ਸਾਉਣ ਦੀਆਂ ਝੜੀਆਂ ਕਿਉਂ ਰੁੱਸੀਆਂ ਨੀ ਮਾਂ?

ਐਸ਼ ਅਸ਼ੋਕ ਭੌਰਾ
ਫੋਨ: 510-415-3315
ਤਬਦੀਲੀ ਕੁਦਰਤ ਦਾ ਨਿਯਮ ਹੈ ਪਰ ਜਿਸ ਵਿਗਿਆਨ ਦੀ ਤਰੱਕੀ ਦੀਆਂ ਅਸੀਂ ਟਾਹਰਾਂ ਮਾਰ ਰਹੇ ਹਾਂ ਉਸ ਨੇ ਸਾਡੀਆਂ ਸੱਭਿਆਚਾਰਕ, ਇਖਲਾਕੀ ਅਤੇ ਵਿਰਾਸਤੀ ਕਦਰਾਂ-ਕੀਮਤਾਂ ਨੂੰ ਆਪਣੇ ਪ੍ਰਭਾਵ ਦੀ ਬੁੱਕਲ ਵਿਚ ਵੀ ਬੁਰੀ ਤਰ੍ਹਾਂ ਘੁੱਟ ਲਿਆ ਹੈ। ਇਹੀ ਕਾਰਨ ਹੈ ਕਿ ਮੋਰ ਕੂਕਣੋ ਹਟ ਗਏ ਨੇ, ਕੋਇਲਾਂ ਚੁੱਪ ਹੋ ਗਈਆਂ ਨੇ, ਗਿਰਝਾਂ ਲੱਭ ਨਹੀਂ ਰਹੀਆਂ, ਪੰਛੀ ਉਦਾਸ ਹੋ ਗਏ ਨੇ, ਕਿਉਂਕਿ ਦਰਖਤ ਤਾਂ ਖੜ੍ਹੇ ਨੇ ਪਰ ਹਰਿਆਵਲ ਘਟ ਗਈ ਹੈ। ਸਾਉਣ ਹੈ ਤਾਂ ਆਮ ਮਹੀਨਿਆਂ ਵਰਗਾ ਹੀ ਪਰ ਪੰਜਾਬ ਦੀ ਵਿਰਾਸਤ ਵਿਚ ਜਿਹੜਾ ਇਤਿਹਾਸ ਇਹ ਮਹੀਨਾ ਰਚਦਾ ਰਿਹਾ ਹੈ ਉਸ ਦਾ ਸਬੰਧ ਨਾ ਸਿਰਫ ਸਮਾਜ ਨਾਲ ਹੈ ਸਗੋਂ ਆਰਥਿਕ ਅਤੇ ਰਾਜਨੀਤਕ ਪਹਿਲੂ ਵੀ ਇਸ ਨਾਲ ਜੁੜੇ ਹੋਏ ਹਨ।

ਜੇ ਸਾਉਣ ਮਹੀਨੇ ਰੱਜ ਕੇ ਮੇਘਲਾ ਵਰ੍ਹੇਗਾ, ਗੋਬਿੰਦ ਸਾਗਰ ਉਛਲੇਗਾ, ਟਰਬਾਈਨਾਂ ਚੱਲਣਗੀਆਂ, ਬਿਜਲੀ ਦਾ ਉਤਪਾਦਨ ਵਧੇਗਾ, ਟਿਊਬੈਲ ਚੱਲਣਗੇ ਅਤੇ ਪੰਜਾਬ ਦਾ ਪੌਣ ਪਾਣੀ, ਜੀਵਨ ਅਤੇ ਪ੍ਰਾਣੀ ਸਾਉਣ ਦੇ ਢੋਲੇ ਮਾਹੀਏ ਗਾਉਣ ਤੋਂ ਚੁੱਪ ਨਹੀਂ ਰਹਿ ਸਕਦੇ। ਜਦੋਂ ਮੇਘਲਾ ਜਲ ਥਲ ਕਰਦਾ ਹੈ ਤਾਂ ਕੁਦਰਤ ਨੱਚਦੀ ਹੈ, ਵਾਤਾਵਰਨ ਹੱਸਦਾ ਹੈ ਅਤੇ ਮਨੁੱਖੀ ਚਿਹਰਿਆਂ ਦੀ ਰੌਣਕ ਇਹ ਕਹਿੰਦੀ ਹੈ,
ਆ ਜਾ ਨੱਚ ਕੇ ਜਸ਼ਨ ਮਨਾ ਲਈਏ,
ਭੈਣੇ ਸਾਉਣ ਨੇ ਕਦ ਕਦ ਆਉਣਾ।
ਸਾਉਣ ਦਾ ਸਬੰਧ ਆਰਥਿਕਤਾ ਨਾਲ ਹੈ। ਹਿੰਦ ਮਹਾਂਸਾਗਰ ਤੋਂ ਜਲ ਨਾਲ ਲੱਦੀ ਪੌਣ ਜਦੋਂ ਮਨੁੱਖ ‘ਤੇ ਮਿਹਰਬਾਨ ਤੇ ਬਖਸ਼ਿੰਦ ਪੌਣ ਬਣ ਕੇ ਜਲ-ਥਲ ਕਰਦੀ ਹੈ, ਕੋਇਲਾਂ ਗਾਉਂਦੀਆਂ ਨੇ, ਮੇਘਲਾ ਰੱਜ ਕੇ ਵਰ੍ਹਦਾ ਹੈ, ਹਾੜੇ ਕੱਢਦੀ ਤ੍ਰਿਹਾਈ ਭੋਇੰ ਆਪਣਾ ਢਿੱਡ ਭਰਦੀ ਹੈ। ਸੁੱਕੀਆਂ ਤਿੜ੍ਹਾਂ ਹਰਿਆਲੀ ‘ਚ ਬਦਲ ਜਾਂਦੀਆਂ ਨੇ ਤੇ ਕੁਦਰਤ ਦੇ ਹਰੇ ਨਜ਼ਾਰੇ ਭੰਗੜੇ ਪਾਉਣ ਲਈ ਮਜ਼ਬੂਰ ਕਰ ਦਿੰਦੇ ਹਨ। ਪੰਜਾਬ ਦੇ ਕਿਰਸਾਨੀ ਜੀਵਨ ਨੂੰ ਪੁੱਛ ਕੇ ਦੇਖੋ ਕਿ ਇਸ ਟੂਣੇਹਾਰੀ ਬਖਸ਼ਿੰਦ ਪੌਣ ਦੀ ਮਹੱਤਤਾ ਕੀ ਹੈ? ਖੇਤਾਂ ਦੇ ਨੱਕੋ ਨੱਕ ਭਰੇ ਢਿੱਡ, ਬੰਨ੍ਹਿਆਂ ਨੂੰ ਪੁੱਛਦੇ ਨੇ ‘ਹੁਣ ਹੋਰ ਤਾਂ ਕੁਝ ਨਹੀਂ ਚਾਹੀਦਾ?’ ਫਸਲਾਂ ਸਾਉਣ ਨੇ ਹੀ ਪੈਦਾ ਕਰਨੀਆਂ ਹੁੰਦੀਆਂ ਨੇ ਪਰ ਦੁੱਖ ਇਸ ਗੱਲ ਦਾ ਹੈ ਕਿ ਮਨੁੱਖ ਕੁਦਰਤ ਪ੍ਰਤੀ ਲਗਾਤਾਰ ਬੇਪਰਵਾਹ ਹੁੰਦਾ ਜਾ ਰਿਹਾ ਹੈ। ਅਸਮਾਨ ‘ਚ ਲੱਗੀ ਅੱਗ ਦੀ ਤਪਸ਼ ਦਰਸਾਉਂਦੀ ਹੈ ਕਿ ਕੁਦਰਤ ਨਾਲ ਆਢਾ ਨਹੀਂ ਲਾਈਦਾ ਅਤੇ ਜੇ ਦੁਨੀਆਂ ਇਸ ਗਰਮੀ ਦੀ ਲਪੇਟ ਵਿਚ ਵਿਲਕ ਰਹੀ ਹੈ ਤਾਂ ਇਸ ਦਾ ਅਰਥ ਸਮਝ ਲੈਣਾ ਚਾਹੀਦਾ ਹੈ ਕਿ ਰੱਬ ਰੁੱਸਿਆ ਮਨਾਇਆ ਜਾ ਸਕਦਾ ਹੈ ਪਰ ਰੁੱਸੀ ਹੋਈ ਕੁਦਰਤ ਧੂਫ ਬੱਤੀਆਂ ਨਾਲ ਨਹੀਂ ਮੰਨੇਗੀ। ਇਸੇ ਕਰਕੇ ਮੇਘਲਾ ਅੱਖ ਬਚਾ ਕੇ ਪਾਸਾ ਵੱਟ ਰਿਹਾ ਹੈ। ਅਸੀਂ ਜਿਉਂਦਿਆਂ ‘ਚ ਤਾਂ ਹੋਵਾਂਗੇ, ਜੇ ਸਾਉਣ ਰੱਜ ਕੇ ਵਰ੍ਹੇਗਾ। ਵਾਤਾਵਰਣ ਹਰਿਆਵਲਾ ਹੋਵੇਗਾ, ਸਾਹ ਸੁਖ ਦਾ ਅਤੇ ਸ਼ੁੱਧ ਆਵੇਗਾ ਅਤੇ ਜੇ ਗਲਤੀਆਂ ਲਗਾਤਾਰ ਕਰਦੇ ਰਹੇ ਤਾਂ ਸਾਉਣ ਆਪਣੀ ਮਹੱਤਤਾ ਨੂੰ ਸਮਝਦਿਆਂ ਮਨੁੱਖ ਵੱਲ ਪਿੱਠ ਕਰੀ ਹੀ ਰੱਖੇਗਾ।
ਕੇਰਲ ਦੇ ਮਹਾਰ ਲੋਕ ਹਾਲੇ ਵੀ ਵਾਇਲਨ ਲੈ ਕੇ ਉਚੀਆਂ ਪਹਾੜੀਆਂ ‘ਤੇ ਚੜ੍ਹ ਜਾਂਦੇ ਨੇ ਅਤੇ ਜਲ ਨਾਲ ਲੱਦੀ ਨੱਕੋ ਨੱਕ ਮਾਨਸੂਨ ਜਦੋਂ ਹਿੰਦ ਮਹਾਂਸਾਗਰ ਤੋਂ ਹੁਲਾਰੇ ਲੈ ਕੇ ਤੁਰਦੀ ਹੈ ਤਾਂ ਉਹ ਇਸ ਨੂੰ ਘੇਰਨ ਦਾ ਯਤਨ ਕਰਦੇ ਨੇ। ਉਹ ਉਦੋਂ ਤੱਕ ਲਗਾਤਾਰ ਵਾਇਲਨ ਵਜਾਉਂਦੇ ਨੇ ਜਦੋਂ ਤੱਕ ਜਲ ਥਲ ਨਹੀਂ ਹੁੰਦਾ ਅਤੇ ਧਰਤੀ ਇਹ ਨਹੀਂ ਕਹਿੰਦੀ ‘ਮੇਘਲਿਆ ਬੱਸ ਕਰ।’ ਪਿੱਛੇ ਵੱਲ ਨਜ਼ਰ ਮਾਰ ਕੇ ਵੇਖੋ, ਹਾੜ ਤਾਂ ਸੁੱਕਾ ਲੰਘਦਾ ਹੁੰਦਾ ਸੀ, ਸਾਉਣ ਵੀ ਸੁੱਕਾ ਲੰਘਣ ਲੱਗ ਪਿਆ ਹੈ। ਜੇ ਇਹ ਸਾਉਣ ਆਉਣ ਵਾਲੇ ਵਰ੍ਹਿਆਂ ਵਿਚ ਏਦਾਂ ਹੀ ਕਰਦਾ ਰਿਹਾ ਤਾਂ ਸੋਕਾ ਪੈਣ ਦੇ ਹਾਲਾਤ ਹੋਰ ਪੈਦਾ ਹੋਣਗੇ। ਆਰਥਿਕ ਸੰਕਟ ਖੜਾ ਹੋਵੇਗਾ। ਸਰਕਾਰਾਂ ਕੋਲ ਲੋਕਾਂ ਨੂੰ ਦੇਣ ਲਈ ਕੁਝ ਵੀ ਨਹੀਂ ਹੋਵੇਗਾ। ਸਭ ਤੋਂ ਵੱਡੀ ਰਾਜਨੀਤਕ ਸਮੱਸਿਆ ਮੂੰਹ ਅੱਡ ਕੇ ਖੜ੍ਹੀ ਹੋ ਜਾਵੇਗੀ ਅਤੇ ਕੁਦਰਤ ਦਾ ਸੰਤੁਲਨ ਤਾਂ ਕੀ ਰਾਜਨੀਤਕ ਅਤੇ ਆਰਥਿਕ ਸੰਤੁਲਨ ਵੀ ਵਿਗੜ ਜਾਵੇਗਾ ਅਤੇ ਹਕੂਮਤਾਂ ਦੇ ਨਸ਼ੇ ਉਤਰ ਵੀ ਸਕਦੇ ਹਨ।
ਵਿਰਾਸਤ ਦੱਸਦੀ ਹੈ ਕਿ ਸ਼ਰਧਾਵਾਨ ਪੰਜਾਬ ਦੇ ਲੋਕ ਮੀਂਹ ਨਾ ਪੈਣ ‘ਤੇ ਗੁੱਡੀਆਂ ਫੂਕਦੇ ਹੁੰਦੇ ਸਨ। ਬੀਬੀਆਂ ਗੀਤ ਗਾਇਆ ਕਰਦੀਆਂ ਸਨ,
ਹਾਏ ਹਾਏ ਨੀ ਗੁੱਡੀਏ ਮੋਰਨੀਏæææ।
ਭਾਵ ਸਪੱਸ਼ਟ ਸੀ ਕਿ ਗੁੱਡੀ ਫੂਕਣ ਨਾਲ ਇੰਦਰ ਦੇਵਤਾ ਧਰਤੀ ‘ਤੇ ਆਏ ਸੰਕਟ ਦਾ ਅਨੁਭਵ ਕਰ ਲਵੇਗਾ, ਘਟਾਵਾਂ ਚੜ੍ਹਨਗੀਆਂ ਅਤੇ ਮੋਰ ਪੈਲਾਂ ਪਾਉਂਦੇ ਦੂਹਰੇ ਹੋ ਹੋ ਨੱਚਣਗੇ। ਲੀਰਾਂ ਦੀ ਗੁੱਡੀ ਖੂਬਸੂਰਤ ਮੋਰਨੀਆਂ ਵਰਗੀ ਲੱਗਣ ਲੱਗ ਪਵੇਗੀ। ਹੁਣ ਗੁੱਡੀਆਂ ਫੂਕਣ ਦੇ ਕੋਈ ਮਾਇਨੇ ਨਹੀਂ ਰਹੇ, ਹੁਣ ਦਲੀਏ ਨਹੀਂ ਦਿੱਤੇ ਜਾ ਰਹੇ, ਕਿਉਂ? ਕਿਉਂਕਿ ਕੁਦਰਤ ਮਨੁੱਖ ਦੇ ਲਾਰਿਆਂ ‘ਤੇ ਭਰੋਸਾ ਕਰਨੋ ਲਗਾਤਾਰ ਹਟਦੀ ਜਾ ਰਹੀ ਹੈ। ਜੇ ਲੋਕ ਗੀਤਾਂ ਦੇ ਪ੍ਰਸੰਗ ‘ਚ ਦੇਖੀਏ ਤਾਂ ਲੱਗਦਾ ਨਹੀਂ ਕਿ ਜੇ ਪਿੱਪਲਾਂ ਦੇ ਟਾਹਣ ਪੀਂਘਾਂ ਤੋਂ ਵਿਰਵੇ ਹੋ ਗਏ ਹਨ, ਬੋਹੜਾਂ ਹੇਠੋਂ ਬਾਬਿਆਂ ਦੀਆਂ ਸੱਥਾਂ ਅਤੇ ਤ੍ਰਿੰਞਣ ਉਠ ਗਏ ਨੇ, ਰੁਮਾਲਾਂ ਅਤੇ ਚਾਦਰਾਂ ‘ਤੇ ਬੂਟੀਆਂ ਪਾਉਣ ਦਾ ਚਾਅ ਖਤਮ ਹੋ ਗਿਆ ਹੈ, ਤੀਆਂ ਦੀ ਰੌਣਕ ਮੁੱਕ ਗਈ ਹੈ ਤਾਂ ਇਨ੍ਹਾਂ ਬੋਲੀਆਂ ਦਾ ਮਹੱਤਵ ਰਹਿ ਕਿੱਥੇ ਜਾਂਦਾ ਹੈ?
