ਡਾ. ਦਲੀਪ ਕੌਰ ਟਿਵਾਣਾ
ਫੋਨ: 91-175-2282239
ਅੰਮ੍ਰਿਤਸਰ ਜਾਣ ਤੋਂ ਪਹਿਲਾਂ ਅੱਖਾਂ ਦੇ ਮਾਹਰ ਡਾæ ਦਲਜੀਤ ਸਿੰਘ ਆਪਣੇ ਪਰਿਵਾਰ ਨਾਲ ਪਟਿਆਲਾ ਦੇ ਭੁਪਿੰਦਰਾ ਨਗਰ ਵਿਚ ਸਾਡੀ ਕੋਠੀ ਦੇ ਨਾਲ ਹੀ ਰਹਿੰਦੇ ਸਨ। ਦੂਜੀ ਗੱਲ ਪ੍ਰੋਫੈਸਰ ਪ੍ਰੀਤਮ ਸਿੰਘ, ਜਿਨ੍ਹਾਂ ਦੀ ਮੈਂ ਵਿਦਿਆਰਥਣ ਹੀ ਨਹੀਂ ਸੀ ਸਗੋਂ ਛੇਵੀਂ ਧੀ ਵੀ ਸੀ, ਡਾæ ਦਲਜੀਤ ਸਿੰਘ ਉਨ੍ਹਾਂ ਦੇ ਸਾਲੇ ਸਨ। ਇਸ ਤਰ੍ਹਾਂ ਨਾਲ ਇਹ ਜਾਣ-ਪਛਾਣ ਪਰਿਵਾਰਕ ਸਾਂਝ ਬਣ ਗਈ। ਜਦੋਂ ਉਹ ਅੰਮ੍ਰਿਤਸਰ ਵੀ ਚਲੇ ਗਏ, ਪਰਿਵਾਰਾਂ ਦੀ ਸਾਂਝ ਫਿਰ ਵੀ ਕਾਇਮ ਰਹੀ। ਪਰਿਵਾਰਾਂ ਦਾ ਇਕ-ਦੂਜੇ ਵੱਲ ਆਉਣ-ਜਾਣ ਦਾ ਸਿਲਸਿਲਾ ਚਲਦਾ ਰਿਹਾ।
ਦਲਜੀਤ ਸਿੰਘ ਪੰਜਾਬ ਵਿਚ ਇਕ ਆਮ ਨਾਮ ਹੈ। ਪਰ ਡਾæ ਦਲਜੀਤ ਸਿੰਘ ਨੇ ਆਪਣੀ ਪ੍ਰਤਿਭਾ ਸਦਕਾ ਇਸ ਨੂੰ ਵਿਸ਼ੇਸ਼ ਬਣਾ ਦਿੱਤਾ ਹੈ। ਅੱਖਾਂ ਦੇ ਮਾਹਰ ਡਾਕਟਰ ਦਲਜੀਤ ਸਿੰਘ ਨੇ ਨਾ ਸਿਰਫ ਸੈਂਕੜੇ, ਨਾ ਹਜ਼ਾਰਾਂ ਸਗੋਂ ਲੱਖਾਂ ਲੋਕਾਂ ਦੀਆਂ ਅੱਖਾਂ ਦੀ ਮੁਰੰਮਤ ਕਰਕੇ ਅਨੇਕਾਂ ਦੀ ਨਜ਼ਰ ਬਣਾ ਕੇ ਤੇ ਅਨੇਕਾਂ ਦੀ ਨਜ਼ਰ ਵਧਾ ਕੇ ਉਨ੍ਹਾਂ ਨੂੰ ਠੋਕਰਾਂ ਖਾਣ ਤੋਂ ਬਚਾ ਲਿਆ ਹੈ। ਇਸ ਕਰਾਮਾਤੀ ਹੱਥ ਕਾਰਨ ਨਾ ਸਿਰਫ ਅੰਮ੍ਰਿਤਸਰ ਜਾਂ ਭਾਰਤ ਵਿਚ ਸਗੋਂ ਬਾਹਰਲੇ ਮੁਲਕਾਂ ਵਿਚ ਵੀ ਡਾæ ਦਲਜੀਤ ਸਿੰਘ ਨੂੰ ਜਾਣਿਆ ਤੇ ਸਨਮਾਨਿਆ ਗਿਆ ਹੈ।
ਬੇਜੀ ਆਖਦੇ ਹੁੰਦੇ ਸਨ ਕਿ ਅੰਬ ਦੇ ਰੁੱਖ ਨੂੰ ਹੀ ਅੰਬ ਲੱਗਦੇ ਨੇ। ਅੱਕ ਦੇ ਬੂਟੇ ਨੂੰ ਅੱਕ ਦੀਆਂ ਕੁਕੜੀਆਂ ਹੀ ਲੱਗਦੀਆਂ ਨੇ ਭਾਵੇਂ ਉਨ੍ਹਾਂ ਦੀ ਸ਼ਕਲ ਅੰਬਾਂ ਵਰਗੀ ਹੀ ਹੁੰਦੀ ਹੈ। ਇਸ ਸੱਚ ਨੂੰ ਡਾæ ਦਲਜੀਤ ਸਿੰਘ ਵਿਚ ਦੇਖਿਆ ਜਾ ਸਕਦਾ ਹੈ। ਡਾæ ਸਾਹਿਬ ਦੇ ਰਿਸ਼ੀਆਂ ਵਰਗੇ ਪਿਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਵੀਹ ਸਾਲ ਲਾ ਕੇ ਪੂਰੇ ਗ੍ਰੰਥ ਸਾਹਿਬ ਦਾ ਦਸ ਜਿਲਦਾਂ ਦਾ ਟੀਕਾ ਤਿਆਰ ਕੀਤਾ। ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਬੇਟੇ ਦਾ ਬੇਟਾ ਕਿਰਨ ਵੱਡੇ ਭਾਈ ਨੂੰ ਹੱਸ ਕੇ ਆਖਦਾ ਹੁੰਦਾ, “ਰਵੀ, ਭਾਪਾ ਜੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਇਸ ਵੇਲੇ ਸਵੇਰ ਹੈ ਜਾਂ ਸ਼ਾਮ। ਤੇ ਕਈ ਵਾਰੀ ਉਪਰਲੇ ਕਮਰੇ ਵਿਚ ਬੈਠੇ ਉਹ ਆਖਣਗੇ ਕਿ ਮੈਨੂੰ ਉਪਰ ਛੱਡ ਆਓ।”
ਕਿਰਨ ਤੇ ਰਵੀ ਨਹੀਂ ਸੀ ਜਾਣਦੇ ਕਿ ਵੀਹ ਸਾਲ ਗੁਰਬਾਣੀ ਦੇ ਅੰਗ-ਸੰਗ ਜਿਉਂਦਿਆਂ ਉਹ ਜਿਹੜੇ ਉਪਰਲੇ ਮੰਡਲਾਂ ਵਿਚ ਵਿਚਰਨ ਲੱਗ ਪਏ ਸਨ, ਸਾਡੇ ਲੋਕਾਂ ਦੀ ਤਾਂ ਉਥੇ ਤੱਕ ਪਹੁੰਚ ਹੀ ਨਹੀਂ। ਪਰ ਉਸ ਪਿਤਾ ਦੇ ਪੁੱਤਰ ਡਾæ ਦਲਜੀਤ ਸਿੰਘ ਨੇ ਸੱਚ ਕਰ ਦਿਖਾਇਆ ਕਿ ਬਹੁਤ ਕੁਝ ਪਿਤਾ ਵਾਲਾ ਰਿਸ਼ੀਪੁਣਾ ਉਨ੍ਹਾਂ ਦੇ ਵਿਚ ਜਿਉਂਦਾ ਹੈ।
ਆਖਿਆ ਜਾਂਦਾ ਹੈ ਕਿ ਵੱਡੇ ਦਰੱਖਤ ਹੇਠਾਂ ਉਗੇ ਬੂਟੇ ਨਿੱਕੇ ਰਹਿ ਜਾਂਦੇ ਨੇ, ਪਰ ਡਾæ ਦਲਜੀਤ ਸਿੰਘ ਨੇ ਆਪਣੀ ਛਾਂ ਹੇਠ ਪਲਦੇ ਆਪਣੇ ਦੋਹਾਂ ਪੁੱਤਰਾਂ ਨੂੰ ਛਾਂ ਦੇ ਨਾਲ ਲੋੜੀਂਦੀ ਧੁੱਪ ਵੀ ਦੇ ਕੇ ਆਪਣੇ ਵਰਗੇ ਲਾਇਕ ਡਾਕਟਰ ਬਣਾ ਕੇ ਆਪਣੇ ਸਹਾਇਕ ਤੇ ਆਪਣੇ ਮਿੱਤਰ ਬਣਾ ਲਿਆ ਹੈ। ਦੋਵੇਂ ਨੂੰਹਾਂ-ਇੰਦੂ ਤੇ ਸੀਮਾ ਨਾ ਸਿਰਫ ਇਸ ਪਰਿਵਾਰ ਦਾ ਹਿੱਸਾ ਬਣੀਆਂ ਸਗੋਂ ਉਹ ਵੀ ਇਸ ਪਰਿਵਾਰ ਦੇ ਕਲਚਰ ਵਿਚ ਪੂਰੀ ਤਰ੍ਹਾਂ ਭਿੱਜ ਗਈਆਂ ਹਨ। ਕਿਸੇ ਵੇਲੇ ਜਿਸ ਡਾæ ਦਲਜੀਤ ਸਿੰਘ ਨੇ ਅੰਮ੍ਰਿਤਸਰ ਵਿਚ ਆਪਣਾ ਘਰ ਬਣਾਉਣ ਵੇਲੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਆਖਿਆ ਸੀ ਕਿ ਘਰ ਮੁਕੰਮਲ ਕਰਨ ਲਈ ਆਪੋ ਆਪਣਾ ਹਿੱਸਾ ਪਾਓ, ਉਸੇ ਡਾæ ਸਾਹਿਬ ਦੀ ਸਮਰੱਥਾ ਤੇ ਈਮਾਨਦਾਰੀ ਦੀ ਗੱਲ ਕਰਦਿਆਂ ਖੁਸ਼ਵੰਤ ਸਿੰਘ ਨੇ ਕਈ ਸਾਲ ਪਹਿਲਾਂ ਲਿਖਿਆ ਸੀ, “ਇਸ ਵਰ੍ਹੇ ਡਾæ ਦਲਜੀਤ ਸਿੰਘ ਨੇ 70 ਲੱਖ ਰੁਪਇਆ ਇਨਕਮ ਟੈਕਸ ਆਪਣੇ ਪ੍ਰਾਈਵੇਟ ਹਸਪਤਾਲ ਦੀ ਕਮਾਈ ਵਿਚੋਂ ਭਰਿਆ ਹੈ। ਜੇ ਡਾਕਟਰ ਚਾਹੁੰਦਾ ਤਾਂ ਉਸ ਦਾ ਵੱਡਾ ਹਿੱਸਾ ਛੁਪਾ ਵੀ ਸਕਦਾ ਸੀ ਤੇ ਬਚਾ ਵੀ ਸਕਦਾ ਸੀ।”
