ਭੁੱਕੀ

ਬਲਜੀਤ ਬਾਸੀ
ਸਾਰਾ ਜੱਗ ਜਾਣਦਾ ਹੈ ਕਿ ਇਸ ਵੇਲੇ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਬੁਰੀ ਤਰ੍ਹਾਂ ਗ੍ਰਸਤ ਹੈ। ਸ਼ਰਾਬ ਨੂੰ ਤਾਂ ਹੁਣ ਨਸ਼ਾ ਗਿਣਨ ਤੋਂ ਵੀ ਮੁਨਕਰ ਹੋਇਆ ਜਾ ਰਿਹਾ ਹੈ। ਰਵਾਇਤੀ ਨਸ਼ਿਆਂ-ਸ਼ਰਾਬ, ਅਫੀਮ, ਡੋਡਿਆਂ, ਭੰਗ ਤੋਂ ਬਿਨਾ ਸਿੰਥੈਟਿਕ ਨਸ਼ੀਲੇ ਪਦਾਰਥਾਂ ਅਤੇ ਕਈ ਦਵਾਈਆਂ ਦੀ ਵੀ ਨਸ਼ੇ ਵਜੋਂ ਵਰਤੋਂ ਹੋਣ ਲੱਗ ਪਈ ਹੈ। ਪਿਛਲੇ ਸਮਿਆਂ ਵਿਚ ਦੁਆਬੇ ਵਿਚ ਪੋਸਤ ਦਾ ਨਸ਼ਾ ਬਹੁਤ ਕੀਤਾ ਜਾਂਦਾ ਸੀ। ਪਰ ਅੱਜ ਸ਼ਾਇਦ ਮਾਲਵਾ ਉਪਰ ਦੀ ਹੋ ਗਿਆ ਹੈ। ਪੋਸਤ ਜਾਂ ਡੋਡਿਆਂ ਦਾ ਅਮਲ ਕਰਨ ਵਾਲੇ ਨੂੰ ਪੋਸਤੀ, ਡੁਡਈ ਜਾਂ ਅਮਲੀ ਆਖਿਆ ਜਾਂਦਾ ਸੀ।

ਕਈ ਕੋਸ਼ ਤੇ ਹੋਰ ਸਰੋਤ ਅਮਲੀ ਵਿਚਲੇ ḔਅਮਲḔ ਸ਼ਬਦ ਦਾ ਅਰਥ ਤੇਜ਼ਾਬ ਕਰਦੇ ਹਨ ਕਿਉਂਕਿ ਇਸ ਵਿਚ ਖੱਟੇਪਣ ਦਾ ਭਾਵ ਹੈ। ਪਰ ਇਹ ਸਹੀ ਨਹੀਂ ਹੈ। ਹਥਲਾ ḔਅਮਲḔ ਸ਼ਬਦ ਅਰਬੀ ਵਲੋਂ ਆਇਆ ਹੈ ਜਿਸ ਵਿਚ ਕੰਮ ਕਰਨ ਤੋਂ ਮੁਰਾਦ ਹੈ। ਇਸ ਤੋਂ ਇਲਾਵਾ ਇਹ ਸ਼ਬਦ ਆਪਣੇ ਵਿਚ ਕਾਸੇ ਨੂੰ ਵਰਤਣ, ਇਸਤੇਮਾਲ ਕਰਨ ਜਾਂ ਅਭਿਆਸ ਕਰਨ ਦੇ ਮਤਲਬ ਵੀ ਸਮੋਈ ਬੈਠਾ ਹੈ। ਕਿਸੇ ਚੀਜ਼ ਨੂੰ ਲਗਾਤਾਰ ਵਰਤਣ ਨਾਲ ਇਸ ਦਾ ਗੇਝੜਾ ਪੈ ਜਾਂਦਾ ਹੈ। ਇਸ ਤਰ੍ਹਾਂ ਅਮਲ ਵਿਚ ਬਾਣ, ਆਦਤ, ਲਤ ਦੇ ਭਾਵ ਵਿਕਸਿਤ ਹੁੰਦੇ ਹਨ। ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸਤੇਮਾਲ ਸ਼ਬਦ ਵੀ ਅਰਬੀ ਅਮਲ ਤੋਂ ਬਣਿਆ ਹੈ ਅਤੇ ਅਮਲ ਸ਼ਬਦ ਦੀ ਤਰ੍ਹਾਂ ਅਭਿਆਸ ਸ਼ਬਦ ਤੋਂ ਸੁੰਗੜ ਕੇ ਬਣਿਆ ਸ਼ਬਦ ‘ਭੁਸ’ ਵੀ ਬਾਣ ਆਦਤ, ਲਤ ਦਾ ਅਰਥਾਵਾਂ ਬਣ ਗਿਆ ਹੈ। ਉਰਦੂ, ਪੰਜਾਬੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਅਮਲ ਕਰਨ ਵਾਲੇ ਲਈ ਅਮਲੀ ਸ਼ਬਦ ਪ੍ਰਚਲਤ ਹੋਇਆ। ਅਮਲ ਪਾਣੀ ਦਾ ਅਰਥ ਨਸ਼ਾ ਪਾਣੀ ਹੈ।
ਜਿਵੇਂ ਉਪਰ ਸੰਕੇਤ ਕੀਤਾ ਜਾ ਚੁਕਾ ਹੈ, ਸਾਡੇ ਜ਼ਮਾਨੇ ਵਿਚ ਪੋਸਤ ਦਾ ਨਸ਼ਾ ਕਰਨ ਦੇ ਪ੍ਰਸੰਗ ਵਿਚ ਡੋਡੇ ਸ਼ਬਦ ਚਲਦਾ ਸੀ ਜਿਵੇਂ, ‘ਉਹ ਡੋਡੇ ਪੀਂਦਾ ਹੈ’, ‘ਡੋਡੇ ਮਲ ਲਓ’ ਆਦਿ। ਪਰ ਹੁਣ ਆਮ ਤੌਰ ‘ਤੇ ਭੁੱਕੀ ਸ਼ਬਦ ਚੱਲਣ ਲੱਗ ਪਿਆ ਹੈ। ਸੰਭਵ ਹੈ ਇਹ ਮਾਲਵੇ ਅਤੇ ਨਾਲ ਲਗਦੇ ਰਾਜਸਥਾਨੀ ਖੇਤਰ ਵਿਚ ਚਿਰ ਤੋਂ ਵਰਤਿਆ ਜਾਂਦਾ ਰਿਹਾ ਹੋਵੇ। ਨਸ਼ੇ ਵਜੋਂ ਡੋਡਿਆਂ ਦੀ ਦੋ ਤਰ੍ਹਾਂ ਨਾਲ ਵਰਤੋਂ ਹੁੰਦੀ ਹੈ, ਪੋਸਤ ਦੇ ਬੂਟਿਆਂ ‘ਤੇ ਲੱਗੇ ਡੋਡਿਆਂ ਉਤੇ ਪੱਛ ਲਾ ਕੇ ਕਢੇ ਰਸੇ ਤੋਂ ਬਣਾਈ ਅਫੀਮ ਵਜੋਂ ਅਤੇ ਇਨ੍ਹਾਂ ਵਿਚੋਂ ਖਸਖਸ ਕੱਢ ਕੇ ਸੁੱਕੇ ਡੋਡਿਆਂ ਵਜੋਂ। ਸੁੱਕੇ ਡੋਡਿਆਂ ਦਾ ਅਮਲ ਆਮ ਤੌਰ ‘ਤੇ ਤਿੰਨ ਤਰ੍ਹਾਂ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਡੋਡਿਆਂ ਨੂੰ ਪਾਣੀ ਵਿਚ ਭਿਉਂ ਕੇ ਤੇ ਮਲ ਕੇ ਪੀਤਾ ਜਾਂਦਾ ਹੈ। ਭੁੱਕੀ ਨੂੰ ਕਾੜ੍ਹ ਕੇ ਤਿਆਰ ਕੀਤਾ ਕਾੜ੍ਹਾ ਜਾ ਕੜਾਹ ਵੀ ਆਮ ਖਾਧਾ ਜਾਣ ਲੱਗ ਪਿਆ ਹੈ। ਕਈ ਕਾਹਲੇ ਤਾਂ ਭੁੱਕੀ ਦਾ ਫੱਕਾ ਹੀ ਮਾਰ ਲੈਂਦੇ ਹਨ।
