱਟੀ ਲਿਖਣ ਨਾਲੋਂ ਕੁੱਟਣ ਦੇ ਕੰਮ ਵੱਧ ਆਈ। ਕਦੇ ਉਹ ਮਾਸਟਰਾਂ ਦੀਆਂ ਨਕਲਾਂ ਲਾਉਂਦਾ ਕਦੇ ਭੈਣ ਜੀਆਂ ਦੀਆਂ। ਆਢਣਾਂ ਗੁਆਂਢਣਾਂ ਉਹਦੀ ਮਾਂ ਨੂੰ ਉਲਾਂਭੇ ਦਿੰਦੀਆਂ, “ਨੀ ਹਰਪਾਲ ਕੁਰੇ, ਥੋਡਾ ਭੰਤਾ ਤਾਂ ਸਾਡੀਆਂ ਵੀ ਰੀਸਾਂ ਲਾਉਣੋਂ ਨੀ ਹਟਦਾ। ਏਹਨੂੰ ਕੁੜੇ ਮਰਾਸੀਆਂ ਦਾ ਪਾਹ ਕਿਥੋਂ ਚੜ੍ਹ ਗਿਆ?” ਕੋਈ ਉਹਦੇ ਪਿਓ ਨੂੰ ਕਹਿੰਦਾ, “ਮਾਸਟਰਾ, ਮੁੰਡਾ ਤਾਂ ਤੇਰਾ ਅਫਲਾਤੂਨ ਐਂ। ਕੀ ਖੁਆਉਨੈਂ ਏਹਨੂੰ? ਏਹਨੂੰ ਡਰਾਮੇ-ਡਰੂਮੇ ਆਲਿਆਂ ਨਾਲ ਰਲਾ ਦੇ, ਕਮਾਲਾਂ ਕਰ’ਦੂ। ਕੀ ਪਿਆ ਪੜ੍ਹਾਈਆਂ ‘ਚ?”
ਪਿਤਾ ਨੇ ਉਸ ਨੂੰ ਡਾਕਟਰ ਬਣਾਉਣ ਲਈ ਪਹਿਲਾਂ ਮੈਡੀਕਲ ਕੋਰਸ ਦੁਆਇਆ, ਫਿਰ ਬੀ ਕਾਮ ਤੇ ਅਖੀਰ ਆਰਟਸ। ਉਹ ਕਿਸੇ ਕੋਰਸ ਵਿਚ ਵੀ ਨਾ ਚੱਲਿਆ। ਪਰ ਮਨੋਰੰਜਨ ਦੀ ਮੰਡੀ ਵਿਚ ਅਜਿਹਾ ਚੱਲਿਆ ਕਿ ਉਹਦਾ ਭਾਅ ਵਧਦਾ ਹੀ ਗਿਆ। ਉਂਜ ਉਹ ਹੋਰਨਾਂ ਦਾ ਮਖੌਲ ਉਡਾਉਣ ਦੇ ਨਾਲ ਆਪਣਾ ਵੀ ਮਖੌਲ ਉਡਾਉਂਦਾ ਰਿਹਾ, “ਜਦੋਂ ਮੈਂ ਜੰਮਿਆ ਤਾਂ ਮੈਨੂੰ ਮਾੜੂਆ ਜਿਆ ਦੇਖ ਕੇ ਬੁੜ੍ਹੀਆਂ ਕਹਿਣ, ਏਹਨੇ ਤਾਂ ਭੈਣੇ ਆਵਦੇ ਨਾਨਕਿਆਂ ਦੀ ਪੰਜੀਰੀ ਦਾ ਮੁੱਲ ਵੀ ਨੀ ਮੋੜਿਆ!”