ਮੈਂ ਅਕਸਰ ਆਖਦੀ ਹਾਂ ਕਿ ਜਿਸ ਬੰਦੇ ਦੀ ਔਰਤ ਆਪਣੇ ਬੰਦੇ ਨੂੰ ਘਰ ਦੇ ਕੰਮਾਂ ਅਤੇ ਕਲੇਸਾਂ ਤੋਂ ਵਿਹਲਾ ਰੱਖਦੀ ਹੈ, ਉਹ ਹੀ ਜ਼ਿੰਦਗੀ ਵਿਚ ਕੁਝ ਵੱਡਾ ਕਰ ਸਕਦਾ ਹੈ। ਇਸ ਗੱਲ ਦਾ ਪ੍ਰਤੱਖ ਰੂਪ ਡਾæ ਦਲਜੀਤ ਸਿੰਘ ਦੀ ਸੁੰਦਰ ਤੇ ਸਾਊ ਪਤਨੀ ਸਵਰਨ ਸੀ। ਉਸ ਨੂੰ ਡਾæ ਦਲਜੀਤ ਸਿੰਘ ਦੀ ਹਰ ਲੋੜ ਤੇ ਜ਼ਿੰਮੇਵਾਰੀ ਦਾ ਪਤਾ ਹੁੰਦਾ ਸੀ ਤੇ ਉਸ ਨੂੰ ਆਪਣੇ ਪਤੀ ਉਪਰ ਬੜਾ ਮਾਣ ਸੀ। ਭਾਵੇਂ ਡਾæ ਸਾਹਿਬ ਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਬਾਰੇ ਵੀ ਮੇਰੇ ਨਾਲ ਗੱਲਾਂ ਕਰ ਲੈਂਦੀ ਸੀ।
ਮੈਂ ਇਕ ਵਾਰੀ ਅੰਮ੍ਰਿਤਸਰ ਡਾæ ਦਲਜੀਤ ਸਿੰਘ ਨੂੰ ਅੱਖਾਂ ਦਿਖਾਉਣ ਲਈ ਜਾਣਾ ਸੀ। ਪਟਿਆਲੇ ਤੋਂ ਫੋਨ ਕਰਕੇ ਪੁੱਛਿਆ, “ਕਦੋਂ ਆਵਾਂ?”
ਡਾæ ਸਾਹਿਬ ਆਖਣ ਲੱਗੇ, “ਜਿਸ ਦਿਨ ਮਰਜ਼ੀ ਆ ਜਾਵੋ, ਪਰ ਬਾਰਾਂ ਵਜੇ ਤੋਂ ਪਹਿਲਾਂ ਪਹੁੰਚ ਜਾਓ।”
“ਠੀਕ ਹੈ। ਮੈਂ ਸਨਿੱਚਰਵਾਰ ਆਵਾਂਗੀ,” ਮੈਂ ਦੱਸ ਦਿੱਤਾ।
ਸਨਿੱਚਰਵਾਰ ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਪਰਚੀ ਕਟਾਉਣ ਲਈ ਪਰਚੀ ਕੱਟਣ ਵਾਲੇ ਨੂੰ ਆਪਣਾ ਨਾਂ ਦੱਸਿਆ ਤਾਂ ਉਸ ਨੇ ਪਰਚੀ ਕੱਟ ਕੇ ਮੈਨੂੰ ਫੜਾਉਂਦਿਆਂ ਹਸਪਤਾਲ ਦੀ ਵਰਦੀ ਵਾਲੇ ਇਕ ਸਹਾਇਕ ਨੂੰ ਕੋਲ ਸੱਦ ਕੇ ਕਿਹਾ, “ਇਨ੍ਹਾਂ ਨੂੰ ਵੱਡੇ ਡਾæ ਸਾਹਿਬ ਕੋਲ ਛੱਡ ਆਓ।”
“ਫੀਸ?” ਮੈਂ ਪਰਸ ਖੋਲ੍ਹਦੀ ਨੇ ਪੁੱਛਿਆ।
ਉਹ ਬੋਲਿਆ, “ਲੋੜ ਨਹੀਂ।”
ਡਾæ ਸਾਹਿਬ ਨੇ ਮੇਰੇ ਜਾਣ ਤੋਂ ਪਹਿਲਾਂ ਹੀ ਕਾਊਂਟਰ ‘ਤੇ ਆਖ ਛੱਡਿਆ ਸੀ ਕਿ ਮਰੀਜ਼ਾਂ ਦੇ ਭਰੇ ਹੋਏ ਹਾਲ ਵਿਚ ਮੈਨੂੰ ਵਾਰੀ ਉਡੀਕਣ ਦੀ ਲੋੜ ਨਹੀਂ। ਸਿੱਧਾ ਮੇਰੇ ਕੋਲ ਆ ਜਾਣ।
ਅੱਖਾਂ ਚੈਕ ਕਰਕੇ ਡਾæ ਸਾਹਿਬ ਨੇ ਪੁੱਛਿਆ, “ਭੈਣ ਜੀ, ਅੱਜ ਤਾਂ ਰਹੋਗੇ ਨਾ?”