ਇਕ ਦਿਲਚਸਪ ਦੰਦ ਕਥਾ ਪ੍ਰਚਲਿਤ ਹੈ ਕਿ ਪੋਸਤ ਦਾ ਬੂਟਾ ਕਿਵੇਂ ਹੋਂਦ ਵਿਚ ਆਇਆ। ਪੁਰਾਣੇ ਜ਼ਮਾਨੇ ਵਿਚ ਗੰਗਾ ਕਿਨਾਰੇ ਇਕ ਚੂਹਾ ਤੇ ਰਿਸ਼ੀ ਇਕੋ ਕੁਟੀਆ ਵਿਚ ਰਹਿੰਦੇ ਸਨ। ਚੂਹਾ ਵਿਚਾਰਾ ਹਮੇਸ਼ਾ ਬਿੱਲੀ ਤੋਂ ਡਰਦਾ ਰਹਿੰਦਾ ਸੀ। ਇਸ ਲਈ ਉਸ ਦੇ ਮਿੰਨਤਾਂ-ਤਰਲਿਆਂ ‘ਤੇ ਰਿਸ਼ੀ ਨੇ ਆਪਣੀ ਸ਼ਕਤੀ ਨਾਲ ਚੂਹੇ ਨੂੰ ਬਿੱਲੀ ਬਣਾ ਦਿੱਤਾ। ਹੁਣ ਬਿੱਲੀ ਦੀ ਕੁੱਤਿਆਂ ਤੋਂ ਸ਼ਾਮਤ ਆਉਣ ਲੱਗੀ ਤਾਂ ਰਿਸ਼ੀ ਨੇ ਉਸ ਦੇ ਕਹਿਣ ‘ਤੇ ਉਸ ਨੂੰ ਕੁੱਤਾ ਬਣਾ ਦਿੱਤਾ। ਗੱਲ ਕੀ, ਰਿਸ਼ੀ ਦੇ ਹਮ-ਨਿਵਾਸੀ ਨੇ ਬਾਂਦਰ, ਸੂਰ, ਹਾਥੀ ਦੀ ਜੂਨ ਧਾਰ ਕੇ ਵੀ ਦੇਖ ਲਈ ਪਰ ਉਹ ਅਸੁਰੱਖਿਅਤ ਹੀ ਮਹਿਸੂਸ ਕਰਦਾ ਰਿਹਾ। ਆਖਰ ਰਿਸ਼ੀ ਨੇ ਉਸ ਨੂੰ ਇਕ ਸੁੰਦਰ ਯੁਵਤੀ ਬਣਾ ਦਿੱਤਾ। ਪੋਸਤਮੋਨੀ ਨਾਮ ਦੀ ਇਸ ਯੁਵਤੀ ਨੇ ਇਕ ਰਾਜੇ ਨਾਲ ਵਿਆਹ ਰਚਾ ਲਿਆ ਪਰ ਛੇਤੀ ਹੀ ਖੂਹ ਵਿਚ ਡਿਗ ਕੇ ਮਰ ਗਈ। ਰਾਜੇ ਦੀ ਦਿਲਜੋਈ ਖਾਤਰ ਰਿਸ਼ੀ ਨੇ ਮਰੀ ਰਾਣੀ ਨੂੰ ਪੋਸਤ ਦਾ ਬੂਟਾ ਬਣਾ ਕੇ ਅਮਰ ਕਰ ਦਿੱਤਾ। ਰਿਸ਼ੀ ਨੇ ਮੰਤਰ ਮਾਰ ਕੇ ਕਿਹਾ ਕਿ ਇਸ ਬੂਟੇ ਦੇ ਡੋਡੇ ਤੋਂ ਅਫੀਮ ਬਣੇਗੀ ਜਿਸ ਨੂੰ ਲੋਕ ਹਾਬੜ ਕੇ ਖਾਇਆ ਕਰਨਗੇ। ਜੋ ਵੀ ਇਸ ਨੂੰ ਖਾਵੇਗਾ ਉਸ ਵਿਚ ਇਸ ਬੂਟੇ ਦੇ ਪੂਰਬਲੇ ਹਰੇਕ ਜਾਨਵਰ ਰੂਪ ਦਾ ਇਕ ਇਕ ਗੁਣ ਆ ਜਾਵੇਗਾ ਅਰਥਾਤ ਉਹ ਚੂਹੇ ਵਾਂਗ ਸ਼ਰਾਰਤੀ, ਬਿੱਲੀ ਵਾਂਗ ਦੁੱਧ ਦਾ ਸ਼ੌਕੀਨ, ਕੁੱਤੇ ਵਾਂਗ ਲੜਾਕਾ, ਬਾਂਦਰ ਵਾਂਗ ਗੰਦਾ, ਸੂਰ ਵਾਂਗ ਵਹਿਸ਼ੀ, ਹਾਥੀ ਵਾਂਗ ਤਕੜਾ ਅਤੇ ਰਾਣੀ ਵਾਂਗ ਖੁਸ਼-ਮਿਜ਼ਾਜ ਹੋਵੇਗਾ। ਦੰਦ ਕਥਾ ਡੋਡੇ ਅਫੀਮ ਸੇਵਨ ਕਰਨ ਦੇ ਸਿੱਟਿਆਂ ਬਾਰੇ ਚਾਨਣਾ ਪਾਉਂਦੀ ਹੈ।