ਆਇਆ ਸਾਵਣ ਜੀਅ ਪਰਚਾਵਣ,
ਝੜੀ ਲੱਗ ਗਈ ਭਾਰੀ।
ਹੂਟੇ ਲੈਂਦੀ ਲਾਜੋ ਭਿੱਜਗੀ,
ਨਾਲੇ ਰਾਮ ਪਿਆਰੀ।
ਕੁੜਤੀ ਹਰੋ ਦੀ ਭਿੱਜ ਗਈ ਬਰੀ ਦੀ,
ਬਿਸ਼ਨੋ ਦੀ ਫੁਲਕਾਰੀ।
ਰਾਮ ਕੌਰ ਦਾ ਭਿੱਜਿਆ ਲਹਿੰਗਾ,
ਮੁੱਕ ਚੱਲੀ ਸਰਦਾਰੀ।
ਸ਼ਾਮੋ ਰਾਣੀ ਦੀਆਂ ਭਿੱਜੀਆਂ ਮੀਡੀਆਂ,
ਗਿਣਤੀ ‘ਚ ਪੂਰੀਆਂ ਚਾਲੀ।
ਸਾਉਣ ਦਿਆ ਬੱਦਲਾ ਵੇ,
ਹੀਰ ਭਿਜ ਗਈ ਸਿਆਲਾਂ ਵਾਲੀ।
ਇਹ ਕੌਣ ਗਾਵੇਗਾ, ਕੌਣ ਨੱਚ ਨੱਚ ਕੇ ਇਹ ਬੋਲੀਆਂ ਪਾਵੇਗਾ? ਕਿੱਥੇ ਗਿੱਧੇ ਦਾ ਤਾਲ ਉਠੇਗਾ? ਕਿਉਂਕਿ ਵਕਤ ਬੋਲਦਾ ਹੈ, ‘ਬੰਦਿਆਂ ਤੇਰੀਆਂ ਗਲਤੀਆਂ ਕੁਦਰਤ ਦੇ ਵਹੀ ਖਾਤੇ ‘ਚ ਬੋਲ ਹੀ ਨਹੀਂ ਰਹੀਆਂ, ਦੁਹਾਈ ਪਾ ਰਹੀਆਂ ਹਨ ਕਿ ਸੰਭਲ ਜਾ ਨਹੀਂ ਤਾਂ ਪੈਰਾਂ ਹੇਠੋਂ ਜ਼ਮੀਨ ਨਹੀਂ ਖਿਸਕੇਗੀ ਸਗੋਂ ਤੇਰੇ ਪੈਰ ਹੀ ਨਹੀਂ ਲੱਗਣਗੇ।’
ਸਾਉਣ ਸੁਹਾਵਣਾ ਤਾਂ ਹੁੰਦਾ ਹੀ ਹੈ, ਇਸੇ ਕਰਕੇ ਇਹ ਕਿਹਾ ਜਾਂਦਾ ਹੈ ਕਿ ਇਸ ਮਸਤੀ ਭਰੇ ਮਹੀਨੇ ਵਿਚ ਕਵੀਆਂ ਨੇ, ਰਿਸ਼ੀਆਂ-ਮੁਨੀਆਂ ਨੇ ਮਹਾਂਕਾਵਿ ਇਸੇ ਮਾਹ ਵਿਚ ਲਿਖੇ ਨੇ ਕਿਉਂਕਿ ਕਾਲੀਆਂ ਘਟਾਵਾਂ ਕਵੀ ਦੇ ਅੰਦਰਲੇ ਮਨ ਨੂੰ ਮਸਤ ਕਰਦੀਆਂ ਹਨ ਅਤੇ ਕਵੀ ਦਾ ਇਕ ਹੱਥ ਦਰਖਤ ਦੀਆਂ ਜੜ੍ਹਾਂ ਵਿਚ ਤੇ ਦੂਜਾ ਅਸਮਾਨ ਨੂੰ ਕਲਾਵੇ ਚ ਘੁੱਟਣ ਲਈ ਲੱਗਾ ਹੁੰਦਾ ਹੈ। ਪ੍ਰੋæ ਮੋਹਣ ਸਿੰਘ ਨੇ ਲਿਖਿਆ ਸੀ,
ਖੀਰਾਂ ਤੇ ਪੂੜੇ ਨੀ ਮਾਂææ ਸਾਵਣ ਦੀਆਂ ਝੜੀਆਂ ਨੀ।
ਇਹ ਕਮਾਲ ਦਾ ਸ਼ਾਇਰਾਨਾ ਮਾਪ ਤੋਲ ਇਸੇ ਮਹੀਨੇ ਦਾ ਹੀ ਹੈ। ਗੁਰਬਾਣੀ ਆਖਦੀ ਹੈ,
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ,
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
ਇਹ ਮਹੀਨਾ ਬਰਕਤਾਂ ਦਾ ਮਹੀਨਾ ਹੈ ਅਤੇ ਮਨੁੱਖ ਦੇ ਜਿਉਂਦੇ ਰਹਿਣ ਦਾ ਸੰਕਲਪ ਹੈ।