ਮੈਂ ਕਿਹਾ, “ਹਾਂ ਜੀ।”
ਘਰ ਆ ਕੇ ਮੈਂ ਸਵਰਨ ਨੂੰ ਦੱਸਿਆ ਕਿ ਡਾæ ਸਾਹਿਬ ਨੇ ਓਪਰਿਆਂ ਵਾਂਗ ਪੁੱਛਿਆ ਕਿ ਅੱਜ ਤਾਂ ਰਹੋਗੇ ਨਾ? ਉਹ ਹੱਸ ਪਈ ਤੇ ਆਖਣ ਲੱਗੀ, “ਏਨਾ ਵੀ ਸ਼ੁਕਰ ਹੈ ਕਿ ਤੁਹਾਡੇ ਕੋਲੋਂ ਇਹ ਨਹੀਂ ਪੁੱਛਿਆ ਕਿ ਰਹੋਗੇ ਕਿਥੇ?”
ਮੈਂ ਕਿਹਾ, “ਪੁੱਛਦੇ ਤਾਂ ਮੈਂ ਆਖ ਦੇਣਾ ਸੀ, ਤੁਹਾਡੇ ਘਰ।”
ਸਵਰਨ ਆਖਣ ਲੱਗੀ, “ਤੁਹਾਨੂੰ ਕੀ ਦੱਸਾਂ। ਇਕ ਵਾਰ ਬਰਨਾਲਾ ਸਾਹਿਬ ਨੇ ਡਾæ ਸਾਹਿਬ ਨੂੰ ਆਖਿਆ ਕਿ ਮੈਂ ਤੁਹਾਨੂੰ ਘਰ ਅੱਖਾਂ ਦਿਖਾਉਣ ਆਉਣਾ ਹੈ, ਕੱਲ੍ਹ ਚਾਰ ਵਜੇ ਆ ਜਾਵਾਂ। ਡਾæ ਸਾਹਿਬ ਨੇ ਕਿਹਾ ਕਿ ਚਾਰ ਵਜੇ ਦੀ ਥਾਂ ਪੰਜ ਵਜੇ ਆ ਜਾਇਓ। ਮੈਂ ਹੌਲੀ ਦੇ ਕੇ ਡਾæ ਸਾਹਿਬ ਨੂੰ ਕਿਹਾ ਕਿ ਨਾਲ ਚਾਹ ਲਈ ਵੀ ਆਖ ਦਿਓ। ਇਨ੍ਹਾਂ ਨੇ ਆਖ ਦਿੱਤਾ ਕਿ ਨਾਲੇ ਚਾਹ ਦਾ ਪਿਆਲਾ ਵੀ ਪੀ ਜਾਇਓ। ਅਗਲੇ ਦਿਨ ਬਰਨਾਲਾ ਸਾਹਿਬ ਅੱਖਾਂ ਦਿਖਾ ਕੇ ਦੋ ਕੁ ਪਲ ਉਡੀਕ ਕੇ ਆਖਣ ਲੱਗੇ, “ਚੰਗਾ ਮੈਂ ਫੇਰ ਚੱਲਦਾਂ।”
ਡਾæ ਸਾਹਿਬ ਨੇ ਕਿਹਾ, “ਠੀਕ ਹੈ ਜੀ, ਸਤਿ ਸ੍ਰੀ ਅਕਾਲ।”
ਮੈਂ ਅਗਾਂਹ ਹੋ ਕੇ ਕਿਹਾ, “ਤੁਸੀਂਂ ਬਰਨਾਲਾ ਸਾਹਿਬ ਨੂੰ ਚਾਹ ਲਈ ਤਾਂ ਰੋਕੋ।”
ਇਹ ਸੁਣ ਕੇ ਇਨ੍ਹਾਂ ਨੇ ਕਿਹਾ, “ਬਰਨਾਲਾ ਸਾਹਿਬ ਮੈਂ ਭੁੱਲ ਹੀ ਗਿਆ ਸੀ। ਤੁਸੀਂਂ ਬੈਠੋ। ਆਪਾਂ ਚਾਹ ਪੀਂਦੇ ਹਾਂ।”
“ਆਪਣੇ ਕੰਮ ਵਿਚ ਭਾਵੇਂ ਮਰੀਜ਼ ਦੇਖਦੇ ਹੋਣ ਜਾਂ ਕੰਪਿਊਟਰ ‘ਤੇ ਰਿਸਰਚ ਕਰਦੇ ਹੋਣ, ਡਾæ ਸਾਹਿਬ ਬਾਕੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦੇ,” ਸਵਰਨ ਨੇ ਗੱਲ ਜਾਰੀ ਰੱਖਦਿਆਂ ਦੱਸਿਆ, “ਇੰਦੂ ਨਾਲ ਜਦੋਂ ਰਵੀ ਦੀ ਸ਼ਾਦੀ ਕਰਨੀ ਸੀ ਤਾਂ ਇਨ੍ਹਾਂ ਨੇ ਕਿਹਾ ਸੀ, ‘ਠੀਕ ਹੈ ਠੀਕ ਹੈ, ਸਭ ਠੀਕ ਹੈ।’ ਇਹ ਤਾਂ ਮੈਂ ਇੰਦੂ ਨੂੰ ਕਿਹਾ ਕਿ ਮੇਰੀ ਇਕ ਸ਼ਰਤ ਹੈ ਕਿ ਤੇਰੇ ਸਾਰੇ ਘਰ ਦੇ ਅਮਰੀਕਾ ਜੋ ਰਹਿੰਦੇ ਨੇ, ਤੂੰ ਰਵੀ ਨੂੰ ਅਮਰੀਕਾ ਨਹੀਂ ਲੈ ਕੇ ਜਾਏਂਗੀ। ਇੰਦੂ ਨੇ ਮੇਰੀ ਸ਼ਰਤ ਮੰਨ ਲਈ। ਹਸਪਤਾਲ ਵਿਚ ਸਭ ਤੋਂ ਵੱਧ ਕੰਮ ਉਹੀ ਕਰਦੀ ਹੈ। ਗਰਮੀਆਂ ਹੋਣ, ਸਰਦੀਆਂ ਹੋਣ ਨਹਾ ਕੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸਵੇਰੇ ਸਾਢੇ ਪੰਜ ਵਜੇ ਉਹ ਹਸਪਤਾਲ ਪਹੁੰਚੀ ਹੁੰਦੀ ਹੈ ਤੇ ਮਰੀਜ਼ਾਂ ਦੀਆਂ ਉਸ ਦੇ ਜਾਣ ਤੋਂ ਪਹਿਲਾਂ ਹੀ ਲਾਈਨਾਂ ਲੱਗ ਜਾਂਦੀਆਂ ਨੇ। ਬਾਕੀ ਸਾਰਾ ਟੱਬਰ ਮਗਰੋਂ ਵਾਰੋ ਵਾਰੀ ਜਾਂਦਾ ਹੈ। ਮੈਂ ਇਕ ਦਿਨ ਇੰਦੂ ਨੂੰ ਆਖਿਆ, ਤੇਰੇ ਨੱਕ ਵਿਚ ਡਾਇਮੰਡ ਦੀ ਜਿਹੜੀ ਤੀਲੀ ਪਾਈ ਹੋਈ ਹੈ ਬੜੀ ਸੋਹਣੀ ਲੱਗਦੀ ਹੈ। ਉਹ ਕਹਿਣ ਲੱਗੀ, ਇਹ ਮੰਮੀ ਨੇ ਲੈ ਕੇ ਦਿੱਤੀ ਹੈ, ਚਾਲੀ ਹਜ਼ਾਰ ਦੀ।”
ਮਗਰੋਂ ਸਵਰਨ ਦੱਸਣ ਲੱਗੀ ਕਿ ਇਹ ਬੜੀ ਭੋਲੀ ਹੈ। ਜਿੰਨੇ ਮਰਜ਼ੀ ਪੈਸੇ ਇਸ ਦੇ ਪਰਸ ‘ਚ ਪਾਵਾਂ ਜਾਂ ਨਾ ਪਾਵਾਂ ਇਸ ਨੂੰ ਕੋਈ ਪਰਵਾਹ ਨਹੀਂ।
ਇਕ ਦਿਨ ਸਵਰਨ ਅਤੇ ਉਸ ਦੀ ਛੋਟੀ ਨੂੰਹ ਸੀਮਾ ਇਕੋ ਬੈਡ ਉਪਰ ਬੈਠੀਆਂ ਗੱਲਾਂ ਕਰ ਰਹੀਆਂ ਸਨ। ਮੈਂ ਸੀਮਾ ਨੂੰ ਕਿਹਾ, “ਤੁਸੀਂ ਕਿਡੀਆਂ ਲੱਕੀ ਹੋ। ਤੁਹਾਡੀ ਮਦਰ ਇਨ ਲਾਅ ਕਿੰਨੀ ਚੰਗੀ ਐ।” ਇਹ ਸੁਣ ਕੇ ਸੀਮਾ ਕਹਿਣ ਲੱਗੀ, “ਆਂਟੀ, ਤੁਸੀਂ ਠੀਕ ਨਹੀਂ ਆਖ ਰਹੇ, ਇਹ ਸਾਡੇ ਮਦਰ ਇਨ ਲਾਅ ਨਹੀਂ, ਮਦਰ ਨੇ।”