ਉਹ ਕਾਲਜ ਵਿਚ ਪੜ੍ਹਦਾ ਘੱਟ, ਨਕਲਾਂ ਵੱਧ ਲਾਉਂਦਾ। ਪਟਿਆਲੇ ਯੂਥ ਫੈਸਟੀਵਲ ਵਿਚ ਕਬਾੜੀਏ ਦੀ ਨਕਲ ਲਾਹੀ। ਉਸ ਨੇ ਮੂੰਹ ‘ਤੇ ਕਾਲਾ ਤੇਲ ਮਲਿਆ, ਮੈਲੇ ਕਪੜੇ ਪਾਏ, ਸਾਈਕਲ ‘ਤੇ ਕਬਾੜ ਦੀਆਂ ਬੋਰੀਆਂ ਲੱਦੀਆਂ ਤੇ ‘ਖਾਲੀ ਬੋਤਲਾਂ, ਟੁੱਟੀਆਂ ਚੱਪਲਾਂ, ਰੱਦੀ ਅਖਬਾਰ, ਪੁਰਾਣਾ ਲੋਹਾ ਵੇਚ ਲਓ’ ਦਾ ਹੋਕਾ ਦਿੰਦਾ ਸਟੇਜ ਵੱਲ ਵਧਿਆ। ਉਸ ਨੂੰ ਇਹ ਕਹਿ ਕੇ ਰੋਕ ਲਿਆ ਗਿਆ ਕਿ ਏਧਰ ਤਾਂ ਭਾਈ ਯੂਥ ਫੈਸਟੀਵਲ ਹੋ ਰਿਹੈ। ਪਰ ਉਹ ਨਾ ਰੁਕਿਆ ਤੇ ਸਟੇਜ ‘ਤੇ ਚੜ੍ਹ ਕੇ ਵੀ ਹੋਕਾ ਦੇਣੋਂ ਨਾ ਹਟਿਆ। ਜੱਜਾਂ ਨੇ ਉਸ ਨੂੰ ਵਧੀਆ ਨਕਲੀਏ ਦਾ ਇਨਾਮ ਦਿੱਤਾ। ਅੱਜ ਕੱਲ੍ਹ ਉਹ ਕੁਵੱਲੀਆਂ ਮਾਰਦਾ ਦੇਸ਼ ਦੇ ਭ੍ਰਿਸ਼ਟ ਤੇ ਢੌਂਗੀ ਨੇਤਾਵਾਂ ਦਾ ਮੂੰਹ ਕਾਲਾ ਕਰ ਰਿਹੈ!
ਇਕ ਵਾਰ ਉਹਦੇ ਸ਼ੋਅ ਵਿਚ ਦਮੇ ਦੇ ਇਕ ਮਰੀਜ਼ ਨੂੰ ਐਸਾ ਹਾਸਾ ਛਿੜਿਆ ਕਿ ਉਹ ਦਮੋ ਪੱਟਿਆ ਗਿਆ। ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਣਾ ਪਿਆ। ਅਗਲੇ ਸ਼ੋਅ ਲਈ ਐਡ ਦੇਣੀ ਪਈ ਕਿ ਸਾਹ ਦੇ ਮਰੀਜ਼ ਭਗਵੰਤ ਮਾਨ ਦਾ ਸ਼ੋਅ ਨਾ ਵੇਖਣ। ਉਨ੍ਹਾਂ ਨੂੰ ਸ਼ੋਅ ਪੁੱਠਾ ਵੀ ਪੈ ਸਕਦੈ!