ਜ਼ਰਾ ਕਿਆਸ ਕਰੋ ਇਤਿਹਾਸ, ਮਿਥਿਹਾਸ, ਸੱਭਿਆਚਾਰ ਅਤੇ ਆਰਥਿਕ ਪਹਿਲੂ ਸਾਉਣ ਨਾਲ ਜੁੜੇ ਕਿਵੇਂ ਹੋਏ ਹਨ। ਬਾਰਾਂ ਮਹੀਨਿਆਂ ‘ਚੋਂ ਸਾਉਣ ਨੂੰ ਹੀ ਕਿਉਂ ਦੇਖਿਆ ਜਾਂਦਾ ਹੈ। ਜੇਠ, ਹਾੜ ਦੀਆਂ ਤਪਦੀਆਂ ਧੁੱਪਾਂ ਤੋਂ ਬਾਅਦ ਮਨੁੱਖ ਦੇ ਪਿੰਡੇ ਤੋਂ ‘ਪਿੱਤ’ ਮੁੱਕਦੀ ਹੈ, ਪਸ਼ੂਆਂ ਪੰਛੀਆਂ ਦੀਆਂ ਹੁਆਂਕਦੀਆਂ ਬਾਹਰ ਨਿਕਲਦੀਆਂ ਜੀਭਾਂ ਅੰਦਰ ਵੜਦੀਆਂ ਹਨ। ਹਰ ਪਾਸੇ ਹਰਿਆਲੀ ਹੀ ਹਰਿਆਲੀ ਦਿਸਦੀ ਹੈ। ਫਿਰ ਕਿਸ ਦਾ ਕਹਿਣ ਨੂੰ ਚਿੱਤ ਨਹੀਂ ਕਰਦਾ ‘ਬਲਿਹਾਰੀ ਕੁਦਰਤ ਵਸਿਆ।’
ਸਾਉਣ ਮਹੀਨਾ ਭਾਰਤੀ ਸੰਸਕ੍ਰਿਤ ਵਿਚ ਖੁਸ਼ੀਆਂ ਭਰਿਆ ਅਤੇ ਰੌਣਕਾਂ ‘ਚ ਗਹਿਗੱਚ ਮਾਹ ਹੈ। ਰੁੱਤ ਵਿਗਿਆਨੀਆਂ ਦੀਆਂ ਨਜ਼ਰਾਂ ਵਿਚ ਇਹ ਮਾਨਸੂਨ ਹੈ, ਆਮ ਲੋਕ ਇਸ ਨੂੰ ਮਾਨਸੂਨ ਪੌਣਾਂ ਆਖਦੇ ਨੇ, ਪੰਜਾਬ ਦੇ ਪੇਂਡੂ ਜੀਵਨ ਵਿਚ ਇਹ ਅੰਬਰਾਂ ‘ਚੋਂ ਚੋਂਦੀਆਂ ਕਾਲੀਆਂ ਘਟਾਵਾਂ ਦਾ ਮਹੀਨਾ ਹੈ। ਹੁਣ ਜੇ ਬਾਗਾਂ ‘ਚ ਪੈਲਾਂ ਪਾਉਂਦੇ ਮੋਰ ਨਜ਼ਰੀਂ ਪੈਂਦੇ, ਪਿੰਡਾਂ ਦੀਆਂ ਗਲੀਆਂ ‘ਚ ਨੰਗ ਧੜ੍ਹੰਗੇ ਬੱਚੇ ਵਰ੍ਹਦੇ ਮੀਂਹ ‘ਚ ਨੱਚਦੇ ਨਜ਼ਰ ਨਹੀਂ ਆਉਂਦੇ ਤਾਂ ਹੌਲ ਪੈਂਦਾ ਹੈ, ਰੱਬਾ! ਕਿੱਥੇ ਚਲਾ ਗਿਆ ਸਾਉਣ? ਪੰਜਾਬ ਦਾ ਪਚਵੰਜਾ ਫੀਸਦੀ ਰਕਬਾ ਹਾਲੇ ਵੀ ਇਸ ਕੁਦਰਤੀ ਮਿਹਰ ਦਾ ਲਾਸਾਨੀ ਹੈ। ਤ੍ਰਿਹਾਈ ਭੋਇੰ ‘ਚ ਫਸਲਾਂ ਬੀਜ ਕੇ ਕਿਸਾਨ ਹਾਲੇ ਵੀ ਦੇਵੀ-ਦੇਵਤਿਆਂ ਅੱਗੇ ਹਾੜੇ ਕੱਢਦੇ ਨੇ। ਹਵਨ ਜੱਗ ਕੀਤੇ ਜਾਂਦੇ ਨੇ। ਕਿਸ਼ਤੀਆਂ ਬਣਾ ਕੇ ਤੇ ਉਨ੍ਹਾਂ ‘ਚ ਆਟੇ ਦੇ ਦੀਵੇ ਬਾਲ ਕੇ ਮਾਹੀਗੀਰ ਸਮੁੰਦਰ ਵਿਚ ਰੋੜ੍ਹ ਦਿੰਦੇ ਨੇ ਤਾਂ ਜੋ ਰਾਹ ਭੁੱਲੀ ਮੌਨਸੂਨ ਨੂੰ ਰੌਸ਼ਨੀ ਨਾਲ ਰਸਤਾ ਵਿਖਾਇਆ ਜਾ ਸਕੇ।