ਅੱਜ ਕੱਲ੍ਹ ਦੇ ਸਪੈਸ਼ਲਾਈਜੇਸ਼ਨ ਦੇ ਜ਼ਮਾਨੇ ਵਿਚ ਤੁਹਾਨੂੰ ਚੰਗਾ ਡਾਕਟਰ, ਚੰਗਾ ਵਕੀਲ, ਚੰਗਾ ਪ੍ਰੋਫੈਸਰ ਆਦਿ ਤਾਂ ਮਿਲ ਜਾਣਗੇ, ਪਰ ਚੰਗਾ ਬੰਦਾ ਛੇਤੀ ਕਿਤੇ ਨਹੀਂ ਲੱਭਦਾ। ਡਾæ ਦਲਜੀਤ ਸਿੰਘ ਦਾ ਇਕ ਅਜਿਹਾ ਪਰਿਵਾਰ ਹੈ ਜਿਥੇ ਚੰਗੇ ਡਾਕਟਰਾਂ ਦੇ ਨਾਲ ਨਾਲ ਚੰਗੇ ਇਨਸਾਨ ਵੀ ਹਨ। ਅਜਿਹਾ ਮਾਹੌਲ ਸਿਰਜਣ ਵਿਚ ਪ੍ਰੋਫੈਸਰ ਸਾਹਿਬ ਸਿੰਘ ਤੋਂ ਬਿਨਾ ਡਾæ ਦਲਜੀਤ ਸਿੰਘ ਤੇ ਸਵਰਨ ਦਾ ਬਹੁਤ ਵੱਡਾ ਯੋਗਦਾਨ ਹੈ।
ਡਾæ ਦਲਜੀਤ ਸਿੰਘ ਨਾ ਸਿਰਫ ਅੱਖਾਂ ਦੇ ਮਾਹਿਰ ਡਾਕਟਰ ਹੀ ਹਨ ਸਗੋਂ ਚੰਗੇ ਲੇਖਕ ਵੀ ਹਨ। ਅੱਖਾਂ ਦਾ ਹੀ ਇਲਾਜ ਨਹੀਂ ਕਰਦੇ ਸਗੋਂ ਇਲਾਜ ਵਾਲੀ ਖੋਜ ਉਪਰ ਵੀ ਬਹੁਤ ਸਮਾਂ ਲੱਗਾਉਂਦੇ ਨੇ। ਡਾæ ਸਾਹਿਬ ਦੀ ਪ੍ਰਤਿਭਾ ਇਕ ਪੱਖੀ ਨਹੀਂ। ਜੇ ਤੁਸੀਂ ਡਾæ ਸਾਹਿਬ ਦੇ ਸਰਮਾਏਦਾਰੀ ਦੀਆਂ ਅੰਦਰਲੀਆਂ ਕਾਲੀਆਂ ਕਰਤੂਤਾਂ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਛਿਪੇ ਮਾਰੂ ਚਾਲਾਂ ਵਾਲੇ ਲਿਖੇ ਲੇਖ ਪੜ੍ਹ ਲਓ ਤਾਂ ਤੁਸੀਂ ਅੱਜ ਦੇ ਭਿਆਨਕ ਸੱਚ ਨੂੰ ਸਮਝਣ ਦੇ ਸਮਰੱਥ ਹੋ ਸਕਦੇ ਹੋ।
ਪਹਿਲੀ ਵਾਰੀ ਜਦੋਂ ਮੈਂ ਅੱਖਾਂ ਦਿਖਾਉਣ ਗਈ ਸੀ ਤਾਂ ਖਾਣਾ ਖਾਣ ਵੇਲੇ ਡਾæ ਇੰਦੂ ਨੇ ਕਿਹਾ, “ਆਂਟੀ ਇੰਜੈਕਸ਼ਨ ਲੱਗਾ ਕੇ ਲੇਜ਼ਰ ਨਾਲ ਟਰੀਟਮੈਂਟ ਦੇ ਕੇ ਨਿਗਾਹ ਹੋਰ ਘੱਟਣੋਂ ਰੋਕੀ ਜਾ ਸਕਦੀ ਹੈ। ਪਰ ਇੰਜੈਕਸ਼ਨ ਥੋੜ੍ਹਾ ਮਹਿੰਗਾ ਹੈ।” ਇਹ ਸੁਣ ਕੇ ਡਾæ ਸਾਹਿਬ ਕਹਿਣ ਲੱਗੇ, “ਮਹਿੰਗਾ ਹੈ ਤਾਂ ਕੀ ਇਲਾਜ ਨਹੀਂ ਕਰਾਉਣਾ। ਕੱਲ੍ਹ ਨੂੰ ਬੰਦਾ ਭੇਜ ਕੇ ਦਿੱਲੀ ਤੋਂ ਇੰਜੈਕਸ਼ਨ ਮੰਗਵਾਓ। ਹੁਣ ਆਏ ਹੋਏ ਨੇ ਭੈਣ ਜੀ। ਪੰਜ ਚਾਰ ਦਿਨ ਰਹਿ ਕੇ ਟਰੀਟਮੈਂਟ ਕਰਵਾ ਕੇ ਜਾਣਗੇ।”