ਭਗਵੰਤ ਨੇ ਭੂਆ ਬੀਬੋ ਤੇ ਝੰਡੇ ਅਮਲੀ ਦੀ ਨਕਲ ਤਾਂ ਲਾਉਣੀ ਈ ਸੀ ਉਹ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੇ ਬਦਲੇ ਹੋਏ ਗੋਡਿਆਂ ਨਾਲ ਬਦਲੀ ਹੋਈ ਤੋਰ ਦੀ ਨਕਲ ਵੀ ਲਾਉਂਦਾ ਰਿਹਾ। ਉਹ ਲੋਕ ਦਿਲਾਂ ਨੂੰ ਇਸ ਕਰਕੇ ਭਾਇਆ ਕਿ ਉਸ ਨੇ ਪੁਲਸੀਆਂ, ਪਟਵਾਰੀਆਂ, ਮੰਤਰੀਆਂ, ਮਾਸਟਰਾਂ, ਆੜ੍ਹਤੀਆਂ, ਡਾਕਟਰਾਂ, ਵਕੀਲਾਂ, ਅਮਲੀਆਂ, ਸਿਆਸੀ ਨੇਤਾਵਾਂ ਤੇ ਇਨਕਲਾਬ ਜ਼ਿੰਦਾਬਾਦ ਕੂਕਦੇ ਕਾਮਰੇਡਾਂ ਦੇ ਦੋਗਲੇਪਣ ਦੀਆਂ ਨਕਲਾਂ ਲਾਈਆਂ। ਉਹਦੀ ਭੰਡਾਂ ਵਾਲੀ ਕਲਾ ਸਮਾਜੀ ਵਰਤਾਰੇ ਉਤੇ ਤਿੱਖਾ ਵਿਅੰਗ ਹੈ। ਉਹ ਬੁਰਾਈ ਨੂੰ ਮਜਾਹੀਆ ਢੰਗ ਨਾਲ ਭੰਡਦਾ ਹੈ। ਇਕੇਰਾਂ ਇਕ ਕਾਮਰੇਡ ਨੇਤਾ ਨੂੰ ਵੀ ਕਹਿਣਾ ਪਿਆ, “ਬਈ ਮੁੰਡਿਆ ਤੂੰ ਤਾਂ ਸਿਰੇ ਈ ਲਾਈ ਜਾਨੈਂ। ਸਾਥੋਂ ਤਾਂ ਇਨਕਲਾਬ ਆਇਆ ਨੀ, ਸਾਨੂੰ ਲੱਗਦੈ ਤੂੰ ਲਿਆਏਂਗਾ ਕਿਸੇ ਦਿਨ।”
ਉਸ ਨੇ ‘ਭਗਵੰਤ ਮਾਨ 420’, ‘ਲੱਲੂ ਕਰੇ ਕਵੱਲੀਆਂ’, ‘ਸਾਵਧਾਨ ਅੱਗੇ ਭਗਵੰਤ ਮਾਨ’, ‘ਗੁਸਤਾਖੀ ਮਾਫ’, ‘ਭਗਵੰਤ ਮਾਨ ਹਾਜ਼ਰ ਹੋ’ ਅਤੇ ਹੋਰ ਕਈ ਨਾਂਵਾਂ ਦੀਆਂ ਐਲਬਮਾਂ ਕੱਢੀਆਂ। ਹੁਣ ਉਹਦਾ ਪਾਰਲੀਮੈਂਟ ‘ਚ ਪ੍ਰਵੇਸ਼ ਕਰਨ ਦੀ ਵੀਡੀਓ ਬਣਾਉਣ ਦਾ ਸੋæਅ ਹੋਇਐ। ਉਸ ਨੂੰ ਹਾਜ਼ਰ ਵੀ ਕਰ ਲਿਆ ਗਿਐ। ਵੇਖਦੇ ਹਾਂ ‘ਗੁਸਤਾਖੀ ਮਾਫ’ ਹੁੰਦੀ ਹੈ ਜਾਂ ਨਹੀਂ? ਕਹਾਵਤ ਹੈ: ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ। ਕਿਤੇ ਲੋਕ ਸਭਾ ਦੀ ਮੈਂਬਰੀ ਤੋਂ ਹਟਾਇਆ ਮਾਨ ਮੁੱਖ ਮੰਤਰੀ ਦੀ ਕੁਰਸੀ ‘ਤੇ ਨਾ ਜਾ ਬਹੇ!