ਸੁੱਕੇ ਹੋਏ ਅਤੇ ਖਸਖਸ ਕੱਢੇ ਪੋਸਤ ਦੇ ਚੂਰੇ ਨੂੰ ਭੁੱਕੀ ਆਖਿਆ ਜਾਂਦਾ ਹੈ। ਪੰਜਾਬ ਵਿਚ ਹੋਰ ਨਸ਼ਿਆਂ ਦੇ ਨਾਲ ਭੁੱਕੀ ਦੀ ਲੱਤ ਹੱਦਾਂ ਬੰਨੇ ਟੱਪ ਗਈ ਹੈ ਜਿਸ ਕਾਰਨ ਰਾਜਸੀ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ। ਚੋਣਾਂ ਦੇ ਦਿਨਾਂ ਵਿਚ ਅਮਲੀ ਸ਼ਰ੍ਹੇਆਮ ਆਖਣ ਲੱਗ ਪੈਂਦੇ ਹਨ, ਜੇ ਭੁੱਕੀ ਨਹੀਂ ਤਾਂ ਵੋਟ ਨਹੀਂ। ਇਕ ਕਹਾਵਤ ਪ੍ਰਚਲਿਤ ਹੈ ਕਿ ਅਕਲ ਬਦਾਮ ਖਾ ਕੇ ਨਹੀਂ, ਭੁੱਕੀ ਖਾ ਕੇ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਭੁੱਕੀ ਦੇ ਨਸ਼ੇ ਨਾਲ ਮਰਦਾਵੀਂ ਸ਼ਕਤੀ ਅਰਬੀ ਘੋੜੇ ਤੋਂ ਵੀ ਵਧ ਕੇ ਹੋ ਜਾਂਦੀ ਹੈ। ਗੱਗ ਬਾਣੀ ਵੀ ਸੁਣ ਲਓ,
ਜਦ ਫੀਮ ਮਿਲੇ ਨਾ ਭੁੱਕੀ ਨੀਂ, ਥਾਣਿਓਂ ਵੀ ਹੋਵੇ ਮੁੱਕੀ ਨੀਂ।
ਤੂੰ ਲਾਹ ਪੈਰਾਂ ‘ਚੋਂ ਜੁੱਤੀ ਨੀਂ, ਆ ਜਾਵੀਂ ਬੂਥਾ ਚੁੱਕੀ ਨੀਂ।
ਪੋਸਤ ਦੀ ਪੈਦਾਵਾਰ ਵਧੇਰੇ ਕਰ ਕੇ ਪੰਜਾਬ ਦੇ ਗੁਆਂਢੀ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਹੁੰਦੀ ਹੈ ਜਿਥੇ ਇਸ ਦੀ ਖੇਤੀ ਕਾਨੂੰਨੀ ਹੈ। ਪੰਜਾਬ ਦੇ ਨਾਲ ਲਗਦੇ ਰਾਜਸਥਾਨ ਦੇ ਕਈ ਪਿੰਡਾਂ ਵਿਚ ਕਈ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ ਜਿਨ੍ਹਾਂ ਉਪਰ ਲਿਖਿਆ ਹੋਇਆ ਹੁੰਦਾ ਹੈ, Ḕਠੇਕਾ ਭੁੱਕੀ ਪੋਸਤ।’ ਰਾਜਸਥਾਨ ਦੇ ਢਾਬਿਆਂ ਵਿਚ ‘ਭੁੱਕੀ ਵਾਲੀ ਚਾਹ’ ਵੀ ਵੇਚੀ ਜਾਂਦੀ ਹੈ। ਇਸ ਤਰ੍ਹਾਂ ਪੋਸਤ ਦੇ ਚੂਰੇ ਅਰਥਾਤ ਭੁੱਕੀ ਦੀ ਪੰਜਾਬ ਵਿਚ ਗੈਰ-ਕਾਨੂੰਨੀ ਤੌਰ ‘ਤੇ ਸਮਗਲਿੰਗ ਹੁੰਦੀ ਹੈ। ਜਦ ਭੁੱਕੀ ਦਾ ਭਰਿਆ ਟਰੱਕ ਆਦਿ ਮਾਲਵੇ ਦੇ ਪਿੰਡਾਂ ਵਿਚ ਪੁੱਜਦਾ ਹੈ ਤਾਂ ਨਸ਼ੇੜੀਆਂ ਦੇ ਮੂੰਹੋਂ ਮੂੰਹ ਜਾਣੋ ਇਕ ਕੋਡ ਉਚਾਰਿਆ ਜਾਂਦਾ ਹੈ, ‘ਜਹਾਜ ਆ ਗਿਆ ਓਏ।’ ਭੁੱਕੀ ਦੀ ਤੋਟ ਮਾਰੇ ਕਈ ਰਾਜਸਥਾਨ ਵਿਚ ਭੁੱਕੀ ਦੇ ਟਿਕਾਣਿਆ ‘ਤੇ ਜਾ ਪੁੱਜਦੇ ਹਨ। ਇਨ੍ਹਾਂ ਨਸ਼ੇੜੀਆਂ ਨੂੰ ਇਥੇ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਵੇਂ ਪੰਜਾਬ ਤੋਂ ਬੀਕਾਨੇਰ ਜਾਂਦੀ ਗੱਡੀ ਦਾ ਨਾਂ ‘ਕੈਂਸਰ ਐਕਸਪ੍ਰੈਸ’ ਚੱਲ ਪਿਆ ਹੈ ਕਿਉਂਕਿ ਇਸ ਵਿਚਲੇ ਬਹੁਤੇ ਕੈਂਸਰ ਮਰੀਜ਼ ਮੁਸਾਫਰ ਬੀਕਾਨੇਰ ਇਸ ਬੀਮਾਰੀ ਦੇ ਇਲਾਜ ਵਾਸਤੇ ਜਾਂਦੇ ਹਨ, ਇਸੇ ਤਰ੍ਹਾਂ ਨਸ਼ੇੜੀਆਂ ਨੂੰ ਰਾਜਸਥਾਨ ਢੋਂਦੀ ਗੱਡੀ ‘ਭੁੱਕੀ ਟਰੈਵਲਜ਼’ ਕਹਾਉਣ ਲੱਗ ਪਈ ਹੈ।
ਮੈਨੂੰ ਲਗਦਾ ਹੈ ਕਿ ਭੁੱਕੀ ਸ਼ਬਦ ਵਿਚ ਭੁੱਕਣ ਦਾ ਭਾਵ ਕੰਮ ਕਰ ਰਿਹਾ ਹੈ। ਭੁੱਕਣਾ ਹੁੰਦਾ ਹੈ, ਕਿਸੇ ਬਰੀਕ ਪੀਸੀ ਹੋਈ ਚੀਜ਼ ਨੂੰ ਕਾਸੇ ਉਪਰ ਧੂੜਨਾ ਜਿਵੇਂ ਲੂਣ ਨੂੰ ਰੋਟੀ ਉਪਰ ਜਾਂ ਪਾਊਡਰ ਵਰਗੀਆਂ ਦਵਾਈਆਂ ਨੂੰ ਜ਼ਖਮ ਉਤੇ। ਇਸ ਲਈ ਬਰੂਰਨਾ ਸ਼ਬਦ ਵੀ ਚਲਦਾ ਹੈ। ਇਸ ਤਰ੍ਹਾਂ ਭੁੱਕੀ ਸ਼ਬਦ ਪੀਸੇ ਹੋਏ ਡੋਡਿਆਂ ਲਈ ਵੀ ਵਰਤਿਆ ਜਾਣ ਲੱਗਾ। ਬਹੁਤ ਸਾਰੇ ਸਰੋਤਾਂ ਅਨੁਸਾਰ ਭੁੱਕੀ ਸ਼ਬਦ ਸੰਸਕ੍ਰਿਤ ਦੇ ‘ਅਭਯੁਕਸ਼’ ਤੋਂ ਬਣਿਆ ਹੈ। ਅਭਯੁਕਸ਼ ਸ਼ਬਦ ਵਿਚ ਛਿੜਕਣ, ਤਰੌਂਕਣ, ਧੂੜਨ ਦੇ ਭਾਵ ਹਨ, ਖਾਸ ਤੌਰ ‘ਤੇ ਧਾਰਮਕ ਰਸਮਾਂ ਵਿਚ ਪਵਿਤਰ ਕਰਨ ਦੇ ਮਨਸ਼ੇ ਵਜੋਂ। ਕਿਸੇ ਚੀਜ਼ ਨੂੰ ਪਵਿਤਰ ਕਰਨ ਲਈ ਗੰਗਾ ਜਲ ਦਾ ਛੱਟਾ ਦਿੱਤਾ ਜਾਂਦਾ ਹੈ। ਭਾਵੇਂ ਇਹ ਸ਼ਬਦ ਆਮ ਤੌਰ ‘ਤੇ ਤਰਲ ਪਦਾਰਥ ਦੇ ਪ੍ਰਸੰਗ ਵਿਚ ਹੀ ਵਰਤੇ ਜਾਂਦੇ ਹਨ ਪਰ ਆਟੇ ਵਾਂਗ ਪੀਸੀ ਹੋਈ ਚੀਜ਼ ਨੂੰ ਛਿੜਕਣ ਲਈ ਵੀ ਇਹੋ ਸ਼ਬਦ ਵਰਤੇ ਜਾਂਦੇ ਹਨ।
ਅਭਯੁਕਸ਼ ਸ਼ਬਦ ਤੋਂ ਪਰਾਕ੍ਰਿਤ ਵਿਚ ਅਬਭੁਖ ਸ਼ਬਦ ਬਣਿਆ ਜਿਸ ਵਿਚ ਏਹੀ ਭਾਵ ਹਨ। ਅਭਯੁਕਸ਼ ਵਿਚੋਂ ‘ਅ’ ਧੁਨੀ ਅਲੋਪ ਹੋਣ ਨਾਲ ਭੁੱਕ ਜਿਹਾ ਸ਼ਬਦ ਹਥਿਆਉਂਦਾ ਹੈ। ਅਭਯੁਕਸ਼ ਸ਼ਬਦ ਬਣਿਆ ਅਭਿਯ+ਉਕਸ਼ ਤੋਂ ਜਿਸ ਵਿਚ ਪਹਿਲੇ ਘਟਕ ਦਾ ਭਾਵ ਨੇੜੇ ਆਉਣਾ ਜਿਹਾ ਹੈ। ਸਾਡੇ ਮਤਲਬ ਦਾ ਦੂਜਾ ਘਟਕ ਯਾਨਿ ਉਕਸ਼ ਹੈ। ਉਕਸ਼ ਸ਼ਬਦ ਦੇ ਸੰਸਕ੍ਰਿਤ ਵਿਚ ਅਰਥ ਹਨ ਛਿੜਕਣਾ, ਸਿੰਜਣਾ, ਛਿੱਟਾ ਦੇਣਾ, ਖਿੰਡਾਉਣਾ। ਇਸ ਦਾ ਵਿਸ਼ੇਸ਼ ਭਾਵ ਬੀਜਾਂ ਦਾ ਛੱਟਾ ਦੇਣਾ ਵੀ ਹੈ। ਇਸ ਤੋਂ ਅੱਗੇ ਦਿਲਚਸਪ ਅਰਥ ਵਿਕਸਿਤ ਹੋਇਆ ਬਲਦ ਵਲੋਂ ਬੀਜ ਅਰਥਾਤ ਵੀਰਯ ਛੱਡਣਾ। ਇਥੋਂ ਹੀ ਸੰਸਕ੍ਰਿਤ ਵਿਚ ਉਕਸ਼ਨ ਸ਼ਬਦ ਹੋਰ ਅੱਗੇ ਵਿਕਾਸ ਪਾ ਕੇ ਬਲਦ, ਸਾਂਢ ਦੇ ਅਰਥ ਧਾਰਨ ਕਰ ਗਿਆ। ਪਾਠਕ ਨੋਟ ਕਰਨ, ਇਸ ਕਿਰਿਆ ਵਿਚ ਬਲਦ ਵਲੋਂ ਗਊ ਵਿਚ ਬੀਜ ਸੁੱਟਣ ਅਰਥਾਤ ਗਭਣ ਕਰਨ ਦਾ ਭਾਵ ਕੰਮ ਕਰ ਰਿਹਾ ਹੈ। ਇਕ ਪ੍ਰਸੰਗ ਵਿਚ ਸੋਮ ਰਸ ਨੂੰ ਵੀ ਉਕਸ਼ਨ ਕਿਹਾ ਗਿਆ ਹੈ ਕਿਉਂਕਿ ਇਸ ਨੂੰ ਤੁਪਕਾ ਤੁਪਕਾ ਕਰਕੇ ਛਿੜਕਿਆ ਜਾਂਦਾ ਸੀ।