ਤੀਆਂ ਦਾ ਤਿਓਹਾਰ ਸਾਉਣ ਦੇ ਗਰਭ ‘ਚ ਪਲਿਆ ਹੋਇਆ ਇਕ ਜਸ਼ਨ ਹੈ। ਇਹ ਮੁਟਿਆਰਾਂ ਦੇ ਸੁਤੰਤਰ ਜੀਵਨ ਵਿਚ ਇਕ ਅਜਿਹੀ ਭੂਮਿਕਾ ਨਿਭਾਉਂਦਾ ਆਇਆ ਹੈ ਕਿ ਪਿੱਪਲਾਂ ‘ਤੇ ਬੋਹੜਾਂ ਹੇਠ ਕਸੀਦਾ ਕੱਢਦੀਆਂ ਮੁਟਿਆਰਾਂ ਜਦੋਂ ਚਰਖੇ ਦੀ ਘੂੰ ਘੂੰ ਤੋਂ ਬਾਅਦ ਪੀਂਘਾਂ ਦੇ ਹੁਲਾਰੇ ਲੈਂਦੀਆਂ ਸਨ ਤਾਂ ਉਦੋਂ ਹੀ ਸੱਚ ਹੋ ਸਕਦਾ ਸੀ ਕਿ ਪਿੱਪਲ ਦੀ ਸਭ ਤੋਂ ਉਚੀ ਟਾਹਣੀ ਤੋਂ ਪੱਤਾ ਤੋੜ ਕੇ ਕਿਵੇਂ ਲਿਆਂਦਾ ਜਾ ਸਕਦਾ ਹੈ? ਇਸ ਨੂੰ ਆਮ ਭਾਸ਼ਾ ਵਿਚ ਪਟੋਲਾ ਲਿਆਉਣਾ ਕਿਹਾ ਜਾਂਦਾ ਸੀ। ਹੋਰ ਵੀ ਦੁੱਖ ਹੁਣ ਇਹ ਹੋ ਰਿਹਾ ਹੈ ਕਿ ਸਾਉਣ ਤਾਂ ਰੁੱਸ ਗਿਆ ਹੀ ਲੱਗਦਾ ਹੈ ਪਰ ਤੀਆਂ ਵੀ ਗਈਆਂ, ਚਰਖੇ ਦੀ ‘ਗੁੱਝ’ ਵੀ ਨਹੀਂ ਬੋਲਦੀ, ਮੋਰ ਵੀ ਚੁੱਪ ਨੇ ਅਤੇ ਪੀਘਾਂ ਤਾਂ ਖਾਲੀ ਵੀ ਨਜ਼ਰੀਂ ਨਹੀਂ ਪੈਂਦੀਆਂ। ਇਕ ਸਮਾਂ ਸੀ ਜਦੋਂ ਇਹ ਮਹੀਨਾ ਸਿੱਕ ਤੇ ਤੜਪਣ, ਯੋਗ ਤੇ ਵਿਛੋੜਾ ਕੂਕ ਕੂਕ ਕੇ ਦੱਸਦਾ ਸੀ,
ਪਿੱਪਲਾ ਵੇ ਸਾਡੇ ਪਿੰਡ ਦਿਆ
ਪੀਘਾਂ ਅਸੀਂ ਝੁਟਾਈਆਂ।
ਬਿਨ ਤੀਆਂ ਤੇਰੀ ਯਾਦ ਸਤਾਵੇ
ਉਠ ਉਠ ਪੇਕੇ ਆਈਆਂ।
ਸਾਉਣ ਮਹੀਨੇ ਮਾਨਣ ਛਾਂਵਾਂ
ਪਿੰਡ ਦੀਆਂ ਮੱਝੀਆਂ ਗਾਂਈਆਂ।
ਵੇ ਪਿੱਪਲਾਂ ਸਹੁੰ ਤੇਰੀ
ਹੁਣ ਝੱਲੀਆਂ ਨਾ ਜਾਣ ਜੁਦਾਈਆਂ।
ਇਹ ਰਸਮ ਰਿਵਾਜ਼ ਮੁੱਕ ਗਏ ਨੇ। ਸਮੇਂ ਦੀ ਤਬਦੀਲੀ ਨੇ, ਵਿਗਿਆਨ ਦੀ ਚੜ੍ਹਤ ਨੇ ਵਿਰਸੇ ਵੱਲ ਉਚੀ ਕੰਧ ਕਰਕੇ ਬੂਹੇ ‘ਤੇ ਰੋਪੜੀ ਜਿੰਦਾ ਮਾਰ ਦਿੱਤਾ ਹੈ। ਘੱਗਰੇ ਫੁਲਕਾਰੀਆਂ ਚਲੇ ਗਈਆਂ ਨੇ, ਲਹਿੰਗੇ ਤੇ ਦੁਪੱਟੇ ਹੁਣ ਕਿਤੇ ਉਡਦੇ ਨਜ਼ਰੀਂ ਨਹੀਂ ਪੈਂਦੇ। ਜਿਸ ਯੁੱਗ ਵਿਚ ਸੂਟ ਤੇ ਸਲਵਾਰ ਦੀ ਥਾਂ ਜੀਨ ਤੇ ਟੌਪ ਨੇ ਲੈ ਲਈ ਹੈ, ਇਹ ਦ੍ਰਿੜ ਵਿਸ਼ਵਾਸ ਛੱਡ ਹੀ ਦੇਣਾ ਚਾਹੀਦਾ ਹੈ ਕਿ ਅਸੀਂ ਸਾਉਣ ਨੂੰ ਮਨਾ ਕੇ ਆਪਣੇ ਹੱਕ ਵਿਚ ਕਰ ਸਕਦੇ ਹਾਂ। ਇਹ ਬੋਲੀਆਂ ਹੁਣ ਭੂਤ ਕਾਲ ਨੂੰ ਵੀ ਰੂਪਮਾਨ ਕਰਦੀਆਂ ਰਹਿਣਗੀਆਂ,