ਮੈਂ ਕਿਹਾ, “ਠੀਕ ਹੈ।”
ਅਗਲੇ ਦਿਨ ਬਾਈ ਏਅਰ ਜਾ ਕੇ ਬੰਦਾ ਇੰਜੈਕਸ਼ਨ ਲੈ ਆਇਆ। ਜਦੋਂ ਉਹ ਸਵਰਨ ਨੂੰ ਬਿਲ ਦੇ ਕੇ ਪੈਸੇ ਲੈਣ ਆਇਆ ਤਾਂ ਉਸ ਵੇਲੇ ਮੈਨੂੰ ਪਤਾ ਲੱਗਿਆ ਕਿ ਇੰਜੈਕਸ਼ਨ ਪੱਚਾਸੀ ਹਜ਼ਾਰ ਰੁਪਏ ਦਾ ਸੀ। ਜੇ ਮੈਨੂੰ ਨਾ ਪਤਾ ਲੱਗਦਾ ਤਾਂ ਮੇਰੇ ਕੋਲੋਂ ਪੈਸੇ ਨਹੀਂ ਸੀ ਮੰਗਣੇ। ਮਗਰੋਂ ਜਾ ਕੇ ਮੈਂ ਜਦੋਂ ਪੈਸੇ ਭੇਜੇ ਤਾਂ ਇੰਦੂ ਫੋਨ ‘ਤੇ ਕਹਿਣ ਲੱਗੀ, “ਆਂਟੀ ਜ਼ਿਆਦਤੀ ਕਰ ਰਹੇ ਹੋ। ਜੇ ਮੰਮੀ ਦੇ ਇੰਜੈਕਸ਼ਨ ਲੱਗਦਾ ਤਾਂ ਫੇਰ ਅਸੀਂ ਕੀ ਉਨ੍ਹਾਂ ਤੋਂ ਪੈਸੇ ਮੰਗਦੇ। ਤੁਸੀਂ ਵੀ ਤਾਂ ਮੰਮੀ ਵਰਗੇ ਹੋ।”
ਮੈਂ ਆਖਿਆ, “ਇੰਦੂ ਜਿਹੜੀਆਂ ਤੁਸੀਂ ਮੇਰੀਆਂ ਅੱਖਾਂ ਬਚਾ ਲਈਆਂ, ਉਹ ਹੀ ਬੜੀ ਵੱਡੀ ਗੱਲ ਹੈ।”
ਇਕ ਵਾਰੀ ਜਦੋਂ ਮੈਂ ਸਵਰਨ ਨੂੰ ਕਿਹਾ, “ਭਾਬੀ ਜੀ, ਮੈਂ ਜਦੋਂ ਦੀ ਤੁਹਾਨੂੰ ਦੇਖਦੀ ਹਾਂ, ਤੁਸੀਂ ਉਹੋ ਜਿਹੇ ਦੇ ਉਹੋ ਜਿਹੇ ਦਿਖਦੇ ਹੋ। ਕੋਈ ਚੇਂਜ ਨਹੀਂ ਆਈ।”
ਇਹ ਸੁਣ ਕੇ ਸਵਰਨ ਕਹਿਣ ਲੱਗੀ, “ਭੈਣ ਜੀ, ਤੁਹਾਡੇ ਵਿਚ ਵੀ ਕੋਈ ਖਾਸ ਚੇਂਜ ਨਹੀਂ ਆਈ।” ਕੋਲ ਬੈਠੇ ਚਾਹ ਪੀਂਦੇ ਡਾæ ਸਾਹਿਬ ਬੋਲੇ, “ਤੁਸੀਂ ਦੋਵੇਂ ਆਪਣੀਆਂ ਅੱਖਾਂ ਟੈਸਟ ਕਰਾਓ।”
ਇੱਡੇ ਸ਼ਾਂਤ, ਸਹਿਜ ਤੇ ਖਿੜੇ ਹੋਏ ਪਰਿਵਾਰ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ। ਸਵਰਨ ਨੂੰ ਕੈਂਸਰ ਹੋ ਗਿਆ। ਅਮਰੀਕਾ ਰਹਿ ਕੇ ਵੀ ਇਲਾਜ ਕਰਵਾ ਆਏ। ਇਕ ਦੋ ਵਾਰੀ ਜਾ ਕੇ ਮੈਂ ਵੀ ਖਬਰ ਲੈ ਆਈ। ਆਪਣੇ ਕੰਮਾਂ ਧੰਦਿਆਂ ਦੀ ਪਰਵਾਹ ਨਾ ਕਰਕੇ ਹਰ ਵੇਲੇ ਉਨ੍ਹਾਂ ਦੇ ਘਰ ਦਾ ਕੋਈ ਨਾ ਕੋਈ ਜੀਅ ਸਵਰਨ ਕੋਲ ਬੈਠਾ ਹਰ ਤਰ੍ਹਾਂ ਨਾਲ ਉਸ ਦਾ ਧਿਆਨ ਰੱਖਦਾ। ਫੇਰ ਇਕ ਦਿਨ ਸਵਰਨ ਦਾ ਫੋਨ ਆਇਆ, “ਭੈਣ ਜੀ, ਆ ਕੇ ਮੈਨੂੰ ਮਿਲ ਜਾਓ।” ਮੈਂ ਚਲੀ ਗਈ। ਦੂਸਰੇ ਦਿਨ ਜੰਮੂ ਤੋਂ ਉਸ ਦੇ ਪੇਕਿਆਂ ਦਾ ਪਰਿਵਾਰ ਖਬਰ ਨੂੰ ਆ ਗਿਆ। ਮੈਂ ਸਵਰਨ ਨੂੰ ਕਿਹਾ, “ਤੁਸੀਂ ਠੀਕ ਰਹੋ। ਮੈਂ ਕੁਝ ਚਿਰ ਮਗਰੋਂ ਫੇਰ ਆ ਜਾਵਾਂਗੀ।”
ਉਹ ਬੈਡ ਤੋਂ ਉਠ ਕੇ ਮੇਰਾ ਹੱਥ ਫੜ ਕੇ ਹੌਲੀ ਹੌਲੀ ਤੁਰਦੀ ਬੋਲੀ, “ਕੁਝ ਚਿਰ ਨੂੰ ਤਾਂ ਕਾਰਡ ਹੀ ਪਹੁੰਚੇਗਾ।” ਪਿਛਲੇ ਕਮਰੇ ‘ਚ ਜਾ ਕੇ ਉਸ ਨੇ ਇਕ ਅਟੈਚੀਕੇਸ ਵਿਚੋਂ ਲਿਫਾਫੇ ਵਿਚ ਪਾਇਆ ਇਕ ਸੂਟ ਕੱਢਿਆ ਤੇ ਮੈਨੂੰ ਦਿੰਦੀ ਹੋਈ ਕਹਿਣ ਲੱਗੀ, “ਮੈਂ ਜੰਮੂ ਤੋਂ ਕਾਫੀ ਚਿਰ ਹੋਇਆ ਆਪਣੇ ਸੂਟ ‘ਤੇ ਕਢਾਈ ਕਰਵਾਈ ਸੀ ਤੇ ਨਾਲ ਤੁਹਾਡਾ ਵੀ ਬਣਵਾਇਆ ਸੀ। ਇਹ ਤੁਸੀਂ ਲੈ ਜਾਓ।”
ਮੈਂ ਭਰੇ ਮਨ ਨਾਲ ਉਥੋਂ ਆ ਗਈ। ਸੱਚਮੁੱਚ ਹੀ ਕੁਝ ਦਿਨਾਂ ਮਗਰੋਂ ਭੋਗ ਦਾ ਕਾਰਡ ਆ ਗਿਆ। ਸਵਰਨ ਨਹੀਂ ਸੀ ਰਹੀ। ਮੈਂ ਭੋਗ ‘ਤੇ ਗਈ। ਭੋਗ ਪੈਣ ਮਗਰੋਂ ਡਾæ ਸਾਹਿਬ ਅਤੇ ਕੁਝ ਹੋਰ ਬੰਦੇ ਭੋਗ ‘ਤੇ ਆਏ ਲੋਕਾਂ ਦਾ ਧੰਨਵਾਦ ਕਰਨ ਲਈ ਲਾਈਨ ‘ਚ ਖੜ੍ਹੇ ਸਨ। ਮੈਂ ਜਦ ਸਤਿ ਸ੍ਰੀ ਅਕਾਲ ਬੁਲਾਉਣ ਲਈ ਡਾæ ਸਾਹਿਬ ਕੋਲ ਪਹੁੰਚੀ ਤਾਂ ਮੇਰੇ ਹੱਥ ਆਪਣੇ ਹੱਥਾਂ ਵਿਚ ਲੈ ਕੇ ਡਾæ ਸਾਹਿਬ ਬੱਚਿਆਂ ਵਾਂਗ ਭੁੱਬਾਂ ਮਾਰ ਕੇ ਰੋ ਪਏ ਜਿਵੇਂ ਮੈਂ ਹੀ ਉਨ੍ਹਾਂ ਦਾ ਦਰਦ ਸਮਝਦੀ ਹੋਵਾਂ।
ਅੱਜ ਕੱਲ੍ਹ ਡਾæ ਸਾਹਿਬ ਬਹੁਤੇ ਠੀਕ ਨਹੀਂ। ਮੇਰੀ ਦੁਆ ਹੈ ਕਿ ਰੱਬ ਉਨ੍ਹਾਂ ‘ਤੇ ਮਿਹਰ ਦਾ ਹੱਥ ਰੱਖੇ।