ਪੰਜਾਬੀ ਵਿਚ ਸ਼ਰਾਬ ਪੀਣ ਨੂੰ ਛਿੱਟ ਛਿੱਟ ਲਾਉਣਾ ਕਿਹਾ ਜਾਂਦਾ ਹੈ! ਸੰਸਕ੍ਰਿਤ ਵਿਚ ‘ਉਕਸ਼ਤਰ’ ਵਹਿੜਕੇ ਨੂੰ ਕਹਿੰਦੇ ਹਨ। ਇਸ ਸ਼ਬਦ ਦੇ ਸਕੇ ਸੋਹਦਰੇ ਹੋਰ ਹਿੰਦ ਯੂਰਪੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਥੇ ਬਲਦ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਔਕਸ (ੌਣ) ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇਕ ਭਾਰੋਪੀ ਮੂਲ ਕਲਪਿਆ ਗਿਆ ਹੈ, ḔਉਕਸਨḔ ਜਿਸ ਵਿਚ ਨਰ ਅਰਥਾਤ ਨਰ-ਜਾਨਵਰ ਦੇ ਭਾਵ ਹਨ। ਇਸ ਤੋਂ ਪਰਾਕ-ਜਰਮੈਨਿਕ ਸ਼ਬਦ ਬਣਿਆ ਉਕਸ਼ੋਨ, ਜਿਸ ਤੋਂ ਅੰਗਰੇਜ਼ੀ ਸਮੇਤ ਹੋਰ ਜਰਮੈਨਿਕ ਭਾਸ਼ਾਵਾਂ ਜਿਵੇਂ ਪੁਰਾਣੀ ਨੌਰਸ, ਪੁਰਾਣੀ ਫਰੀਜ਼ੀਅਨ, ਮਧਕਾਲੀ ਡੱਚ ਤੇ ਜਰਮਨ ਆਦਿ ਭਾਸ਼ਾਵਾਂ ਵਿਚ ਰਲਦੀ-ਮਿਲਦੀ ਧੁਨੀ ਵਾਲੇ ਸ਼ਬਦ ਬਣੇ ਹਨ ਜਿਨ੍ਹਾਂ ਦਾ ਅਰਥ ਬਲਦ, ਸਾਂਢ ਹੀ ਹੈ। ਅਵੇਸਤਾ ਵਿਚ ਅਕਸ਼ਨ ਜਿਹਾ ਸ਼ਬਦ ਇਹੋ ਅਰਥ ਦਿੰਦਾ ਹੈ। ਭਾਰੋਪੀ ਮੂਲ ਉਕਸਨ ਪਿਛੇ ਇਕ ਹੋਰ ਮੂਲ ਹੈ, ਉਕਸ ਜਿਸ ਵਿਚ ਛਿੜਕਣ, ਬੀਜ ਖਿਲਾਰਨ, ਛਿੱਟਾ ਦੇਣ, ਸਿੰਜਣ ਦੇ ਭਾਵ ਹਨ। ਇਸ ਤਰ੍ਹਾਂ ਇਸ ਜਾਨਵਰ ਦੇ ਅਰਥਾਂ ਪਿਛੇ ਛਿੜਕਣ ਵਾਲਾ, ਗਿੱਲਾ ਕਰਨ ਵਾਲਾ ਦਾ ਆਸ਼ਾ ਕੰਮ ਕਰ ਰਿਹਾ ਹੈ। ਪਾਠਕ ਇਥੇ ਵਾਂਗਣਾ ਸ਼ਬਦ ਦੇ ਦੋ ਅਰਥਾਂ ਵੱਲ ਵੀ ਧਿਆਨ ਦੇਣ, ਤੇਲ ਦੇਣਾ ਅਤੇ ਨਰ (ਖਾਸ ਤੌਰ ‘ਤੇ ਕੁੱਕੜ ਦਾ) ਮਦੀਨ ਨੂੰ ਲਾਉਣਾ।