ਦਿਨ ਤੀਆਂ ਦੇ ਲੰਘਦੇ ਜਾਂਦੇ
ਸਭੇ ਸਹੇਲੀਆਂ ਆਈਆਂ।
ਨੱਚਣ ਕੁੱਦਣ ਕਰਨ ਕਲੋਲਾਂ
ਨਣਦਾਂ ਤੇ ਭਰਜਾਈਆਂ।
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾ ਚੜ੍ਹ ਆਈਆਂ।
ਹੁਣ ਰੂਹ ਦੇ ਭਿੱਜਣ ਦਾ ਸੁਪਨਾ ਪੂਰਾ ਹੋਣ ਦੀ ਆਸ ਨਹੀਂ। ਹੁਣ ਇਹ ਵੀ ਨਹੀਂ ਕਿਹਾ ਜਾਣਾ, ਤੇਰੀ ਦੋ ਟਕਿਆਂ ਦੀ ਨੌਕਰੀ, ਮੇਰਾ ਲੱਖਾਂ ਦਾ ਸਾਵਣ ਜਾਂਦਾ।
ਸਾਉਣ ਦੀ ਮਹੱਤਤਾ ਘਟਣ ਨਾਲ ਖੀਰ-ਪੂੜਿਆਂ ਦੀ ਗੱਲ ਹੀ ਨਹੀਂ ਮੁੱਕ ਗਈ ਸਗੋਂ ਸਾਡਾ ਉਹ ਸਭ ਕੁਝ ਮੁੱਕ ਗਿਆ ਹੈ ਜੋ ਪੰਜਾਬ ਦੀ ਵਿਰਾਸਤ ਨੂੰ ਅਮੀਰ ਬਣਾਉਂਦਾ ਹੁੰਦਾ ਸੀ। ਕਿੱਥੇ ਕੋਈ ਕਹੇਗਾ ਕਿ
ਸਾਉਣ ਮਹੀਨੇ ਘਾਹ ਹੋ ਗਿਆ
ਰੱਜੀਆਂ ਮੱਝੀਂ ਗਾਂਈਂ।
ਗਿੱਧਿਆ ਪਿੰਡ ਵੜ੍ਹ ਵੇ
ਲਾਂਭ ਲਾਂਭ ਨਾ ਜਾਈਂ।
ਅੱਗੇ ਜੱਟ ਸਾਧ ਹੁੰਦੇ ਸਨ ਸਾਉਣ ਮਹੀਨੇ, ਹੁਣ ਗਰਮੀ ਨੇ ਪੂਰੀ ਦੁਨੀਆਂ ਸ਼ੁਦਾਈ ਕੀਤੀ ਹੋਈ ਹੈ। ਅੱਗੇ ਪਸ਼ੂਆਂ ਦੀਆਂ ਜੀਭਾਂ ਬਾਹਰ ਨਿਕਲਦੀਆਂ ਸਨ, ਹੁਣ ਬੰਦਿਆਂ ਦੇ ਸਾਹ ਉਖੜੇ ਪਏ ਨੇ। ਹੁਣ ਹਰ ਕੋਈ ਸਵੇਰੇ ਉਠ ਕੇ ਅਸਮਾਨ ਵੱਲ ਮੂੰਹ ਕਰਕੇ ਵੇਖ ਰਿਹਾ ਹੈ ਕਿ ਇਹ ਨੀਲਾ ਅੰਬਰ ਕਾਲਾ ਕਦੋਂ ਹੋਵੇਗਾ? ਪਰ ਕੌਣ ਜਾਣਦਾ ਹੈ ਕਿ ਇਹ ਸਾਰਾ ਕੁਝ ਵਾਪਰ ਕਿਉਂ ਗਿਆ ਹੈ? ਹੁਣ ਨਲਕੇ ਸੁੱਕ ਗਏ ਨੇ, ਟਿਊਬਵੈਲ ਨਲਕਿਆਂ ਜਿੰਨਾ ਪਾਣੀ ਕੱਢ ਰਹੇ ਨੇ। ਖੂਹਾਂ ਦੀ ਬਾਤ ਕਦੋਂ ਦੀ ਖਤਮ ਹੋ ਚੁੱਕੀ ਹੈ? ਹੁਣ ਨਹੀਂ ਕਿਹਾ ਜਾਂਦਾ,
ਕੱਚੀਆਂ ਖੂਹੀਆਂ ‘ਤੇ ਡੋਲ ਖੜਕਦੇ
ਪਾਣੀ ਦਿਆਂ ਘੜਿਆਂ ਨੂੰ ਕੌਣ ਢੋਹੂਗਾ।
ਭਾਬੀ ਸਾਗ ਨੂੰ ਜਾਈਂ
ਤੇਰਾ ਮੁੰਡਾ ਰੋਊਗਾ।
ਸਤਲੁਜ-ਯਮੁਨਾ ਲਿੰਕ ਨਹਿਰ ਝਗੜਾ, ਨਹਿਰਾਂ ਦਾ ਝਗੜਾ ਨਹੀਂ ਪਾਣੀਆਂ ਦਾ ਝਗੜਾ ਹੈ। ਕਿਉਂਕਿ ਪਾਣੀ ਹੋਵੇਗਾ ਤਾਂ ਅਸੀਂ ਜਿਉਂਦਿਆ ‘ਚ ਹੋਵਾਂਗੇ। ਪਾਣੀ ਦੀ ਥੁੜ ਨੇ ਹੀ ਦੋ ਸਰਕਾਰਾਂ ਨੂੰ ਸੌਂਕਣਾਂ ਵਾਗ ਆਹਮੋ-ਸਾਹਮਣੇ ਖੜਾ ਕਰ ਦਿੱਤਾ ਹੈ। ਲਗਦਾ ਨਹੀਂ ਪੰਜਾਬ ਰਾਜਸਥਾਨ ਬਣ ਜਾਵੇਗਾ? ਅਗਲੇ ਸਮੇਂ ਵਿਚ ਬਹੁਤੀਆਂ ‘ਸੱਤ ਇਕਵੱਜਾ ਤੇ ਛੱਬੀ’ ਵਰਗੀਆਂ ਧਾਰਾਵਾਂ ਪਾਣੀ ਦੇ ਝਗੜਿਆਂ ਨੂੰ ਲੈ ਕੇ ਲੱਗਣੀਆਂ। ਦੁਨੀਆਂ ਦੇ ਬੁੱਧੀਜੀਵੀ ਤੇ ਇਤਿਹਾਸਕਾਰ ਇਹ ਮੰਨਣ ਲੱਗ ਪਏ ਨੇ ਕਿ ਜੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਧਰਮ ਅਤੇ ਪਾਣੀ ਦੀ ਆੜ ਵਿਚ ਹੋਵੇਗਾ ਕਿਉਂਕਿ ਮਨੁੱਖ ਧਰਮ ਪ੍ਰਤੀ ਸ਼ਰਧਾਵਾਨ ਨਹੀਂ ਰਿਹਾ ਅਤੇ ਪਾਣੀ ਦੀ ਮਹੱਤਤਾ ਨੂੰ ਨਕਾਰ ਰਿਹਾ ਹੈ। ਕੁੱਤਾ ਨਹਾਉਣ ਲਈ ਤੀਹ ਲੀਟਰ, ਸਾਈਕਲ ਧੋਣ ਲਈ ਸੌ ਲੀਟਰ ‘ਤੇ ਗੱਡੀਆਂ ਧੋਣ ਲਈ ਜਿਹੜਾ ਪਾਣੀ ਵਰਤਿਆ ਜਾ ਰਿਹਾ ਹੈ, ਉਸ ਦਾ ਮੁੱਲ ਕੌਣ ਮੋੜੇਗਾ?
ਅਮਰੀਕਨ ਲੋਕਾਂ ਨੇ ਦੱਸਿਆ ਹੈ ਕਿ ਪਾਣੀ ਦੀ ਵਰਤੋਂ ਕਿਵੇਂ ਕਰੀਦੀ ਹੈ? ਇਕ ਮਨੁੱਖ ਨੂੰ ਨਹਾਉਣ ਧੋਣ ਅਤੇ ਪੀਣ ਲਈ ਤੀਹ ਲੀਟਰ ਪਾਣੀ ਹੀ ਕਾਫੀ ਹੈ ਪਰ ਅਸੀਂ ਲੀਟਰਾਂ ਦੀ ਗਿਣਤੀ-ਮਿਣਤੀ ਹੀ ਨਹੀਂ ਕਰਦੇ। ਜੇ ਗਲੇਸ਼ੀਅਰ ਪਿਘਲ ਰਹੇ ਹਨ, ਦੁਨੀਆਂ ਤਪ ਰਹੀ ਹੈ, ਸੂਰਜ ਅੱਗ ਦੇ ਗੋਲੇ ਵਰ੍ਹਾ ਰਿਹਾ ਹੈ, ਧਰਤੀ ਨੂੰ ਅੱਗ ਲੱਗੀ ਹੋਈ ਹੈ, ਕਾਲੀਆਂ ਘਟਾਵਾਂ ਅੰਬਰੀਂ ਨਹੀਂ ਚੜ੍ਹ ਰਹੀਆਂ, ਸਾਉਣ ਰੱਜ ਕੇ ਨਹੀਂ ਵਰ੍ਹ ਰਿਹਾ ਤਾਂ ਸੋਚਣਾ ਹੀ ਪਵੇਗਾ ਕਿ ਸਾਨੂੰ ਜਿਉਂਦਿਆਂ ‘ਚ ਫਿਰ ਕਰੇਗਾ ਕੌਣ?
ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਇਹ ਧਾਰਨਾਵਾਂ ਤਾਂ ਭਾਵੇ ਮੁੱਕ ਜਾਣ ਪਰ ਸਾਉਣ ਦਾ ਮਹੱਤਵ ਨਾ ਮੁੱਕੇ। ਫਿਰ ਹੀ ਪੰਜਾਬ ਦੀ ਵਿਰਾਸਤ ਅਤੇ ਪੰਜਾਬ ਦੀ ਆਰਥਿਕਤਾ ਜ਼ਿੰਦਾਬਾਦ ਰਹੇਗੀ।